ਇੱਕ ਜਿਪਸੀ ਲਈ ਮੋਗਾ ਪੁਲਿਸ ਤੇ ਫਰੀਦਕੋਟ ਪੁਲਿਸ ਦੀ ਕਾਨੂੰਨੀ ਲੜਾਈ, ਪੂਰਾ ਮਾਮਲਾ ਹੈ ਕੀ

 ਜਿਪਸੀ
ਤਸਵੀਰ ਕੈਪਸ਼ਨ, ਇਹ ਜਿਪਸੀ ਮੋਗਾ ਦੇ ਤਤਕਾਲੀ ਸੀਨੀਅਰ ਪੁਲਿਸ ਕਪਤਾਨ ਚਰਨਜੀਤ ਸ਼ਰਮਾ ਦੀ ਪਾਇਲਟ ਗੱਡੀ ਸੀ
    • ਲੇਖਕ, ਗਗਨਦੀਪ ਸਿੰਘ ਜੱਸੋਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ

ਪੰਜਾਬ ਪੁਲਿਸ ਇੱਕ ਪਾਇਲਟ ਜਿਪਸੀ ਦੀ ਸਪੁਰਦਗੀ (ਕਸਟਡੀ) ਨੂੰ ਲੈ ਕੇ ਪਿਛਲੇ 4 ਸਾਲਾਂ ਤੋਂ ਪੰਜਾਬ ਪੁਲਿਸ ਨਾਲ ਹੀ ਕਾਨੂੰਨੀ ਲੜਾਈ ਲੜ ਰਹੀ ਹੈ।

ਇਹ ਪਾਇਲਟ ਜਿਪਸੀ ਬਹਿਬਲ ਕਲਾਂ ਗੋਲੀ ਕਾਂਡ ਕੇਸ ਵਿੱਚ ਅਹਿਮ ਸਬੂਤ ਹੈ।

ਜ਼ਿਲ੍ਹਾ ਫਰੀਦਕੋਟ ਦੀ ਵਧੀਕ ਅਤੇ ਸੈਸ਼ਨ ਅਦਾਲਤ ਨੇ ਮੋਗਾ ਪੁਲਿਸ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਜਿਪਸੀ ਨੂੰ ਆਪਣੀ ਕਸਟਡੀ ਵਿੱਚ ਲੈਣ ਲਈ ਦਾਇਰ ਕੀਤੀ ਮੁੜ ਵਿਚਾਰ ਪਟੀਸ਼ਨ ਨੂੰ 29 ਜੁਲਾਈ ਨੂੰ ਖਾਰਜ ਕਰ ਦਿੱਤਾ ਹੈ।

ਇਹ ਜਿਪਸੀ ਪੰਜਾਬ ਸਰਕਾਰ ਵੱਲੋਂ ਗਠਿਤ ਵਧੀਕ ਡਾਇਰੈਕਟਰ ਜਨਰਲ ਪੁਲਿਸ ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਤੋਂ ਲੈਣ ਦੀ ਅਪੀਲ ਕੀਤੀ ਗਈ ਸੀ।

ਬਹਿਬਲ ਕਲਾਂ ਗੋਲ਼ੀਕਾਂਡ

ਤਸਵੀਰ ਸਰੋਤ, Arshdeep Kaur/BBC

ਤਸਵੀਰ ਕੈਪਸ਼ਨ, ਬਹਿਬਲ ਕਲਾਂ ਗੋਲ਼ੀਕਾਂਡ ਵਿੱਚ ਦੋ ਪ੍ਰਦਰਸ਼ਨਕਾਰੀਆਂ- ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ।

14 ਅਕਤੂਬਰ, 2015 ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ਵਿੱਚ ਦੋ ਸਿੱਖਾਂ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਪੁਲਿਸ ਗੋਲੀਬਾਰੀ ਵਿੱਚ ਮੌਤ ਹੋ ਗਈ ਸੀ।

ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਹੋਰ ਸਿੱਖਾਂ ਨਾਲ ਮਿਲਕੇ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਿਤ ਬੇਅਦਬੀ ਦੇ ਰੋਸ ਵਿੱਚ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਸਨ।

