ਪੰਜਾਬ ਵਿੱਚ ਫਾਰਮੇਸੀ ਅਫਸਰ ਪ੍ਰੀਖਿਆ ਦੌਰਾਨ ਨਕਲ ਦਾ ਮਾਮਲਾ, ਪੁਲਿਸ ਨੇ 'ਹਾਈਟੈੱਕ ਗਿਰੋਹ' ਦਾ ਪਰਦਾਫਾਸ਼ ਕਰਕੇ ਗ੍ਰਿਫ਼ਤਾਰ ਕੀਤੇ ਮੁਲਜ਼ਮ

ਤਸਵੀਰ ਸਰੋਤ, Getty Images
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਪੰਜਾਬ ਪੁਲਿਸ ਨੇ ਇੱਕ ਵੱਡੇ ਅੰਤਰਰਾਜੀ ਨਕਲ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਕਥਿਤ ਤੌਰ ਉੱਤੇ ਹਾਈਟੈੱਕ ਜਾਸੂਸੀ ਉਪਕਰਣਾਂ ਨਾਲ ਫਾਰਮੇਸੀ ਅਫ਼ਸਰ ਪ੍ਰੀਖਿਆ ਵਿੱਚ ਉਮੀਦਵਾਰਾਂ ਨੂੰ ਨਕਲ ਕਰਵਾ ਰਿਹਾ ਸੀ।
ਉਮੀਦਵਾਰਾਂ ਨੂੰ ਪ੍ਰੀਖਿਆ ਪਾਸ ਕਰਵਾਉਣ ਵਾਸਤੇ ਗਿਰੋਹ ਨੇ ਕਥਿਤ ਤੌਰ ਉੱਤੇ 3.5 ਲੱਖ ਤੋਂ 13 ਲੱਖ ਤੱਕ ਦੀ ਰਕਮ ਵਸੂਲੀ ਸੀ।
ਫਰੀਦਕੋਟ ਰੇਂਜ ਪੁਲਿਸ, ਫਿਰੋਜ਼ਪੁਰ ਰੇਂਜ ਪੁਲਿਸ ਅਤੇ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਸਾਂਝੇ ਆਪਰੇਸ਼ਨ ਦੌਰਾਨ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ।
ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ 7 ਮੁੱਖ ਸਾਜ਼ਿਸ਼ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 28 ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ 27 ਬੈਟਰੀ ਨਾਲ ਚੱਲਣ ਵਾਲੇ ਵਾਇਰਲੈੱਸ ਨਕਲ ਕਰਨ ਵਾਲੇ ਉਪਕਰਣ ਵੀ ਬਰਾਮਦ ਕੀਤੇ ਹਨ।
ਦਰਅਸਲ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਫਾਰਮੇਸੀ ਅਫ਼ਸਰਾਂ ਦੀ ਭਰਤੀ ਵਾਸਤੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਪ੍ਰੀਖਿਆ ਲਈ ਜਾ ਰਹੀ ਸੀ।
ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਲਈ ਜਾ ਰਹੀ ਸੀ ਪ੍ਰੀਖਿਆ
ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਫਾਰਮੇਸੀ ਅਫ਼ਸਰਾਂ ਦੀ ਭਰਤੀ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ ਲਿਖਤੀ ਪ੍ਰੀਖਿਆ ਲਈ ਜਾ ਰਹੀ ਸੀ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਦੱਸਿਆ ਕਿ ਫਰੀਦਕੋਟ, ਕੋਟਕਪੂਰਾ ਅਤੇ ਫਿਰੋਜ਼ਪੁਰ ਦੇ 18 ਕੇਂਦਰਾਂ ਵਿੱਚ ਪ੍ਰੀਖਿਆ ਲਈ ਗਈ ਸੀ। ਇਸ ਵਿੱਚ ਲਗਭਗ 5000 ਉਮੀਦਵਾਰ ਸ਼ਾਮਲ ਹੋਏ ਸਨ।
ਉਨ੍ਹਾਂ ਕਿਹਾ ਕਿ ਪ੍ਰੀਖਿਆ ਰੱਦ ਨਹੀਂ ਕੀਤੀ ਗਈ ਅਤੇ ਪੁਲਿਸ ਆਪਣੀ ਜਾਂਚ ਕਰ ਰਹੀ ਹੈ।

ਨਕਲ ਕਿਵੇਂ ਕਰਵਾਈ ਜਾ ਰਹੀ ਸੀ
ਫਕੀਦਕੋਟ ਰੇਂਜ ਦੇ ਇੰਸਪੈਕਟਰ ਜਨਰਲ ਪੁਲਿਸ, (ਆਈਜੀ) ਨੀਲਾਂਬਰੀ ਵਿਜੇ ਜਗਦਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਜਾਸੂਸੀ ਕੈਮਰਿਆਂ ਅਤੇ ਵਾਇਰਲੈੱਸ ਉਪਕਰਣਾਂ ਨਾਲ ਨਕਲ ਕਰਵਾਈ ਜਾ ਰਹੀ ਸੀ। ਇਹ ਜਾਸੂਸੀ ਕੈਮਰੇ ਪੈੱਨਾਂ ਵਿੱਚ ਸਨ।
ਆਈਜੀ ਨੇ ਦੱਸਿਆ ਕਿ ਉਮੀਦਵਾਰਾਂ ਨੇ ਪ੍ਰਸ਼ਨ ਪੱਤਰ ਬਾਹਰ ਭੇਜਣ ਵਾਸਤੇ ਜਾਸੂਸੀ ਉਪਕਰਣਾਂ ਦੀ ਵਰਤੋਂ ਕੀਤੀ। ਉਮੀਦਵਾਰਾਂ ਨੇ ਲੁਕਵੇਂ ਪੈੱਨ ਨਾਲ ਪ੍ਰਸ਼ਨ ਪੱਤਰ ਦੀਆਂ ਤਸਵੀਰਾਂ ਖਿੱਚੀਆਂ। ਮਗਰੋਂ ਮੁਲਜ਼ਮਾਂ ਨੇ ਵਾਇਰਲੈੱਸ ਉਪਕਰਣਾਂ ਨਾਲ ਉਮੀਦਵਾਰਾਂ ਨੂੰ ਸਵਾਲਾਂ ਦੇ ਜਵਾਬ ਦੱਸੇ।
ਉਨਾਂ ਕਿਹਾ, "ਫਿਰੋਜ਼ਪੁਰ ਦੇ ਇੱਕ ਪ੍ਰੀਖਿਆ ਕੇਂਦਰ ਵਿੱਚ ਪ੍ਰੀਖਿਆ ਦੇ ਰਹੇ ਇੱਕ ਉਮੀਦਵਾਰ ਆਯੁਸ਼ (ਰੋਲ ਨੰਬਰ 426347) ਨੇ ਲੁਕਵੇਂ ਪੈੱਨ ਕੈਮਰੇ ਨਾਲ ਪ੍ਰਸ਼ਨ ਪੱਤਰ ਦੀਆਂ ਤਸਵੀਰਾਂ ਖਿੱਚੀਆਂ, ਜੋ ਸਵੇਰੇ 11:10 ਵਜੇ ਤੋਂ 11:25 ਵਜੇ ਦੇ ਵਿਚਕਾਰ ਹਰਿਆਣਾ ਦੇ ਭਿਵਾਨੀ ਨਿਵਾਸੀ ਸਾਜਨ ਨੂੰ ਭੇਜੀਆਂ ਗਈਆਂ।"
"ਸਾਜਨ ਨੇ ਇਹ ਪ੍ਰਸ਼ਨ ਪੱਤਰ ਰਾਜਸਥਾਨ ਦੇ ਦੀਪਕ ਨੂੰ ਭੇਜਿਆ, ਜੋ ਫਰੀਦਕੋਟ ਦੇ ਸੁਸਾਇਟੀ ਨਗਰ ਵਿੱਚ ਗੁਰਮੀਤ ਸਿੰਘ ਦੇ ਘਰ ਅੰਦਰ ਬਣਾਏ ਗਏ ਅਸਥਾਈ ਕੰਟ੍ਰੋਲ ਰੂਮ ਵਿੱਚ ਮੌਜੂਦ ਸੀ। ਉੱਥੋਂ ਮੁੱਖ ਮੁਲਜ਼ਮ ਮਨਜੀਤ ਸਿੰਘ ਅਤੇ ਦੀਪਕ ਨੇ ਵਾਇਰਲੈੱਸ ਉਪਕਰਣਾਂ ਰਾਹੀਂ ਪ੍ਰੀਖਿਆ ਹਾਲਾਂ ਵਿੱਚ ਬੈਠੇ ਕਈ ਉਮੀਦਵਾਰਾਂ ਨੂੰ ਰੀਅਲ-ਟਾਈਮ ਵਿੱਚ ਉੱਤਰ ਡਿਕਟੇਟ ਕੀਤੇ।"
