You’re viewing a text-only version of this website that uses less data. View the main version of the website including all images and videos.
ਨਰਿੰਦਰ ਮੋਦੀ: ਲਾਲ ਕਿਲ਼ੇ ਤੋਂ ਪ੍ਰਧਾਨ ਮੰਤਰੀ ਦੇ ਡੇਢ ਘੰਟੇ ਦੇ ਭਾਸ਼ਣ ਨੂੰ 5 ਨੁਕਤਿਆਂ ਰਾਹੀ ਸਮਝੋ
ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ।
ਇਸ ਦੌਰਾਨ ਉਨ੍ਹਾਂ ਜਿੱਥੇ ਗੁਲਾਮੀ ਦੇ ਦੌਰ ਨੂੰ ਯਾਦ ਕੀਤਾ, ਉੱਥੇ ਹੀ ਸੁਤੰਤਰਤਾ ਸੇਨਾਨੀਆਂ, ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਭਵਿੱਖ ਦੇ ਭਾਰਤ ਦੀ ਵੀ ਗੱਲ ਕੀਤੀ।
ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ''ਪੂਜਨਿਕ ਬਾਪੂ ਦੀ ਅਗਵਾਈ 'ਚ ਅਸਹਿਯੋਗ ਅੰਦੋਲਨ ਅਤੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਵਰਗੇ ਅਣਗਿਣਤ ਵਰਗੇ ਵੀਰਾਂ ਦਾ ਬਲਿਦਾਨ। ਉਸ ਪੀੜ੍ਹੀ 'ਚ ਸ਼ਾਇਦ ਹੀ ਕੋਈ ਵਿਅਕਤੀ ਹੋਵੇਗਾ, ਜਿਸ ਨੇ ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਨਾ ਦਿੱਤਾ ਹੋਵੇ।''
''ਮੈਂ ਉਨ੍ਹਾਂ ਸਾਰੇ ਤਿਆਗ, ਕੁਰਬਾਨੀਆਂ ਦੇਣ ਵਾਲਿਆਂ ਨੂੰ ਸਨਮਾਨ ਸਹਿਤ ਨਮਨ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।''
ਇਸ ਦੌਰਾਨ ਉਨ੍ਹਾਂ ਦੁਨੀਆਂ ਭਰ ਵਿੱਚ ਭਾਰਤ ਪ੍ਰਤੀ ਵਧੇ ਆਕਰਸ਼ਣ ਦੀ ਵੀ ਗੱਲ ਕੀਤੀ ਤੇ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਕਿਹਾ, ''ਅੱਜ ਜਦੋਂ ਅਸੀਂ ਅਫ਼ਗ਼ਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਆਉਂਦੇ ਹਾਂ ਤਾਂ ਦੇਸ਼ ਨੂੰ ਮਾਣ ਹੁੰਦਾ ਹੈ। ਜਦੋਂ ਕੋਈ ਸਿੱਖ ਭਾਈ ਦੁਨੀਆਂ 'ਚ ਲੰਗਰ ਲਗਾਉਂਦਾ ਹੈ ਤਾਂ ਦੇਸ਼ ਦੀ ਛਾਤੀ ਚੌੜੀ ਹੋ ਜਾਂਦੀ ਹੈ।''
