ਗੁਰਦਾਸਪੁਰ ਦਾ ਮਕਬੂਲ ਭਾਰਤ-ਪਾਕਿਸਤਾਨ ਦੇ ਜੋੜਿਆਂ ਦੇ ਵਿਆਹ ਕਰਵਾਉਣ ’ਚ ਕਿਵੇਂ ਮਦਦ ਕਰਦਾ ਹੈ

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
“ਜਦੋਂ ਵੀ ਕੋਈ ਪਾਕਿਸਤਾਨੀ ਲੜਕਾ ਜਾਂ ਲੜਕੀ ਵਿਆਹ ਕਰਵਾਉਣ ਲਈ ਅਟਾਰੀ ਸਰਹੱਦ ਰਾਹੀਂ ਭਾਰਤ ਵਿੱਚ ਦਾਖ਼ਲ ਹੁੰਦਾ ਹੈ, ਤਾਂ ਸਾਨੂੰ ਆਪਣੇ ਦਿਨ ਚੇਤੇ ਆ ਜਾਂਦੇ ਹਨ,” ਇਹ ਸ਼ਬਦ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹਾ ਦੇ ਕਾਦੀਆਂ ਕਸਬੇ ਦੇ ਰਹਿਣ ਵਾਲੇ ਮਕਬੂਲ ਅਹਿਮਦ ਦੇ ਹਨ।
ਮਕਬੂਲ ਅਹਿਮਦ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੇ ਦੋਵੇਂ ਪਾਸੇ ਰਹਿੰਦੇ ਲੜਕੇ ਲੜਕੀਆਂ, ਜੋ ਇੱਕ ਦੂਜੇ ਨਾਲ ਵਿਆਹ ਕਰਵਾਉਣ ਦੀ ਚਾਹ ਰੱਖਦੇ ਹਨ, ਦੀ ਕਾਗਜ਼ੀ ਕਾਰਵਾਈ ਪੂਰੀ ਕਰਨ ਵਿੱਚ ਮਦਦ ਕਰਦੇ ਹਨ।
ਉਨ੍ਹਾਂ ਦਾ ਮੁੱਖ ਕੰਮ ਵੀਜ਼ਾ ਪ੍ਰਕਿਰਿਆ ਦੇ ਲਈ ਕਾਗ਼ਜ਼ੀ ਕਾਰਵਾਈ ਨੂੰ ਮੁਕੰਮਲ ਕਰਵਾਉਣ ਹੁੰਦਾ ਹੈ।
ਇਸ ਕਾਰਵਾਈ ਬਾਰੇ ਕਿਹਾ ਜਾਂਦਾ ਹੈ ਕਿ ਇਹ ਬਹੁਤ ਮੁਸ਼ਕਲ ਅਤੇ ਲੰਬੀ ਹੁੰਦੀ ਹੈ। ਮਕਬੂਲ ਪੇਸ਼ੇ ਤੋਂ ਪੱਤਰਕਾਰ ਹਨ ਤੇ ਜੋੜਿਆਂ ਨੂੰ ਮਿਲਾਉਣ ਦਾ ਕੰਮ ਉਹ ਬਿਨਾਂ ਕਿਸੇ ਪੈਸੇ ਲਏ ਕਰਦੇ ਹਨ।
ਉਹ ਹਾਲ ਹੀ ਵਿੱਚ ਚਰਚਾ ਵਿੱਚ ਉਦੋਂ ਆਏ ਜਦੋਂ ਉਨ੍ਹਾਂ ਦੀ ਮਦਦ ਨਾਲ ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਜਾਵੇਰੀਆ ਖਾਨਮ ਭਾਰਤ ਪਹੁੰਚੀ।
ਜਾਵੇਰੀਆ ਕੋਲਕਾਤਾ ਦੇ ਰਹਿਣ ਵਾਲੇ ਸਮੀਰ ਖ਼ਾਨ ਨਾਲ ਜਨਵਰੀ ਮਹੀਨੇ ਵਿੱਚ ਵਿਆਹ ਕਰਵਾਉਣ ਜਾ ਰਹੀ ਹੈ।