ਬਹਿਬਲ ਕਲਾਂ ਗੋਲ਼ੀਕਾਂਡ

ਤਸਵੀਰ ਸਰੋਤ, SOURCED BY SURINDER MAAN

ਤਸਵੀਰ ਕੈਪਸ਼ਨ, ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਪੁਲਿਸ ਕਮਿਸ਼ਨਰ ਪਰਮਰਾਜ ਉਮਰਾਨੰਗਲ ਬਹਿਬਲਕਲਾਂ ਗੋਲੀਕਾਂਡ ਵਿੱਚ ਨਾਮਜ਼ਦ ਹਨ

ਇਹ ਜਿਪਸੀ ਮੋਗਾ ਦੇ ਤਤਕਾਲੀ ਸੀਨੀਅਰ ਪੁਲਿਸ ਕਪਤਾਨ ਚਰਨਜੀਤ ਸ਼ਰਮਾ ਦੀ ਪਾਇਲਟ ਗੱਡੀ ਸੀ, ਜੋ ਬਹਿਬਲ ਕਲਾਂ ਵਿਖੇ ਪੁਲਿਸ ਕਾਰਵਾਈ ਦੀ ਅਗਵਾਈ ਕਰ ਰਹੇ ਸਨ।

ਪੰਜਾਬ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਸੁਮੇਧ ਸਿੰਘ ਸੈਣੀ, ਮੁਅੱਤਲ ਇੰਸਪੈਕਟਰ ਜਨਰਲ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ, ਐੱਸਪੀ ਬਿਕਰਮਜੀਤ ਸਿੰਘ, ਬਾਜਾਖਾਨਾ ਦੇ ਸਾਬਕਾ ਐੱਸਐੱਚਓ ਅਮਰਜੀਤ ਸਿੰਘ ਕੁਲਾਰ, ਕੋਟਕਪੂਰਾ ਸ਼ਹਿਰ ਦੇ ਸਾਬਕਾ ਐੱਸਐੱਚਓ ਗੁਰਦੀਪ ਸਿੰਘ, ਐਡਵੋਕੇਟ ਸੁਹੇਲ ਸਿੰਘ ਬਰਾੜ ਅਤੇ ਕਾਰ ਡੀਲਰ ਪੰਕਜ ਬਾਂਸਲ ਨੂੰ ਬਹਿਬਲ ਕਲਾਂ ਕਾਂਡ ਵਿੱਚ ਮੁਲਜ਼ਮ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਇਸ ਕੇਸ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਵੀ ਮੁਲਜ਼ਮ ਬਣਾਇਆ ਗਿਆ ਸੀ, ਜੋ ਬਾਅਦ ਵਿੱਚ ਵਾਅਦਾਮਾਫ ਗਵਾਹ ਬਣ ਗਏ ਸਨ।

ਜਿਪਸੀ ਮਹੱਤਵਪੂਰਨ ਸਬੂਤ ਕਿਉਂ ਹੈ?

ਫਰੀਦਕੋਟ ਅਦਾਲਤ
ਤਸਵੀਰ ਕੈਪਸ਼ਨ, ਮਾਰਚ 2019 ਵਿੱਚ ਫਰੀਦਕੋਟ ਦੀ ਅਦਾਲਤ ਨੇ ਮੋਗਾ ਪੁਲਿਸ ਦੀ ਜਿਪਸੀ ਦੀ ਕਸਟਡੀ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਸੀ।

ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਲਿਖਿਆ ਹੈ ਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ, ਐੱਸਪੀ ਬਿਕਰਮਜੀਤ ਸਿੰਘ, ਡੀਐੱਸਪੀ ਹਰਜਿੰਦਰ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਨੇ ਹਮਸਲਾਹ ਕਰਕੇ ਚਰਨਜੀਤ ਸ਼ਰਮਾ ਦੀ ਪਾਇਲਟ ਜਿਪਸੀ ਉੱਤੇ ਸੋਹੇਲ ਸਿੰਘ ਬਰਾੜ ਦੇ ਘਰ ਵਿੱਚ ਆਪ ਗੋਲੀਆਂ ਮਾਰਕੇ ਝੂਠੇ ਸਬੂਤ ਤਿਆਰ ਕੀਤੇ ਸਨ।

