ਬੰਬ ਬਣਾਉਣ ਦੇ ਝੂਠੇ ਕੇਸ ’ਚੋਂ 21 ਸਾਲ ਬਾਅਦ ਬਰ੍ਹੀ ਹੋਣ ਵਾਲੇ ਨੇ ਇਸ ਸਮੇਂ ਦੌਰਾਨ ਕੀ-ਕੀ ਭੁਗਤਿਆ

ਤਸਵੀਰ ਸਰੋਤ, BHARGAV PARIKH
- ਲੇਖਕ, ਭਾਰਗਵ ਪਾਰੀਖ
- ਰੋਲ, ਬੀਬੀਸੀ ਗੁਜਰਾਤੀ
- ਪ੍ਰਕਾਸ਼ਿਤ
“ਉਹ ਮੇਰੇ ਜੀਵਨ ਦਾ ਸਭ ਤੋਂ ਦੁਖਦਾਈ ਦਿਨ ਸੀ। ਪੁਲਿਸ ਮੈਨੂੰ ਅਤੇ ਮੇਰੇ ਦੋਸਤ ਨੂੰ ਫੜ੍ਹ ਕੇ ਲੈ ਗਈ ਸੀ। ਥਾਣੇ ਪਹੁੰਚਣ ’ਤੇ ਸਾਨੂੰ ਦੱਸਿਆ ਗਿਆ ਕਿ ਸਾਡੇ ਘਰਾਂ ’ਚੋਂ ਬੰਬ ਬਣਾਉਣ ਦਾ ਸਮਾਨ ਬਰਾਮਦ ਹੋਇਆ ਹੈ ਅਤੇ ਅਸੀਂ ਗੁਜਰਾਤ ’ਚ ਫਿਰਕੂ ਹਿੰਸਾ ਭੜਕਾਉਣ ਲਈ ਬੰਬ ਬਣਾ ਰਹੇ ਸੀ।”
60 ਸਾਲਾ ਇਕਬਾਲ ਢਿਬੜੀਆ ਪਿਛਲੇ 21 ਸਾਲਾਂ ਤੋਂ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਦਾ ਘਰ ਤੱਕ ਵਿਕ ਗਿਆ ਹੈ।
ਬਾਬੂਲਾਲ ਚਾਲ ਅਹਿਮਦਾਬਾਦ ਸ਼ਹਿਰ ਦੇ ਸਰਖੇਜ ਇਲਾਕੇ ’ਚ ਸਥਿਤ ਹੈ। ਦੋ ਦਹਾਕਿਆਂ ਬਾਅਦ ਵੀ ਇਸ ਖੇਤਰ ਦੀਆਂ ਤੰਗ ਗਲੀਆਂ ’ਚ ਸ਼ਾਤਮਈ ਮਾਹੌਲ ਕਾਇਮ ਹੈ।
ਵਿਸਫੋਟਕ ਮਾਮਲੇ ’ਚ ਬਰੀ ਹੋਣ ਤੋਂ ਬਾਅਦ ਵੀ ਇੱਕ ਸਮੇਂ ਇੱਥੇ ਰਹਿ ਚੁੱਕੇ ਮੁਲਜ਼ਮਾਂ ਦਾ ਸੰਘਰਸ਼ ਖ਼ਤਮ ਨਹੀਂ ਹੋਇਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੰਘਰਸ਼ ਦੀ ਲੜਾਈ ’ਚ ਕਈ ਲੋਕਾਂ ਦੇ ਘਰ ਅਤੇ ਗਹਿਣੇ ਤੱਕ ਵਿਕ ਗਏ ਹਨ, ਜਦਕਿ ਕਈ ਲੋਕਾਂ ਨੂੰ ਰੁਜ਼ਗਾਰ ਦੀ ਸਮੱਸਿਆ ਨਾਲ ਦੋ ਹੱਥ ਹੋਣਾ ਪੈ ਰਿਹਾ ਹੈ।
ਦਰਅਸਲ ਸਾਲ 2002 ’ਚ ਫਿਰਕੂ ਹਿੰਸਾ ਦੇ ਸਿਲਸਿਲੇ ’ਚ ਕਥਿਤ ਤੌਰ ’ਤੇ ਬੰਬ ਬਣਾਉਣ ਦੇ ਮਾਮਲੇ ’ਚ ਤਾਜ ਮੁਹੰਮਦ ਪਠਾਨ, ਇਕਬਾਲ ਢਿਬੜੀਆ, ਹੈਦਰ ਖ਼ਾਨ ਦੀਵਾਨ, ਮੋਹੀਨ ਖ਼ਾਨ ਪਠਾਨ, ਅਸ਼ਰਫ ਮਕਰਾਨੀ ਅਤੇ ਸ਼ਹਿਜਾਦ ਸ਼ੇਖ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਨ੍ਹਾਂ ਖ਼ਿਲਾਫ਼ ਵਿਸਫੋਟਕ ਸਮੱਗਰੀ ਰੱਖਣ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਪਰ 21 ਸਾਲ ਤੱਕ ਚੱਲੇ ਇਸ ਮਾਮਲੇ ’ਚ ਆਖ਼ਰਕਾਰ ਸਤੰਬਰ ਮਹੀਨੇ ’ਚ ਵਧੀਕ ਚੀਫ਼ ਨਿਆਂਇਕ ਮੈਜਿਸਟਰੇਟ ਨੇ ਸਾਰੇ ਛੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।
