ਜਿੰਮੀ ਕਾਰਟਰ : ਮੂੰਗਫ਼ਲੀ ਦੇ ਖੇਤੀ ਕਰਨ ਵਾਲਾ ਕਿਸਾਨ ਅਮਰੀਕਾ ਦਾ ਰਾਸ਼ਟਰਪਤੀ ਕਿਵੇਂ ਬਣਿਆ ਸੀ

ਜਿੰਮੀ ਕਾਰਟਰ ਨੇ ਆਪਣੇ ਕਾਰਜਕਾਲ ਤੋਂ ਬਾਅਦ ਮਨੁੱਖੀ ਅਧਿਕਾਰਾਂ ਅਤੇ ਵਿਸ਼ਵ ਸ਼ਾਂਤੀ ਲਈ ਕੰਮ ਕੀਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿੰਮੀ ਕਾਰਟਰ ਨੇ ਆਪਣੇ ਕਾਰਜਕਾਲ ਤੋਂ ਬਾਅਦ ਮਨੁੱਖੀ ਅਧਿਕਾਰਾਂ ਅਤੇ ਵਿਸ਼ਵ ਸ਼ਾਂਤੀ ਲਈ ਕੰਮ ਕੀਤਾ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 8 ਮਿੰਟ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦੇਹਾਂਤ ਹੋ ਗਿਆ ਹੈ। ਉਹ 100 ਸਾਲ ਦੇ ਸਨ।

ਕਾਰਟਰ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਲੰਮੀ ਉਮਰ ਭੋਗ ਕੇ ਮਰਨ ਵਾਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਸਨ।

ਉਨ੍ਹਾਂ ਨੇ ਹਾਲ ਹੀ 'ਚ ਅਕਤੂਬਰ ਮਹੀਨੇ ਆਪਣਾ 100ਵਾਂ ਜਨਮਦਿਨ ਮਨਾਇਆ ਸੀ।

ਕਾਰਟਰ ਨੇ ਦੁਨੀਆ ਭਰ ਵਿੱਚ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਦੀ ਪਹਿਲ ਕਰਦੇ ਹੋਏ ਕਾਰਟਰ ਸੈਂਟਰ ਦੀ ਸਥਾਪਨਾ ਕੀਤੀ ਸੀ।

ਇਸ ਸੈਂਟਰ ਨੇ ਹੀ ਸਾਬਕਾ ਰਾਸ਼ਟਰਪਤੀ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ।

ਕਾਰਟਰ ਸੈਂਟਰ ਨੇ ਦੱਸਿਆ ਕਿ ਜਿੰਮੀ ਕਾਰਟਰ ਦਾ ਐਤਵਾਰ ਨੂੰ ਜੌਰਜੀਆ ਵਿਚਲੇ ਉਨ੍ਹਾਂ ਦੇ ਨਿਵਾਸ 'ਤੇ ਦੇਹਾਂਤ ਹੋ ਗਿਆ।

ਕਿਸੇ ਸਮੇਂ ਮੂੰਗਫਲੀ ਦੀ ਖੇਤੀ ਕਰਨ ਵਾਲੇ ਕਾਰਟਰ ਨੇ ਰਾਸ਼ਟਰਪਤੀ ਵਜੋਂ ਉਨ੍ਹਾਂ ਅਮਰੀਕੀ ਨੌਜਵਾਨਾਂ ਨੂੰ ਮਾਫ਼ੀ ਦਿੱਤੀ ਸੀ, ਜਿਨ੍ਹਾਂ ਨੇ ਵੀਅਤਨਾਮ ਯੁੱਧ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜਲਵਾਯੂ ਤਬਦੀਲੀ ਦੀ ਗੰਭੀਰਤਾ ਨੂੰ ਸਮਝਣ ਵਾਲੇ ਉਹ ਅਮਰੀਕਾ ਦੇ ਪਹਿਲੇ ਆਗੂ ਸਨ ।