ਤਸਵੀਰ ਸਰੋਤ, ANI
ਜਾਵੇਰੀਆ ਜਦੋਂ ਅਟਾਰੀ ਰਾਹੀਂ ਭਾਰਤ ਪਹੁੰਚੇ ਸਨ ਤਾਂ ਉਨ੍ਹਾਂ ਨੇ ਮਕਬੂਲ ਅਹਿਮਦ ਹੁਰਾਂ ਦਾ ਧੰਨਵਾਦ ਵੀ ਕੀਤਾ ਸੀ।
ਜਾਵੇਰੀਆ ਦਾ ਵੀਜ਼ਾ ਦੋ ਵਾਰੀ ਰੱਦ ਹੋ ਗਿਆ ਸੀ, ਮਕਬੂਲ ਦੱਸਦੇ ਹਨ ਕਿ ਜਦੋਂ ਸਮੀਰ ਖਾਨ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਵੀਜ਼ਾ ਵਿੱਚ ਮਦਦ ਲਈ ਕਿਹਾ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਲੋੜੀਂਦੀ ਮਦਦ ਕੀਤੀ ਜਿਸ ਮਗਰੋਂ ਜਾਵੇਰੀਆ ਨੂੰ ਵੀਜ਼ਾ ਮਿਲ ਗਿਆ।
ਉਨ੍ਹਾਂ ਦੱਸਿਆ, "ਮੈਂ ਸਮੀਰ ਨੂੰ ਸਲਾਹ ਦਿੱਤੀ ਸੀ ਕਿ ਇਸ ਵਾਰੀ ਜਾਵੇਰੀਆ ਇਕੱਲੀ ਦਾ ਹੀ ਵੀਜ਼ਾ ਅਪਲਾਈ ਕਰੋ, ਮਾਪਿਆਂ ਦਾ ਰਹਿਣ ਦਿੰਦੇ ਹਾਂ।"
ਉਨ੍ਹਾਂ ਨੇ ਦੱਸਿਆ ਕਿ ਫਿਰ ਜਾਵੇਰੀਆ ਨੂੰ ਵੀਜ਼ਾ ਮਿਲ ਗਿਆ ਸੀ।
ਕਿਵੇਂ ਹੋਏ ਜੋੜਿਆਂ ਦੇ ਵਿਆਹ ਕਰਵਾਉਣ ਲਈ ਮਸ਼ਹੂਰ

ਮਕਬੂਲ ਅਹਿਮਦ ਦਾ ਵਿਆਹ ਪਾਕਿਸਤਾਨ ਦੇ ਫ਼ੈਸਾਲਾਬਾਦ ਦੀ ਤਾਹਿਰਾ ਮਕਬੂਲ ਨਾਲ ਹੋਇਆ ਹੈ।
ਪਰ ਇਹ ਵਿਆਹ ਸੌਖਾ ਨਹੀਂ ਸੀ, ਬਲਕਿ ਇਸ ਦੇ ਲਈ ਉਨ੍ਹਾਂ ਨੂੰ ਕਾਫ਼ੀ ਕਾਗ਼ਜ਼ੀ ਕਾਰਵਾਈ ਅਤੇ ਸੰਘਰਸ਼ ਕਰਨਾ ਪਿਆ।
ਮਕਬੂਲ ਦਾ ਵਿਆਹ 2001 ਵਿੱਚ ਤੈਅ ਹੋਇਆ ਸੀ ਅਤੇ ਇਸ ਦੇ ਲਈ ਉਸ ਨੇ ਪਾਕਿਸਤਾਨ ਬਰਾਤ ਲੈ ਕੇ ਜਾਣੀ ਸੀ, ਪਰ ਇਸੇ ਦੌਰਾਨ ਭਾਰਤੀ ਸੰਸਦ ਉੱਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ।
ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਖੱਟਾਸ ਆਉਣ ਕਾਰਨ ਸਰਹੱਦਾਂ ਬੰਦ ਹੋ ਗਈਆਂ ਸਨ।
ਤਾਹਿਰਾ ਪਾਕਿਸਤਾਨ ਵਿੱਚ ਅਤੇ ਮਕਬੂਲ ਭਾਰਤ ਵਿੱਚ ਰਹਿ ਗਏ ਸਨ।
ਮਕਬੂਲ ਅਹਿਮਦ ਦੱਸਦੇ ਹਨ ਕਿ ਵਿਛੋੜੇ ਦੇ ਦਰਦ ਨੂੰ ਉਹ ਚੰਗੀ ਤਰਾਂ ਸਮਝਦੇ ਹਨ ਅਤੇ ਉਨ੍ਹਾਂ ਨੇ ਤਾਹਿਰਾ ਨੂੰ ਭਾਰਤ ਲਿਆਉਣ ਦੇ ਲਈ ਕੋਸ਼ਿਸ਼ਾਂ ਜਾਰੀ ਰੱਖੀਆਂ।
ਮਕਬੂਲ ਅਤੇ ਤਾਹਿਰਾ ਦੀ ਪ੍ਰੇਮ ਕਹਾਣੀ ਉਸ ਸਮੇਂ ਕੌਮਾਂਤਰੀ ਅਤੇ ਕੌਮੀ ਮੀਡੀਆ ਦੀਆਂ ਸੁਰਖ਼ੀਆਂ ਵੀ ਬਣੀ ਸੀ।
ਮਕਬੂਲ ਦੱਸਦੇ ਹਨ ਕਿ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਹਿਯੋਗ ਨਾਲ ਤਾਹਿਰਾ ਨੂੰ ਭਾਰਤ ਦਾ ਵੀਜ਼ਾ ਮਿਲਿਆ ਸੀ ਅਤੇ ਉਨ੍ਹਾਂ ਦਾ ਵਿਆਹ 7 ਦਸੰਬਰ 2003 ਨੂੰ ਹੋਇਆ ਸੀ।

