ਮਣੀਪੁਰ ਵਿੱਚ ਪ੍ਰਦਰਸ਼ਨ ਹਿੰਸਕ ਕਿਵੇਂ ਹੋ ਗਏ ਤੇ ਮੁੱਦਾ ਧਰਮ ਨਾਲ ਜੁੜ ਗਿਆ - ਗ੍ਰਾਊਂਡ ਰਿਪੋਰਟ

ਮਣੀਪੁਰ ਹਿੰਸਾ
ਤਸਵੀਰ ਕੈਪਸ਼ਨ, ਹਿੰਸਾ ਦੌਰਾਨ ਸਾੜਿਆ ਗਿਆ ਇੱਕ ਘਰ
    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ, ਇੰਫਾਲ, ਮਣੀਪੁਰ ਤੋਂ ਪਰਤਣ ਤੋਂ ਬਾਅਦ
  • ਪ੍ਰਕਾਸ਼ਿਤ

ਮਣੀਪੁਰ ਸੜ ਰਿਹਾ ਹੈ।

ਸੜ ਰਹੀ ਹੈ ਇਸ ਦੀ ਸੈਂਕੜੇ ਸਾਲ ਪੁਰਾਣੀ ਆਪਸੀ ਸਦਭਾਵਨਾ ਦੀ ਨੀਂਹ।

ਸੜ ਰਹੀ ਹੈ ਵੱਖ-ਵੱਖ ਭਾਈਚਾਰਿਆਂ ਵਿਚਕਾਰ ਖੁਸ਼ੀ ਨਾਲ ਰਹਿਣ ਵਾਲੀ ਡੋਰ।

ਅਤੇ ਸੜ ਕੇ ਸੁਆਹ ਹੋ ਰਿਹਾ ਹੈ ਇੱਕ ਸੁਪਨਾ ਕਿ ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ ਮੈਤਈ, ਕੂਕੀ ਅਤੇ ਨਾਗਾ ਸਮਾਜ ਦੇ ਲੋਕ ਇਕੱਠੇ ਰਹਿਣਗੇ।

ਆਪਸੀ ਵਿਸ਼ਵਾਸ ਘਟ ਗਿਆ ਹੈ ਅਤੇ ਨਿਰਾਸ਼ਾ ਬਹੁਤ ਜ਼ਿਆਦਾ ਹੈ।

ਸੋ ਇਹ ਸੱਚਾਈ ਹੈ ਕਿ ਭਾਰਤ ਦੇ ਉੱਤਰ-ਪੂਰਬੀ ਸੂਬੇ ਮਣੀਪੁਰ ਵਿੱਚ ਨਸਲੀ ਹਿੰਸਾ ਨੂੰ ਭੜਕਿਆਂ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਸਥਿਤੀ ਹੁਣ ਵੀ ਤਣਾਅਪੂਰਨ ਬਣੀ ਹੋਈ ਹੈ।

ਮੈਤਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਚੱਲ ਰਹੀ ਇਸ ਹਿੰਸਾ 'ਚ ਹੁਣ ਤੱਕ 100 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 390 ਲੋਕ ਜ਼ਖਮੀ ਹੋ ਚੁੱਕੇ ਹਨ।

ਪਰ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਸਥਾਨਕ ਲੋਕਾਂ ਦਾ ਸਬਰ ਟੁੱਟਦਾ ਜਾ ਰਿਹਾ ਹੈ।

ਕਿਉਂ ਲੋਕ ਇਸ ਨੂੰ ਖਾਨਾਜੰਗੀ ਕਹਿ ਰਹੇ ਹਨ?

ਮਣੀਪੁਰ ਹਿੰਸਾ
ਤਸਵੀਰ ਕੈਪਸ਼ਨ, ਇਸ ਹਿੰਸਾ 'ਚ ਹੁਣ ਤੱਕ 100 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 390 ਲੋਕ ਜ਼ਖਮੀ ਹੋ ਚੁੱਕੇ ਹਨ

ਮਣੀਪੁਰ ਦਾ ਮੈਤਈ ਭਾਈਚਾਰਾ ਆਪਣੇ ਆਪ ਨੂੰ ਅਨੁਸੂਚਿਤ ਜਨਜਾਤੀ ਵਿੱਚ ਸ਼ਾਮਲ ਕਰਨ ਦੀ ਮੰਗ ਕਰਦਾ ਰਿਹਾ ਹੈ ਅਤੇ ਇਹੀ ਮੰਗ ਪੂਰੇ ਵਿਵਾਦ ਦਾ ਫੌਰੀ ਕਾਰਨ ਬਣ ਗਈ।

3 ਮਈ ਤੋਂ 6 ਮਈ ਤੱਕ, ਸੂਬੇ ਵਿੱਚ ਭਿਆਨਕ ਹਿੰਸਾ ਹੋਈ, ਜਿਸ ਵਿੱਚ ਮੈਤਈ ਦੇ ਲੋਕਾਂ ਨੇ ਕੂਕੀ ਨੂੰ ਨਿਸ਼ਾਨਾ ਬਣਾਇਆ ਅਤੇ ਕੂਕੀ ਲੋਕਾਂ ਨੇ ਮੈਤਈ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ।

ਰਾਜਧਾਨੀ ਇੰਫਾਲ ਤੋਂ ਦੋ ਘੰਟੇ ਦੂਰ ਕੂਕੀ ਦੇ ਪ੍ਰਭਾਵ ਵਾਲੇ ਚੁਰਾਚਾਂਦਪੁਰ ਜ਼ਿਲ੍ਹੇ ਵਿੱਚ ਜਦੋਂ ਦੋ ਸਮੂਹਾਂ ਵਿਚਕਾਰ ਝੜਪਾਂ ਜਾਰੀ ਸਨ ਤਾਂ 23 ਸਾਲਾ ਐਲੇਕਸ ਜਮਕੋਥਾਂਗ ਵੀ ਤਮਾਸ਼ਬੀਨ ਭੀੜ ਦਾ ਹਿੱਸਾ ਸਨ।

