ਅਮਰੀਕਾ : ਏਜੰਟ ਦੀ ਠੱਗੀ ਦਾ ਸ਼ਿਕਾਰ ਪੰਜਾਬਣ ਕਈ ਦੇਸ਼ ਘੁੰਮਣ ਬਾਅਦ, 60 ਲੱਖ ਲਗਾ ਕੇ ਵੀ ਕਿਵੇਂ ਹੋਈ ਡਿਪੋਰਟ

ਕੰਡਿਆਲੀ ਤਾਰ ਵਿੱਚੋਂ ਨਜ਼ਰ ਆ ਰਿਹਾ ਅਮਰੀਕਾ ਦਾ ਝੰਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਔਰਤ ਨੇ ਇਲਜ਼ਾਮ ਲਾਇਆ ਕਿ ਏਜੰਟ ਨੇ ਉਸ ਨੂੰ ਫਲਾਈਟ ਰਾਹੀਂ ਮੈਕਸੀਕੋ ਭੇਜਣ ਦਾ ਵਾਅਦਾ ਕੀਤਾ ਜੋ ਉਸ ਨੇ ਪੂਰਾ ਨਹੀਂ ਕੀਤਾ।
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ

“ਮੈਨੂੰ ਮੈਕਸੀਕੋ ਭੇਜਣ ਦੀ ਥਾਂ, ਉਸਨੇ ਮੈਨੂੰ ਡੋਂਕੀ ਰਾਹੀਂ ਹੰਗਰੀ ਅਤੇ ਆਸਟਰੀਆ ਰਾਹੀਂ ਬੁੱਕ ਕਰਵਾਇਆ। ਆਸਟਰੀਆ ਦੀ ਸਰਹੱਦ ਪਾਰ ਕਰਨ ਤੋਂ ਬਾਅਦ ਮੇਰੇ ਡੌਂਕਰ ਨੇ ਮੇਰੇ ਏਜੰਟ ਨੂੰ ਡੋਂਕੀ ਦੀ 4.5 ਲੱਖ ਰੁਪਏ ਫੀਸ ਬਾਰੇ ਦੱਸਿਆ, ਜੋ ਕਿ ਏਜੰਟ ਨੇ ਦੇਣ ਤੋਂ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਮੇਰੇ ਡੌਂਕਰ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ। ਉਕਤ ਡੌਂਕਰ ਗੁੱਸੇ 'ਚ ਆ ਗਿਆ ਅਤੇ ਉਸ ਦੇ ਸਾਥੀਆਂ ਨੇ ਮੇਰੇ ਨਾਲ ਬਲਾਤਕਾਰ ਕੀਤਾ।''

ਇਹ ਇਲਜ਼ਾਮ ਇੱਕ ਔਰਤ ਨੇ ਜਲੰਧਰ ਦੇ ਇੱਕ ਟਰੈਵਲ ਏਜੰਟ ਅਤੇ ਉਸਦੇ ਸਾਥੀ ਉੱਪਰ ਲਾਏ ਹਨ।

ਇੱਕ ਔਰਤ ਨੂੰ ਅਮਰੀਕਾ ਭੇਜਣ ਦੇ ਨਾਂ 'ਤੇ ਟਰੈਵਲ ਏਜੰਟਾਂ ਵੱਲੋਂ 60 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ।

ਔਰਤ ਨੂੰ ਕਥਿਤ ਤੌਰ 'ਤੇ ਕਈ ਦੇਸ਼ਾਂ ਵਿੱਚ ਭੇਜਿਆ ਗਿਆ ਜਿੱਥੇ ਉਸ ਨਾਲ ਬੁਰਾ ਵਿਵਹਾਰ ਕੀਤਾ ਗਿਆ ਅਤੇ ਅੰਤ ਵਿਚ ਜਰਮਨੀ ਤੋਂ ਡਿਪੋਰਟ ਕੀਤੀ ਗਈ।

ਮਾਮਲਾ ਕੁਝ ਮਹੀਨੇ ਪਹਿਲਾਂ ਦਾ ਹੈ ਜੋ ਕੁਝ ਦਿਨ ਪਹਿਲਾਂ ਉਦੋਂ ਸਾਹਮਣੇ ਆਇਆ ਜਦੋਂ ਮੁਲਜ਼ਮ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਗਈ।