ਮਾਮਲੇ ਦੀ ਸੁਣਵਾਈ ਦੌਰਾਨ ਤਾਜ ਮੁਹੰਮਦ ਪਠਾਨ, ਅਸ਼ਰਫ ਮਕਰਾਨੀ ਅਤੇ ਸ਼ਹਿਜਾਦ ਸ਼ੇਖ ਦਾ ਇੰਤਕਾਲ ਹੋ ਗਿਆ ਹੈ। ਜਦੋਂ ਕਿ ਮੋਹੀਨ ਖਾਨ ਪਠਾਨ ਗੁਜਰਾਤ ਛੱਡ ਕੇ ਕਿਤੇ ਹੋਰ ਜਾ ਚੁੱਕੇ ਹਨ।

ਤਸਵੀਰ ਸਰੋਤ, BHARGAV PARIKH
‘2002 ਤੋਂ ਬਾਅਦ ਜ਼ਿੰਦਗੀ ਤਬਾਹ ਹੋ ਗਈ’
ਇਕਬਾਲ ਢਿਬੜੀਆ ਕਿਸੇ ਸਮੇਂ ਫਲਾਂ ਦੇ ਜੂਸ ਅਤੇ ਸ਼ਰਬਤ ਦੀ ਦੁਕਾਨ ਲਗਾਇਆ ਕਰਦੇ ਸਨ।
ਪਰ ਮੌਜੂਦਾ ਸਮੇਂ ਉਹ ਇੱਕ ਹੋਟਲ ’ਚ ਬਰਤਨ ਸਾਫ਼ ਕਰਨ ਦਾ ਕੰਮ ਕਰਦੇ ਹਨ ਪਰ ਕਿਉਂਕਿ ਪੁਰਾਣੀ ਇਮਾਰਤ ਪ੍ਰਤੀ ਉਨ੍ਹਾਂ ਦੇ ਮਨ ’ਚ ਅੱਜ ਵੀ ਭਾਵਨਾਵਾਂ ਮੌਜੂਦ ਹਨ।
ਇਸ ਲਈ ਉਹ ਦਿਨ ’ਚ ਇੱਕ ਵਾਰ ਪੈਦਲ ਹੀ ਉਨ੍ਹਾਂ ਤੰਗ ਗਲੀਆਂ ’ਚੋਂ ਹੁੰਦੇ ਹੋਏ ਉਸ ਨੂੰ ਵੇਖਣ ਜ਼ਰੂਰ ਜਾਂਦੇ ਹਨ।
ਇਕਬਾਲ ਅਤੇ ਉਨ੍ਹਾਂ ਦੇ ਦੋਸਤ ਇੱਥੇ ਚਾਲ ’ਚ ਰਹਿੰਦੇ ਸਨ। ਪਰ 2002 ’ਚ ਫਿਰਕੂ ਹਿੰਸਾ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਗਈ।
8 ਮਈ 2002 ਨੂੰ ਸ਼ਹਿਰ ’ਚ ਕਰਫਿਊ ਲੱਗਿਆ ਹੋਇਆ ਸੀ। ਦੁਪਹਿਰ ਦੇ ਸਮੇਂ ਅਚਾਨਕ ਪੁਲਿਸ ਉਨ੍ਹਾਂ ਦੇ ਘਰ ਆਈ ਅਤੇ ਉਨ੍ਹਾਂ ਨੂੰ ਆਪਣੇ ਨਾਲ ਥਾਣੇ ਲੈ ਗਈ। ਇਸ ਤਰ੍ਹਾਂ ਨਾਲ ਪੁਲਿਸ ਨੇ ਕੁੱਲ 6 ਲੋਕਾਂ ਨੂੰ ਹਿਰਾਸਤ ’ਚ ਲਿਆ।
ਇਕਬਾਲ ਉਸ ਦਿਨ ਨੂੰ ਯਾਦ ਕਰਦੇ ਹੋਏ ਬੀਬੀਸੀ ਨੂੰ ਦੱਸਦੇ ਹਨ, “ਮੈਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਪੁਲਿਸ ਮੈਨੂੰ ਅਤੇ ਮੇਰੇ ਦੋਸਤਾਂ ਨੂੰ ਕਿਉਂ ਫੜ੍ਹ ਕੇ ਲੈ ਕੇ ਜਾ ਰਹੀ ਹੈ।"