ਜਾਂਚ ਟੀਮ ਨੇ ਕਿਹਾ ਕਿ ਮੁਲਜ਼ਮਾਂ ਨੇ ਝੂਠੇ ਸਬੂਤ ਤਿਆਰ ਕੀਤੇ ਤੇ ਕਿਹਾ ਕਿ ਬਹਿਬਲ ਕਲਾਂ ਵਿਖੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਵੀ ਸਵੈ-ਰੱਖਿਆ ਲਈ ਉਨ੍ਹਾਂ 'ਤੇ ਗੋਲੀਬਾਰੀ ਕੀਤੀ। ਜਦਕਿ ਪ੍ਰਦਰਸ਼ਨਕਾਰੀਆਂ ਵਿੱਚੋਂ ਕਿਸੇ ਨੇ ਵੀ ਜਿਪਸੀ 'ਤੇ ਗੋਲੀ ਨਹੀਂ ਚਲਾਈ ਸੀ।

ਬਹਿਬਲ ਕਲਾਂ ਗੋਲ਼ੀਕਾਂਡ

ਤਸਵੀਰ ਸਰੋਤ, ARSHDEEP/BBC

ਤਸਵੀਰ ਕੈਪਸ਼ਨ, ਬਹਿਬਲ ਕਲਾਂ ਵਿਖੇ ਉਹ ਜਗ੍ਹਾ ਜਿੱਥੇ ਗੋਲੀ ਚੱਲੀ ਸੀ

ਐੱਸਆਈਟੀ ਨੇ ਕਿਹਾ ਕਿ ਸੋਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਦੇ ਹਥਿਆਰਾਂ ਨਾਲ ਐੱਸਪੀ ਬਿਕਰਮਜੀਤ ਸਿੰਘ ਵੱਲੋਂ ਫਰੀਦਕੋਟ ਜ਼ਿਲ੍ਹੇ ਵਿੱਚ ਸੋਹੇਲ ਸਿੰਘ ਬਰਾੜ ਦੀ ਰਿਹਾਇਸ਼ ’ਤੇ ਜਿਪਸੀ ’ਤੇ ਗੋਲੀਆਂ ਮਾਰੀਆਂ ਗਈਆਂ ਸਨ।

ਬਹਿਬਲ ਕਲਾਂ ਘਟਨਾ ਵਿੱਚ 2 ਅਕਤੂਬਰ 2015 ਨੂੰ ਧਾਰਾ 302 (ਕਤਲ ) ਤੇ ਹੋਰ ਧਾਰਾਵਾਂ ਤਹਿਤ ਥਾਣਾ ਬਾਜਾਖਾਨਾ ਵਿਖੇ ਐਫਆਈਆਰ ਦਰਜ ਕੀਤਾ ਗਈ ਸੀ। ਇਹ ਜਿਪਸੀ, ਜਿਸ ਦਾ ਨੰਬਰ ਪੀਬੀ 29-1-9612 ਹੈ, ਉਹ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਦੇ ਨਾਮ 'ਤੇ ਹੈ।

ਲਾਈਨ

ਜਿਪਸੀ ਨਾਲ ਜੁੜੀਆਂ ਖਾਸ ਗੱਲਾਂ:

  • ਇਹ ਜਿਪਸੀ ਮੋਗਾ ਦੇ ਤਤਕਾਲੀ ਸੀਨੀਅਰ ਪੁਲਿਸ ਕਪਤਾਨ ਚਰਨਜੀਤ ਸ਼ਰਮਾ ਦੀ ਪਾਇਲਟ ਗੱਡੀ ਸੀ
  • ਇਸ ਜਿਪਸੀ ਨੂੰ ਬਹਿਬਲ ਕਲਾਂ ਗੋਲੀਕਾਂਡ 'ਚ ਮਹੱਤਵਪੂਰਨ ਸਬੂਤ ਮੰਨਿਆ ਜਾ ਰਿਹਾ ਹੈ
  • ਪਿਛਲੇ 4 ਸਾਲਾਂ ਤੋਂ ਮੋਗਾ ਪੁਲਿਸ ਇਸ ਜਿਪਸੀ ਲਈ ਕਾਨੂੰਨੀ ਲੜਾਈ ਰਹੀ ਹੈ
  • ਫਰੀਦਕੋਟ ਦੀ ਅਦਾਲਤ ਨੇ ਮੋਗਾ ਪੁਲਿਸ ਦੀ ਜਿਪਸੀ ਨੂੰ ਕਸਟਡੀ ਵਿੱਚ ਲੈਣ ਲਈ ਦਾਇਰ ਪਟੀਸ਼ਨ ਖਾਰਜ ਕਰ ਦਿੱਤਾ ਗਈ।
  • ਮਾਰਚ 2019 ਵਿੱਚ ਫਰੀਦਕੋਟ ਦੀ ਅਦਾਲਤ ਨੇ ਮੋਗਾ ਪੁਲਿਸ ਦੀ ਜਿਪਸੀ ਦੀ ਕਸਟਡੀ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਸੀ
ਜਿਪਸੀ

4 ਸਾਲਾਂ ਤੋਂ ਮੋਗਾ ਪੁਲਿਸ ਦੀ ਜਿਪਸੀ ਲਈ ਕਾਨੂੰਨੀ ਲੜਾਈ

ਮੋਗਾ ਪੁਲਿਸ ਨੇ ਮਾਰਚ ਮਹੀਨੇ 2019 ਵਿੱਚ ਫਰੀਦਕੋਟ ਦੀ ਅਦਾਲਤ ਵਿੱਚ ਐੱਸਕਾਰਟ ਜਿਪਸੀ ਦੀ ਕਸਟਡੀ ਦੀ ਮੰਗ ਕਰਨ ਲਈ ਪਹੁੰਚ ਕੀਤੀ ਸੀ।

ਮੋਗਾ ਪੁਲਿਸ ਨੇ ਜਿਪਸੀ ਦੀ ਮੰਗ ਉਸ ਸਮੇਂ ਕੀਤੀ ਜਦੋਂ ਇਹ ਤੱਥ ਸਾਹਮਣੇ ਆਇਆ ਸੀ ਕਿ ਮੁਲਜ਼ਮ ਪੁਲਿਸ ਅਧਿਕਾਰੀਆਂ ਨੇ ਝੂਠੇ ਸਬੂਤ ਬਣਾਉਣ ਲਈ ਜਿਪਸੀ 'ਤੇ ਗੋਲੀਆਂ ਮਾਰੀਆ ਸਨ।

ਪਰ ਦਿਲਚਸਪ ਗੱਲ ਇਹ ਹੈ ਕਿ ਮੋਗਾ ਪੁਲਿਸ ਨੇ ਅਕਤੂਬਰ 2015 ਤੋਂ ਕਰੀਬ ਸਾਢੇ ਤਿੰਨ ਸਾਲ ਤੱਕ ਜਿਪਸੀ ਦੀ ਕਸਟਡੀ ਨਹੀਂ ਮੰਗੀ ਸੀ।

ਮਾਰਚ 2019 ਵਿੱਚ ਫਰੀਦਕੋਟ ਦੀ ਅਦਾਲਤ ਨੇ ਮੋਗਾ ਪੁਲਿਸ ਦੀ ਜਿਪਸੀ ਦੀ ਕਸਟਡੀ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਸੀ।