ਇਸ ਸੰਬੰਧ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 406, 420 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ (ਰੈਗੂਲੇਸ਼ਨ) ਐਕਟ, 2014 ਦੀ ਧਾਰਾ 13 ਤਹਿਤ ਜ਼ਿਲ੍ਹਾ ਜਲੰਧਰ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਔਰਤ ਵੱਲੋਂ ਲਾਏ ਗਏ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਹਾਲਾਂਕਿ ਅਜੇ ਸਾਬਤ ਨਹੀਂ ਹੋ ਸਕੇ ਹਨ।

ਕੀ ਹੈ ਪੂਰਾ ਮਾਮਲਾ?

ਅਮਰੀਕਾ

ਤਸਵੀਰ ਸਰੋਤ, GETTY IMAGES/ DAVID MCNEW

ਤਸਵੀਰ ਕੈਪਸ਼ਨ, ਅਮਰੀਕਾ ਦਾਖ਼ਲ ਹੋਣ ਲਈ ਇੱਕ ਗੰਦੇ ਪਾਣੀ ਵਾਲੀ ਨਦੀ ਰਾਹੀਂ ਲੰਘਦੇ ਲੋਕਾਂ ਦੀ ਪੁਰਾਣੀ ਤਸਵੀਰ (ਸੰਕੇਤਕ)

ਸ਼ਿਕਾਇਤਕਰਤਾ ਨੇ ਏਜੰਟ ਪੀਟਰ ਸਹੋਤਾ (ਜਲੰਧਰ) ਅਤੇ ਏਜੰਟ ਸੱਕਤਰ ਸਿੰਘ ਭੁੱਲਰ ਖ਼ਿਲਾਫ਼ ਜਲੰਧਰ ਦੇ ਐੱਸਐੱਸਪੀ ਨੂੰ ਪੱਤਰ ਲਿਖਿਆ । ਉਸ ਨੇ ਇਲਜ਼ਾਮ ਲਾਇਆ ਕਿ ਉਸ ਨਾਲ ਵਿਦੇਸ਼ ਭੇਜਣ ਦੇ ਨਾਂ 'ਤੇ 60 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ।

ਔਰਤ ਨੇ ਕਿਹਾ, ''ਮੈਂ ਲੰਬੇ ਸਮੇਂ ਤੋਂ ਅਮਰੀਕਾ ਜਾਣਾ ਚਾਹੁੰਦੀ ਸੀ। ਇਸ ਸਬੰਧੀ ਮੈਂ ਏਜੰਟ ਸਿਕੰਦਰ ਸਿੰਘ ਭੁੱਲਰ ਵਾਸੀ ਫਿਰੋਜ਼ਪੁਰ ਨਾਲ ਗੱਲ ਕੀਤੀ। ਮੇਰੇ ਪਰਿਵਾਰ ਦੇ ਕਈ ਮੈਂਬਰ ਇਸ ਏਜੰਟ ਦੀ ਮਦਦ ਨਾਲ ਬਾਹਰ ਗਏ ਹਨ।

ਪੀੜਤਾ ਨੇ ਦੱਸਿਆ ਕਿ ਭੁੱਲਰ ਨੇ ਉਸ ਨੂੰ ਪੀਟਰ ਸਹੋਤਾ ਨਾਂ ਦੇ ਏਜੰਟ ਨਾਲ ਮਿਲਵਾਇਆ। ਉਕਤ ਏਜੰਟ ਪੀਟਰ ਸਹੋਤਾ ਨੇ ਕਥਿਤ ਤੌਰ 'ਤੇ ਉਸ ਨੂੰ ਕਿਹਾ ਕਿ ਉਹ ਸਹੀ ਤਰੀਕੇ ਨਾਲ ਯੂਰਪ ਰਾਹੀਂ ਅਮਰੀਕਾ ਭੇਜ ਦੇਵੇਗਾ ਅਤੇ ਇਸ ਲਈ ਕੁੱਲ 32 ਲੱਖ ਰੁਪਏ ਖਰਚ ਆਉਣਗੇ।

