You’re viewing a text-only version of this website that uses less data. View the main version of the website including all images and videos.
ਏਸੀ ਕਿਉਂ ਫਟਦੇ ਹਨ? ਦੁਰਘਟਨਾਵਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ
ਇਨ੍ਹੀ ਦਿਨੀਂ ਅੱਤ ਦੀ ਗਰਮੀ ਦੇ ਚਲਦਿਆਂ ਲੋਕ ਏਅਰ ਕੰਡਿਸ਼ਨਰ (ਏਸੀ) ਦੀ ਵਰਤੋਂ ਕਰ ਰਹੇ ਹਨ।
ਹਾਲਾਂਕਿ, ਤੇਜ਼ ਗਰਮੀ ਕਾਰਨ ਏਸੀ ਫਟਣ ਦੀਆਂ ਘਟਨਾਵਾਂ ਵੀ ਅਕਸਰ ਸਾਹਮਣੇ ਆਉਣ ਲੱਗਦੀਆਂ ਹਨ।
ਇਸ ਮਗਰੋਂ ਇਹ ਸਵਾਲ ਉੱਠਦਾ ਹੈ ਕਿ ਏਸੀ ਵਿੱਚ ਅਚਾਨਕ ਅੱਗ ਲੱਗਣ ਦਾ ਕੀ ਕਾਰਨ ਹੋ ਸਕਦਾ ਹੈ? ਅਤੇ ਅਜਿਹੇ ਵਿੱਚ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ?
ਇਸ ਰਿਪੋਰਟ ਰਾਹੀਂ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।
ਏਸੀ ਫਟਣ ਦਾ ਕੀ ਕਾਰਨ ਹੈ?
ਏਸੀ ਵਿੱਚ ਧਮਾਕੇ ਦੇ ਕਾਰਨ ਨੂੰ ਸਮਝਣ ਲਈ ਬੀਬੀਸੀ ਪੱਤਰਕਾਰ ਅਰਸ਼ਦ ਮਿਸਾਲ ਨੇ ਕੁਝ ਸਮਾਂ ਪਹਿਲਾਂ ਆਈਆਈਟੀ ਬੀਐੱਚਯੂ ਦੇ ਮਕੈਨੀਕਲ ਵਿਭਾਗ ਦੇ ਪ੍ਰੋਫ਼ੈਸਰ ਜਾਹਰ ਸਰਕਾਰ ਨਾਲ ਗੱਲ ਕੀਤੀ ਸੀ।
ਪ੍ਰੋਫ਼ੈਸਰ ਸਰਕਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਕ ਕਮਰੇ ਦੇ ਏਸੀ ਨੂੰ ਠੰਡਾ ਬਣਾਉਣ ਲਈ ਬਾਹਰ ਕੰਪ੍ਰੈਸਰ ਦੇ ਨੇੜੇ-ਤੇੜੇ ਦਾ ਤਾਪਮਾਨ ਉਸ ਦੇ ਕੰਡੈਂਸਰ ਦੇ ਤਾਪਮਾਨ ਤੋਂ ਲਗਭਗ 10 ਡਿਗਰੀ ਸੈਲਸੀਅਸ ਘੱਟ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਦੱਸਿਆ, “ਆਮ ਤੌਰ ਉੱਤੇ ਭਾਰਤ ਵਿੱਚ ਵਰਤੇ ਜਾਣ ਵਾਲੇ ਏਸੀ ਦੇ ਕੰਡੈਂਸਰ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ।ਜੇਕਰ ਬਾਹਰ ਦਾ ਤਾਪਮਾਨ ਕੰਡੈਂਸਰ ਦੇ ਤਾਪਮਾਨ ਤੋਂ ਵੱਧ ਹੈ ਤਾਂ ਏਸੀ ਕੰਮ ਕਰਨਾ ਬੰਦ ਕਰ ਦੇਵੇਗਾ।ਅਜਿਹੀ ਸਥਿਤੀ ਵਿੱਚ ਕੰਡੈਂਸਰ ਉੱਤੇ ਦਬਾਅ ਵਧ ਜਾਂਦਾ ਹੈ, ਇਸ ਨਾਲ ਕੰਡੈਂਸਰ ਦੇ ਫਟਣ ਦੀ ਸੰਭਾਵਨਾ ਵੱਧ ਜਾਂਦੀ ਹੈ। ”
ਏਸੀ ਫਟਣ ਦੇ ਹੋਰ ਕੀ ਕਾਰਨ ਹਨ?