ਐੱਫਆਈਆਰ ਮੁਤਾਬਕ ਇਸ ਮਾਮਲੇ ਵਿੱਚ ਪੁਲਿਸ ਨੂੰ ਇੱਕ ਪ੍ਰੀਖਿਆ ਕੇਂਦਰ ਦੇ ਸੁਪਰੀਡੈਂਟ ਨਵਦੀਪ ਸਿੰਘ ਸੇਠੀ ਨੇ ਦਿੱਤੀ ਸੀ।
ਉਨ੍ਹਾਂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਇੱਕ ਉਮਦੀਵਾਰ ਉੱਤੇ ਸਾਨੂੰ ਸ਼ੱਕ ਹੋਇਆ ਤਾਂ ਅਸੀਂ ਉਸ ਦੀ ਤਲਾਸ਼ੀ ਕੀਤੀ। ਇੱਕ ਬਹੁਤ ਛੋਟਾ ਡਿਵਾਇਸ ਉਮੀਦਵਾਰ ਦੇ ਕੰਨ ਵਿੱਚ ਲੱਗਿਆ ਹੋਇਆ ਸੀ। ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।"

ਪੇਪਰ ਲੀਕ ਬਾਰੇ ਪੁਲਿਸ ਨੇ ਕੀ ਦੱਸਿਆ
ਪੁਲਿਸ ਫਾਰਮੇਸੀ ਅਫ਼ਸਰ ਦੀ ਭਰਤੀ ਦਾ ਪੇਪਰ ਲੀਕ ਹੋਣ ਦੀ ਗੱਲ ਨੂੰ ਖਾਰਜ ਕਰ ਦਿੱਤਾ ਹੈ।
ਆਈਜੀ ਜਗਦਲੇ ਨੇ ਦੱਸਿਆ, "ਹੁਣ ਤੱਕ ਦੀ ਪੁਲਿਸ ਜਾਂਚ ਤੋਂ ਸਪੱਸ਼ਟ ਹੋਇਆ ਹੈ ਕਿ ਪ੍ਰਸ਼ਨ ਪੱਤਰ ਲੀਕ ਨਹੀਂ ਹੋਇਆ ਸੀ ਅਤੇ ਨਾ ਹੀ ਕਿਸੇ ਸਰਕਾਰੀ ਅਧਿਕਾਰੀ ਜਾਂ ਪ੍ਰੀਖਿਆ ਨਾਲ ਸੰਬੰਧਿਤ ਕਿਸੇ ਅਧਿਕਾਰਤ ਵਿਅਕਤੀ ਦੀ ਕੋਈ ਭੂਮਿਕਾ ਸਾਹਮਣੇ ਆਈ ਹੈ। ਇਹ ਉਲੰਘਣਾ ਪੂਰੀ ਤਰ੍ਹਾਂ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਅਸਲ ਸਮੇਂ ਵਿੱਚ ਕੀਤੀ ਗਈ।"
"ਇਸ ਘਟਨਾ ਵਿੱਚ ਕਿਸੇ ਵੀ ਅੰਦਰੂਨੀ ਅਧਿਕਾਰੀ ਜਾਂ ਪ੍ਰੀਖਿਆ ਪ੍ਰਣਾਲੀ ਨਾਲ ਜੁੜੇ ਕਿਸੇ ਵਿਅਕਤੀ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ।"
ਪੁਲਿਸ ਜਾਂਚ ਵਿੱਚ ਕੀ ਨਿਕਲਿਆ
ਫਰੀਦਕੋਟ ਦੇ ਐੱਸਪੀ (ਜਾਂਚ) ਜੁਗੇਸ਼ਵਰ ਸਿੰਘ ਗੁਰਾਇਆ ਨੇ ਦੱਸਿਆ, "19 ਜੁਲਾਈ ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਈ ਇਸ ਪ੍ਰੀਖਿਆ ਦੀ ਸ਼ੁਰੂਆਤ ਤੋਂ ਕੁਝ ਹੀ ਮਿੰਟਾਂ ਬਾਅਦ ਮੁਲਜ਼ਮਾਂ ਨੇ ਪੈੱਨ ਕੈਮਰੇ ਅਤੇ ਮੋਬਾਈਲ ਫੋਨਾਂ ਵਰਗੇ ਉੱਚ ਤਕਨੀਕੀ ਜਾਸੂਸੀ ਉਪਕਰਣਾਂ ਦੀ ਵਰਤੋਂ ਕਰਕੇ ਪ੍ਰੀਖਿਆ ਵਿੱਚ ਨਕਲ ਕੀਤੀ।"