"ਜਦੋਂ ਅਸੀਂ ਪੁਲਿਸ ਥਾਣੇ ਪਹੁੰਚੇ ਤਾਂ ਸਾਨੂੰ ਦੱਸਿਆ ਗਿਆ ਕਿ ਸਾਡੇ ਘਰ ’ਚ ਬੰਬ ਬਣਾਉਣ ਦੇ ਸੰਧ ਮਿਲੇ ਹਨ ਅਤੇ ਅਸੀਂ ਗੁਜਰਾਤ ’ਚ ਫਿਰਕੂ ਹਿੰਸਾ ਨੂੰ ਭੜਕਾਉਣ ਲਈ ਬੰਬ ਬਣਾ ਰਹੇ ਸੀ। ਫਿਰ ਉਨ੍ਹਾਂ ਨੇ ਸਾਨੂੰ ਜੇਲ੍ਹ ’ਚ ਬੰਦ ਕਰ ਦਿੱਤਾ।”
ਇਕਬਾਲ ਅੱਗੇ ਦੱਸਦੇ ਹਨ, “ਮੇਰੀ ਪਤਨੀ ਨੇ ਘਰ ਦੀ ਬਚਤ ’ਚੋਂ ਕੁਝ ਪੈਸੇ ਲੈ ਕੇ ਅਦਾਲਤ ’ਚ ਇੱਕ ਵਕੀਲ ਨਿਯੁਕਤ ਕੀਤਾ ਅਤੇ ਉਸ ਤੋਂ ਬਾਅਦ ਸਾਨੂੰ ਜ਼ਮਾਨਤ ਮਿਲ ਗਈ।"
"ਤਕਰੀਬਨ ਇੱਕ ਮਹੀਨਾ ਜੇਲ੍ਹ ’ਚ ਰਹਿਣ ਤੋਂ ਬਾਅਦ ਜਦੋਂ ਮੈਂ ਜ਼ਮਾਨਤ ’ਤੇ ਬਾਹਰ ਆਇਆ ਤਾਂ ਮੇਰੀ ਲਗਭਗ ਸਾਰੀ ਬਚਤ ਖ਼ਤਮ ਹੋ ਗਈ ਸੀ। ਫਿਰਕੂ ਹਿੰਸਾ ਕਾਰਨ ਲੱਗੇ ਕਰਫਿਊ ਕਰਕੇ ਮੇਰਾ ਕਾਰੋਬਾਰ ਮਾਰਚ ਮਹੀਨੇ ਤੋਂ ਠੱਪ ਸੀ।"
"ਪੰਜ ਬੱਚੇ ਅਤੇ ਇੱਕ ਪਤਨੀ ਭਾਵ ਕੁੱਲ 7 ਲੋਕਾਂ ਦੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਮੈਨੂੰ ਲੱਕ ਤੋੜ ਜ਼ੋਰ ਲਗਾਉਣਾ ਪਿਆ।”
ਇਕਬਾਲ ਨੇ ਜੇਲ੍ਹ ਤੋਂ ਬਾਹਰ ਆ ਕੇ ਸ਼ਰਬਤ ਅਤੇ ਜੂਸ ਦਾ ਕੰਮ ਮੁੜ ਸ਼ੁਰੂ ਕੀਤਾ ਪਰ ਗਾਹਕ ਆਉਣੇ ਬੰਦ ਹੋ ਗਏ ਸਨ।

ਇਕਬਾਲ ਦੱਸਦੇ ਹਨ, “ਲੋਕ ਕਹਿਣ ਲੱਗ ਪਏ ਸਨ ਕਿ ਇਹ ਤਾਂ ਕੱਟੜਪੰਥੀ ਹੈ, ਬੰਬ ਬਣਾਉਂਦੇ ਹੋਏ ਫੜਿਆ ਗਿਆ ਹੈ, ਉੱਥੇ ਜੂਸ ਪੀਣ ਲਈ ਨਾ ਜਾਓ। ਫਿਰ ਕੰਮ ਮੰਗਣ ’ਤੇ ਮੈਨੂੰ ਕੋਈ ਕੰਮ ’ਤੇ ਨਹੀਂ ਰੱਖਦਾ ਸੀ।"
"ਦੂਜੇ ਪਾਸੇ ਅਦਾਲਤੀ ਕਾਰਵਾਈ ਵੀ ਜਾਰੀ ਸੀ। ਕੋਈ ਉਧਾਰ ਵੀ ਨਹੀਂ ਦੇ ਰਿਹਾ ਸੀ। ਆਖ਼ਰਕਾਰ ਕੁਝ ਦਿਨਾਂ ਤੱਕ ਪਤਨੀ ਦੇ ਗਹਿਣੇ ਵੇਚ ਕੇ ਘਰ ਦਾ ਗੁਜ਼ਾਰਾ ਕੀਤਾ।"
"ਫਿਰ ਮੈਨੂੰ ਘਰ ਤੋਂ ਕੁਝ ਦੂਰੀ ’ਤੇ ਲੱਕੜੀ ਦੇ ਚਬੂਤਰੇ ’ਤੇ ਲੱਕੜ ਚੁੱਕਣ ਦਾ ਕੰਮ ਤਾਂ ਮਿਲਿਆ ਪਰ ਵਾਰ-ਵਾਰ ਅਦਾਲਤ ’ਚ ਪੇਸ਼ੀ ਭੁਗਤਨ ਕਰਕੇ ਹੋ ਰਹੀਆਂ ਛੁੱਟੀਆਂ ਦੇ ਕਾਰਨ ਇਹ ਕੰਮ ਵੀ ਛੁੱਟ ਗਿਆ।”