ਉਸਨੇ ਕਿਹਾ, “ਮੈਂ ਅਤੇ ਮੇਰੇ ਪਰਿਵਾਰ ਨੇ ਉਕਤ ਏਜੰਟ ਨੂੰ ਵੀਜ਼ਾ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਸਹਿਮਤੀ ਦਿੱਤੀ । ਕੁਝ ਸਮੇਂ ਬਾਅਦ ਉਸ ਨੇ ਮੇਰਾ ਬਾਇਓਮੈਟ੍ਰਿਕਸ ਕਰਵਾਇਆ। ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਤੁਹਾਡੇ ਵੀਜ਼ੇ ਦਾ ਇਨਕਾਰ ਆ ਗਿਆ ਹੈ। ਉਸ ਨੇ ਕਿਹਾ ਕਿ ਹੁਣ ਮੈਂ ਤੁਹਾਨੂੰ ਦੁਬਈ ਰਾਹੀਂ ਭੇਜਾਂਗਾ। ਫਿਰ ਉਕਤ ਏਜੰਟ ਨੇ ਮੇਰੀ ਦੁਬਈ ਦੀ ਟਿਕਟ ਬੁੱਕ ਕਰਵਾਈ ਅਤੇ ਮੈਨੂੰ ਦੁਬਈ ਭੇਜ ਦਿੱਤਾ।

ਉਸ ਨੇ ਕਥਿਤ ਤੌਰ 'ਤੇ ਮਾਰਚ ਵਿੱਚ ਦੁਬਈ ਵਿਚ 26 ਦਿਨ ਬਿਤਾਏ । ਫਿਰ ਏਜੰਟ ਨੇ ਉਸ ਨੂੰ ਅਪ੍ਰੈਲ ਵਿੱਚ ਬਾਕੂ, ਅਜ਼ਰਬਾਈਜਾਨ ਭੇਜ ਦਿੱਤਾ।

“ਬਾਕੂ ਤੋਂ, ਉਕਤ ਏਜੰਟ ਨੇ ਉਸ ਨੂੰ ਮਈ ਵਿਚ ਤੁਰਕੀ ਭੇਜਿਆ।''

“ਤੁਰਕੀ ਪਹੁੰਚਣ ਤੋਂ ਬਾਅਦ, ਉਕਤ ਏਜੰਟ ਨੇ ਮੈਨੂੰ ਲਗਭਗ 3 ਮਹੀਨਿਆਂ ਤੱਕ ਤੁਰਕੀ ਦੇ ਹਵਾਈ ਅੱਡੇ 'ਤੇ ਰੱਖਿਆ। ਜਿੱਥੇ ਮੈਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੰਨੀ ਪਰੇਸ਼ਾਨੀ ਤੋਂ ਬਾਅਦ ਉਕਤ ਏਜੰਟ ਨੇ ਮੈਨੂੰ 3 ਮਹੀਨੇ ਬਾਅਦ ਸਰਬੀਆ ਭੇਜ ਦਿੱਤਾ। ਸਰਬੀਆ ਮੈਂ ਘੱਟੋ-ਘੱਟ 20 ਦਿਨ ਰਹੀ।

ਔਰਤ ਨੇ ਇਲਜ਼ਾਮ ਲਾਇਆ ਕਿ ਏਜੰਟ ਨੇ ਉਸ ਨੂੰ ਫਲਾਈਟ ਰਾਹੀਂ ਮੈਕਸੀਕੋ ਭੇਜਣ ਦਾ ਵਾਅਦਾ ਕੀਤਾ ਜੋ ਉਸ ਨੇ ਪੂਰਾ ਨਹੀਂ ਕੀਤਾ।

ਔਰਤ ਨੇ ਦੱਸਿਆ,“ਮੇਰਾ ਪਰਿਵਾਰ ਮੇਰੇ ਬਚਾਅ ਲਈ ਆਇਆ ਅਤੇ ਉਸ ਏਜੰਟ ਤੋਂ 9 ਲੱਖ 25 ਹਜ਼ਾਰ ਰੁਪਏ ਲਏ ਤਾਂ ਜੋ ਮੈਂ ਆਸਟ੍ਰੀਆ ਦੀ ਸਰਹੱਦ ਪਾਰ ਕਰ ਸਕਾਂ।