ਬਹਿਬਲ ਕਲਾਂ ਗੋਲ਼ੀਕਾਂਡ

ਤਸਵੀਰ ਸਰੋਤ, ARSHDEEP KAUR/BBC

ਤਸਵੀਰ ਕੈਪਸ਼ਨ, ਕ੍ਰਿਸ਼ਨ ਭਗਵਾਨ ਸਿੰਘ ਦੀ ਤਸਵੀਰ

ਹਾਲਾਂਕਿ, ਐੱਸਆਈਟੀ ਨੇ ਅਦਾਲਤ ਵਿੱਚ ਕਿਹਾ ਕਿ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਜੇਕਰ ਜਿਪਸੀ ਦੀ ਸਪੁਰਦਗੀ (ਕਸਟਡੀ) ਮੋਗਾ ਪੁਲਿਸ ਨੂੰ ਦੇ ਦਿਤੀ ਜਾਂਦੀ ਹੈ ਪਰ ਉਨ੍ਹਾਂ ਬੇਨਤੀ ਕੀਤੀ ਕਿ ਜਿਪਸੀ ਦੇ ਜਿਸ ਹਿੱਸੇ 'ਤੇ ਗੋਲੀਆਂ ਲੱਗੀਆਂ ਹਨ, ਉਸ ਨਾਲ ਛੇੜਛਾੜ ਨਾ ਕੀਤੀ ਜਾਣ ਦੀ ਹਦਾਇਤ ਦਿੱਤੀ ਜਾਵੇ।

ਸਰਕਾਰੀ ਵਕੀਲ ਨੇ ਜ਼ੁਬਾਨੀ ਤੌਰ 'ਤੇ ਅਰਜ਼ੀ ਦਾ ਵਿਰੋਧ ਕੀਤਾ ਹੈ ਅਤੇ ਦਲੀਲ ਦਿੱਤੀ ਹੈ ਕਿ ਇਹ ਵਾਹਨ ਕੇਸ ਨਾਲ ਸਬੰਧਿਤ ਪ੍ਰਾਪਰਟੀ ਹੈ ਅਤੇ ਇਸ ਕੇਸ ਦਾ ਜ਼ਰੂਰੀ ਸਬੂਤ ਹੈ।

ਇਸ ਦੇ ਨਾਲ ਛੇੜਛਾੜ ਹੋਣ ਦੀ ਪੂਰੀ ਸੰਭਾਵਨਾ ਹੈ ਅਤੇ ਅਰਜ਼ੀ ਨੂੰ ਖਾਰਜ ਕੀਤਾ ਜਾਵੇ।

ਅਦਾਲਤ ਨੇ ਕੀ ਕਿਹਾ?

ਜੁਡੀਸ਼ੀਅਲ ਮੈਜਿਸਟਰੇਟ ਚੇਤਨ ਸ਼ਰਮਾ ਦੀ ਅਦਾਲਤ ਨੇ ਕਿਹਾ ਕਿ ਜਿਪਸੀ ਇਸ ਮਾਮਲੇ ਦੀ ਕੇਸ ਪ੍ਰਾਪਰਟੀ ਹੈ ਅਤੇ ਇਹ ਜਾਂਚ ਤੇ ਕੇਸ ਦਾ ਅਹਿਮ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਅਦਾਲਤ ਦਾ ਵਿਚਾਰ ਹੈ ਕਿ ਜੇਕਰ ਜਿਪਸੀ ਨੂੰ ਸਪੁਰਦਗੀ 'ਤੇ ਛੱਡਿਆ ਜਾਂਦਾ ਹੈ, ਤਾਂ ਇਸ ਨਾਲ ਮੁਕੱਦਮੇ ਲਈ ਪੱਖਪਾਤ ਹੋਵੇਗਾ, ਕਿਉਂਕਿ ਉਕਤ ਜਿਪਸੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਪੂਰੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ/ਹਾਦਸੇ ਜਿਪਸੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਫਰੀਦਕੋਟ ਅਦਾਲਤ ਨੇ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ।