ਅਚਾਨਕ ਉੱਪਰ ਵਾਲੀ ਇਮਾਰਤ ਤੋਂ ਆਈ ਇੱਕ ਗੋਲੀ ਉਨ੍ਹਾਂ ਦੀ ਛਾਤੀ ਨੂੰ ਚੀਰ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਐਲੇਕਸ ਜਮਕੋਥਾਂਗ ਦੀ ਮਾਂ ਉਦੋਂ ਤੋਂ ਸੌਂ ਨਹੀਂ ਸਕੀ ਹੈ ਅਤੇ ਅਕਸਰ ਸਿਸਕਦੀ ਰਹਿੰਦੀ ਹੈ।

ਐਲੇਕਸ ਦੇ ਪਿਤਾ ਫੌਜ ਵਿੱਚ ਸਨ ਅਤੇ ਭਰਾ ਆਈਟੀਬੀਪੀ ਵਿੱਚ ਹਨ। ਪਰ ਉਨ੍ਹਾਂ ਕਿਹਾ ਕਿ ਉਹ ਮੰਗ ਪੂਰੀ ਹੋਣ ਤੋਂ ਬਾਅਦ ਹੀ ਮ੍ਰਿਤਕ ਛੋਟੇ ਭਰਾ ਦਾ ਅੰਤਿਮ ਸੰਸਕਾਰ ਕਰਨਗੇ।

ਜਮਕੋਥਾਂਗ ਨੇ ਕਿਹਾ, “ਸਾਡੀ ਜਾਨ ਇੱਥੇ ਖਤਰੇ ਵਿੱਚ ਹੈ। ਕਦੋਂ ਕੀ ਹੋਵੇਗਾ, ਕੌਣ ਮਰੇਗਾ। ਜੇਕਰ ਕੇਂਦਰ ਸਰਕਾਰ ਕਬਾਇਲੀ ਲੋਕਾਂ ਲਈ ਸਹੂਲਤਾਂ ਨਹੀਂ ਦਿੰਦੀ ਤਾਂ ਅਸੀਂ ਸਹਿਮਤ ਨਹੀਂ ਹੋਵਾਂਗੇ ਅਤੇ ਮੈਤਈ ਲੋਕ ਵੀ ਸਹਿਮਤ ਨਹੀਂ ਹੋਣਗੇ ਕਿਉਂਕਿ ਇਹ ਹੁਣ ਸ਼ੁਰੂ ਹੋ ਗਿਆ ਹੈ।''

''ਇਹ ਸਰਕਾਰ ਦੇ ਨਾਲ-ਨਾਲ ਘਰੇਲੂ ਜੰਗ ਵੀ ਹੈ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁਰਦਾਘਰ 'ਚੋਂ ਲਾਸ਼ਾਂ ਵੀ ਨਹੀਂ ਨਿਕਲਣਗੀਆਂ।''

ਵੰਡ ਦੀ ਸਪਸ਼ਟ ਰੇਖਾ

ਮਣੀਪੁਰ ਹਿੰਸਾ
ਤਸਵੀਰ ਕੈਪਸ਼ਨ, ਪਿਛਲੇ ਮਹੀਨੇ ਜਦੋਂ ਹਿੰਸਾ ਸ਼ੁਰੂ ਹੋਈ ਸੀ ਤਾਂ ਥਾਣਿਆਂ ਤੋਂ ਹਜ਼ਾਰਾਂ ਹਥਿਆਰ ਲੁੱਟ ਲਏ ਗਏ ਸਨ

ਮਣੀਪੁਰ ਇਸ ਸਮੇਂ ਦੋ ਟੁਕੜਿਆਂ ਵਿੱਚ ਵੰਡਿਆ ਜਾ ਗਿਆ ਹੈ।

ਇੱਕ ਹਿੱਸਾ ਮੈਤਈ ਲੋਕਾਂ ਕੋਲ ਹੈ, ਦੂਜਾ ਕੂਕੀ ਲੋਕਾਂ ਕੋਲ।

ਜਿਸ ਤਰ੍ਹਾਂ ਦੀ ਹਿੰਸਾ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ, ਉਹ ਇਕ-ਦੋ-ਚਾਰ ਦਿਨਾਂ ਦਾ ਨਹੀਂ, ਸਗੋਂ ਹਫ਼ਤਿਆਂ ਤੋਂ ਚੱਲੀ ਹਿੰਸਾ ਦਾ ਹੈ।

ਇਸ ਵਿੱਚ ਘਰ-ਬਾਰ ਤਬਾਹ ਹੋ ਗਏ ਹਨ, ਲੋਕ-ਬਾਗ ਤਬਾਹ ਹੋ ਗਏ ਹਨ, ਪਿੰਡਾਂ ਦੇ ਪਿੰਡ ਤਬਾਹ ਹੋ ਗਏ ਹਨ।

ਜਿਸ ਤਰ੍ਹਾਂ ਦੀਆਂ ਫਾਲਟਲਾਈਨਾਂ ਹੁਣ ਇੱਥੇ ਦਿਖਾਈ ਦੇ ਰਹੀਆਂ ਹਨ, ਉਸ ਤੋਂ ਲੱਗਦਾ ਹੈ ਕਿ ਇਹ ਦਰਾਰ ਲੰਮੇ ਸਮੇਂ ਲਈ ਪੈ ਗਈ ਹੈ।