ਤਾਪਮਾਨ ਵਧਣ ਦੇ ਨਾਲ-ਨਾਲ ਅਜਿਹੇ ਹਾਦਸਿਆਂ ਦੇ ਹੋਰ ਵੀ ਕਾਰਨ ਹਨ।
ਗੈਸ ਲੀਕੇਜ - ਮਾਹਰਾਂ ਦਾ ਕਹਿਣਾ ਹੈ ਕਿ ਕੰਡੈਂਸਰ ਤੋਂ ਗੈਸ ਲੀਕੇਜ ਵੀ ਅਜਿਹੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ।ਜਿਵੇਂ -ਜਿਵੇਂ ਗੈਸ ਘੱਟ ਹੁੰਦੀ ਜਾਂਦੀ ਹੈ ਕੰਡੈਂਸਰ ਉੱਤੇ ਦਬਾਅ ਵੱਧਦਾ ਜਾਂਦਾ ਹੈ। ਇਸ ਨਾਲ ਇਹ ਵੱਧ ਗਰਮ ਹੋ ਜਾਂਦਾ ਹੈ। ਇਸ ਨਾਲ ਅੱਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈੇ।
ਕੋਇਲਜ਼ ਵਿੱਚ ਧੂੜ: ਏਸੀ ਨੂੰ ਠੰਢਾ ਕਰਨ ਵਿੱਚ ਕੰਡੈਂਸਰ ਕੋਇਲ ਬਹੁਤ ਜ਼ਰੂਰੀ ਹੈ। ਇਹ ਹਵਾ ਤੋਂ ਗਰਮੀ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ।
ਜਦੋਂ ਕੋਇਲ ਗੰਦੇ ਹੋ ਜਾਂਦੇ ਹਨ ਜਾਂ ਇਨ੍ਹਾਂ ਉੱਤੇ ਧੂੜ ਜੰਮ ਜਾਂਦੀ ਹੈ ਤਾਂ ਗੈਸ ਘਟਣ ਦੀ ਦਿੱਕਤ ਪੈਦਾ ਹੁੰਦੀ ਹੈ। ਇਸ ਨਾਲ ਕੰਡੈਂਸਰ ਵੱਧ ਗਰਮ ਹੋ ਜਾਂਦਾ ਹੈ। ਇਸ ਨਾਲ ਅੱਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਵੋਟਲੇਜ ਦਾ ਵਧਣਾ-ਘਟਣਾ - ਵਾਰ-ਵਾਰ ਵੋਲਟੇਜ ਦਾ ਵਧਣਾ-ਘਟਣਾ ਕੰਪ੍ਰੈਸਰ ਦੇ ਕੰਮ ਉੱਤੇ ਅਸਰ ਪਾਉਂਦਾ ਹੈ, ਇਸ ਨਾਲ ਹਾਦਸੇ ਦਾ ਖ਼ਤਰਾ ਰਹਿੰਦਾ ਹੈ।
ਏਸੀ ਨੂੰ ਫਟਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?
ਇਸ ਗੱਲ ਨੂੰ ਯਕੀਨੀ ਬਣਾਉਣ ਕੀ ਤਾਪਮਾਨ ਵੱਧ ਹੋਣ ਉੱਤੇ ਏਸੀ ਕੰਪ੍ਰੈਸ਼ਰ ਛਾਂ ਵਿੱਚ ਹੋਵੇ। ਕੰਪ੍ਰੈਸਰ ਅਤੇ ਕੰਡੈਂਸਰ ਯੂਨਿਟ ਦਾ ਆਲਾ ਦੁਆਲਾ ਹਵਾਦਾਰ ਹੋਣਾ ਚਾਹੀਦਾ ਹੈ। ਜੇਕਰ ਹਵਾ ਚੱਲ ਰਹੀ ਹੈ ਤਾਂ ਯੂਨਿਟ ਵੱਧ ਗਰਮ ਨਹੀਂ ਹੋਵੇਗੀ।
- ਏਸੀ ਦੀ ਸਮੇਂ-ਸਮੇਂ ਉੱਤੇ ਸਰਵਿਸ ਕਰਵਾਉਂਦੇ ਰਹੋ ਤਾਂ ਜੋ ਕਿਸੇ ਤਕਨੀਕੀ ਖ਼ਰਾਬੀ ਬਾਰੇ ਪਤਾ ਲੱਗ ਸਕੇ।
- ਏਅਰ ਫਿਲਟਰ ਅਤੇ ਕੂਲਿੰਗ ਕੋਇਲ ਨੂੰ ਸਾਫ਼ ਕਰਦੇ ਰਹੋ। ਇਸ ਨਾਲ ਕੰਪ੍ਰੈਸਰ 'ਤੇ ਜ਼ਿਆਦਾ ਦਬਾਅ ਨਹੀਂ ਪਵੇਗਾ ਅਤੇ ਇਹ ਠੀਕ ਤਰ੍ਹਾਂ ਕੰਮ ਕਰੇਗਾ।