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਕਈ ਸੂਬਿਆਂ 'ਚ ਆਏ ਹੜ੍ਹਾਂ ਤੇ ਭਾਰੀ ਮੀਂਹ ਕਾਰਨ ਹੋਈ ਤਬਾਹੀ 'ਤੇ ਵੀ ਦੁੱਖ ਪ੍ਰਗਟਾਇਆ।
ਉਨ੍ਹਾਂ ਕਿਹਾ, ''ਇਸ ਵਾਰ ਆਈ ਕੁਦਰਤੀ ਆਫ਼ਤ ਨੇ ਦੇਸ਼ ਦੇ ਅਨੇਕ ਹਿੱਸਿਆਂ 'ਚ ਬਹੁਤ ਸੰਕਟ ਪੈਦਾ ਕੀਤਾ। ਜਿਨ੍ਹਾਂ ਪਰਿਵਾਰਾਂ ਨੇ ਇਸ ਸੰਕਟ 'ਚ ਝੱਲਿਆ ਹੈ, ਮੈਂ ਉਨ੍ਹਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟਾਉਂਦਾ ਹਾਂ।''
ਇਸ ਦੇ ਨਾਲ ਹੀ ਉਨ੍ਹਾਂ ਮਣੀਪੁਰ ਦੇ ਹਾਲਾਤਾਂ ਬਾਰੇ ਬੋਲਦਿਆਂ ਕਿਹਾ, ''ਪਿਛਲੇ ਕੁਝ ਹਫਤਿਆਂ ਵਿੱਚ, ਉੱਤਰ-ਪੂਰਬ ਖਾਸਕਰ ਮਣੀਪੁਰ 'ਚ ਅਤੇ ਭਾਰਤ ਦੇ ਹੋਰ ਕੁਝ ਭਾਗਾਂ 'ਚ ਜੋ ਹਿੰਸਾ ਦਾ ਦੌਰ ਚੱਲਿਆ, ਕਈ ਲੋਕਾਂ ਨੂੰ ਆਪਣਾ ਜੀਵਨ ਗੁਆਉਣਾ ਪਿਆ, ਮਾਵਾਂ-ਧੀਆਂ ਦੇ ਸਨਮਾਨ ਨੂੰ ਸੱਟ ਪਹੁੰਚਾਈ ਗਈ। ਪਰ ਕੁਝ ਦਿਨਾਂ ਤੋਂ ਲਗਾਤਾਰ ਸ਼ਾਂਤੀ ਦੀਆਂ ਖ਼ਬਰਾਂ ਆ ਰਹੀਆਂ ਹਨ, ਦੇਸ਼ ਮਣੀਪੁਰ ਦੇ ਲੋਕਾਂ ਦੇ ਨਾਲ ਹੈ।''
ਗੁਲਾਮੀ ਦੇ ਦੌਰ ਦਾ ਵੀ ਜ਼ਿਕਰ
ਇਸ ਦੌਰਾਨ ਪੀਐਮ ਮੋਦੀ ਨੇ ਗੁਲਾਮੀ ਦੇ ਦੌਰ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ, "ਜਦੋਂ ਅਸੀਂ ਇਤਿਹਾਸ ਨੂੰ ਦੇਖਦੇ ਹਾਂ ਤਾਂ ਕੁਝ ਅਜਿਹੇ ਪਲ ਹਨ, ਜੋ ਅਮਿੱਟ ਛਾਪ ਛੱਡ ਜਾਂਦੇ ਹਨ। ਇਸ ਨੂੰ ਕਈ ਸਮੱਸਿਆਵਾਂ ਦੀ ਜੜ੍ਹ ਮੰਨਿਆ ਜਾਂਦਾ ਹੈ। ਹਜ਼ਾਰਾਂ ਸਾਲ ਪਹਿਲਾਂ ਦੇਸ਼ 'ਤੇ ਹਮਲਾ ਹੋਇਆ ਸੀ।''