ਆਜ਼ਾਦੀ ਤੋਂ ਬਾਅਦ ਈਸਾਈ ਧਰਮ ਦਾ ਪਾਲਣ ਕਰਨ ਵਾਲੇ ਕੂਕੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਮਿਲਿਆ ਹੋਇਆ ਹੈ, ਜਦਕਿ ਮੈਤਈ ਹਿੰਦੂ ਭਾਈਚਾਰੇ ਵਿੱਚੋਂ ਕੁਝ ਨੂੰ ਰਾਖਵਾਂਕਰਨ ਨਹੀਂ ਮਿਲਿਆ ਜਦਕਿ ਕੁਝ ਅਨੁਸੂਚਿਤ ਜਾਤੀ ਬਣ ਗਏ ਅਤੇ ਕੁਝ ਨੂੰ ਓਬੀਸੀ ਦਾ ਦਰਜ ਮਿਲ ਗਿਆ।

ਇਹੀ ਝਗੜੇ ਦਾ ਕਾਰਨ ਹੈ, ਕਿਉਂਕਿ ਮੈਤਈ ਲੋਕ ਕੂਕੀ ਖੇਤਰਾਂ ਵਿੱਚ ਜ਼ਮੀਨ ਨਹੀਂ ਖਰੀਦ ਸਕਦੇ ਹਨ ਅਤੇ ਹੁਣ ਉਹ ਵੀ ਕਬੀਲੇ ਦਾ ਦਰਜਾ ਚਾਹੁੰਦੇ ਹਨ।

ਜ਼ਾਹਿਰ ਹੈ ਕਿ ਮਸਲਾ ਜ਼ਮੀਨ 'ਤੇ ਅਧਿਕਾਰ ਦਾ ਹੈ। 28 ਲੱਖ ਦੀ ਆਬਾਦੀ ਵਿੱਚ ਬਹੁਸੰਖਿਆ ਮੈਤਈ ਘਾਟੀ ਵਿੱਚ ਰਹਿੰਦੇ ਹਨ, ਜਦਕਿ ਕੂਕੀ ਆਬਾਦੀ ਚਾਰ ਪਹਾੜੀ ਜ਼ਿਲ੍ਹਿਆਂ ਵਿੱਚ ਵੱਸੀ ਹੋਈ ਹੈ।

ਇਸ ਹਿੰਸਾ ਵਿੱਚ ਇੱਕ-ਦੂਜੇ ਦੀ ਥਾਂ 'ਤੇ ਵਸੇ ਦੋਵੇਂ ਭਾਈਚਾਰਿਆਂ ਦੇ ਲੋਕ ਸ਼ਿਕਾਰ ਹੋ ਗਏ ਹਨ। ਵੈਸੇ, ਸੂਬੇ ਵਿੱਚ ਮੈਤਈ ਮੁਸਲਮਾਨ ਅਤੇ ਨਾਗਾ ਵੀ ਹਨ, ਜੋ ਇਸ ਹਿੰਸਾ ਤੋਂ ਅਛੂਤੇ ਰਹੇ।

ਰਾਹਤ ਕੈਂਪਾਂ ਵਿੱਚ 50,000 ਲੋਕ

ਮਣੀਪੁਰ ਹਿੰਸਾ
ਤਸਵੀਰ ਕੈਪਸ਼ਨ, ਮਰੀਨਾ ਵਿੱਚ ਗੁੱਸਾ ਇੰਨਾ ਹੈ ਕਿ ਆਪਣੀ ਧੀ ਦਾ ਨਾਂ 'ਜਿੱਤ' 'ਤੇ ਰੱਖਿਆ ਹੈ

ਮਣੀਪੁਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹੇ ਪ੍ਰਿਯੋਰੰਜਨ ਸਿੰਘ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਅਜਿਹੀ ਹਿੰਸਾ ਦਾ ਕੋਈ ਠੋਸ ਇਤਿਹਾਸ ਵੀ ਨਹੀਂ ਰਿਹਾ ਹੈ।

ਉਨ੍ਹਾਂ ਕਿਹਾ, “ਇਤਿਹਾਸ ਇਹ ਹੈ ਕਿ ਮੈਤਈ ਨੇ ਨਾਗਾ ਅਤੇ ਕੂਕੀ ਭਾਈਚਾਰਿਆਂ ਨੂੰ ਇਕਜੁੱਟ ਕੀਤਾ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਵਿੱਚ ਜਗ੍ਹਾ ਦਿੱਤੀ। ਇੱਥੋਂ ਦੇ ਲੋਕਾਂ ਦਾ ਹਿੰਦੂ ਹੋਣ ਦਾ ਇਤਿਹਾਸ ਵੀ ਬਹੁਤ ਵੱਖਰਾ ਹੈ।''

''ਮਣੀਪੁਰੀ ਲੋਕ ਕਦੇ ਵੀ ਕਿਸੇ ਧਰਮ ਦੇ ਕੱਟੜਪੰਥੀ ਨਹੀਂ ਰਹੇ। ਹਾਂ, 19ਵੀਂ ਸਦੀ ਵਿੱਚ ਇੱਕ ਅਜਿਹਾ ਦੌਰ ਜ਼ਰੂਰ ਸੀ ਜਦੋਂ ਇੱਥੇ ਰਾਜਸ਼ਾਹੀ ਦੇ ਸਮੇਂ ਹਿੰਦੂ ਧਰਮ ਲਾਗੂ ਕੀਤਾ ਗਿਆ ਸੀ, ਪਰ ਇਹ ਬਹੁਤਾ ਸਮਾਂ ਨਹੀਂ ਚੱਲਿਆ।''