ਉਨਾਂ ਕਿਹਾ, "ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਪੂਰੇ ਗਿਰੋਹ ਦਾ ਮਾਸਟਰਮਾਈਂਡ ਗੁਰਮੀਤ ਸਿੰਘ ਹੈ, ਜੋ ਫਾਜ਼ਿਲਕਾ ਦੇ ਸੰਤ ਕਬੀਰ ਪੌਲੀਟੈਕਨਿਕ ਕਾਲਜ ਵਿੱਚ ਕਰਮਚਾਰੀ ਹੈ।"
"ਇਸ ਗਿਰੋਹ ਨੇ ਪ੍ਰੀਖਿਆ ਪਾਸ ਕਰਵਾਉਣ ਦੇ ਨਾਂ 'ਤੇ ਉਮੀਦਵਾਰਾਂ ਤੋਂ 3.5 ਲੱਖ ਤੋਂ 13 ਲੱਖ ਤੱਕ ਦੀ ਵੱਡੀ ਰਕਮ ਵਸੂਲ ਕੀਤੀ। ਕਈ ਉਮੀਦਵਾਰਾਂ ਨੇ ਸੁਰੱਖਿਆ ਵਜੋਂ ਪੋਸਟ-ਡੇਟਡ ਚੈਕ (ਪੀਡੀਸੀ) ਵੀ ਦਿੱਤੇ ਹੋਏ ਸਨ।"
"ਇਹ ਗਿਰੋਹ ਕਾਰਪੋਰੇਟ ਪੱਧਰ ਦੀ ਯੋਜਨਾਬੰਦੀ ਨਾਲ ਕੰਮ ਕਰ ਰਿਹਾ ਸੀ। ਪ੍ਰੀਖਿਆ ਵਾਲੇ ਦਿਨ ਸਵੇਰੇ ਫਰੀਦਕੋਟ-ਕੋਟਕਪੂਰਾ ਰੋਡ 'ਤੇ ਸਥਿਤ ਇੱਕ ਹੋਟਲ ਵਿੱਚ ਗਿਰੋਹ ਦੇ ਮੈਂਬਰ ਇਕੱਠੇ ਹੋਏ ਅਤੇ ਉੱਥੇ ਸਮਝੌਤਾ ਕਰ ਚੁੱਕੇ ਉਮੀਦਵਾਰਾਂ ਨੂੰ ਵਿਸ਼ੇਸ਼ ਬੈਟਰੀ ਨਾਲ ਚੱਲਣ ਵਾਲੇ ਵਾਇਰਲੈੱਸ ਮਾਈਕਰੋ ਉਪਕਰਣ ਵੰਡੇ ਗਏ।"

ਤਸਵੀਰ ਸਰੋਤ, Getty Images
ਕੀ ਕਾਰਵਾਈ ਹੋਈ
ਪੁਲਿਸ ਨੇ ਆਪਣੇ ਬਿਆਨ ਵਿੱਚ ਦੱਸਿਆ, "ਇਸ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ ਅਤੇ ਸੂਚਨਾ ਤਕਨਾਲੋਜੀ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਸਾਈਬਰ ਅਪਰਾਧ ਪੁਲਿਸ ਸਟੇਸ਼ਨ ਫਰੀਦਕੋਟ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿੱਤੀ ਲੈਣ-ਦੇਣ ਅਤੇ ਹੋਰ ਸੰਭਾਵਿਤ ਸਾਥੀਆਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।"
ਆਈਜੀ ਜਗਦਲੇ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਹੁਣ ਤੱਕ ਫਰੀਦਕੋਟ ਅਤੇ ਫਿਰੋਜ਼ਪੁਰ ਤੋਂ ਕੁੱਲ 28 ਉਮੀਦਵਾਰਾਂ ਨੂੰ ਇਨ੍ਹਾਂ ਗੈਰ-ਕਾਨੂੰਨੀ ਉਪਕਰਣਾਂ ਦੀ ਵਰਤੋਂ ਕਰਨ ਦੇ ਇਲਜ਼ਾਮਾਂ ਹੇਠ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 27 ਉਪਕਰਣ ਪੁਲਿਸ ਨੇ ਬਰਾਮਦ ਕਰ ਲਏ ਹਨ।
ਪੁਲਿਸ ਟੀਮ ਨੇ ਇਸ ਗਿਰੋਹ ਨੂੰ ਚਲਾਉਣ ਵਾਲੇ 7 ਮੁੱਖ ਮੁਲਜ਼ਮਾਂ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ।