''ਉਦੋਂ ਇਹ ਵੀ ਨਹੀਂ ਸੀ ਪਤਾ ਕਿ ਇੱਕ ਘਟਨਾ ਦੇਸ਼ ਨੂੰ ਹਜ਼ਾਰਾਂ ਸਾਲਾਂ ਲਈ ਗੁਲਾਮੀ ਵਿੱਚ ਪਾ ਦੇਵੇਗੀ। ਜੋ ਵੀ ਆਇਆ, ਲੁੱਟਦਾ ਚਲਾ ਗਿਆ।''
''ਜਿਸ ਦਾ ਜੋ ਮਨ ਕੀਤਾ, ਉਹ ਸਾਡੇ 'ਤੇ ਸਵਾਰ ਹੋ ਗਿਆ। ਘਟਨਾ ਭਾਵੇਂ ਛੋਟੀ ਹੋਵੇ, ਹਜ਼ਾਰਾਂ ਸਾਲਾਂ ਤੱਕ ਪ੍ਰਭਾਵ ਛੱਡਦੀ ਹੈ।''
''ਇਸ ਦੌਰ ਵਿੱਚ ਅਜਿਹਾ ਕੋਈ ਸਮਾਂ ਨਹੀਂ ਆਇਆ ਜਦੋਂ ਭਾਰਤ ਦੇ ਨਾਇਕਾਂ ਨੇ ਦੇਸ਼ ਵਿੱਚ ਕੁਰਬਾਨੀ ਦੀ ਲਾਟ ਬਲਦੀ ਨਾ ਰੱਖੀ ਹੋਵੇ। ਦੇਸ਼ ਦੀ ਨਾਗਰਿਕ ਸ਼ਕਤੀ, ਯੁਵਾ ਸ਼ਕਤੀ, ਕਿਸਾਨ, ਮਜ਼ਦੂਰ ਕੋਈ ਅਜਿਹਾ ਨਹੀਂ ਸੀ ਜੋ ਅਜ਼ਾਦੀ ਲਈ ਖੜ੍ਹਾ ਨਾ ਹੋਇਆ ਹੋਵੇ।''
''ਉਹ ਵਿਸ਼ਵਾਸ ਆਖਰਕਾਰ ਉਦੋਂ ਪੂਰਾ ਹੋਇਆ ਜਦੋਂ ਭਾਰਤ 15 ਅਗਸਤ, 1947 ਨੂੰ ਆਜ਼ਾਦ ਹੋਇਆ।''
ਭਵਿੱਖ ਦਾ ਜ਼ਿਕਰ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ''ਇਸ ਦੌਰ ਵਿਚ ਅਸੀਂ ਜੋ ਵੀ ਕਰਾਂਗੇ, ਜੋ ਵੀ ਕਦਮ ਚੁੱਕਾਂਗੇ, ਇੱਕ ਤੋਂ ਬਾਅਦ ਇੱਕ ਫੈਸਲੇ ਲਵਾਂਗੇ... ਆਉਣ ਵਾਲੇ ਦੇਸ਼ ਦਾ ਸੁਨਹਿਰੀ ਇਤਿਹਾਸ ਇਨ੍ਹਾਂ ਤੋਂ ਹੀ ਪੁੰਗਰਨਾ ਹੈ। ਗੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਨਿਕਲਿਆ ਦੇਸ਼ ਨਵੇਂ ਆਤਮ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ।''
''ਮੇਰੀ ਭਾਰਤ ਮਾਤਾ ਕਦੇ ਊਰਜਾ ਦੀ ਸ਼ਕਤੀ ਸੀ ਜੋ ਮੁੜ ਜਾਗ ਗਈ ਹੈ।''
''ਅੱਜ, 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਗਿਣਤੀ ਦੁਨੀਆਂ ਵਿੱਚ ਕਿਤੇ ਵੀ ਸਭ ਤੋਂ ਵੱਧ ਹੈ, ਤਾਂ ਇਹ ਭਾਰਤ ਵਿੱਚ ਹੈ।''
''ਭਾਰਤ ਇੱਕ ਹਜ਼ਾਰ ਸਾਲ ਦੀ ਗੁਲਾਮੀ ਅਤੇ ਹਜ਼ਾਰ ਸਾਲ ਦੇ ਸੁਪਨਿਆਂ ਵਿਚਕਾਰਲੇ ਪੜਾਅ 'ਤੇ ਖੜ੍ਹਾ ਹੈ।''
'ਦੇਸ਼ 'ਚ ਮੌਕਿਆਂ ਦੀ ਕਮੀ ਨਹੀਂ'