ਪਰ ਹਕੀਕਤ ਇਹ ਹੈ ਕਿ ਹਿੰਸਾ ਦੇ ਇਸ ਦੌਰ ਵਿੱਚ ਦੋਵੇਂ ਪਾਸੇ ਮੌਤਾਂ ਅਤੇ ਨੁਕਸਾਨ ਹੋਇਆ ਹੈ।

ਵਰਤਮਾਨ ਵਿੱਚ, 50,000 ਤੋਂ ਵੱਧ ਲੋਕਾਂ ਨੇ ਭੱਜ ਕੇ ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੈ, ਜਿਸ ਵਿੱਚ ਕੂਕੀ ਅਤੇ ਮੈਤਈ ਦੋਵੇਂ ਸ਼ਾਮਲ ਹਨ।

ਰਾਜਧਾਨੀ ਇੰਫਾਲ 'ਚ ਸਟੇਡੀਅਮ ਦੇ ਨਾਲ ਹੀ ਇੱਕ ਯੂਥ ਹੋਸਟਲ ਹੈ, ਜਿਸ ਨੂੰ ਇਨ੍ਹੀਂ ਦਿਨੀਂ ਰਾਹਤ ਕੈਂਪ 'ਚ ਤਬਦੀਲ ਕਰ ਦਿੱਤਾ ਗਿਆ ਹੈ।

ਖਾਸ ਗੱਲ ਇਹ ਹੈ ਕਿ ਇੱਥੇ 40 ਔਰਤਾਂ ਹਨ ਜੋ ਹਿੰਸਾ ਸ਼ੁਰੂ ਹੋਣ ਵੇਲੇ ਗਰਭਵਤੀ ਸਨ।

ਪਿਛਲੇ ਇੱਕ ਮਹੀਨੇ ਵਿੱਚ ਇੱਥੇ ਚਾਰ ਬੱਚਿਆਂ ਦਾ ਜਨਮ ਹੋਇਆ ਹੈ ਅਤੇ ਇਨ੍ਹਾਂ ਮਾਵਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਬੱਚੇ ਰਾਹਤ ਕੈਂਪ ਵਿੱਚ ਪੈਦਾ ਹੋਣਗੇ ਅਤੇ ‘ਕੰਫਲਿਕਟ ਚਿਲਡਰਨ’ ਕਹਾਉਣਗੇ।

ਇੱਥੇ ਹੀ 27 ਸਾਲਾ ਮਰੀਨਾ ਨਾਲ ਮੁਲਾਕਾਤ ਹੋਈ, ਜਿਨ੍ਹਾਂ ਨੇ ਆਪਣੀ ਬੱਚੀ ਨੂੰ ਜਨਮ ਦਿੱਤਾ ਅਤੇ ਇਸ ਸਮੇਂ ਆਪਣੇ ਪਤੀ ਤੋਂ ਵਿੱਛੜੇ ਹੋਏ ਹਨ। ਗੁੱਸਾ ਇੰਨਾ ਹੈ ਕਿ ਮਰੀਨਾ ਨੇ ਆਪਣੀ ਧੀ ਦਾ ਨਾਂ 'ਜਿੱਤ' 'ਤੇ ਰੱਖਿਆ ਹੈ।

ਕਾਂਗਪੋਕਪੀ ਦੀ ਵਸਨੀਕ ਮਰੀਨਾ ਸੋਰਮ ਨੇ ਕਿਹਾ, “ਅਸੀਂ ਰਾਤ ਦਾ ਖਾਣਾ ਖਾਣ ਲੱਗੇ ਸੀ, ਜਦੋਂ ਪਿੰਡ ਵਿੱਚ ਹਮਲਾ ਹੋਇਆ। ਘਰ ਛੱਡ ਕੇ ਨਦੀ ਵੱਲ ਭੱਜੇ, ਉੱਥੇ ਕਈ ਬੱਚਿਆਂ ਨੂੰ ਪਾਣੀ ਦੇ ਤੇਜ਼ ਵਹਾਅ ਨਾਲ ਜੂਝਦੇ ਦੇਖਿਆ। ਅਗਲੇ ਦਿਨ ਸਾਨੂੰ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ।”

ਸਾਬਕਾ ਮੈਤਈ ਹਿੰਦੂ ਸ਼ਾਹੀ ਪਰਿਵਾਰ

ਸੂਬੇ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼ਾਰਦਾ ਦੇਵੀ
ਤਸਵੀਰ ਕੈਪਸ਼ਨ, ਸੂਬੇ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼ਾਰਦਾ ਦੇਵੀ

ਪਿਛਲੇ ਕੁਝ ਸਾਲਾਂ ਵਿੱਚ, ਸੂਬੇ ਦੀ ਸਿਆਸਤ ਨੇ ਸਾਬਕਾ ਮੈਤਈ ਹਿੰਦੂ ਸ਼ਾਹੀ ਪਰਿਵਾਰ ਦੀ ਵਧਦੀ ਪ੍ਰਸਿੱਧੀ ਵੀ ਦੇਖੀ ਹੈ। ਸਾਬਕਾ ਸ਼ਾਹੀ ਪਰਿਵਾਰ ਦੇ ਮਹਾਰਾਜਾ ਲੀਸ਼ੇਮਬਾ ਸੰਜਾਓਬਾ ਇਸ ਸਮੇਂ ਭਾਜਪਾ ਦੇ ਰਾਜ ਸਭਾ ਸਾਂਸਦ ਹਨ।