ਇਸ ਮਾਮਲੇ ਨੇ ਉਨ੍ਹਾਂ ’ਤੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਵੇਂ ਪ੍ਰਭਾਵਿਤ ਕੀਤਾ, ਇਸ ਦੇ ਜਵਾਬ ’ਚ ਉਨ੍ਹਾਂ ਕਿਹਾ, “ਮੇਰੇ ਮੁੰਡਿਆਂ ਨੇ ਪੜ੍ਹਾਈ ਛੱਡ ਦਿੱਤੀ ਤਾਂ ਜੋ ਪੈਸੇ ਬਚਾਏ ਜਾ ਸਕਣ। ਫਿਰ ਜਦੋਂ ਬੱਚੇ ਵੱਡੇ ਹੋਏ ਤਾਂ ਉਨ੍ਹਾਂ ਦੇ ਵਿਆਹਾਂ ਮੌਕੇ ਮੈਨੂੰ ਰਿਸ਼ਤੇਦਾਰਾਂ ਤੋਂ ਉਧਾਰ ਚੁੱਕਣਾ ਪਿਆ।"
"ਜਿਵੇਂ-ਜਿਵੇਂ ਕਰਜ਼ਾ ਵਧਦਾ ਗਿਆ, ਲੋਕਾਂ ਦੀ ਪਰੇਸ਼ਾਨੀ ਵੀ ਵਧਦੀ ਗਈ। ਇਸ ਲਈ ਘਰ ਵੇਚਣ ਦਾ ਫ਼ੈਸਲਾ ਕੀਤਾ। ਘਰ ਵੇਚ ਕੇ ਕਾਫ਼ੀ ਹੱਦ ਤੱਕ ਕਰਜ਼ਾ ਲਾ ਵੀ ਦਿੱਤਾ। ਪਰ ਹੁਣ ਸਾਡੇ ਕੋਲ ਕੋਈ ਘਰ ਨਹੀਂ ਹੈ, ਇਸ ਲਈ ਮੇਰੇ ਜੀਜਾ ਜੀ ਨੇ ਸਾਨੂੰ ਆਪਣੇ ਘਰ ’ਚ ਸ਼ਰਨ ਦਿੱਤੀ ਹੈ।”
ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਇਕਬਾਲ ਦੱਸਦੇ ਹਨ, “ਅੱਜ ਇਹ ਤਾਅਨਾ ਮਿਲਣਾ ਬੰਦ ਹੋ ਗਿਆ ਹੈ ਕਿ ਮੈਂ ਕੱਟੜਪੰਥੀ ਹਾਂ। ਪਰ ਆਪਣੇ ਜੀਵਨ ਦੇ 21 ਸਾਲਾਂ ਤੱਕ ਮੈਂ ਇੱਕ ‘ਕੱਟੜਪੰਥੀ’ ਹੀ ਸੀ।"
"ਅੱਜ ਮੈਂ ਇੱਕ ਹੋਟਲ ’ਚ ਭਾਂਡੇ ਸਾਫ਼ ਕਰਨ ਦਾ ਕੰਮ ਕਰਦਾ ਹਾਂ ਅਤੇ ਸ਼ਾਮ ਨੂੰ ਰਿਕਸ਼ੇ ’ਚ ਸਾਮਾਨ ਲੱਧਣ ਦਾ ਛੋਟਾ-ਮੋਟਾ ਕੰਮ ਕਰ ਲੈਂਦਾ ਹਾਂ। ਰੋਟੀ-ਟੁੱਕ ਦਾ ਬੰਦੋਬਸਤ ਵੀ ਬਹੁਤ ਹੀ ਮੁਸ਼ਕਲ ਨਾਲ ਹੁੰਦਾ ਹੈ।"
"ਮੇਰੇ ’ਤੇ ਅਜੇ ਵੀ 2.5 ਲੱਖ ਰੁਪਏ ਦਾ ਕਰਜ਼ਾ ਹੈ। ਪਤਾ ਨਹੀਂ ਕਦੋਂ ਮੈਂ ਇਸ ਤੋਂ ਸੁਰਖਰੂ ਹੋਵਾਂਗਾ। ਪਰ ਜਦੋਂ ਮੈਂ ਆਪਣੀ ਜ਼ਿੰਦਗੀ ਦੇ ਚੰਗੇ ਦਿਨਾਂ ਨੂੰ ਯਾਦ ਕਰਦਾ ਹਾਂ, ਇਸ ਗਲੀ ’ਚ ਬਿਤਾਏ ਸਮੇਂ ਨੂੰ ਯਾਦ ਕਰਦਾ ਹਾਂ ਤਾਂ ਦਰਦ ਥੋੜਾ ਘੱਟ ਜਾਂਦਾ ਹੈ।”
ਇਸ ਮਾਮਲੇ ’ਚ ਤਾਜ ਮੁਹੰਮਦ ਪਠਾਨ ਵੀ ਬਰੀ ਹੋ ਗਏ ਹਨ।

ਤਸਵੀਰ ਸਰੋਤ, THINKSTOCK
ਮਾਮਲੇ ’ਚ ਤਾਜ ਮੁਹੰਮਦ ਵੀ ਬਰੀ