ਸੁਤੰਤਰਤਾ ਦਿਵਸ 'ਤੇ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਮੌਕਿਆਂ ਦੀ ਕੋਈ ਕਮੀ ਨਹੀਂ ਹੈ। ਤੁਸੀਂ ਜਿੰਨੇ ਮੌਕੇ ਚਾਹੋਗੇ, ਦੇਸ਼ ਓਨੇ ਮੌਕੇ ਦੇਣ 'ਚ ਸਮਰੱਥ ਹੈ।
ਉਨ੍ਹਾਂ, ਤਕਨੀਕ ਦੀ ਦਿਸ਼ਾ 'ਚ ਵਧ ਰਹੇ ਦੇਸ਼ ਦੀ ਗੱਲ ਕਰਦਿਆਂ ਕਿਹਾ ਕਿ ''ਅੱਜ ਦੁਨੀਆਂ ਤਕਨੀਕ ਨਾਲ ਕੰਮ ਕਰਨ ਵਾਲੀ ਹੈ ਅਤੇ ਆਉਣ ਵਾਲਾ ਯੁੱਗ ਤਕਨੀਕ ਤੋਂ ਪ੍ਰਭਾਵਿਤ ਹੋਵੇਗਾ, ਇਸ 'ਚ ਭਾਰਤ ਦੀ ਭੂਮਿਕਾ ਅਹਿਮ ਹੋਵੇਗੀ।''
ਉਨ੍ਹਾਂ ਕਿਹਾ, “ਮੈਂ ਜੀ-20 ਲਈ ਬਾਲੀ ਗਿਆ ਸੀ, ਉੱਥੇ ਹਰ ਕੋਈ ਤਕਨੀਕ ਬਾਰੇ ਜਾਣਨ ਲਈ ਉਤਸੁਕ ਸੀ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਤਕਨੀਕ ਸਿਰਫ਼ ਵੱਡੇ ਸ਼ਹਿਰਾਂ ਤੱਕ ਹੀ ਸੀਮਤ ਨਹੀਂ ਹੈ, ਛੋਟੇ ਸ਼ਹਿਰਾਂ ਦੇ ਨੌਜਵਾਨ ਵੀ ਇਤਿਹਾਸ ਰਚ ਰਹੇ ਹਨ।''
''ਸਾਡੇ ਕਸਬੇ ਆਕਾਰ ਵਿਚ ਭਾਵੇਂ ਛੋਟੇ ਹੋਣ ਪਰ ਆਸਾਂ ਅਤੇ ਇੱਛਾਵਾਂ ਵਿਚ ਕਿਸੇ ਤੋਂ ਘੱਟ ਨਹੀਂ ਹਨ। ਨਵੀਆਂ ਐਪਾਂ, ਨਵੇਂ ਸਾਲਿਊਸ਼ਨ, ਨਵੇਂ ਉਪਕਰਣ ਬਣਾਏ ਜਾ ਰਹੇ ਹਨ।''
''ਝੁੱਗੀ-ਝੌਂਪੜੀਆਂ ਦੇ ਬੱਚੇ ਖੇਡਾਂ ਦੀ ਦੁਨੀਆਂ ਵਿੱਚ ਕਮਾਲ ਕਰ ਰਹੇ ਹਨ।''
“100 ਅਜਿਹੇ ਸਕੂਲ ਹਨ, ਜਿੱਥੇ ਬੱਚੇ ਸੈਟੇਲਾਈਟ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਛੱਡਣ ਦੀ ਤਿਆਰੀ ਕਰ ਰਹੇ ਹਨ। ਮੈਂ ਦੇਸ਼ ਦੇ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੌਕਿਆਂ ਦੀ ਕੋਈ ਕਮੀ ਨਹੀਂ ਹੈ, ਤੁਸੀਂ ਜਿੰਨੇ ਮੌਕੇ ਚਾਹੋਗੇ, ਦੇਸ਼ ਉਸ ਤੋਂ ਜ਼ਿਆਦਾ ਮੌਕੇ ਦੇਣ 'ਚ ਸਮਰੱਥ ਹੈ।''
10 ਸਾਲਾਂ 'ਚ ਭਾਰਤ ਦੀ ਆਰਥਿਕ ਸਥਿਤੀ ਬਦਲੀ - ਪੀਐਮ