ਹਾਲਾਂਕਿ ਬੀਬੀਸੀ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਇੰਟਰਵਿਊ ਲਈ ਸਹਿਮਤ ਨਹੀਂ ਹੋਏ ਪਰ ਇਸ ਦੌਰਾਨ ਉਨ੍ਹਾਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ, "ਹਿੰਸਾ ਅਤਿ ਨਿੰਦਣਯੋਗ ਹੈ ਅਤੇ ਗੱਲਬਾਤ ਹੀ ਹਰ ਮਸਲੇ ਦਾ ਹੱਲ ਹੈ।"

ਪਰ ਖਾਸ ਗੱਲ ਇਹ ਹੈ ਕਿ ਮਣੀਪੁਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਧਾਰਮਿਕ ਸਥਾਨ ਜਾਤੀ ਹਿੰਸਾ ਦਾ ਸ਼ਿਕਾਰ ਹੋਏ ਹਨ।

ਸੂਬੇ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼ਾਰਦਾ ਦੇਵੀ ਨੇ ਵੀ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਮੈਤਈ ਅਤੇ ਕੂਕੀ ਭਾਈਚਾਰਿਆਂ ਵਿਚਕਾਰ ਵਿਆਪਕ ਹਿੰਸਾ ਸਹੀ ਨਹੀਂ ਹੈ।

ਉਂਝ ਕੁਝ ਹਮਲਾਵਰਾਂ ਨੇ ਸ਼ਾਰਦਾ ਦੇਵੀ ਦੇ ਘਰ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ।

ਉਨ੍ਹਾਂ ਦੱਸਿਆ, “ਚਰਚ ਸਾੜਿਆ ਅਤੇ ਮੰਦਰ ਸਾੜਿਆ। ਖਾਸ ਤੌਰ 'ਤੇ ਉਹ ਚਰਚ ਜਿੱਥੇ ਕੂਕੀ ਲੋਕ ਪ੍ਰਾਰਥਨਾ ਕਰਦੇ ਹਨ ਅਤੇ ਮੈਤਈ ਭਾਈਚਾਰੇ ਦੇ ਆਪਣੇ ਘਰਾਂ ਵਿੱਚ ਪੂਜਾ ਕਰਨ ਲਈ ਮੰਦਰ ਹੁੰਦੇ ਹਨ। ਇਸ ਲਈ ਦੋਵਾਂ ਭਾਈਚਾਰਿਆਂ ਦੇ ਜੋ ਅਸਥਾਨ ਸੜ ਰਹੇ ਹਨ, ਦੋਵਾਂ ਦਾ ਜੋ ਨੁਕਸਾਨ ਹੋਇਆ ਹੈ, ਇਹ ਸਾਡੇ ਸਾਰਿਆਂ ਲਈ ਦੁੱਖ ਦੀ ਗੱਲ ਹੈ।

ਬੀਬੀਸੀ ਦੁਆਰਾ ਪ੍ਰਾਪਤ ਸਰਕਾਰੀ ਅੰਕੜਿਆਂ ਦੇ ਅਨੁਸਾਰ, ਜੂਨ ਦੇ ਪਹਿਲੇ ਹਫ਼ਤੇ ਤੱਕ ਸੂਬੇ ਵਿੱਚ 250 ਤੋਂ ਵੱਧ ਚਰਚਾਂ ਅਤੇ ਲਗਭਗ 2,000 ਕੁਕੀ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਲਾਈਨ

'ਸਰਕਾਰ 'ਤੇ ਭਰੋਸਾ ਨਹੀਂ'

ਮਣੀਪੁਰ ਹਿੰਸਾ
ਤਸਵੀਰ ਕੈਪਸ਼ਨ, ਮਣੀਪੁਰ ਦੇ ਕਬਾਇਲੀ ਖੇਤਰਾਂ ਵਿੱਚ ਵੱਖਰੇ ਪ੍ਰਸ਼ਾਸਨ ਦੀ ਮੰਗ ਦਾ ਵੀ ਵਿਰੋਧ ਹੋ ਰਿਹਾ ਹੈ

ਚੂਰਾਚਾਂਦਪੁਰ ਵਿੱਚ ਕੂਕੀ ਕ੍ਰਿਸ਼ਚੀਅਨ ਲੀਡਰਜ਼ ਫੈਲੋਸ਼ਿਪ ਦੇ ਮੁਖੀ, ਪਾਦਰੀ ਹਾਓਕਿਪ ਥੋਂਗਖੋਸੇ ਨਾਲ ਮੁਲਾਕਾਤ ਹੋਈ, ਜੋ ਸੂਬੇ ਦੇ ਚਰਚਾਂ ਦੀ ਸੁਰੱਖਿਆ ਲਈ ਵਿਸ਼ੇਸ਼ ਤੌਰ 'ਤੇ ਚਿੰਤਤ ਸਨ।

ਹਾਓਕਿਪ ਥੋਂਗਖੋਸੇ ਨੇ ਕਿਹਾ, “ਕੂਕੀ ਭਾਈਚਾਰਾ ਬਹੁਤ ਜ਼ਿਆਦਾ ਪਰੇਸ਼ਾਨ ਹੈ ਅਤੇ ਸਾਨੂੰ ਸਰਕਾਰ 'ਤੇ ਭਰੋਸਾ ਨਹੀਂ ਰਿਹਾ, ਕਿਉਂਕਿ ਸੂਬਾ ਸਰਕਾਰ ਨੇ ਗਿਰਜਾਘਰਾਂ, ਲੋਕਾਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ 'ਤੇ ਹਮਲਾ ਕਰਨ ਵਾਲੀ ਭੀੜ ਨੂੰ ਨਹੀਂ ਰੋਕਿਆ।''