ਇਨ੍ਹਾਂ ਵਿੱਚ ਗੁਰਮੀਤ ਸਿੰਘ, ਵਾਸੀ ਫਰੀਦਕੋਟ, ਮਨਜੀਤ ਸਿੰਘ, ਵਾਸੀ ਝੁੰਝੁਨੂੰ, ਰਾਜਸਥਾਨ, ਦੀਪਕ, ਵਾਸੀ ਕੋਟਪੁਤਲੀ, ਰਾਜਸਥਾਨ, ਸਤਨਾਮ ਸਿੰਘ, ਵਾਸੀ ਗੁਰੂਹਰਸਹਾਇ, ਪੰਜਾਬ, ਬਲਵੰਤ ਸਿੰਘ, ਵਾਸੀ ਡੋਢਾ, ਹਰਿਆਣਾ, ਅਭਿਯੰਤ, ਵਾਸੀ ਭਿਵਾਨੀ, ਹਰਿਆਣਾ ਅਤੇ ਸੁਨੀਲ ਕੁਮਾਰ, ਵਾਸੀ ਕੋਟਪੁਤਲੀ, ਰਾਜਸਥਾਨ ਸ਼ਾਮਲ ਹਨ।
ਉਨਾਂ ਦਾਅਵਾ ਕੀਤਾ ਕਿ ਗਿਰੋਹ ਦੇ ਹੋਰ ਮੈਂਬਰਾਂ, ਖ਼ਾਸ ਕਰਕੇ ਭਿਵਾਨੀ ਦੇ ਸਾਜਨ, ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

ਤਸਵੀਰ ਸਰੋਤ, FB
ਸਿਆਸੀ ਪ੍ਰਤੀਕਿਰਿਆਵਾਂ
ਗਿਰੋਹ ਦਾ ਪਰਦਾਫਾਸ਼ ਹੋਣ ਮਗਰੋਂ ਸਿਆਸੀ ਆਗੂਆਂ ਨੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਹਨ।
ਇਨ੍ਹਾਂ ਵਿੱਚ ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਹਨ।
ਇਨ੍ਹਾਂ ਆਗੂਆਂ ਨੇ ਪ੍ਰੀਖਿਆ ਕੇਂਦਰਾਂ ਵਿੱਚ ਸਿਗਨਲ ਜੈਮਰ ਨਾ ਲਗਾਏ ਜਾਣ ਕਰਕੇ ਸਰਕਾਰ ਨੂੰ ਸਵਾਲ ਖੜ੍ਹੇ ਕੀਤੇ ਹਨ।
ਭਾਜਪਾ ਆਗੂ ਰਵਨੀਟ ਬਿੱਟੂ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ ਹੈ ਕਿ ਬੀਐੱਫਯੂਐੱਚਐੱਸ ਵੱਲੋਂ 454 ਫਾਰਮਾਸਿਸਟ ਅਫ਼ਸਰਾਂ ਦੀ ਭਰਤੀ ਪ੍ਰੀਖਿਆ ਵਿੱਚ ਸਾਹਮਣੇ ਆਈ ਵੱਡੇ ਪੱਧਰ ਦੀ ਧਾਂਦਲੀ ਨੇ ਪੰਜਾਬ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।
ਉਨ੍ਹਾਂ ਨੇ ਲਿਖਿਆ, "ਬਲੂਟੁੱਥ ਰਾਹੀਂ ਨਕਲ ਕਰਦੇ 30 ਉਮੀਦਵਾਰਾਂ ਦਾ ਫੜਿਆ ਜਾਣਾ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਸਿਗਨਲ ਜੈਮਰਾਂ ਦਾ ਨਾ ਹੋਣਾ ਇੱਕ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਸਿਆਣੇ ਸੱਚ ਕਹਿੰਦੇ ਹਨ ਕਿ 'ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ, ਤਾਂ ਫ਼ਸਲ ਦੀ ਰਾਖੀ ਕੌਣ ਕਰੇ?' ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹੀ ਹਾਲ ਹੈ, ਜਿੱਥੇ ਸਿਸਟਮ ਹੀ ਮਿਹਨਤੀ ਨੌਜਵਾਨਾਂ ਦੇ ਹੱਕ ਮਾਰ ਰਿਹਾ ਹੈ।"