ਅੰਤਰਰਾਸ਼ਟਰੀ ਪੱਧਰ 'ਤੇ, ਉਨ੍ਹਾਂ ਨੇ ਇਜ਼ਰਾਈਲ ਅਤੇ ਮਿਸਰ ਵਿਚਕਾਰ ਸ਼ਾਂਤੀ ਸਮਝੌਤੇ ਕਰਵਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਉਨ੍ਹਾਂ ਨੂੰ ਈਰਾਨ ਦੇ ਬੰਧਕ ਸੰਕਟ ਅਤੇ ਅਫ਼ਗਾਨਿਸਤਾਨ 'ਤੇ ਸੋਵੀਅਤ ਸੰਘ ਦੇ ਹਮਲੇ ਵਰਗੇ ਮੁੱਦਿਆਂ ਦੇ ਹੱਲ ਲੱਭਣ ਲਈ ਸੰਘਰਸ਼ ਕਰਨਾ ਪਿਆ।

ਕਾਰਟਰ ਨੇ 1979 ਵਿਚ ਚੀਨ ਨਾਲ ਦੋਸਤੀ ਦੀ ਸ਼ੁਰੂਆਤ ਕਰਦਿਆਂ ਐਲਾਨ ਕੀਤਾ ਕਿ ਅਮਰੀਕਾ, ਚੀਨ ਦੇ ਨਾਲ ਰਸਮੀ ਤੌਰ 'ਤੇ ਕੂਟਨੀਤਕ ਸਬੰਧ ਸਥਾਪਿਤ ਕਰੇਗਾ।

ਇਸੇ ਕਾਰਨ ਅਮਰੀਕਾ ਨੂੰ ਤਾਈਵਾਨ ਨਾਲ ਆਪਣੇ ਸਬੰਧ ਤੋੜਨੇ ਪਏ ਅਤੇ ਤਾਈਪੇ ਦਾ ਦੂਤਾਵਾਸ ਵੀ ਬੰਦ ਕਰਨਾ ਪਿਆ।

ਜਿੰਮੀ ਕਾਰਟਰ ਨੇ 1971 ਵਿੱਚ ਮੂੰਗਫਲੀ ਦੀ ਖੇਤੀ ਵੀ ਕੀਤੀ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿੰਮੀ ਕਾਰਟਰ ਨੇ 1971 ਵਿੱਚ ਮੂੰਗਫਲੀ ਦੀ ਖੇਤੀ ਵੀ ਕੀਤੀ ਸੀ

ਕਾਰਟਰ ਨੇ ਰਾਸ਼ਟਰਪਤੀ ਵਜੋਂ ਆਪਣਾ ਇੱਕ ਕਾਰਜਕਾਲ ਪੂਰਾ ਕੀਤਾ, ਪਰ 1980 ਦੀਆਂ ਚੋਣ ਵਿੱਚ ਰੋਨਾਲਡ ਰੇਗਨ ਤੋਂ ਬੁਰੀ ਤਰ੍ਹਾਂ ਹਾਰ ਗਏ।

1980 ਦੀਆਂ ਚੋਣਾਂ 'ਚ ਕਾਰਟਰ ਨੂੰ ਸਿਰਫ਼ ਛੇ ਸੂਬਿਆਂ ਵਿੱਚ ਹੀ ਜਿੱਤ ਮਿਲੀ ਸੀ।

ਕਾਰਟਰ ਨੂੰ ਵਿਸ਼ਵ ਸ਼ਾਂਤੀ, ਜਲਵਾਯੂ ਤਬਦੀਲੀ ਅਤੇ ਮਨੁੱਖੀ ਅਧਿਕਾਰਾਂ ਵਿੱਚ ਮਹੱਤਵਪੂਰਨ ਯੋਗਦਾਨ ਦੇ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਕਾਰਟਰ ਦੀ ਪਤਨੀ ਰੋਸਾਲਿਨ ਦਾ ਨਵੰਬਰ 2023 ਵਿੱਚ ਦੇਹਾਂਤ ਹੋ ਗਿਆ ਸੀ।

ਆਪਣੀ ਪਤਨੀ ਨੂੰ ਸ਼ਰਧਾਂਜਲੀ ਦਿੰਦੇ ਹੋਏ, ਕਾਰਟਰ ਨੇ ਲਿਖਿਆ ਸੀ, "ਮੈਂ ਜੋ ਕੁਝ ਵੀ ਪ੍ਰਾਪਤ ਕੀਤਾ ,ਉਸ ਵਿੱਚ ਉਹ ਮੇਰੀ ਬਰਾਬਰ ਦੀ ਭਾਈਵਾਲ ਰਹੀ।"