ਹੇਠਲੀ ਅਦਾਲਤ ਦੇ ਝਟਕੇ ਤੋਂ ਬਾਅਦ, ਮੋਗਾ ਪੁਲਿਸ ਨੇ ਸਾਲ 2019 ਵਿੱਚ ਫਰੀਦਕੋਟ ਦੀ ਐਡੀਸ਼ਨਲ ਅਤੇ ਸੈਸ਼ਨ ਕੋਰਟ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਸੀ। ਇਹ ਪਟੀਸ਼ਨ ਐੱਸਐੱਸਪੀ ਮੋਗਾ ਨੇ ਏਐੱਸਆਈ ਰਾਜਵਿੰਦਰ ਸਿੰਘ ਰਾਹੀਂ ਦਾਇਰ ਕੀਤੀ ਸੀ।

ਰੀਵੀਜ਼ਨ ਪਟੀਸ਼ਨ ਵਿੱਚ ਮੋਗਾ ਪੁਲਿਸ ਨੇ ਦਲੀਲ ਦਿੱਤੀ ਸੀ ਕਿ, “ਹੇਠਲੀ ਅਦਾਲਤ ਨੇ ਇਹ ਮੰਨਣ ਵਿੱਚ ਗਲਤੀ ਕੀਤੀ ਹੈ ਕਿ ਜਿਪਸੀ ਨੂੰ ਕੋਈ ਨੁਕਸਾਨ ਹੋਵੇਗਾ ਅਤੇ ਮੁਕੱਦਮੇ ਲਈ ਪੱਖਪਾਤ ਕੀਤਾ ਜਾਵੇਗਾ, ਜਦਕਿ ਅਦਾਲਤ ਨੇ ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ ਕਿ ਜਿਪਸੀ ਦੀਆਂ ਤਸਵੀਰਾਂ ਕਲਿੱਕ ਕੀਤੀਆਂ ਜਾ ਸਕਦੀਆਂ ਹਨ ਅਤੇ ਸਬੂਤਾਂ ਦੀ ਸੁਰੱਖਿਆ ਲਈ ਜਾਂਚ ਏਜੰਸੀ ਦੁਆਰਾ ਇਸ ਦੀ ਇੱਕ ਵਸਤੂ ਸੂਚੀ ਬਣਾਈ ਜਾ ਸਕਦੀ ਹੈ।

ਅਦਾਲਤ

ਤਸਵੀਰ ਸਰੋਤ, Getty Images

ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਰਿਵੀਜ਼ਨ ਪਟੀਸ਼ਨਰ ਦੁਆਰਾ ਅਦਾਲਤ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਕਤ ਜਿਪਸੀ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ ਅਤੇ ਉਕਤ ਜਿਪਸੀ ਦੇ ਰੰਗ ਜਾਂ ਸ਼ਕਲ ਵਿੱਚ ਕੋਈ ਬਦਲਾਅ ਨਹੀਂ ਕਰਨਗੇ, ਜਿਸ ਨਾਲ ਇਸ ਦੀ ਪਛਾਣ ਬਦਲੀ ਜਾ ਸਕੇ।

ਪਰ ਹੇਠਲੀ ਅਦਾਲਤ ਨੇ ਉਪਰੋਕਤ ਭਰੋਸੇ ਨੂੰ ਧਿਆਨ ਵਿੱਚ ਨਹੀਂ ਰੱਖਿਆ।

ਮੋਗਾ ਪੁਲਿਸ ਨੇ ਕਿਹਾ ਕਿ ਹੇਠਲੀ ਅਦਾਲਤ ਵੱਲੋਂ ਜਿਪਸੀ ਦੀ ਕਸਟਡੀ ਦੀ ਅਰਜ਼ੀ ਖਾਰਜ ਕਰਨ ਵੇਲੇ ਦਿੱਤੇ ਗਏ ਤਰਕ ਅਸਥਾਈ ਅਤੇ ਅਸਮਰੱਥ ਹਨ।

ਉਨ੍ਹਾਂ ਬੇਨਤੀ ਕਿ ਰੀਵੀਜ਼ਨ ਪਟੀਸ਼ਨ ਦੇ ਅਧੀਨ ਹੇਠਲੀ ਅਦਾਲਤ ਦੇ ਹੁਕਮ ਰੱਦ ਕੀਤੇ ਜਾਣ ਅਤੇ ਸਰਕਾਰੀ ਜਿਪਸੀ ਨੂੰ ਸਪੁਰਦਰੀ 'ਤੇ ਛੱਡਣ ਦੇ ਆਦੇਸ਼ ਕੀਤੇ ਜਾਣ।