''ਇਸ ਲਈ ਇਹ ਸਾਡੇ ਲਈ ਬਹੁਤ ਔਖਾ ਸਮਾਂ ਸੀ। ਮੈਨੂੰ ਲੱਗਦਾ ਹੈ ਕਿ ਇਹ ਜਾਤੀ ਹਿੰਸਾ ਹੈ ਪਰ ਚਰਚਾਂ 'ਤੇ ਹਮਲੇ ਸਿਰਫ ਭਾਰਤੀ ਹਿੰਦੂਆਂ ਨੂੰ ਖੁਸ਼ ਕਰਨ ਲਈ ਕੀਤੇ ਗਏ ਸਨ।''

ਵੈਸੇ ਤਾਂ ਅੱਜ ਕੱਲ੍ਹ ਇੰਫਾਲ ਵਿੱਚ ਚਰਚਾਂ ਨੂੰ ਫਿਲਮਾਉਣਾ ਜਾਂ ਉਨ੍ਹਾਂ ਦੇ ਸਾਹਮਣੇ ਖੜ੍ਹੇ ਹੋ ਕੇ ਕੰਮ ਕਰਨਾ ਮੀਡੀਆ ਵਾਲਿਆਂ ਲਈ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਸਥਾਨਕ ਲੋਕ ਆ ਕੇ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਹਨ।

ਉਹ ਇਸ ਗੱਲ 'ਤੇ ਇਤਰਾਜ਼ ਕਰਦੇ ਹਨ ਟੁੱਟੇ ਚਰਚਾਂ ਜਾਂ ਮੰਦਰਾਂ ਦੀ ਤਸਵੀਰ ਜਾਂ ਵੀਡੀਓ ਨਾ ਲਈ ਜਾਵੇ।

ਪਾਦਰੀ ਹਾਓਕਿਪ ਥੋਂਗਖੋਸੇ
ਤਸਵੀਰ ਕੈਪਸ਼ਨ, ਕੀ ਕ੍ਰਿਸ਼ਚੀਅਨ ਲੀਡਰਜ਼ ਫੈਲੋਸ਼ਿਪ ਦੇ ਮੁਖੀ, ਪਾਦਰੀ ਹਾਓਕਿਪ ਥੋਂਗਖੋਸੇ

ਗੁੱਸਾ ਬਰਾਬਰੀ ਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ 100 ਮੰਦਰਾਂ ਤੋਂ ਇਲਾਵਾ 2000 ਮੈਤਈ ਘਰਾਂ 'ਤੇ ਵੀ ਹਮਲੇ ਹੋਏ ਹਨ।

ਹਾਲਾਂਕਿ, ਮੈਤਈ ਭਾਈਚਾਰੇ ਦੇ ਹਿੱਤਾਂ ਲਈ ਬਣਾਏ ਗਏ ਸਮੂਹ ਕੋਕੋਮੀ ਦੇ ਬੁਲਾਰੇ ਕੇ ਓਥਾਬਾਏ ਨੇ ਜ਼ੋਰ ਦੇ ਕੇ ਕਿਹਾ ਕਿ "ਮਣੀਪੁਰ ਵਿੱਚ ਮਾਮਲੇ ਧਾਰਮਿਕ ਨਹੀਂ ਹੁੰਦੇ ਹਨ ਅਤੇ ਇਸ ਵਾਰ ਵੀ ਮਾਮਲਾ ਵਧਣ ਤੋਂ ਰੋਕ ਲਿਆ ਗਿਆ।

ਉਨ੍ਹਾਂ ਅਨੁਸਾਰ, “200 ਚਰਚਾਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਥੇ 400 ਹੋਰ ਚਰਚ ਹਨ, ਜੋ ਅਜੇ ਵੀ ਬਰਕਰਾਰ ਹਨ। ਜੇ ਧਾਰਮਿਕ ਹਿੰਸਾ ਹੁੰਦੀ ਤਾਂ ਕੀ ਉਹ ਉਸੇ ਤਰ੍ਹਾਂ ਖੜ੍ਹੇ ਰਹਿੰਦੇ? ਹਾਂ, ਇਹ ਹੈ ਕਿ ਹੁਣ ਤੁਹਾਨੂੰ ਪਹਾੜੀ ਖੇਤਰਾਂ ਵਿੱਚ ਇੱਕ ਵੀ ਮੰਦਰ ਨਹੀਂ ਮਿਲੇਗਾ।''

ਮੌਜੂਦਾ ਸੰਕਟ ਲਈ, ਗੁਆਂਢੀ ਮਿਆਂਮਾਰ ਦੇ ਚਿਨ ਸੂਬੇ ਤੋਂ ਭੱਜ ਕੇ ਆਏ ਕੂਕੀ ਅੱਤਵਾਦੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜਿਨ੍ਹਾਂ ਕੋਲ ਆਧੁਨਿਕ ਹਥਿਆਰਾਂ ਦੀ ਘਾਟ ਨਹੀਂ ਹੈ।

ਪਰ ਮਣੀਪੁਰ ਦੇ ਘੱਟ ਗਿਣਤੀ ਕੂਕੀ ਆਪਣੇ ਖੇਤਰਾਂ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਕਰ ਰਹੇ ਹਨ, ਜਿਸ ਲਈ ਕੇਂਦਰ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ।

'ਹੱਕਾਂ ਦੀ ਲੜਾਈ ਦੀ ਥਾਂ ਧਾਰਮਿਕ ਹਿੰਸਾ ਨੇ ਲੈ ਲਈ'