ਜਰਮਨੀ ਤੋਂ ਕੀਤਾ ਗਿਆ ਡਿਪੋਰਟ

ਉਸਨੇ ਅੱਗੇ ਇਲਜ਼ਾਮ ਲਾਇਆ ਕਿ “ਮੇਰੇ ਸਰਹੱਦ ਪਾਰ ਕਰਨ ਤੋਂ ਬਾਅਦ, ਉਕਤ ਏਜੰਟ ਨੇ ਮੇਰੇ ਪਰਿਵਾਰ ਤੋਂ 1.25 ਲੱਖ ਰੁਪਏ ਹੋਰ ਮੰਗੇ, ਜੋ ਮੇਰੇ ਪਰਿਵਾਰ ਨੇ ਉਸਨੂੰ ਬੈਂਕ ਵਿੱਚ ਟਰਾਂਸਫਰ ਕਰ ਦਿੱਤੇ। ਮੈਂ 2 ਅਗਸਤ ਨੂੰ ਆਸਟਰੀਆ ਪਹੁੰਚੀ ਅਤੇ ਦੋ ਦਿਨ ਉੱਥੇ ਰਹਿਣ ਤੋਂ ਬਾਅਦ ਉਕਤ ਏਜੰਟ ਨੇ ਮੈਨੂੰ 4 ਅਗਸਤ 2022 ਨੂੰ ਜਰਮਨੀ ਭੇਜ ਦਿੱਤਾ। ਜਿਵੇਂ ਹੀ ਮੈਂ ਜਰਮਨੀ ਪਹੁੰਚੀ ਤਾਂ ਉਥੋਂ ਦੀ ਪੁਲਿਸ ਨੇ ਮੈਨੂੰ ਗ੍ਰਿਫਤਾਰ ਕਰ ਲਿਆ ਅਤੇ ਜਦੋਂ ਉਨ੍ਹਾਂ ਨੇ ਮੇਰੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਜਾਅਲੀ ਜਰਮਨ ਦਸਤਾਵੇਜ਼ ਮਿਲੇ। ਜੋ ਮੈਨੂੰ ਉਕਤ ਏਜੰਟ ਨੇ ਦਿੱਤੇ ਸਨ।"

ਉਸਨੇ ਕਿਹਾ ਕਿ, “ਫਰਜ਼ੀ ਦਸਤਾਵੇਜ਼ ਹੋਣ ਕਾਰਨ, ਜਰਮਨ ਪੁਲਿਸ ਨੇ ਕਿਹਾ ਕਿ ਅਸੀਂ ਤੁਹਾਡੇ ਵਿਰੁੱਧ ਮੁਕੱਦਮਾ ਚਲਾਵਾਂਗੇ ਜਾਂ ਤੁਸੀਂ ਜੁਰਮਾਨਾ ਭਰ ਕੇ ਭਾਰਤ ਵਾਪਸ ਜਾ ਸਕਦੇ ਹੋ। ਜਰਮਨੀ ਦੇ ਹਵਾਈ ਅੱਡੇ ਤੋਂ ਮੇਰੀ ਜ਼ਮਾਨਤ ਲੈਣ ਲਈ, ਮੇਰੇ ਪਰਿਵਾਰ ਨੇ 7600 ਯੂਰੋ (7,00,000/- ਰੁਪਏ) ਦਾ ਜੁਰਮਾਨਾ ਭਰਿਆ ਅਤੇ ਮੈਂ ਮਾਰਚ 2023 ਵਿੱਚ ਭਾਰਤ ਵਾਪਸ ਆ ਗਈ।