ਕਾਰਟਰ ਚਮੜੀ ਦੇ ਕੈਂਸਰ ਤੋਂ ਪੀੜਤ ਸਨ ਅਤੇ ਇਸ ਦਾ ਇਲਾਜ ਕੀਤਾ ਜਾ ਰਿਹਾ ਸੀ।

ਬਾਸਕਟਬਾਲ ਅਤੇ ਧਰਮ ਨਾਲ ਲਗਾਅ

1960 ਦੇ ਦਹਾਕੇ ਵਿੱਚ ਜਾਰਜੀਆ ਵਿੱਚ ਮਾਰਟਿਨ ਲੂਥਰ ਕਿੰਗ ਦੇ ਪਿਤਾ ਨਾਲ ਇੱਕ ਚੋਣ ਮੁਹਿੰਮ ਵਿੱਚ ਜਿੰਮੀ ਕਾਰਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1960 ਦੇ ਦਹਾਕੇ ਵਿੱਚ ਜੌਰਜੀਆ ਵਿੱਚ ਮਾਰਟਿਨ ਲੂਥਰ ਕਿੰਗ ਦੇ ਪਿਤਾ ਨਾਲ ਇੱਕ ਚੋਣ ਮੁਹਿੰਮ ਵਿੱਚ ਜਿੰਮੀ ਕਾਰਟਰ

ਜਿੰਮੀ ਕਾਰਟਰ ਦਾ ਪੂਰਾ ਨਾਂ ਜੇਮਜ਼ ਅਰਲ ਕਾਰਟਰ ਜੂਨੀਅਰ ਸੀ।

ਉਨ੍ਹਾਂ ਦਾ ਜਨਮ 1 ਅਕਤੂਬਰ, 1924 ਨੂੰ ਜੌਰਜੀਆ ਦੇ ਇੱਕ ਛੋਟੇ ਜਿਹੇ ਸ਼ਹਿਰ ਪਲੇਨ਼ਸ ਵਿੱਚ ਹੋਇਆ ਸੀ। ਉਹ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ।

ਉਨ੍ਹਾਂ ਦੇ ਪਿਤਾ ਮੂੰਗਫ਼ਲੀ ਦੀ ਖੇਤੀ ਕਰਦੇ ਸਨ ਅਤੇ ਉਨ੍ਹਾਂ ਦੀ ਮਾਂ ਪੇਸ਼ੇ ਤੋਂ ਨਰਸ ਸਨ।

ਜਿੰਮੀ ਆਪਣੇ ਸਕੂਲ ਦੇ ਦਿਨਾਂ ਦੌਰਾਨ ਸ਼ਾਨਦਾਰ ਬਾਸਕਟਬਾਲ ਖਿਡਾਰੀ ਰਹੇ ਸਨ।

ਉਨ੍ਹਾਂ ਨੇ ਸੱਤ ਸਾਲ ਅਮਰੀਕੀ ਜਲ ਸੈਨਾ ਵਿੱਚ ਕੰਮ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਣੀ ਭੈਣ ਦੀ ਦੋਸਤ ਰੋਸਾਲੀਨ ਨਾਲ ਵਿਆਹ ਕਰ ਲਿਆ ਸੀ।

ਜਿੰਮੀ ਅਮਰੀਕੀ ਜਲ ਸੈਨਾ ਵਿੱਚ ਪਣਡੁੱਬੀ ਅਫ਼ਸਰ ਸਨ। ਪਰ 1953 ਵਿੱਚ ਪਿਤਾ ਦੀ ਮੌਤ ਕਾਰਨ ਉਨ੍ਹਾਂ ਨੂੰ ਘਰ ਪਰਤਣਾ ਪਿਆ ਅਤੇ ਫਿਰ ਉਹ ਖੇਤੀ ਵਿੱਚ ਜੁਟ ਗਏ।

ਖੇਤੀ ਵਿੱਚ ਕਾਰਟਰ ਦਾ ਪਹਿਲਾ ਸਾਲ ਬਹੁਤ ਮਾੜਾ ਰਿਹਾ, ਉਸ ਸਾਲ ਬਹੁਤ ਸੋਕਾ ਪਿਆ ਅਤੇ ਫ਼ਸਲ ਬਰਬਾਦ ਹੋ ਗਈ, ਪਰ ਕਾਰਟਰ ਨੇ ਹਾਰ ਨਹੀਂ ਮੰਨੀ ਅਤੇ ਖੇਤੀ ਨੂੰ ਇੱਕ ਸਫ਼ਲ ਕਾਰੋਬਾਰ ਬਣਾ ਦਿੱਤਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਰਾਜਨੀਤੀ ਵਿੱਚ ਵੀ ਹੱਥ ਅਜ਼ਮਾਉਣਾ ਸ਼ੁਰੂ ਕਰ ਦਿੱਤਾ ਅਤੇ ਸਥਾਨਕ ਚੋਣਾਂ ਵਿੱਚ ਜਿੱਤ ਹਾਸਲ ਕੀਤੀ।