ਤਾਜ ਮੁਹੰਮਦ ਪਠਾਨ ਬਚਪਨ ਤੋਂ ਹੀ ਇੱਕ ਗੈਰੇਜ ’ਚ ਬਤੌਰ ਮਕੈਨਿਕ ਕੰਮ ਕਰਦੇ ਸਨ। ਉਨ੍ਹਾਂ ਦੇ ਪਰਿਵਾਰ 4 ਧੀਆਂ ਅਤੇ 1 ਪੁੱਤਰ ਹੈ। ਉਨ੍ਹਾਂ ਦੀ ਪਤਨੀ ਘਰ ਦੀ ਆਰਥਿਕ ਸਥਿਤੀ ਨੂੰ ਸਹੀ ਰੱਖਣ ਲਈ ਬਲੀਚਿੰਗ ਪਾਊਡਰ ’ਚ ਪਾਣੀ ਘੋਲ ਕੇ ਵੇਚਦੇ ਸਨ।
ਪਰ 8 ਮਈ 2002 ਨੂੰ ਤਾਜ ਮੁਹੰਮਦ ਆਪਣੇ ਘਰ ’ਚ ਸੌ ਰਹੇ ਸਨ ਕਿ ਅਚਾਨਕ ਉਨ੍ਹਾਂ ਦੇ ਘਰ ਪੁਲਿਸ ਆ ਗਈ। ਉਨ੍ਹਾਂ ਨੂੰ ਇਹ ਕਹਿ ਕੇ ਥਾਣੇ ਲਿਆਂਦਾ ਗਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਬੰਬ ਬਣਾਉਣ ਵਰਗਾ ਸਾਮਾਨ ਬਰਾਮਦ ਹੋਇਆ ਹੈ।
ਇਸ ਤੋਂ ਬਾਅਦ ਤਾਜ ਮੁਹੰਮਦ ਪਠਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਹਾਲਾਂਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਜ਼ਮਾਨਤ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਬਹੁਤ ਸਮੇਂ ਤੱਕ ਬਿਮਾਰ ਵੀ ਰਹੇ ਅਤੇ ਚਾਰ ਸਾਲ ਪਹਿਲਾਂ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਤਾਜ ਮੁਹੰਮਦ ਦੀ ਪਤਨੀ ਧਾਰਨਾ ਮੁਹੰਮਦ ਦਾ ਕਹਿਣਾ ਹੈ, “ਮੇਰੇ ਪਤੀ ਬੇਕਸੂਰ ਸਨ ਅਤੇ ਉਨ੍ਹਾਂ ਨੇ ਆਖ਼ਰੀ ਸਾਹਾਂ ਤੱਕ ਇਹੀ ਕਿਹਾ ਕਿ ਮੈਂ ਇੱਕ ਦੇਸ਼ ਭਗਤ ਹਾਂ। ਮੈਂ ਬੰਬ ਬਣਾਉਣ ਵਰਗਾ ਕੋਈ ਗੁਨਾਹ ਨਹੀਂ ਕੀਤਾ ਹੈ। ਉਨ੍ਹਾਂ ਨੇ ਕਈ ਵਾਰ ਸਹੁੰ ਵੀ ਖਾਧੀ। ਪਰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਹੀ ਉਨ੍ਹਾਂ ਦੇ ਮੱਥੇ ਤੋਂ ‘ਕੱਟੜਪੰਥੀ’ ਹੋਣ ਦਾ ਇਲਜ਼ਾਮ ਹੱਟਿਆ ਹੈ।”
ਧਾਰਨਾ ਮੁਹੰਮਦ ਅੱਗੇ ਦਾਸਦੇ ਹਨ, “ਉਸ ਸਮੇਂ ਮੇਰੇ ਮੁੰਡੇ ਛੋਟੇ ਸਨ ਅਤੇ ਅਚਾਨਕ ਘਰ ’ਚ ਪੁਲਿਸ ਵੇਖ ਕੇ ਉਹ ਡਰ ਗਏ ਸਨ। ਜਦੋਂ ਪੁਲਿਸ ਸਾਡੇ ਘਰ ਆਈ ਤਾਂ ਸਾਡੇ ਘਰ ਦੇ ਬਾਹਰ ਬਲੀਚਿੰਗ ਪਾਊਡਰ ਪਿਆ ਹੋਇਆ ਸੀ, ਜਿਸ ਨੂੰ ਕਿ ਮੈਂ ਪਾਣੀ ’ਚ ਘੋਲ ਕੇ ਵੇਚਦੀ ਸੀ।"