ਉਸ ਨੇ ਇਲਜ਼ਾਮ ਲਾਇਆ, “ਮੈਂ ਬਹੁਤ ਦੁਖੀ ਹੋਈ ਕਿ ਮੈਂ ਅਤੇ ਮੇਰੇ ਪਰਿਵਾਰ ਨੇ 40 ਲੱਖ ਰੁਪਏ ਦੇਣ ਤੋਂ ਬਾਅਦ ਵੀ ਮੈਂ ਅਜੇ ਅਮਰੀਕਾ ਨਹੀਂ ਪਹੁੰਚੀ। ਵਾਪਸ ਆਉਣ ਤੋਂ ਬਾਅਦ ਮੈਂ ਇੱਕ ਸ਼ਾਮ ਉਕਤ ਏਜੰਟ ਪੀਟਰ ਸਹੋਤਾ ਦੇ ਘਰ ਗਈ ਤੇ ਮੈਂ ਉਸ ਦੇ ਘਰ ਜਾ ਕੇ ਬਹੁਤ ਰੌਲਾ ਪਾਇਆ, ਗਾਲ੍ਹਾਂ ਕੱਢੀਆਂ ਅਤੇ ਸ਼ੀਸ਼ੇ ਵੀ ਤੋੜ ਦਿੱਤੇ । ਇਸ ਸਬੰਧੀ ਉਕਤ ਏਜੰਟ ਪੀਟਰ ਸਹੋਤਾ ਨੇ ਮੇਰੇ ਖਿਲਾਫ ਜਮਸ਼ੇਰ ਥਾਣੇ 'ਚ ਦਰਖਾਸਤ ਦਰਜ ਕਰਵਾਈ ਹੈ ਕਿ ਮੈਂ ਉਸ ਦੇ ਘਰ ਜਾ ਕੇ ਉਸ ਨਾਲ ਬਦਸਲੂਕੀ ਕੀਤੀ ਹੈ ਅਤੇ ਉਸ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੈ।

ਉਸਨੇ ਅੱਗੇ ਥਾਣੇ ਦੇ ਇੱਕ ਸਹਾਇਕ ਸਬ-ਇੰਸਪੈਕਟਰ ਦਾ ਨਾਮ ਲੈਂਦਿਆਂ ਇਲਜ਼ਾਮ ਲਾਇਆ ਕਿ ਉਹ ਉਕਤ ਏਜੰਟ ਨਾਲ ਰਲਿਆ ਹੋਇਆ ਸੀ।

“ਉਸਨੇ ਮੈਨੂੰ ਧਮਕੀ ਵੀ ਦਿੱਤੀ ਕਿ ਉਹ ਮੈਨੂੰ ਜੇਲ੍ਹ ਵਿੱਚ ਬੰਦ ਕਰ ਦੇਵੇਗਾ। ਪੁਲਿਸ ਪ੍ਰਸ਼ਾਸਨ ਮੇਰੀ ਗੱਲ ਨਹੀਂ ਸੁਣ ਰਿਹਾ।”

ਕੈਨੇਡਾ ਦੀ ਪੀਆਰ?

ਕੈਨੇਡਾ ਪਰਵਾਸ ਬਾਰੇ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਾਂਚ ਅਧਿਕਾਰੀ ਨੇ ਪਾਇਆ ਕਿ ਲੱਖਾਂ ਦੀ ਠੱਗੀ ਪੀਟਰ ਸਹੋਤਾ ਦੀ ਮਿਲੀਭੁਗਤ ਨਾਲ ਸ਼ਿਕਾਇਤਕਰਤਾਂ ਨੂੰ ਅਮਰੀਕਾ ਭੇਜਣ ਦਾ ਝੂਠਾ ਲਾਰਾ ਲਾ ਕੇ 31 ਲੱਖ 48 ਹਜ਼ਾਰ ਦਾ ਚੂਨਾ ਲਾਇਆ ਹੈ।

ਉਸ ਨੇ ਇਲਜ਼ਾਮ ਲਾਇਆ ਕਿ 40 ਲੱਖ ਰੁਪਏ ਦੇਣ ਤੋਂ ਬਾਅਦ ਵੀ ਉਕਤ ਏਜੰਟਾਂ ਨੇ ਮੈਨੂੰ ਅਮਰੀਕਾ ਨਹੀਂ ਭੇਜਿਆ। ਉਕਤ ਏਜੰਟ ਸਿਕੰਦਰ ਸਿੰਘ ਭੁੱਲਰ ਨੇ ਵੀ ਸਾਲ 2018 ਵਿੱਚ ਮੇਰੀ ਕੈਨੇਡਾ ਦੀ ਪੀਆਰ ਲਈ ਅਪਲਾਈ ਕੀਤਾ ਸੀ, ਇਸ ਬਦਲੇ ਉਸਨੇ ਮੇਰੇ ਤੋਂ 12 ਲੱਖ ਰੁਪਏ ਲੈ ਲਏ ਪਰ ਅਗਲੇ ਦਿਨ ਉਸ ਨੇ ਕਿਹਾ ਕਿ ਏਜੰਟ ਨੇ ਤੁਹਾਡਾ ਪਾਸਪੋਰਟ ਰੱਖ ਲਿਆ ਹੈ ਅਤੇ ਤੁਸੀਂ ਨਵਾਂ ਪਾਸਪੋਰਟ ਬਣਵਾ ਲਓ। ਅਸੀਂ 3 ਲੱਖ ਰੁਪਏ ਖਰਚ ਕੇ ਨਵੇਂ ਪਾਸਪੋਰਟ ਬਣਵਾਏ।