ਜੌਰਜੀਆ ਤੋਂ ਸੈਨੇਟ ਦੀਆਂ ਚੋਣਾਂ ਲੜਨ ਤੋਂ ਪਹਿਲਾਂ ਉਨ੍ਹਾਂ ਨੇ ਲਾਇਬ੍ਰੇਰੀ ਬੋਰਡ ਦੀ ਚੋਣ ਵੀ ਜਿੱਤੀ ਸੀ।

ਨਾਗਰਿਕ ਅਧਿਕਾਰਾਂ ਲਈ ਮੁਹਿੰਮ

ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਕਾਰਟਰ ਹੱਥਾਂ ਵਿੱਚ ਮੂੰਗਫਲੀ ਨਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਕਾਰਟਰ ਹੱਥਾਂ ਵਿੱਚ ਮੂੰਗਫਲੀ ਨਾਲ

ਦੋ ਵਾਰ ਸੈਨੇਟ ਦੇ ਲਈ ਚੁਣੇ ਜਾਣ ਤੋਂ ਬਾਅਦ, ਕਾਰਟਰ 1970 ਵਿੱਚ ਜੌਰਜੀਆ ਦੇ ਗਵਰਨਰ ਬਣੇ। ਇਸ ਤੋਂ ਬਾਅਦ ਉਨ੍ਹਾਂ ਨੇ ਨਾਗਰਿਕ ਅਧਿਕਾਰਾਂ ਲਈ ਕਈ ਕੰਮ ਕੀਤਾ।

ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਭਾਸ਼ਣ ਵਿੱਚ ਉਨ੍ਹਾਂ ਨੇ ਨਸਲੀ ਵਿਤਕਰੇ 'ਤੇ ਧਿਆਨ ਦਿੱਤਾ।

ਉਨ੍ਹਾਂ ਕਿਹਾ, "ਮੈਂ ਤੁਹਾਨੂੰ ਸਾਫ਼-ਸਾਫ਼ ਕਹਿਣਾ ਚਾਹਾਂਗਾ ਕਿ ਨਸਲੀ ਵਿਤਕਰੇ ਦਾ ਦੌਰ ਖ਼ਤਮ ਹੋ ਗਿਆ ਹੈ।"

ਉਨ੍ਹਾਂ ਨੇ ਅਮਰੀਕੀ ਸੰਸਦ ਦੀ ਕੰਧ 'ਤੇ ਮਾਰਟਿਨ ਲੂਥਰ ਕਿੰਗ ਦੀ ਤਸਵੀਰ ਲਗਵਾਈ ਅਤੇ ਇਹ ਯਕੀਨੀ ਬਣਾਇਆ ਕਿ ਅਫ਼ਰੀਕੀ ਮੂਲ ਦੇ ਅਮਰੀਕੀ ਨਾਗਰਿਕ ਸਰਕਾਰੀ ਦਫਤਰਾਂ ਵਿੱਚ ਨਿਯੁਕਤ ਹੋਣ।

ਹਾਲਾਂਕਿ, ਕਾਰਟਰ ਨੂੰ ਈਸਾਈਅਤ ਅਤੇ ਉਦਾਰਵਾਦ ਵਿੱਚ ਸੰਤੁਲਿਤ ਬਣਾਕੇ ਰੱਖਣ ਵਿੱਚ ਮੁਸ਼ਕਲ ਹੋਈ ਸੀ।

ਜਿਵੇਂ ਕਿ ਜਦੋਂ ਗਰਭਪਾਤ ਕਾਨੂੰਨ ਦਾ ਮੁੱਦਾ ਉਠਿਆ ਤਾਂ ਉਨ੍ਹਾਂ ਨੇ ਗਰਭਪਾਤ ਦੀ ਹਮਾਇਤ ਤਾਂ ਕੀਤੀ ਪਰ ਨਾਲ ਹੀ ਉਨ੍ਹਾਂ ਨੇ ਇਸ ਦੇ ਲਈ ਲੋੜੀਂਦੇ ਫੰਡ ਮੁਹੱਈਆ ਨਹੀਂ ਕਰਵਾਏ।