"ਉਸ ਸਮੇਂ ਘਰ ’ਚ ਗੈਸ ਨਹੀਂ ਸੀ, ਇਸ ਲਈ ਲੱਕੜੀ ਅਤੇ ਕੋਲੇ ਦੀ ਮਦਦ ਨਾਲ ਹੀ ਚੁੱਲਾ ਚੌਂਕਾ ਬਲਦਾ ਸੀ। ਸਾਡੇ ਨਾਲ ਦੇ ਘਰ ’ਚ ਰਹਿਣ ਵਾਲੇ ਸ਼ਹਿਜਾਦ ਸ਼ੇਖ ਦੇ ਵਿਹੜੇ ’ਚ ਕਿੱਲਾਂ ਲੱਗੀਆਂ ਹੋਈਆਂ ਸਨ। ਇਸ ਲਈ ਪੁਲਿਸ ਨੇ ਉਨ੍ਹਾਂ ਨੂੰ ਵੀ ਹਿਰਾਸਤ ’ਚ ਲੈ ਲਿਆ।”
“ਉਹ ਤਰਖਾਣ ਸਨ। ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਅਤੇ ਲੋਕਾਂ ਨੇ ਉਨ੍ਹਾਂ ਨੂੰ ਵੀ ‘ਕੱਟੜਪੰਥੀ’ ਕਿਹਾ। ਇਸ ਲਈ ਉਨ੍ਹਾਂ ਨੂੰ ਕਿਤੇ ਵੀ ਕੰਮ ਨਹੀਂ ਮਿਲਿਆ। ਅਦਾਲਤ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਪਰਿਵਾਰ ਸਾਡਾ ਗੁਆਂਢ ਛੱਡ ਕੇ ਕਿਤੇ ਹੋਰ ਰਹਿਣ ਲਈ ਚਲਾ ਗਿਆ।"

ਤਸਵੀਰ ਸਰੋਤ, BHARGAV PARIKH
‘ਖੁਸ਼ੀ ਨਾਲ ਮਰਨ ਦਾ ਮੌਕਾ ਵੀ ਨਸੀਬ ਨਾ ਹੋਇਆ’
ਪਰਿਵਾਰ ਦੀਆਂ ਮੁਸ਼ਕਲਾਂ ਬਾਰੇ ਗੱਲ ਕਰਦਿਆਂ ਧਾਰਨਾ ਮੁਹੰਮਦ ਦੱਸਦੇ ਹਨ, “ਜਦੋਂ ਮੇਰੇ ਪਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਤਾਂ ਮੈਂ ਜੋ ਬਲੀਚਿੰਗ ਪਾਊਡਰ ਵੇਚਦੀ ਸੀ ਉਹ ਕੰਮ ਬੰਦ ਹੋ ਗਿਆ। ਮੈਂ ਲੋਕਾਂ ਤੋਂ ਭੀਖ ਮੰਗ ਕੇ ਸਿਲਾਈ ਦਾ ਕੰਮ ਸ਼ੁਰੂ ਕੀਤਾ।"
"ਮੈਂ ਕੁਝ ਪੈਸੇ ਕਮਾ ਕੇ ਜਿਵੇਂ-ਤਿਵੇਂ ਘਰ ਦਾ ਖਰਚਾ ਕੱਢ ਰਹੀ ਸੀ। ਫਿਰ ਜਦੋਂ ਮੇਰੇ ਪਤੀ ਜ਼ਮਾਨਤ ’ਤੇ ਬਾਹਰ ਆਏ ਤਾਂ ਕੋਈ ਵੀ ਮੈਨੂੰ ਕੰਮ ਨਹੀਂ ਦਿੰਦਾ ਸੀ।”
“ਉਹ ਇੱਕ ਦਿਹਾੜੀਦਾਰ ਮਜ਼ਦੂਰ ਸਨ, ਪਰ ਦਿਲ ਦੇ ਮਰੀਜ਼ ਹੋਣ ਕਰਕੇ ਉਹ ਕੰਮ ਨਹੀਂ ਕਰ ਸਕਦੇ ਸਨ। ਮੈਂ ਆਪਣੀਆਂ ਚਾਰੇ ਧੀਆਂ ਦੇ ਵਿਆਹ ਕਰ ਦਿੱਤੇ ਅਤੇ ਅਦਾਲਤ ਦੇ ਦਬਾਅ ਦੇ ਕਾਰਨ ਮੇਰੇ ਸਾਰੇ ਗਹਿਣੇ ਵਿਕ ਗਏ। ਮੇਰੇ ਮੁੰਡੇ ਦੀ ਪੜ੍ਹਾਈ ਵਿਚਾਲੇ ਹੀ ਰਹਿ ਗਈ ਅਤੇ ਉਸ ਨੂੰ ਮਜ਼ਦੂਰੀ ਕਰਨੀ ਪਈ।”
“ਮੇਰੇ ਪਤੀ ਦਿਲ ਦੀ ਬਿਮਾਰੀ ਨਾਲ ਪੀੜਤ ਸਨ। ਫੇਫੜਿਆਂ ’ਚ ਪਾਣੀ ਭਰ ਜਾਣ ਕਾਰਨ ਉਨ੍ਹਾਂ ਦੀਆਂ ਦਵਾਈਆਂ ਦਾ ਖਰਚਾ ਵੀ ਬਹੁਤ ਸੀ। ਸਾਲਾਂ ਬੱਧੀ ਅਸੀਂ ਦਾਲ-ਰੋਟੀ ਨੂੰ ਵੀ ਤਰਸਦੇ ਰਹੇ।"