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਅਜਿਹੀ ਮਜ਼ਬੂਤ ਸਰਕਾਰ ਫ਼ਾਰਮ ਕੀਤੀ, ਜਿਸ ਕਾਰਨ ਮੈਂ ਰਿਫ਼ਾਰਮ ਕਰ ਸਕਿਆ ਹਾਂ।
ਆਪਣੀ ਸਰਕਾਰ ਦੇ 10 ਸਾਲਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਸਾਲ 2014 ਵਿੱਚ ਮੇਰੇ ਦੇਸ਼ ਵਾਸੀਆਂ ਨੇ ਫੈਸਲਾ ਕੀਤਾ ਕਿ ਹੁਣ ਇੱਕ ਸਥਿਰ ਸਰਕਾਰ ਦੀ ਲੋੜ ਹੈ। ਤਿੰਨ ਦਹਾਕਿਆਂ ਬਾਅਦ ਸਿਆਸੀ ਮਜਬੂਰੀਆਂ ਵਿੱਚ ਜਕੜੇ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਫੈਸਲਾ ਕੀਤਾ।''
"ਦੇਸ਼ ਵਿੱਚ ਵੱਡੇ ਪੱਧਰ 'ਤੇ ਕੰਮ ਹੋ ਰਿਹਾ ਹੈ। ਮੈਂ ਇਹ ਕਹਿਣਾ ਚਾਹਾਂਗਾ ਕਿ ਜਦੋਂ ਤੁਸੀਂ 2014 'ਚ ਮਜ਼ਬੂਤ ਸਰਕਾਰ ਬਣਾਈ ਸੀ ਤਾਂ ਮੋਦੀ ਨੂੰ ਸੁਧਾਰ ਕਰਨ ਦੀ ਹਿੰਮਤ ਮਿਲੀ ਸੀ।''
"ਜਦੋਂ ਮੋਦੀ ਨੇ ਇੱਕ ਤੋਂ ਬਾਅਦ ਇੱਕ ਸੁਧਾਰ ਕੀਤੇ ਤਾਂ ਨੌਕਰਸ਼ਾਹੀ ਨੇ ਤਬਦੀਲੀਆਂ ਕਰਨ ਦੀ ਜ਼ਿੰਮੇਵਾਰੀ ਬਹੁਤ ਵਧੀਆ ਢੰਗ ਨਾਲ ਨਿਭਾਈ।"
"ਨੌਕਰਸ਼ਾਹੀ ਨੇ ਪਰਿਵਰਤਨ ਲਈ ਪ੍ਰਦਰਸ਼ਨ ਕਰਕੇ ਦਿਖਾਇਆ। ਜਨਤਾ ਜਨਾਰਦਨ ਨਾਲ ਜੁੜੀਆਂ ਚੀਜ਼ਾਂ ਬਦਲਦੀਆਂ ਜਾਪਦੀਆਂ ਹਨ।"
''ਦੁਨੀਆਂ ਭਰ 'ਚ ਭਾਰਤ ਦੀ ਸਮਰੱਥਾ, ਭਾਰਤ ਦੀ ਚੇਤਨਾ ਪ੍ਰਤੀ ਇੱਕ ਨਵਾਂ ਆਕਰਸ਼ਣ ਪੈਦਾ ਹੋਇਆ ਹੈ।''
ਉਨ੍ਹਾਂ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਪੂਰਵਜਾਂ ਨੇ ਸਾਨੂੰ ਕੁਝ ਅਜਿਹੀਆਂ ਚੀਜ਼ਾਂ ਵਿਰਾਸਤ 'ਚ ਦਿੱਤੀਆਂ ਹਨ ਤੇ ਵਰਤਮਾਨ 'ਚ ਤਿਆਰ ਹੋਈਆਂ ਹਨ।''
'ਅੱਜ ਸਾਡੇ ਕੋਲ ਡੈਮੋਗ੍ਰਾਫੀ ਹੈ, ਡੈਮੋਕਰੇਸੀ ਹੈ ਤੇ ਡਾਈਵਰਸਿਟੀ ਹੈ। ਇਨ੍ਹਾਂ ਤਿੰਨਾਂ ਦੀ ਤ੍ਰਿਵੇਣੀ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੀ ਸ਼ਕਤੀ ਰੱਖਦੀ ਹੈ।''