ਵਿਆਹ ਕਿਉਂ ਸੀ ਖ਼ਾਸ
2001 'ਚ ਭਾਰਤੀ ਸੰਸਦ 'ਤੇ ਹੋਏ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਆਪਸੀ ਸਬੰਧਾਂ ਦੇ ਵਿਗੜਨ ਤੋਂ ਬਾਅਦ ਕਰੀਬ ਦੋ ਸਾਲਾਂ 'ਚ ਇਹ ਪਹਿਲਾ 'ਸਰਹੱਦ ਪਾਰ' ਵਿਆਹ ਸਮਾਰੋਹ ਸੀ।
ਉਸ ਵੇਲੇ ਇਸ ਕਰਕੇ ਦੇਸ ਵਿਦੇਸ਼ ਦੇ ਮੀਡੀਆ ਵਿੱਚ ਇਸ ਦੀ ਚਰਚਾ ਵੀ ਬਹੁਤ ਹੋਈ ਸੀ। ਕਾਦੀਆਂ ਵਿੱਚ ਰਹਿਣ ਵਾਲੇ ਇਸ ਜੋੜੇ ਦੇ ਤਿੰਨ ਬੱਚੇ ਹਨ।
ਵਿਆਹ ਲਈ ਲੰਬੇ ਸੰਘਰਸ਼ ਤੋਂ ਲਏ ਤਜਰਬੇ ਨਾਲ ਹੁਣ ਉਹ ਹੋਰਾਂ ਦੀ ਮਦਦ ਕਰਦੇ ਹਨ।

ਉਨ੍ਹਾਂ ਦੀ ਮਦਦ ਨਾਲ 10 ਦੇ ਕਰੀਬ ਜੋੜਿਆਂ ਦਾ ਹੁਣ ਤੱਕ ਵਿਆਹ ਹੋ ਚੁੱਕਾ ਹੈ। ਉਹ ਇਹ ਮਦਦ ਮੁਫ਼ਤ ਕਰਦੇ ਹਨ।
ਪੇਸ਼ੇ ਤੋਂ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਮਕਬੂਲ ਦੱਸਦੇ ਹਨ ਕਿ ਇਹ ਕੰਮ ਉਹ ਮੁਫ਼ਤ ਅਤੇ ਸੇਵਾ ਭਾਵਨਾ ਦੇ ਨਾਲ ਕਰਦੇ ਹਨ ਕਿਉਂਕਿ ਤਾਹਿਰਾ ਨੂੰ ਭਾਰਤ ਲਿਆਉਣ ਵਿੱਚ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ ਸੀ।
ਵਿਛੋੜੇ ਦਾ ਦਰਦ