ਰਾਸ਼ਟਰਪਤੀ ਵੱਜੋਂ ਆਪਣੇ ਪਹਿਲੇ ਹੀ ਦਿਨ ਕਾਰਟਰ ਨੇ ਉਨ੍ਹਾਂ ਲੱਖਾਂ ਅਮਰੀਕੀ ਨੌਜਵਾਨਾਂ ਨੂੰ ਮੁਆਫ਼ੀ ਦੇਣ ਦਾ ਐਲਾਨ ਕੀਤਾ, ਜਿਨ੍ਹਾਂ ਨੇ ਵੀਅਤਨਾਮ ਨਾਲ ਹੋਈ ਜੰਗ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ।

ਉਨ੍ਹਾਂ ਦੇ ਇੱਕ ਵੱਡੇ ਆਲੋਚਕ ਬੈਰੀ ਕੋਲਡਵਾਟਰ ਨੇ ਇਸ ਫੈਸਲੇ ਨੂੰ ਬੇਹੱਦ ਸ਼ਰਮਨਾਕ ਦੱਸਿਆ ਸੀ। ਕਾਰਟਰ ਨੇ ਵੀ ਇਹ ਮੰਨਿਆ ਕਿ ਇਹ ਉਨ੍ਹਾਂ ਲਈ ਸਭ ਤੋਂ ਔਖ਼ਾ ਫ਼ੈਸਲਾ ਸੀ।

ਕਾਰਟਰ ਨੇ ਕਈ ਅਹਿਮ ਅਹੁਦਿਆਂ 'ਤੇ ਮਹਿਲਾਵਾਂ ਦੀ ਨਿਯੁਕਤੀ ਕੀਤੀ। ਇਸ ਤੋਂ ਇਲਾਵਾ ਉਹ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ, ਜਿਨ੍ਹਾਂ ਨੇ ਜਲਵਾਯੂ ਤਬਦੀਲੀ ਨੂੰ ਗੰਭੀਰਤਾ ਨਾਲ ਲਿਆ ਸੀ।

ਕਾਰਟਰ ਨੇ ਵ੍ਹਾਈਟ ਹਾਊਸ ਵਿੱਚ ਜੀਨਜ਼ ਅਤੇ ਸਵੈਟਰ ਪਹਿਨਿਆ ਅਤੇ ਗਰਮੀ ਪੈਦਾ ਕਰਨ ਵਾਲੇ ਬਿਜਲੀ ਉਪਕਰਨਾਂ ਨੂੰ ਬੰਦ ਕਰਵਾਇਆ। ਇਹ ਸੁਨੇਹਾ ਦਿੱਤਾ ਕਿ ਬਿਜਲੀ ਯਾਨੀ ਊਰਜਾ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਉਨ੍ਹਾਂ ਨੇ ਛੱਤ 'ਤੇ ਸੋਲਰ ਪੈਨਲ ਲਗਵਾਏ, ਹਾਲਾਂਕਿ ਉਨ੍ਹਾਂ ਤੋਂ ਬਾਅਦ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਰੋਨਾਲਡ ਰੀਗਨ ਨੇ ਇਹਨਾਂ ਪੈਨਲਾਂ ਨੂੰ ਹਟਵਾ ਦਿੱਤਾ ਸੀ।

ਕਾਰਟਰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ

ਜਿਮੀ ਕਾਰਟਰ ਆਪਣੇ ਪਰਿਵਾਰ ਨਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਮੀ ਕਾਰਟਰ ਆਪਣੇ ਪਰਿਵਾਰ ਨਾਲ