'ਕੋਰੋਨਾ ਕਾਲ 'ਚ ਜਿਵੇਂ ਭਾਰਤ ਅੱਗੇ ਵਧਿਆ, ਦੁਨੀਆਂ ਨੇ ਭਾਰਤ ਦੀ ਸਮਰੱਥਾ ਦੇਖੀ ਹੈ।''
''ਸਮਾਜ ਦੀ ਅਰਥ ਵਿਵਸਥਾ ਦਾ ਇੱਕ ਵੱਡਾ ਹਿੱਸਾ ਹੈ ਕਾਰਪੋਰੇਟਿਵ ਮੂਵਮੈਂਟ, ਉਸ ਨੂੰ ਬਲ ਦੇਣ ਲਈ ਅਸੀਂ ਵੱਖਰਾ ਕਾਰਪੋਰੇਟਿਵ ਮੰਤਰਾਲਾ ਬਣਾਇਆ।''
''ਜਦੋਂ ਅਸੀਂ 2014 'ਚ ਸੱਤਾ 'ਚ ਆਏ ਸੀ ਤਾਂ ਅਸੀਂ ਵਿਸ਼ਵ ਦੀ ਅਰਥ ਵਿਵਸਥਾ 'ਚ 10ਵੇਂ ਨੰਬਰ 'ਤੇ ਸੀ ਅਤੇ ਅੱਜ 140 ਕਰੋੜ ਲੋਕਾਂ ਦੀ ਮਿਹਨਤ ਰੰਗ ਲੈ ਕੇ ਆਈ ਹੈ ਕਿ ਅਸੀਂ ਵਿਸ਼ਵ ਦੀ ਅਰਥ ਵਿਵਸਥਾ 'ਚ 5ਵੇਂ ਨੰਬਰ 'ਤੇ ਪਹੁੰਚ ਚੁੱਕੇ ਹਾਂ।''
'ਆਜ਼ਾਦੀ ਦੀ 100 ਵਰ੍ਹੇਗੰਢ 'ਤੇ ਵਿਕਸਿਤ ਦੇਸ਼ ਦਾ ਝੰਡਾ ਲਹਿਰਾਉਣਾ ਹੈ'
ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਕਿਹਾ ਕਿ ਸਾਲ 2047 ਵਿੱਚ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ, ਉਸ ਵੇਲੇ ਅਸੀਂ ਦੁਨੀਆਂ ਵਿੱਚ ਭਾਰਤ ਦਾ ਝੰਡਾ ਇੱਕ ਵਿਕਸਤ ਦੇਸ਼ ਵਜੋਂ ਲਹਿਰਾਉਣਾ ਹੈ। ਭਾਰਤ 2047 ਤੱਕ ਵਿਕਸਤ ਦੇਸ਼ ਬਣ ਕੇ ਰਹੇਗਾ।
ਉਨ੍ਹਾਂ ਇਹ ਵੀ ਕਿਹਾ ਕਿ 'ਇਸ ਦੇ ਲਈ ਸਾਨੂੰ ਤਿੰਨ ਬੁਰਾਈਆਂ ਨਾਲ ਲੜਨਾ ਪਵੇਗਾ, ਉਹ ਹਨ - ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਤੁਸ਼ਟੀਕਰਨ।'
ਆਜ਼ਾਦੀ ਦੀ 77ਵੀਂ ਵਰ੍ਹੇਗੰਢ 'ਤੇ ਪੀਐਮ ਮੋਦੀ ਨੇ ਕਿਹਾ, ''ਲਾਲ ਕਿਲੇ ਤੋਂ ਮੈਂ ਤੁਹਾਡੇ ਕੋਲੋਂ ਕੁਝ ਮੰਗਣ ਆਇਆ ਹਾਂ। ਮੈਂ ਆਪਣੇ ਤਜ਼ਰਬੇ ਦੇ ਆਧਾਰ 'ਤੇ ਕਹਿ ਰਿਹਾ ਹਾਂ ਕਿ ਅੱਜ ਗੰਭੀਰਤਾ ਨਾਲ ਸਾਨੂੰ ਉਨ੍ਹਾਂ ਚੀਜ਼ਾਂ ਨੂੰ ਬਦਲਣਾ ਪਵੇਗਾ।''