"ਈਦ ’ਤੇ ਨਵੇਂ ਕੱਪੜੇ ਨਹੀਂ ਮਿਲੇ। ਸਾਡੀ ਹਾਲਤ ਇਹ ਸੀ ਕਿ ਜੇਕਰ ਸਵੇਰ ਦੀ ਰੋਟੀ ਖਾ ਲੈਂਦੇ ਸੀ ਤਾਂ ਸ਼ਾਮ ਦੀ ਰੋਟੀ ਦੀ ਫਿਕਰ ਪੈ ਜਾਂਦੀ ਸੀ। ਜਦੋਂ ਮੇਰੇ ਭਰਾ ਨੂੰ ਪਤਾ ਲੱਗਿਆ ਕਿ ਸਾਥੋਂ ਈਦ ਨਹੀਂ ਮਨਾਈ ਜਾ ਰਹੀ ਤਾਂ ਉਨ੍ਹਾਂ ਨੇ ਸਾਡੀ ਮਦਦ ਕੀਤੀ।”
“ਮੇਰੇ ਪਤੀ ’ਤੇ ਲੱਗੇ ਇਲਜ਼ਾਮਾਂ ਕਾਰਨ ਮੇਰੀਆਂ ਧੀਆਂ ਦੇ ਵਿਆਹ ਕਰਨੇ ਮੁਸ਼ਕਲ ਹੋ ਗਏ ਸਨ। ਮੇਰਾ ਮੁੰਡਾ ਹੁਣ ਵਧੀਆ ਕਮਾ ਲੈਂਦਾ ਹੈ, ਇਸ ਲਈ ਘਰ ਵੀ ਠੀਕ ਚੱਲ ਰਿਹਾ ਹੈ। ਜੇਕਰ ਉਨ੍ਹਾਂ ਦੇ ਦੇਹਾਂਤ ਤੋਂ ਪਹਿਲਾਂ ਅਦਾਲਤ ਦਾ ਫ਼ੈਸਲਾ ਆ ਜਾਂਦਾ ਤਾਂ ਉਹ ਖੁਸ਼ੀ-ਖੁਸ਼ੀ ਆਪਣੇ ਆਖ਼ਰੀ ਸਾਹ ਲੈਂਦੇ।”

ਤਸਵੀਰ ਸਰੋਤ, BHARGAV PARIKH
ਤਾਜ ਮੁਹੰਮਦ ਦੇ ਪੁੱਤਰ ਮਜਾਰ ਖ਼ਾਨ ਨੇ ਬੀਬੀਸੀ ਨੂੰ ਦੱਸਿਆ, “ਜੇਕਰ ਮੇਰੇ ਪਿਤਾ ਜੀ ’ਤੇ ਬੰਬ ਬਣਾਉਣ ਦਾ ਝੂਠਾ ਇਲਜ਼ਾਮ ਆਇਦ ਨਾ ਹੋਇਆ ਹੁੰਦਾ ਤਾਂ ਮੈਂ ਆਪਣੀ ਪੜ੍ਹਾਈ ਮੁਕੰਮਲ ਕਰ ਸਕਦਾ ਸੀ।"
"ਮੇਰਾ ਬਚਪਨ ਭੁੱਖ ਅਤੇ ਲਾਚਾਰੀ ਦਾ ਸ਼ਿਕਾਰ ਨਾ ਹੁੰਦਾ। ਅੱਜ 21 ਸਾਲ ਬਾਅਦ ਸਾਨੂੰ ਬੇਕਸੂਰ ਐਲਾਣਨ ਦਾ ਕੀ ਫਾਇਦਾ? ਮੇਰੇ ਪਿਤਾ ਜੀ ਸਾਰੀ ਉਮਰ ਅਪਰਾਧੀ ਹੋਣ ਦਾ ਬੋਝ ਢੋਂਦੇ ਰਹੇ।"
"ਅੱਜ ਮੈਂ ਇੱਕ ਟਰਾਂਸਪੋਰਟ ਕੰਪਨੀ ’ਚ ਕੰਮ ਕਰਦਾ ਹਾਂ। ਪਰ ਜੇਕਰ ਮੈਂ ਪੜ੍ਹਿਆ ਲਿਖਿਆ ਹੁੰਦਾ ਤਾਂ ਵਧੀਆ ਨੌਕਰੀ ਕਰਦਾ ਅਤੇ ਅਜਿਹੇ ਕੱਚੇ ਘਰ ’ਚ ਨਾ ਰਹਿੰਦਾ।”
ਬੀਬੀਸੀ ਗੁਜਰਾਤੀ ਨੇ ਮਾਮਲੇ ’ਚ ਬਰੀ ਹੋਏ ਹੈਦਰ ਖ਼ਾਨ ਪਠਾਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਇਸ ਬਾਰੇ ਵਧੇਰੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਸਰਕਾਰ ਹਾਈ ਕੋਰਟ ਨਾ ਚਲੀ ਜਾਵੇ।