ਅਮਰੀਕੀ ਅਰਥਚਾਰੇ ਦੀ ਮੰਦੀ ਤੋਂ ਬਾਅਦ ਕਾਰਟਰ ਦੀ ਲੋਕਪ੍ਰਿਅਤਾ ਵੀ ਘਟਣ ਲੱਗੀ। ਉਨ੍ਹਾਂ ਨੇ ਪੈਟਰੋਲ ਅਤੇ ਡੀਜ਼ਲ ਦੀ ਰਾਸ਼ਨਿੰਗ ਸਮੇਤ ਦੇਸ ਨੂੰ ਊਰਜਾ ਸੰਕਟ ਵਿੱਚੋਂ ਕੱਢਣ ਲਈ ਕਈ ਕਦਮ ਚੁੱਕੇ, ਪਰ ਸੰਸਦ ਵਿੱਚ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਯੂਨੀਵਰਸਲ ਹੈਲਥਕੇਅਰ ਸਿਸਟਮ ਵੀ ਸੰਸਦ ਵਿੱਚ ਪਾਸ ਨਹੀਂ ਹੋ ਸਕਿਆ ਅਤੇ ਵਧਦੀ ਬੇਰੁਜ਼ਗਾਰੀ ਅਤੇ ਵਿਆਜ ਦਰਾਂ ਨੇ ਕਾਰਟਰ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ।

ਕਾਰਟਰ ਨੇ 1978 ਵਿੱਚ ਮਿਸਰ ਅਤੇ ਇਜ਼ਰਾਈਲ ਵਿਚਕਾਰ ਸਮਝੌਤਾ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਇਸ ਲਈ ਉਨ੍ਹਾਂ ਦੀ ਬਹੁਤ ਪ੍ਰਸ਼ੰਸਾ ਵੀ ਹੋਈ ਸੀ, ਪਰ ਈਰਾਨ ਵਿੱਚ ਅਮਰੀਕੀ ਨਾਗਰਿਕਾਂ ਦੇ ਬੰਧਕ ਸੰਕਟ ਨੇ ਕਾਰਟਰ ਨੂੰ ਪਰੇਸ਼ਾਨ ਕਰ ਦਿੱਤਾ ਸੀ।

ਇਸ ਤੋਂ ਇਲਾਵਾ ਅਫ਼ਗਾਨਿਸਤਾਨ 'ਤੇ ਸੋਵੀਅਤ ਸੰਘ ਦੇ ਹਮਲੇ ਨੇ ਵੀ ਉਨ੍ਹਾਂ ਨੂੰ ਸੰਕਟ ਵਿੱਚ ਪਾਇਆ ਸੀ।

ਬੰਧਕ ਸੰਕਟ ਨੂੰ ਸੁਲਝਾਉਣ ਲਈ ਕਾਰਟਰ ਨੇ ਈਰਾਨ ਨਾਲ ਕੂਟਨੀਤਕ ਸਬੰਧ ਤੋੜ ਦਿੱਤੇ ਅਤੇ ਉਨ੍ਹਾਂ 'ਤੇ ਕਈ ਪਾਬੰਦੀਆਂ ਵੀ ਲਗਾਈਆਂ।

ਪ੍ਰਸਿੱਧੀ ਦੇ ਬਾਵਜੂਦ ਰੀਗਨ ਤੋਂ ਮਿਲੀ ਹਾਰ

ਕਾਰਟਰ ਨੇ ਮਿਸਰ ਅਤੇ ਇਜ਼ਰਾਈਲ ਦਰਮਿਆਨ ਸ਼ਾਂਤੀ ਸਮਝੌਤੇ ਵਿੱਚ ਅਹਿਮ ਭੂਮਿਕਾ ਨਿਭਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਰਟਰ ਨੇ ਮਿਸਰ ਅਤੇ ਇਜ਼ਰਾਈਲ ਦਰਮਿਆਨ ਸ਼ਾਂਤੀ ਸਮਝੌਤੇ ਵਿੱਚ ਅਹਿਮ ਭੂਮਿਕਾ ਨਿਭਾਈ

1980 ਵਿੱਚ, ਉਨ੍ਹਾਂ ਨੂੰ ਆਪਣੀ ਡੈਮੋਕਰੇਟਿਕ ਪਾਰਟੀ ਦੀ ਨਾਮਜ਼ਦਗੀ ਲਈ ਸੀਨੇਟਰ ਐਡਵਰਡ ਕੈਨੇਡੀ ਤੋਂ ਗੰਭੀਰ ਚੁਣੌਤੀ ਦਾ ਸਾਹਮਣਾ ਕੀਤਾ ਅਤੇ ਸਫ਼ਲ ਰਹੇ ਪਰ ਉਸ ਤੋਂ ਬਾਅਦ ਹੋਈ ਚੋਣ ਵਿੱਚ ਸਿਰਫ਼ 41 ਫ਼ੀਸਦੀ ਵੋਟਾਂ ਹੀ ਹਾਸਲ ਕਰ ਸਕੇ।