ਮਣੀਪੁਰ ਹਿੰਸਾ
ਤਸਵੀਰ ਕੈਪਸ਼ਨ, ਸਾੜਿਆ ਗਿਆ ਇੱਕ ਚਰਦ

ਕੂਕੀ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਗ੍ਰਹਿ ਸਕੱਤਰ ਮਾਂਗ ਖੋਨਸਾਈ ਇਸ ਗੱਲ ਤੋਂ ਨਾਰਾਜ਼ ਹਨ ਕਿ "ਭਾਵੇਂ ਕੇਂਦਰ ਹੋਵੇ ਜਾਂ ਸੂਬਾ ਸਰਕਾਰ, ਕਿਸੇ ਨੇ ਵੀ ਉਨ੍ਹਾਂ ਦੀ ਸਹੀ ਢੰਗ ਸੁਧ ਨਹੀਂ ਲਈ।''

ਉਨ੍ਹਾਂ ਕਿਹਾ, “ਹਰ ਕੋਈ ਕਿਤੇ ਨਾ ਕਿਤੇ ਘੱਟ ਗਿਣਤੀ ਹੈ। ਅੱਜ ਜੇਕਰ ਤੁਸੀਂ ਸਿਰਫ਼ ਮਣੀਪੁਰ ਵਿੱਚ ਹੋਣ ਕਰਕੇ ਬਹੁਸੰਖਿਅਕ ਹੋ, ਤਾਂ ਕੀ ਤੁਸੀਂ ਸਿਰਫ਼ ਮਣੀਪੁਰ ਤੱਕ ਹੀ ਸੀਮਤ ਹੋ ਜਾਵੋਗੇ? ਹੋਰ ਵੀ ਬਹੁਤ ਸਾਰੀਆਂ ਥਾਵਾਂ ਹਨ, ਜਿੱਥੇ ਉਨ੍ਹਾਂ ਨੂੰ ਵੀ ਸਾਡੇ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।''

ਇਹ ਪੁੱਛੇ ਜਾਣ 'ਤੇ ਕਿ ਕੀ ਕੂਕੀ ਭਾਈਚਾਰੇ ਜਾਂ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਇਸ ਹਿੰਸਾ ਵਿੱਚ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਮਾਂਗ ਖੋਨਸਾਈ ਨੇ ਕਿਹਾ, "ਮੈਂ ਵੀ ਇਸ ਗੱਲ ਨੂੰ ਲੈ ਕੇ ਉਲਝਣ ਵਿੱਚ ਹਾਂ ਕਿ ਅਸੀਂ ਕਿਸ ਲਈ ਲੜ ਰਹੇ ਹਾਂ।''

''ਇਸ ਹਿੰਸਾ ਦਾ ਦੌਰ ਅਧਿਕਾਰਾਂ ਦੀ ਮੰਗ ਤੋਂ ਸ਼ੁਰੂ ਹੋਇਆ ਅਤੇ ਫਿਰ ਧਰਮ 'ਤੇ ਆ ਗਿਆ। ਪਰ ਹੁਣ ਕੇਂਦਰ ਸਰਕਾਰ ਨੂੰ ਇਸ ਨੂੰ ਖਤਮ ਕਰਨ ਲਈ ਤੇਜ਼ੀ ਨਾਲ ਕਾਰਵਾਈ ਕਰਨੀ ਪਵੇਗੀ, ਨਹੀਂ ਤਾਂ ਸਥਿਤੀ ਹੋਰ ਵਿਗੜ ਜਾਵੇਗੀ।''

ਮਾਂਗ ਖੋਨਸਾਈ
ਤਸਵੀਰ ਕੈਪਸ਼ਨ, ਕੂਕੀ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਗ੍ਰਹਿ ਸਕੱਤਰ ਮਾਂਗ ਖੋਨਸਾਈ

ਜ਼ਮੀਨ 'ਤੇ ਸਥਿਤੀ ਅਜਿਹੀ ਹੈ ਕਿ ਰਾਜਧਾਨੀ ਇੰਫਾਲ ਤੋਂ ਕਿਸੇ ਵੀ ਪਹਾੜੀ ਕੂਕੀ ਪ੍ਰਭਾਵ ਵਾਲੇ ਖੇਤਰ 'ਚ ਜਾਣ ਲਈ ਪ੍ਰਸ਼ਾਸਨ ਨਹੀਂ ਹੈ, ਕੂਕੀ ਗਾਰਡਾਂ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਦੁਪਹਿਰ ਸਮੇਂ ਮਹਿਲਾਵਾਂ ਸਰਹੱਦ 'ਤੇ ਪਹਿਰਾ ਦਿੰਦੀਆਂ ਹਨ ਅਤੇ ਰਾਤ ਨੂੰ ਪੁਰਸ਼ ਗਾਰਡ ਤੈਨਾਤ ਹੁੰਦੇ ਹਨ।

ਦੋ ਭਾਈਚਾਰਿਆਂ ਦੇ ਪਿੰਡਾਂ ਵਿੱਚ ਆਪਸੀ ਹਮਲੇ ਵੀ ਜਾਰੀ ਹਨ ਅਤੇ ਇੱਕ ਕੂਕੀ ਪਿੰਡ ਵਿੱਚ, ਸਥਾਨਕ ਲੋਕਾਂ ਨੇ ਸਾਨੂੰ ਗ੍ਰਨੇਡ ਅਤੇ ਆਰਪੀਜੀ ਤੋਂ ਫਾਇਰ ਕੀਤਾ ਗੋਲਾ ਬਾਰੂਦ ਵੀ ਦਿਖਾਇਆ।