29 ਜੁਲਾਈ, 2023 ਨੂੰ ਫਰੀਦਕੋਟ ਦੀ ਐਡੀਸ਼ਨਲ ਅਤੇ ਸੈਸ਼ਨ ਕੋਰਟ ਨੇ ਮੋਗਾ ਪੁਲਿਸ ਦੀ ਰਿਵੀਜ਼ਨ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਹੈ।

ਸੁਖਰਾਜ ਸਿੰਘ

ਤਸਵੀਰ ਸਰੋਤ, Sukhraj Singh

ਤਸਵੀਰ ਕੈਪਸ਼ਨ, ਸੁਖਰਾਜ ਸਿੰਘ ਵਲੋਂ ਪਿਛਲੇ ਡੇਢ ਸਾਲ ਤੋਂ ਬਹਿਬਲ ਕਲਾਂ ਵਿਖੇ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਇਨਸਾਫ਼ ਲਈ ਸੂਬਾ ਸਰਕਾਰ ਖ਼ਿਲਾਫ਼ ਪੱਕੇ ਤੌਰ ’ਤੇ ਧਰਨਾ ਲਾਇਆ ਹੋਇਆ ਹੈ ।

‘ਪੁਲਿਸ ਨੇ ਜਿਪਸੀ ਨੂੰ ਆਪਣੇ ਕਬਜੇ ਵਿੱਚ ਲੈ ਕੀ ਕਰਨਾ ਹੈ’

ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਕਿਹਾ ਕਿ ਅਜੇ ਤੱਕ ਕੇਸ ਪੂਰੀ ਤਰ੍ਹਾਂ ਲੀਹ ’ਤੇ ਨਹੀਂ ਚੜ੍ਹਿਆ, ਇਸ ਲਈ ਸਾਨੂੰ ਜਿਪਸੀ ਵਰਗੇ ਸਬੂਤ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਬੂਤ ਮਿਟਾਏ ਗਏ ਹਨ ਜਿਵੇਂ ਕਿ ਗੋਲੀਆਂ ਨਾਲ ਛੇੜਛਾੜ ਕੀਤੀ ਗਈ ਸੀ।

ਸੁਖਰਾਜ ਸਿੰਘ ਨੇ ਸਵਾਲ ਕੀਤਾ ਕਿ ਮੋਗਾ ਪੁਲਿਸ ਨੇ ਜਿਪਸੀ ਨੂੰ ਆਪਣੇ ਕਬਜੇ ਵਿੱਚ ਲੈ ਕੀ ਕਰਨਾ ਹੈ ?

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਬਹਿਬਲ ਕਲਾਂ ਕਾਂਡ ਦੇ ਮਾਸਟਰਮਾਈਂਡ ਖਿਲਾਫ ਜਲਦ ਤੋਂ ਜਲਦ ਅੰਤਿਮ ਚਾਰਜਸ਼ੀਟ ਦਾਇਰ ਕਰਨੀ ਚਾਹੀਦੀ ਹੈ।

ਸੁਖਰਾਜ ਸਿੰਘ ਵਲੋਂ ਪਿਛਲੇ ਡੇਢ ਸਾਲ ਤੋਂ ਬਹਿਬਲ ਕਲਾਂ ਵਿਖੇ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਇਨਸਾਫ਼ ਲਈ ਸੂਬਾ ਸਰਕਾਰ ਖ਼ਿਲਾਫ਼ ਪੱਕੇ ਤੌਰ ’ਤੇ ਧਰਨਾ ਲਾਇਆ ਹੋਇਆ ਹੈ ।

ਮੋਗਾ ਦੇ ਸੀਨੀਅਰ ਸੁਪਰਡੈਂਟ ਜੇ ਇਲਨਚੇਲੀਅਨ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਅੰਮ੍ਰਿਤਸਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਜੋ ਕਿ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਵੀ ਹਨ, ਨੇ ਵੀ ਫੋਨ ਦਾ ਜਵਾਬ ਨਹੀਂ ਦਿੱਤਾ।