ਰਿਪਬਲਿਕਨ ਪਾਰਟੀ ਦੇ ਰੋਨਾਲਡ ਰੀਗਨ ਨੇ ਉਨ੍ਹਾਂ ਨੂੰ ਚੋਣਾਂ ਵਿੱਚ ਹਰਾ ਦਿੱਤਾ।

ਆਪਣੇ ਕਾਰਜਕਾਲ ਦੇ ਆਖ਼ਰੀ ਦਿਨ, ਕਾਰਟਨ ਨੇ ਈਰਾਨ ਬੰਧਕ ਸੰਕਟ ਦੇ ਖ਼ਤਮ ਹੋਣ ਦਾ ਐਲਾਨ ਕੀਤਾ ਪਰ ਬੰਧਕ ਅਮਰੀਕੀ ਨਾਗਰਿਕ ਰਾਸ਼ਟਰਪਤੀ ਰੀਗਨ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਹੀ ਈਰਾਨ ਤੋਂ ਅਮਰੀਕਾ ਲਈ ਰਵਾਨਾ ਹੋ ਪਾਏ ਸਨ।

ਰਾਸ਼ਟਰਪਤੀ ਦਾ ਅਹੁਦਾ ਛੱਡਣ ਸਮੇਂ ਉਨ੍ਹਾਂ ਦੀ ਪ੍ਰਸਿੱਧੀ ਕਿਸੇ ਵੀ ਹੋਰ ਅਮਰੀਕੀ ਰਾਸ਼ਟਰਪਤੀ ਦੇ ਮੁਕਾਬਲੇ ਸਭ ਤੋਂ ਘੱਟ ਸੀ ਪਰ ਬਾਅਦ ਦੇ ਸਾਲਾਂ ਵਿੱਚ ਉਨ੍ਹਾਂ ਦੀ ਸਾਖ਼ ਵਿੱਚ ਸੁਧਾਰ ਹੋਇਆ।

ਕਾਰਟਰ ਨੇ ਅਮਰੀਕੀ ਸਰਕਾਰ ਦੀ ਤਰਫੋਂ ਉੱਤਰੀ ਕੋਰੀਆ ਨਾਲ ਗੱਲਬਾਤ ਕੀਤੀ, ਨਾਲ ਹੀ ਸਾਲ 2002 ਵਿੱਚ ਕਾਰਟਰ ਥੀਓਡੋਰ ਰੂਜ਼ਵੈਲਟ ਅਤੇ ਵੁੱਡਰੋ ਵਿਲਸਨ ਤੋਂ ਬਾਅਦ ਨੋਬਲ ਪੁਰਸਕਾਰ ਜਿੱਤਣ ਵਾਲੇ ਤੀਜੇ ਰਾਸ਼ਟਰਪਤੀ ਬਣੇ।

ਉਹ ਅਹੁਦਾ ਛੱਡਣ ਤੋਂ ਬਾਅਦ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਰਾਸ਼ਟਰਪਤੀ ਬਣੇ ਸਨ।

ਨੋਬਲ ਪੁਰਸਕਾਰ ਸਵੀਕਾਰ ਕਰਨ ਤੋਂ ਬਾਅਦ ਆਪਣੇ ਭਾਸ਼ਣ ਵਿਚ ਕਾਰਟਰ ਨੇ ਕਿਹਾ, "ਧਰਤੀ 'ਤੇ ਸਭ ਤੋਂ ਗੰਭੀਰ ਸਮੱਸਿਆ ਅਮੀਰ ਅਤੇ ਗਰੀਬ ਵਿਚਕਾਰ ਵਧ ਰਿਹਾ ਪਾੜਾ ਹੈ।"

ਨੈਲਸਨ ਮੰਡੇਲਾ ਦੇ ਨਾਲ ਉਨ੍ਹਾਂ ਨੇ ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ 'ਤੇ ਕੰਮ ਕਰਨ ਵਾਲੇ ਵਿਸ਼ਵ ਆਗੂਆਂ ਦਾ ਸਮੂਹ, 'ਦਿ ਐਲਡਰਜ਼' ਨਾਮ ਦੀ ਇੱਕ ਸੰਸਥਾ ਬਣਾਈ।