ਮਕਬੂਲ ਅਹਿਮਦ ਦੀ ਪਤਨੀ ਤਾਹਿਰਾ ਮਕਬੂਲ ਦੱਸਦੀ ਹੈ ਕਿ ਜਦੋਂ ਜਾਵੇਰੀਆ ਅਟਾਰੀ ਸਰਹੱਦ ਰਾਹੀਂ ਭਾਰਤ ਆਈ ਤਾਂ ਉਸ ਨੂੰ ਆਪਣੇ ਦਿਨ ਯਾਦ ਆ ਗਏ ਸਨ।
ਉਨ੍ਹਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਉਹ ਭਾਰਤ ਆਏ ਸਨ ਉਨ੍ਹਾਂ ਦਾ ਵੀ ਭਰਵਾਂ ਸਵਾਗਤ ਹੋਇਆ ਸੀ।
ਪੁਰਾਣੇ ਦਿਨਾਂ ਨੂੰ ਯਾਦ ਕਰਦੀ ਹੋਏ ਤਾਹਿਰਾ ਦੱਸਦੇ ਹਨ ਕਿ 2003 ਵਿੱਚ ਸਦਾ-ਏ-ਸਰਹੱਦ ਬੱਸ ਰਾਹੀਂ ਉਹ ਲਾਹੌਰ ਤੋਂ ਪਹਿਲਾਂ ਦਿੱਲੀ ਆਈ ਅਤੇ ਫਿਰ ਦਿੱਲੀ ਤੋਂ ਕਾਦੀਆਂ।
ਤਾਹਿਰਾ ਦੱਸਦੇ ਹਨ, “ਸਾਡੇ ਸਮੇਂ ਫ਼ੋਨ ਅਤੇ ਚਿੱਠੀਆਂ ਹੁੰਦੀਆਂ ਸਨ ਜਿਸ ਰਾਹੀਂ ਉਹ ਆਪਸ ਵਿੱਚ ਸੰਪਰਕ ਸਨ। ਪਰ ਹੁਣ ਇੰਟਰਨੈੱਟ ਕਰ ਕੇ ਸੰਪਰਕ ਕਰਨਾ ਕਾਫ਼ੀ ਸੌਖਾ ਹੋ ਗਿਆ ਹੈ।”

ਤਾਹਿਰਾ ਮੁਤਾਬਕ ਜਾਵੇਰੀਆ ਖਾਨਮ ਭਾਰਤ ਆ ਗਈ ਅਤੇ ਛੇਤੀ ਹੀ ਉਸ ਦਾ ਵਿਆਹ ਹੋ ਜਾਵੇਗਾ ਪਰ ਇਸ ਗੱਲ ਦਾ ਵੀ ਅਫ਼ਸੋਸ ਹੈ ਕਿ ਉਸ ਦੇ ਮਾਪੇ ਭਾਰਤ ਨਹੀਂ ਆ ਸਕੇ।
ਉਨ੍ਹਾਂ ਦੱਸਿਆ ਕਿ ਔਰਤ ਹੋਣ ਕਾਰਨ ਉਹ ਇਸ ਗੱਲ ਨੂੰ ਜ਼ਿਆਦਾ ਸਮਝਦੇ ਹਨ।
ਤਾਹਿਰਾ ਮੁਤਾਬਕ ਲੜਕੀ ਦੀ ਵਿਦਾਇਗੀ ਉਸ ਦੇ ਮਾਪਿਆਂ ਦੇ ਘਰੋਂ ਹੋਣੀ ਚਾਹੀਦੀ ਹੈ।
ਉਨ੍ਹਾਂ ਦੋਵਾਂ ਦੇਸਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਵਿਆਹ ਕਰਵਾਉਣ ਵਾਲੇ ਜੋੜਿਆ ਲਈ ਵੀਜ਼ਾ ਪ੍ਰਕਿਰਿਆ ਸੌਖਾ ਕੀਤਾ ਜਾਵੇ, ਕਿਉਂਕਿ ਮੁਹੱਬਤ ਸਰਹੱਦ ਨਹੀਂ ਦੇਖਦੀ।
ਕਿਵੇਂ ਕਰਦੇ ਹਨ ਮਦਦ