ਔਰਤ ਨੇ ਅੱਗੇ ਕਿਹਾ, “ਹੁਣ ਉਕਤ ਦੋਵੇਂ ਏਜੰਟ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮੇਰੀ ਜਾਨ-ਮਾਲ ਦਾ ਨੁਕਸਾਨ ਕਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਜੇਕਰ ਮੇਰੇ ਜਾਂ ਮੇਰੇ ਪਰਿਵਾਰ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਉਕਤ ਏਜੰਟ ਜ਼ਿੰਮੇਵਾਰ ਹੋਣਗੇ। ਇਸ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਕਤ ਏਜੰਟਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਮੇਰੇ ਵੱਲ ਬਕਾਇਆ ਕੁੱਲ ਰਕਮ, ਜੋ ਕਿ 60 ਲੱਖ ਰੁਪਏ ਹੈ ਵਾਪਸ ਕਰਵਾਈ ਜਾਵੇ ਅਤੇ ਮੈਨੂੰ ਇਨਸਾਫ਼ ਦਿਉ।

ਜ਼ਮਾਨਤ ਰੱਦ ਕਰਦਿਆਂ ਅਦਾਲਤ ਨੇ ਕੀ ਕਿਹਾ

ਉਪਰੋਕਤ ਸ਼ਿਕਾਇਤ ਡੀਐੱਸਪੀ (ਹੈੱਡਕੁਆਰਟਰ), ਜਲੰਧਰ ਨੂੰ ਜਾਂਚ ਲਈ ਮਾਰਕ ਕੀਤੀ ਗਈ ਹੈ।

ਅਧਿਕਾਰੀ ਨੇ ਲਿਖਿਆ, “ਮੇਰੇ ਦੁਆਰਾ ਅਰਜ਼ੀ ਦੇ ਸਬੰਧ ਵਿੱਚ ਹੁਣ ਤੱਕ ਕੀਤੀ ਗਈ ਜਾਂਚ, ਸਕੱਤਰ ਸਿੰਘ ਭੁੱਲਰ ਵਿਰੁੱਧ ਲੱਖਾਂ ਦੀ ਧੋਖਾਧੜੀ ਕਰਨ ਦੇ ਇਲਜ਼ਾਮ , ਔਰਤ ਅਤੇ ਉਸਦੇ ਪਰਿਵਾਰ ਨੂੰ ਕੈਨੇਡਾ ਭੇਜਣ ਦਾ ਦੋਸ਼ ਸਾਬਤ ਹੋਇਆ ਹੈ।''

ਜਾਂਚ ਅਧਿਕਾਰੀ ਨੇ ਪਾਇਆ ਕਿ ਲੱਖਾਂ ਦੀ ਠੱਗੀ ਪੀਟਰ ਸਹੋਤਾ ਦੀ ਮਿਲੀਭੁਗਤ ਨਾਲ ਸ਼ਿਕਾਇਤਕਰਤਾਂ ਨੂੰ ਅਮਰੀਕਾ ਭੇਜਣ ਦਾ ਝੂਠਾ ਲਾਰਾ ਲਾ ਕੇ 31 ਲੱਖ 48 ਹਜ਼ਾਰ ਦਾ ਚੂਨਾ ਲਾਇਆ ਹੈ।

ਅਧਿਕਾਰੀ ਨੇ ਸਕੱਤਰ ਸਿੰਘ ਭੁੱਲਰ ਅਤੇ ਪੀਟਰ ਸਹੋਤਾ ਵਿਰੁੱਧ ਧਾਰਾ 406, 420 ਆਈਪੀਸੀ ਅਤੇ ਧਾਰਾ 13 ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2014 ਤਹਿਤ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਇਸ ਤੋਂ ਇਲਾਵਾ ਬਿਨੈਕਾਰ ਨਾਲ ਸਰੀਰਕ ਸਬੰਧ ਬਣਾਉਣ ਸਬੰਧੀ ਕੋਈ ਤੱਥ ਸਾਹਮਣੇ ਨਹੀਂ ਆਏ।