''ਜਦੋਂ ਦੇਸ਼ 2047 ਵਿੱਚ 100 ਸਾਲ ਦੀ ਆਜ਼ਾਦੀ ਦਾ ਜਸ਼ਨ ਮਨਾਏਗਾ, ਤਾਂ ਉਸ ਸਮੇਂ ਤਿਰੰਗਾ ਇੱਕ ਵਿਕਸਤ ਭਾਰਤ ਦਾ ਝੰਡਾ ਹੋਣਾ ਚਾਹੀਦਾ ਹੈ।''
''ਅਸੀਂ ਰੁਕਣਾ ਨਹੀਂ ਹੈ। ਉਸ ਦੇ ਲਈ ਸ਼ੁੱਧਤਾ, ਪਾਰਦਰਸ਼ਤਾ ਅਤੇ ਨਿਰਪੱਖਤਾ ਪਹਿਲੀਆਂ ਲੋੜਾਂ ਹਨ। ਸਾਨੂੰ ਇਸ ਨੂੰ ਮਜ਼ਬੂਤੀ ਨਾਲ ਖਾਦ-ਪਾਣੀ ਦੇਣਾ ਚਾਹੀਦਾ ਹੈ।
“ਜਦੋਂ ਦੇਸ਼ 2047 ਵਿੱਚ 100 ਸਾਲ ਦੀ ਆਜ਼ਾਦੀ ਦਾ ਜਸ਼ਨ ਮਨਾਏਗਾ ਤਾਂ ਮੇਰਾ ਦੇਸ਼ ਇੱਕ ਵਿਕਸਤ ਭਾਰਤ ਬਣ ਕੇ ਰਹੇਗਾ। ਮੈਂ ਇਹ ਦੇਸ਼ ਦੀ ਸਮਰੱਥਾ ਦੇ ਆਧਾਰ 'ਤੇ ਕਹਿ ਰਿਹਾ ਹਾਂ।''
ਤਿੰਨ ਚੀਜ਼ਾਂ ਨਾਲ ਲੜਨਾ ਪਵੇਗਾ - ਮੋਦੀ
ਉਨ੍ਹਾਂ ਕਿਹਾ ਕਿ ''ਇਹ ਅੱਖਾਂ ਬੰਦ ਕਰਕੇ ਰੱਖਣ ਦਾ ਸਮਾਂ ਨਹੀਂ ਹੈ। ਜੇਕਰ ਸੁਪਨੇ ਅਤੇ ਸੰਕਲਪ ਪੂਰੇ ਕਰਨੇ ਹਨ ਤਾਂ ਤਿੰਨ ਚੀਜ਼ਾਂ ਨਾਲ ਅੱਖਾਂ ਨਾਲ ਅੱਖਾਂ ਮਿਲਾ ਕੇ ਲੜਨਾ ਪਵੇਗਾ।
ਪਹਿਲਾ ਹੈ ਭ੍ਰਿਸ਼ਟਾਚਾਰ - ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਪਾਉਣਾ ਪਵੇਗਾ। ਇਹ ਮੋਦੀ ਦੀ ਜ਼ਿੰਦਗੀ ਦੀ ਵਚਨਬੱਧਤਾ ਹੈ ਕਿ ਮੈਂ ਇਸ ਵਿਰੁੱਧ ਲੜਦਾ ਰਹਾਂਗਾ।
ਦੂਜਾ ਪਰਿਵਾਰਵਾਦ ਹੈ - ਪਰਿਵਾਰਵਾਦ ਨੇ ਦੇਸ਼ ਨੂੰ ਜਕੜ ਲਿਆ ਹੈ। ਅੱਜ ਲੋਕਤੰਤਰ ਵਿੱਚ ਇੱਕ ਵਿਗਾੜ ਹੈ, ਉਹ ਰੋਗ ਹੈ ਪਰਿਵਾਰਵਾਦ। ਇਹ ਲੋਕ ਯੋਗਤਾ ਨੂੰ ਨਕਾਰਦੇ ਹਨ, ਸਵੀਕਾਰ ਨਹੀਂ ਕਰਦੇ। ਇਸ ਲਈ ਇਸ ਦੇਸ਼ ਦੀ ਮਜ਼ਬੂਤੀ ਲਈ ਪਰਿਵਾਰਵਾਦ ਨੂੰ ਖਤਮ ਕਰਨਾ ਜ਼ਰੂਰੀ ਹੈ।
ਤੀਜੀ ਬੁਰਾਈ ਹੈ ਤੁਸ਼ਟੀਕਰਨ - ਇਸ ਨੇ ਵੀ ਸਾਡੇ ਰਾਸ਼ਟਰੀ ਚਰਿੱਤਰ ਨੂੰ ਤਬਾਹ ਕਰ ਦਿੱਤਾ ਹੈ। ਤੁਸ਼ਟੀਕਰਨ ਨੇ ਸਮਾਜਿਕ ਨਿਆਂ ਨੂੰ ਬਰਬਾਦ ਕਰ ਦਿੱਤਾ ਗਿਆ ਹੈ। ਤੁਸ਼ਟੀਕਰਨ ਨੇ ਸਮਾਜਿਕ ਨਿਆਂ ਦਾ ਕਤਲ ਕਰ ਦਿੱਤਾ ਹੈ।''