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਐਕਸ ਉੱਤੇ ਪੋਸਟ ਪਾ ਕੇ ਲਿਖਿਆ, "ਇੰਨੇ ਗੰਭੀਰ ਇਲਜ਼ਾਮਾਂ ਦੇ ਬਾਵਜੂਦ ਹੁਣ ਤੱਕ ਕੋਈ ਐੱਫਆਈਆਰ ਦਰਜ ਨਾ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਗੁਰੂ ਦੋਖੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਵੱਲੋਂ ਪੂਰੀ ਚੁੱਪੀ ਕਿਉਂ ਧਾਰੀ ਹੋਈ ਹੈ? ਕਥਿਤ ਨਕਲ ਨੈੱਟਵਰਕ ਨੂੰ ਕੌਣ ਬਚਾ ਰਿਹਾ ਹੈ?"
"ਲਗਭਗ 7,000 ਉਮੀਦਵਾਰਾਂ ਨੇ ਇਸ ਪ੍ਰੀਖਿਆ ਵਿੱਚ ਹਿੱਸਾ ਲਿਆ ਸੀ ਅਤੇ ਉਹ ਨਿਰਪੱਖ ਤੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਯਕੀਨੀ ਬਣਾਉਣ ਲਈ ਮੁੜ ਪ੍ਰੀਖਿਆ ਦੀ ਮੰਗ ਕਰ ਰਹੇ ਹਨ। ਪੰਜਾਬ ਦੇ ਨੌਜਵਾਨਾਂ ਨੂੰ ਚੁੱਪੀ ਨਹੀਂ, ਸਗੋਂ ਜਵਾਬ ਚਾਹੀਦੇ ਹਨ।"
ਉਧਰ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪ੍ਰਤੀਕਿਰਿਆ ਦਿੰਦਿਆਂ ਐਕਸ 'ਤੇ ਲਿਖਿਆ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਿਰਪੱਖ ਭਰਤੀ ਪ੍ਰਕਿਰਿਆ ਚਾਹੀਦੀ ਹੈ, ਨਾ ਕਿ ਅਜਿਹੀਆਂ ਪ੍ਰੀਖਿਆਵਾਂ ਜਿਨ੍ਹਾਂ 'ਤੇ ਗੰਭੀਰ ਨਕਲ ਦੇ ਦੋਸ਼ਾਂ ਦਾ ਸਾਇਆ ਹੋਵੇ।
ਉਨ੍ਹਾਂ ਨੇ ਅੱਗੇ ਲਿਖਿਆ, "ਉਮੀਦਵਾਰ ਮੁੜ ਪ੍ਰੀਖਿਆ ਕਰਵਾਉਣ ਦੀ ਮੰਗ ਕਰ ਰਹੇ ਹਨ ਅਤੇ ਇਹ ਵੀ ਪੁੱਛ ਰਹੇ ਹਨ ਕਿ ਪ੍ਰੀਖਿਆ ਕੇਂਦਰਾਂ ਵਿੱਚ ਸਿਗਨਲ ਜੈਮਰ ਕਿਉਂ ਨਹੀਂ ਲਗਾਏ ਗਏ? ਸਿਹਤ ਮੰਤਰੀ ਬਲਬੀਰ ਸਿੰਘ ਜਵਾਬਦੇਹੀ ਤੋਂ ਬਚ ਨਹੀਂ ਸਕਦੇ ਅਤੇ ਨੈਤਿਕ ਆਧਾਰ 'ਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਤੁਰੰਤ ਇੱਕ ਸੁਤੰਤਰ ਜਾਂਚ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



