ਜਾਂਚ ਵਿੱਚ ਪਾਇਆ ਗਿਆ ਕਿ ਸ਼ਿਕਾਇਤਕਰਤਾ ਵੱਲੋਂ ਵੱਖ-ਵੱਖ ਏਜੰਟਾਂ ਨੂੰ ਜੋ ਪੈਸੇ ਦਿੱਤੇ ਗਏ ਸਨ ਜਾਂ ਉਸ ਨੇ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹੋਏ ਖਰਚ ਕੀਤੇ ਸਨ ਜਾਂ ਔਰਤ ਵੱਲੋਂ ਕੀਤੇ ਗਏ ਹੋਰ ਖਰਚਿਆਂ ਦੀ ਜਾਂਚ ਕੀਤੀ ਜਾਣੀ ਹੈ।

ਹਾਲਾਂਕਿ, ਮੁਲਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਝੂਠਾ ਫਸਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ, "ਇਹ ਘਟਨਾ ਸਾਲ 2022 ਦੀ ਸ਼ਿਕਾਇਤ ਸੀ ਪਰ ਮੌਜੂਦਾ ਐਫਆਈਆਰ ਇੱਕ ਸਾਲ ਤੋਂ ਵੀ ਵੱਧ ਸਮੇਂ ਬਾਅਦ ਦਰਜ ਕੀਤੀ ਗਈ ਸੀ।"

ਪੀਟਰ ਸਹੋਤਾ ਨੇ ਕਿਹਾ ਕਿ ਉਸਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਉਸ ਨੇ ਕਿਹਾ, “ਇਹ ਸ਼ਿਕਾਇਤਕਰਤਾ ਸੀ ਜੋ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੇ ਇਰਾਦੇ ਨਾਲ ਮਨੁੱਖੀ ਤਸਕਰਾਂ ਦੇ ਸੰਪਰਕ ਵਿੱਚ ਆਈ ਸੀ। ਮੈਂ ਸ਼ਿਕਾਇਤਕਰਤਾ ਨੂੰ ਕਿਸੇ ਵੀ ਤਰੀਕੇ ਨਾਲ ਲੁਭਾਇਆ ਨਹੀਂ ਸੀ।''

ਉਸ ਨੇ ਕਿਹਾ ਕਿ ਉਹ ਇੱਕ ਕਿਸਾਨ ਹੈ ਨਾ ਕਿ ਟਰੈਵਲ ਏਜੰਟ। ਉਸ ਨੇ ਹਾਈ ਕੋਰਟ ਤੋਂ ਜ਼ਮਾਨਤ ਦੀ ਮੰਗ ਕੀਤੀ ਹੈ। ਅਦਾਲਤ ਨੇ ਅਰਜ਼ੀ ਰੱਦ ਕਰ ਦਿੱਤੀ ਹੈ।

ਹਾਲਾਂਕਿ ਜੱਜ ਨੇ ਪਾਇਆ ਕਿ ਸ਼ਿਕਾਇਤ ਦੀ ਪੜਚੋਲ ਅਤੇ ਡੀਐਸਪੀ ਦੀ ਜਾਂਚ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਪੀਟਰ ਸਹੋਤਾ ਅਤੇ ਸਕੱਤਰ ਸਿੰਘ ਭੁੱਲਰ ਨੇ ਸ਼ਿਕਾਇਤਕਰਤਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਵੱਡੀ ਰਕਮ ਦੀ ਠੱਗੀ ਮਾਰੀ ਹੈ।

"ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸਦੀ ਯਾਤਰਾ ਦੇ ਵੱਖ-ਵੱਖ ਪੜਾਵਾਂ 'ਤੇ ਦੁਰਵਿਵਹਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸਨੂੰ ਡਿਪੋਰਟ ਕੀਤਾ ਗਿਆ ਸੀ। ਮੁਲਜ਼ਮਾਂ ’ਤੇ ਲਾਏ ਗਏ ਦੋਸ਼ ਅਸਲ ਵਿੱਚ ਗੰਭੀਰ ਹਨ। ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਦੀ ਸਹੂਲਤ ਲਈ, ਪਟੀਸ਼ਨਰ ਦੀ ਹਿਰਾਸਤੀ ਪੁੱਛਗਿੱਛ ਯਕੀਨੀ ਤੌਰ 'ਤੇ ਜ਼ਰੂਰੀ ਹੈ। ਇਸ ਤੋਂ ਇਲਾਵਾ, ਜਿਵੇਂ ਕਿ ਰਿਕਾਰਡ ਤੋਂ ਪਹਿਲੀ ਨਜ਼ਰੇ ਇਹ ਅਪਰਾਧ ਸਥਾਪਿਤ ਕੀਤਾ ਗਿਆ ਹੈ, ਅਗਾਊਂ ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਬਣਾਇਆ ਗਿਆ ਹੈ। ”

ਡੌਂਕੀ ਰੂਟ ਕੀ ਹੈ?

ਮੈਕਸੀਕੋ ਰਾਹੀਂ ਗੈਰ-ਕਾਨੂੰਨੀ ਰਸਤੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਹੋਏ ਫੜੇ ਗਏ ਪ੍ਰਵਾਸੀਆਂ ਦੀ ਤਸਵੀਰ

ਤਸਵੀਰ ਸਰੋਤ, GETTY IMAGES/SPENCER PLATT

ਤਸਵੀਰ ਕੈਪਸ਼ਨ, ਮੈਕਸੀਕੋ ਰਾਹੀਂ ਗੈਰ-ਕਾਨੂੰਨੀ ਰਸਤੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਹੋਏ ਫੜੇ ਗਏ ਪ੍ਰਵਾਸੀਆਂ ਦੀ ਤਸਵੀਰ (ਸੰਕੇਤਕ)

ਡੰਕੀ ਨੂੰ ਖੇਤਰੀ ਭਾਸ਼ਾ ਵਿੱਚ ਡੌਂਕੀ ਕਿਹਾ ਜਾਂਦਾ ਹੈ, ਇਸ ਦਾ ਸ਼ਬਦ ਪੰਜਾਬੀ ਦੇ ਮੁਹਾਵਰੇ ‘ਇੱਕ ਤੋਂ ਦੂਜੀ ਥਾਂ ਨੂੰ ਟਪੂਸੀਆਂ ਮਾਰਨ’ ਦੇ ਮੁਹਾਵਰੇ ਤੋਂ ਬਣਿਆ ਹੈ।

ਇਨ੍ਹਾਂ ਖ਼ਤਰਨਾਕ ਪਰਵਾਸ ਦੇ ਰਸਤਿਆਂ ਰਾਹੀਂ ਲੋਕ ਅਮਰੀਕਾ, ਯੂਕੇ ਅਤੇ ਯੂਰਪ ਨੂੰ ਜਾਂਦੇ ਹਨ।

ਪੰਜਾਬ ਅਤੇ ਹਰਿਆਣਾ ਦੇ ਹਜ਼ਾਰਾਂ ਨੌਜਵਾਨ ਨੇ ਪੱਛਮੀ ਦੇਸ਼ਾਂ ਖਾਸ ਕਰਕੇ ਅਮਰੀਕਾ ਪਹੁੰਚਣ ਲਈ ‘ਡੌਂਕੀ’ ਦੇ ਰਸਤੇ ਨੂੰ ਤਰਜੀਹ ਦਿੰਦੇ ਹਨ।

ਇਸ ਮਨੁੱਖੀ ਤਸਕਰੀ ਦਾ ਇੱਕ ਕੌਮਾਂਤਰੀ ਨੈੱਟਵਰਕ ਹੈ, ਜਿਸ ਨੂੰ ਖ਼ਤਮ ਕਰਨ ਲਈ ਕਈ ਸਰਕਾਰਾਂ ਦਾਅਵੇ ਕਰਦੀਆਂ ਰਹੀਆਂ ਹਨ, ਪਰ ਇਹ ਵਰਤਾਰਾ ਉਵੇਂ ਹੀ ਜਾਰੀ ਹੈ।

ਪਿਛਲੇ ਸਮੇਂ ਵਿੱਚ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਕਈ ਨੌਜਵਾਨਾਂ ਨੇ ਅਮਰੀਕਾ ਜਾਂਦੇ ਸਮੇਂ ਆਪਣੀ ਜਾਨ ਗਵਾਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)