ਕਈ ਪਿੰਡਾਂ ਦੇ ਪਹਿਰੇਦਾਰਾਂ ਕੋਲ ਵਾਕੀ-ਟਾਕੀਜ਼ ਵੀ ਹਨ, ਜਿਨ੍ਹਾਂ ਰਾਹੀਂ ਉਹ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਹਨ।

ਕੁਝ ਦਿਨ ਪਹਿਲਾਂ ਤੱਕ ਉਨ੍ਹਾਂ ਕੋਲ ਲਾਇਸੈਂਸੀ ਬੰਦੂਕਾਂ ਵੀ ਸਨ, ਪਰ ਹੁਣ ਭਾਰਤੀ ਸੁਰੱਖਿਆ ਬਲਾਂ ਨੇ ਚਾਰੇ ਪਾਸੇ ਆਪਣੀਆਂ ਛਾਉਣੀਆਂ ਬਣਾ ਲਈਆਂ ਹਨ ਅਤੇ ਪਿੰਡ ਵਾਸੀਆਂ ਨੂੰ ਹਥਿਆਰਾਂ ਦੀ ਵਰਤੋਂ ਨਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ।

'ਪਾਰਟੀਵਾਦੀ ਸਿਆਸਤ ਦੋਸ਼ੀ'

ਮਣੀਪੁਰ ਹਿੰਸਾ
ਤਸਵੀਰ ਕੈਪਸ਼ਨ, ਹਮਲੇ ਦੌਰਾਨ ਆਰਪੀਜੀ ਨਾਲ ਵੀ ਹਮਲੇ ਹੋਏ

ਅਸੀਂ ਰਾਜਧਾਨੀ ਇੰਫਾਲ ਦੇ ਬਾਹਰ ਇੱਕ ਗੁਪਤ ਟਿਕਾਣੇ ਦਾ ਦੌਰਾ ਕੀਤਾ ਅਤੇ ਯੂਐਨਐਲਐਫ ਦੇ ਸਾਬਕਾ ਚੇਅਰਮੈਨ ਅਤੇ ਸੁਤੰਤਰ ਮਣੀਪੁਰ ਦੀ ਮੰਗ ਕਰਨ ਵਾਲੇ ਰਾਜਕੁਮਾਰ ਮੇਘਨ ਨਾਲ ਗੱਲ ਕੀਤੀ, ਜੋ ਦਹਾਕਿਆਂ ਤੋਂ ਭੂਮੀਗਤ ਹਨ।

ਉਨ੍ਹਾਂ ਅਨੁਸਾਰ, “ਮੈਨੂੰ ਨਾ ਸਿਰਫ਼ ਸਦਮਾ ਲੱਗਿਆ ਸਗੋਂ ਦੁੱਖ ਵੀ ਹੋਇਆ ਕਿਉਂਕਿ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ ਸੀ।''

''ਮੈਂ ਚਰਚਾਂ ਜਾਂ ਧਾਰਮਿਕ ਅਸਥਾਨਾਂ ਨੂੰ ਸਾੜਨ ਦਾ ਸਮਰਥਨ ਨਹੀਂ ਕਰਦਾ। ਦੋਵਾਂ ਲਈ, ਮੈਂ ਇਹ ਕਹਾਂਗਾ ਕਿ ਪੱਖਪਾਤੀ ਸਿਆਸਤ ਹੀ ਮੁੱਖ ਕਾਰਨ ਸੀ ਜਿਸ ਕਾਰਨ ਆਮ ਮੈਤਈ ਅਤੇ ਕੂਕੀ ਲੋਕਾਂ ਨੂੰ ਦੁੱਖ ਝੱਲਣਾ ਪਿਆ।

ਅਸਲੀਅਤ ਇਹ ਵੀ ਹੈ ਕਿ ਹਿੰਸਾ ਦੇ ਇੰਨੇ ਲੰਬੇ ਸਮੇਂ ਤੋਂ ਬਾਅਦ ਦਾ ਦ੍ਰਿਸ਼ ਹੋਰ ਵੀ ਡਰਾਉਣਾ ਹੈ, ਕਿਉਂਕਿ ਸੈਂਕੜੇ ਸਾਲਾਂ ਤੋਂ ਇੱਕ ਭਾਈਚਾਰੇ ਵਜੋਂ ਇਕੱਠੇ ਰਹਿ ਰਹੇ ਲੋਕਾਂ ਵਿੱਚ ਆਪਸੀ ਵਿਸ਼ਵਾਸ ਖਤਮ ਹੋ ਗਿਆ ਹੈ।

ਮਣੀਪੁਰ ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦੇਵਬਰਤ ਸਿੰਘ ਨੇ ਸਥਿਤੀ ਨੂੰ ਥੋੜ੍ਹੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ।

ਉਨ੍ਹਾਂ ਦਾ ਕਹਿਣਾ ਹੈ, “ਮਣੀਪੁਰ ਵਿੱਚ ਕਦੇ ਵੀ ਧਰਮ ਦੇ ਨਾਮ ਉੱਤੇ ਕੋਈ ਦੰਗਾ ਨਹੀਂ ਹੋਇਆ ਸੀ। ਜੋ ਕੁਝ ਵੀ ਹੋ ਰਿਹਾ ਹੈ, ਇਹ ਪਹਿਲੀ ਵਾਰ ਹੈ, ਉਹ ਵੀ ਜਦੋਂ ਕਿਸੇ ਨੇ ਇਸ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਹੋਵੇਗੀ, ਤਾਂ ਜੋ ਇਹ ਧਾਰਮਿਕ ਹਿੰਸਾ ਵਾਂਗ ਜਾਪੇ।''

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)