ਮਕਬੂਲ ਅਹਿਮਦ ਦੱਸਦੇ ਹਨ ਕਿ ਉਨ੍ਹਾਂ ਦੀ ਵਿਆਹ ਦੀ ਚਰਚਾ ਹੋਣ ਕਾਰਨ ਇੰਟਰਨੈੱਟ ਦੇ ਰਾਹੀਂ ਜੋੜੇ ਉਸ ਨਾਲ ਸੰਪਰਕ ਕਰਦੇ ਹਨ।
ਵੀਜ਼ੇ ਲਈ ਕਾਗ਼ਜ਼ੀ ਪ੍ਰਕਿਰਿਆ ਕਿਵੇਂ ਪੂਰੀ ਕਰਨੀ ਹੈ, ਭਾਰਤ ਆਉਣ ਉੱਤੇ ਵੀਜ਼ੇ ਵਿੱਚ ਵਾਧਾ ਕਿਵੇਂ ਕਰਨਾ ਇਸ ਸਬੰਧੀ ਉਹ ਮਦਦ ਕਰਦੇ ਹਨ।
ਮਕਬੂਲ ਦੱਸਦੇ ਹਨ ਕਿ ਭਾਰਤ ਵਿੱਚ ਵਿਆਹ ਕਰਵਾਉਣ ਤੋਂ ਬਾਅਦ ਇੱਥੋਂ ਦੀ ਨਾਗਰਿਕਤਾ ਕਿਵੇਂ ਹਾਸਲ ਹੁੰਦੀ ਹੈ ਇਸ ਵਿੱਚ ਕਾਫ਼ੀ ਸਮਾਂ ਲੱਗਦਾ ਹੈ ਅਤੇ ਲੋਕ ਇਸ ਬਾਰੇ ਜਾਣਕਾਰੀ ਉਨ੍ਹਾਂ ਤੋਂ ਲੈਂਦੇ ਰਹਿੰਦੇ ਹਨ।

ਕਾਦੀਆਂ ਦੀ ਰਹਿਣ ਵਾਲੀ ਮਾਹੀ ਵੀ ਇੰਟਰਨੈੱਟ ਰਾਹੀਂ ਇੱਕ ਪਾਕਿਸਤਾਨੀ ਲੜਕੇ ਦੇ ਸੰਪਰਕ ਵਿੱਚ ਆਈ ਸੀ ਅਤੇ ਵਿਆਹ ਕਰਵਾਉਣਾ ਚਾਹੁੰਦੀ ਹੈ।
ਮਾਹੀ ਦੱਸਦੇ ਹਨ ਕਿ ਉਨ੍ਹਾਂ ਦੇ ਮਾਪੇ ਚਾਹੁੰਦੇ ਹਨ ਕਿ ਲੜਕਾ ਪਹਿਲਾਂ ਭਾਰਤ ਆਵੇ ਅਤੇ ਇੱਥੇ ਹੀ ਵਿਆਹ ਹੋਵੇ ਪਰ ਭਾਰਤ ਦਾ ਵੀਜ਼ਾ ਉਨ੍ਹਾਂ ਦੇ ਦੋਸਤ ਲਈ ਸਭ ਤੋਂ ਵੱਡਾ ਅੜਿੱਕਾ ਬਣਿਆ ਹੋਇਆ ਹੈ।
ਮਕਬੂਲ ਅਹਿਮਦ ਮਾਹੀ ਦੀ ਮਦਦ ਕਰ ਰਹੇ ਹਨ।
ਮਕਬੂਲ ਅਹਿਮਦ ਵੱਲੋਂ ਮਾਹੀ ਦੇ ਦੋਸਤ ਸ਼ਿੰਦੇ ਅਤੇ ਉਸ ਦੇ ਮਾਪਿਆਂ ਨੂੰ ਰਾਹਦਾਰੀ ਭੇਜੀ ਜਾ ਰਹੀ ਹੈ ਤਾਂ ਜੋ ਮਾਹੀ ਦਾ ਵਿਆਹ ਹੋ ਸਕੇ।
ਚਮੜੇ ਦੇ ਬੈਗ ਦਾ ਕਾਰੋਬਾਰ ਕਰਨ ਵਾਲੀ ਮਾਹੀ ਨੇ ਦੱਸਿਆ ਸ਼ਿੰਦੇ ਦੇ ਵੀਜ਼ੇ ਨੂੰ ਲੈ ਕੇ ਉਹ ਪਿਛਲੇ ਦੋ ਸਾਲਾਂ ਤੋਂ ਪ੍ਰੇਸ਼ਾਨ ਹੈ, ਇਸ ਨਾਲ ਵਿਆਹ ਵਿੱਚ ਵੀ ਦੇਰੀ ਹੋ ਰਹੀ ਹੈ।