ਲਾਈਨ

ਪੰਜਾਬ ’ਚ ਬੇਅਦਬੀ ਦੀਆਂ ਮੁੱਖ ਘਟਨਾਵਾਂ

ਬਰਗਾੜੀ ਬੇਅਦਬੀ ਤੇ ਬਹਿਬਲਕਲਾਂ-ਕੋਟਕਪੂਰਾ ਗੋਲੀਕਾਂਡ

  • 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਪਤਾ ਹੋਈ। 12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ।
  • 14 ਅਕਤੂਬਰ 2015 ਨੂੰ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖ ਜਥੇਬੰਦਆਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਲੋਕਾਂ ਉੱਤੇ ਲਾਠੀਚਾਰਜ ਕੀਤਾ।
  • ਇਸੇ ਦਿਨ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ 'ਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੋਤ ਹੋ ਗਈ ।
  • ਇਸ ਮਾਮਲੇ ਨਾਲ ਜੁੜੇ ਇੱਕ ਮੁਲਜ਼ਮ ਮਹਿੰਦਰ ਬਿੱਟੂ ਦਾ ਜੇਲ੍ਹ ਵਿੱਚ ਕਤਲ ਹੋ ਗਿਆ ਸੀ।

ਸਿੰਘੂ ਬਾਰਡਰ 'ਤੇ ਲਖਬੀਰ ਦਾ ਕਤਲ

  • 15 ਅਕਤੂਬਰ 2021 ਨੂੰ ਸਿੰਘੂ ਬਾਰਡਰ ਉੱਤੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਬੈਠੇ ਕੁਝ ਨਿਹੰਗਾਂ ਨੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਲਖਬੀਰ ਸਿੰਘ ਨਾਮ ਦੇ ਵਿਅਕਤੀ ਦਾ ਕਥਿਤ ਤੌਰ ਉੱਤੇ ਕਤਲ ਕਰ ਦਿੱਤਾ ਸੀ।
  • ਲਖਬੀਰ ਸਿੰਘ ਉੱਤੇ ਨਿਹੰਗਾਂ ਨੇ ਸਰਬਲੋਹ ਗ੍ਰੰਥ ਦੀ ਬੇਅਦਬੀ ਦਾ ਇਲ਼ਜ਼ਾਮ ਲਗਾਇਆ ਸੀ।
  • ਉਸ ਦੀ ਲੱਤ ਤੇ ਬਾਂਹ ਵੱਢ ਕੇ ਬੈਰੀਕੇਡ ਨਾਲ ਟੰਗ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਸੀ।

ਹਰਿਮੰਦਰ ਸਾਹਿਬ ’ਚ ਕਥਿਤ ਬੇਅਦਬੀ ਦੀ ਕੋਸ਼ਿਸ਼

  • 18 ਦਸੰਬਰ 2021 ਨੂੰ ਹਰਿਮੰਦਰ ਸਾਹਿਬ ਅਮ੍ਰਿਤਸਰ ਵਿੱਚ ਰਹਿਰਾਸ ਸਾਹਿਬ ਦੇ ਪਾਠ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਸ਼ਖਸ ਦੀ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ।
  • ਬਾਅਦ ਵਿੱਚ ਪੁਲਿਸ ਨੇ ਮੁਲਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ ਸੀ।
  • ਅਕਾਲ ਤਖਤ ਦੇ ਜਥੇਦਾਰ ਅਤੇ ਐੱਸਜੀਪੀਸੀ ਨੇ ਇਸ ਘਟਨਾ ਪਿੱਛੇ ਬਹੁਤ ਵੱਡੀ ਸਾਜ਼ਿਸ਼ ਅਤੇ ਸਿੱਖ ਕੌਮ ਉੱਪਰ ਹਮਲਾ ਕਰਾਰ ਦਿੱਤਾ ਸੀ।
ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)