ਅਮੀਰ ਹੋਣ ਦੀ ਕੋਈ ਇੱਛਾ ਨਹੀਂ ਸੀ

1979 ਵਿੱਚ ਤਹਿਰਾਨ ਵਿੱਚ ਅਮਰੀਕੀ ਦੂਤਾਵਾਸ ਵਿੱਚ ਇੱਕ ਅਮਰੀਕੀ ਨਾਗਰਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1979 ਵਿੱਚ ਤਹਿਰਾਨ ਵਿੱਚ ਅਮਰੀਕੀ ਦੂਤਾਵਾਸ ਵਿੱਚ ਇੱਕ ਅਮਰੀਕੀ ਨਾਗਰਿਕ

ਸੇਵਾਮੁਕਤ ਹੋਣ ਤੋਂ ਬਾਅਦ, ਕਾਰਟਰ ਨੇ ਇੱਕ ਸਧਾਰਨ ਜੀਵਨ ਸ਼ੈਲੀ ਨੂੰ ਤਰਜੀਹ ਦਿੱਤੀ। ਉਨ੍ਹਾਂ ਨੇ ਭੜਕਾਊ ਭਾਸ਼ਣਾਂ ਅਤੇ ਕਾਰਪੋਰੇਟ ਜਗਤ ਤੋਂ ਪਰਹੇਜ਼ ਕੀਤਾ।

ਉਹ ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਸਮੇਂ ਤੋਂ ਹੀ ਸਾਫ਼ ਕਹਿੰਦੇ ਸਨ ਕਿ ਉਹ ਬਹੁਤ ਸਾਰਾ ਪੈਸਾ ਨਹੀਂ ਕਮਾਉਣਾ ਚਾਹੁੰਦੇ। ਕਾਰਟਰ ਓਵਲ ਆਫਿਸ ਵਿੱਚ ਆਪਣੇ ਸਮੇਂ ਤੋਂ ਪੈਸਾ ਕਮਾਉਣਾ ਨਹੀਂ ਚਾਹੁੰਦਾ ਸਨ।

ਕਾਰਟਰ ਨੇ ਇੱਕ ਵਾਰ ਵਾਸ਼ਿੰਗਟਨ ਪੋਸਟ ਨੂੰ ਕਿਹਾ ਸੀ, "ਇਸ ਵਿੱਚ ਕੀ ਗਲਤ ਹੈ? ਜੋ ਲੋਕ ਪੈਸਾ ਕਮਾਉਂਦੇ ਹਨ ਉਹ ਗਲਤ ਨਹੀਂ ਹਨ। ਪਰ ਅਮੀਰ ਬਣਨ ਦੀ ਮੇਰੀ ਕਦੇ ਵੀ ਇੱਛਾ ਨਹੀਂ ਰਹੀ।"

ਵਾਸ਼ਿੰਗਟਨ ਪੋਸਟ ਦੇ ਅਨੁਸਾਰ, ਕਾਰਟਰ ਦੇ ਘਰ ਦੀ ਕੀਮਤ 167,000 ਡਾਲਰ ਸੀ। ਇਹ ਉਨ੍ਹਾਂ ਦੀ ਸੇਵਾ ਵਿੱਚ ਤੈਨਾਤ ਸੀਕਰੇਟ ਸਰਵਿਸ ਦੇ ਵਾਹਨਾਂ ਨਾਲੋਂ ਵੀ ਘੱਟ ਸੀ।

ਸਾਲ 2015 ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਕੈਂਸਰ ਤੋਂ ਪੀੜਤ ਹਨ ਅਤੇ ਇਸ ਦਾ ਇਲਾਜ ਚੱਲ ਰਿਹਾ ਹੈ

ਕਾਰਟਰ ਦੇ ਜੀਵਨ ਵਿੱਚ ਧਰਮ ਦਾ ਵਿਸ਼ੇਸ਼ ਸਥਾਨ ਸੀ।

ਉਨ੍ਹਾਂ ਨੇ ਇੱਕ ਵਾਰ ਕਿਹਾ ਸੀ, "ਤੁਸੀਂ ਲੋਕ ਸੇਵਾ ਅਤੇ ਧਰਮ ਦੇ ਬੰਧਨ ਨੂੰ ਨਹੀਂ ਤੋੜ ਸਕਦੇ। ਮੈਨੂੰ ਰੱਬ ਅਤੇ ਮੇਰੇ ਰਾਜਨੀਤਿਕ ਫਰਜ਼ ਵਿੱਚ ਕਦੇ ਵੀ ਕੋਈ ਟਕਰਾਅ ਨਹੀਂ ਮਿਲਿਆ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)