ਇਸ ਦੇ ਨਾਲ ਹੀ ਅਸ਼ਰਫ਼ ਮਕਰਾਨੀ ਅਤੇ ਸ਼ਹਿਜਾਦ ਸ਼ੇਖ ਦਾ ਪਰਿਵਾਰ ਹੁਣ ਅਤੀਤ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਹੈ।

ਤਸਵੀਰ ਸਰੋਤ, BHARGAV PARIKH
ਇਨ੍ਹਾਂ ਸਾਰੇ 6 ਮੁਲਜ਼ਮਾਂ ਦਾ ਕੇਸ ਲੜਨ ਵਾਲੇ ਵਕੀਲ ਉਸਮਾਨਗੀ ਮਨਸੂਰੀ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, “ਫੋਰੈਂਸਿਕ ਰਿਪੋਰਟ ਤੋਂ ਸਾਬਤ ਹੋਇਆ ਹੈ ਕਿ ਪੁਲਿਸ ਨੇ ਜਿਸ ਪਦਾਰਥ ਨੂੰ ਬੰਬ ਬਣਾਉਣ ਵਾਲਾ ਜਲਣਸ਼ੀਲ ਪਦਾਰਥ ਸਮਝਿਆ ਸੀ।"
" ਉਹ ਮਹਿਜ ਬਲੀਚਿੰਗ ਪਾਊਡਰ ਤੋਂ ਬਣਿਆ ਤਰਲ ਪਦਾਰਥ ਸੀ। ਜਿਸ ਦੀ ਵਰਤੋਂ ਬੰਬ ਬਣਾਉਣ ’ਚ ਨਹੀਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪੁਲਿਸ ਇਹ ਸਾਬਤ ਕਰਨ ’ਚ ਵੀ ਅਸਮਰੱਥ ਰਹੀ ਕਿ ਚਾਰ ਲੀਟਰ ਪੈਟਰੋਲ ਕਿਸ ਦਾ ਸੀ।"
"ਇਸ ਲਈ ਇਨ੍ਹਾਂ ਛੇ ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਮਾਮਲੇ ’ਚ 21 ਸਾਲਾਂ ’ਚ 9 ਜੱਜ ਬਦਲੇ ਗਏ, ਇਸ ਲਈ ਹੀ ਫ਼ੈਸਲਾ ਆਉਣ ’ਚ ਕਾਫ਼ੀ ਸਮਾਂ ਲੱਗਿਆ।”
ਵਧੀਕ ਚੀਫ਼ ਨਿਆਂਇਕ ਮੈਜਿਸਟਰੇਟ ਵਿਪਿਨ ਕੁਮਾਰ ਬੰਸਲ, ਜਿਨ੍ਹਾਂ ਨੇ ਇਸ ਮਾਮਲੇ ’ਚ ਸਾਰੇ ਮੁਲਜ਼ਮਾਂ ਨੂੰ ਬਰੀ ਕੀਤਾ ਹੈ, ਉਨ੍ਹਾਂ ਦਾ ਕਹਿਣਾ ਹੈ, “ਇਨ੍ਹਾਂ ਸਾਰੇ 6 ਲੋਕਾਂ ਨੂੰ ਵਿਸਫੋਟਕਾਂ ਦੇ ਧਮਾਕੇ ਦੀ ਜਾਣਕਾਰੀ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਸੀ।"
"ਇਹ ਸਪੱਸ਼ਟ ਨਹੀਂ ਹੈ ਕਿ ਅਪਰਾਧ ’ਚ ਉਨ੍ਹਾਂ ਦੀ ਕੋਈ ਭੂਮਿਕਾ ਸੀ ਕਿ ਨਹੀਂ, ਇਸ ਲਈ ਉਨ੍ਹਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਹੈ।’
ਬੀਬੀਸੀ ਗੁਜਰਾਤੀ ਨੇ ਸਰਕਾਰੀ ਵਕੀਲ ਨਾਲ ਗੱਲ ਕਰਨ ਦਾ ਵੀ ਯਤਨ ਕੀਤਾ, ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ।