- ਸਮੇਂ-ਸਮੇਂ 'ਤੇ ਕੂਲਿੰਗ ਫੈਨ ਦੀ ਜਾਂਚ ਕਰਦੇ ਰਹੋ। ਜੇਕਰ ਇਸ ਨਾਲ ਕੋਈ ਸਮੱਸਿਆ ਹੈ ਤਾਂ ਉਸ ਨੂੰ ਤੁਰੰਤ ਠੀਕ ਕਰੋ।
- ਜੇਕਰ ਤੁਹਾਡਾ ਏਸੀ ਸਾਧਾਰਨ ਨਾਲੋਂ ਜ਼ਿਆਦਾ ਸ਼ੋਰ ਕਰ ਰਿਹਾ ਹੈ ਜਾਂ ਵਾਈਬ੍ਰੇਸ਼ਨ ਹੈ, ਤਾਂ ਇਸ ਦੀ ਜਾਂਚ ਕਰਵਾਓ।
- ਏਸੀ ਨੂੰ ਕਦੇ ਵੀ ਐਕਸਟੈਂਸ਼ਨ ਤਾਰ ਨਾਲ ਨਾ ਕਨੈਕਟ ਕਰੋ, ਇਸਦੀ ਵੋਲਟੇਜ 'ਤੇ ਨਜ਼ਰ ਰੱਖੋ।
- ਇਸ ਲਈ ਗਰਮੀ ਦੇ ਮੌਸਮ ਵਿੱਚ ਆਪਣੀ ਸਿਹਤ ਦੇ ਨਾਲ-ਨਾਲ ਆਪਣੇ ਏਸੀ ਦਾ ਵੀ ਪੂਰਾ ਧਿਆਨ ਰੱਖੋ, ਤਾਂ ਜੋ ਇਹ ਤੁਹਾਨੂੰ ਚੰਗੀ ਅਤੇ ਠੰਡੀ ਹਵਾ ਦਿੰਦਾ ਰਹੇ।
ਏਸੀ ਖਰੀਦਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ?
ਮਾਹਰਾਂ ਦਾ ਕਹਿਣਾ ਹੈ ਕਿ ਤਾਂਬੇ ਨਾਲ ਬਣੇ ਏਸੀ ਐਲੂਮੀਨੀਅਮ ਕੰਡੈਂਸਰ ਵਾਲੇ ਏਸੀ ਦੀ ਤੁਲਨਾ ਵਿੱਚ ਵੱਧ ਮਹਿੰਗੇ ਹਨ।
ਤਾਂਬਾ ਪਾਣੀ ਜਾਂ ਹਵਾ ਦੇ ਨਾਲ ਪ੍ਰਤੀਕਿਰਿਆ ਨਹੀਂ ਕਰਦਾ। ਇਹ ਜਲਦੀ ਠੰਡਾ ਵੀ ਹੋ ਜਾਂਦਾ ਹੈ।
ਤਾਂਬਾ ਆਪਣੇ ਘੱਟ ਤਾਪ ਗੁਣਾਂ ਦੇ ਕਰਕੇ ਜਲਦੀ ਗਰਮ ਨਹੀਂ ਹੁੰਦਾ। ਇਸ ਲਈ ਮਾਹਰ ਐਲੂਮੀਨੀਅਮ ਏਸੀ ਦੀ ਦੀ ਥਾਂ ਤਾਂਬੇ ਦੇ ਏਸੀ ਨੂੰ ਪਹਿਲ ਦਿੰਦੇ ਹਨ।
ਭਾਰਤ ਵਿੱਚ ਤੇਜ਼ੀ ਨਾਲ ਵਧ ਰਹੀ ਏਸੀ ਦੀ ਵਿੱਕਰੀ
ਭਾਰਤ ਵਿੱਚ ਗਲੋਬਲ ਵਾਰਮਿੰਗ ਦਾ ਪ੍ਰਭਾਵ ਸਪਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ। ਹੁਣ ਲਗਭਗ ਹਰ ਸਾਲ ਗਰਮੀ ਦਾ ਪ੍ਰਕੋਪ ਹੋਰ ਵਧਦਾ ਦਿਖਾਈ ਦੇ ਰਿਹਾ ਹੈ।
ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ, ਭਾਰਤ ਦੇ 30 ਕਰੋੜ ਘਰਾਂ ਵਿੱਚੋਂ ਸਿਰਫ਼ 8 ਫ਼ੀਸਦੀ ਘਰਾਂ ਵਿੱਚ ਹੀ ਏਅਰ ਕੰਡੀਸ਼ਨਰ ਹਨ, ਜਿਨ੍ਹਾਂ ਵਿੱਚੋਂ ਕੁਝ ਘਰਾਂ ਵਿੱਚ ਇੱਕ ਤੋਂ ਵੱਧ ਯੂਨਿਟ ਹਨ। ਇਸਦੇ ਬਾਵਜੂਦ, ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵੱਧਦਾ ਏਅਰ ਕੰਡੀਸ਼ਨਰ ਬਾਜ਼ਾਰ ਹੈ।
ਇਕਨਾਮਿਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ, ਸਾਲ 2025 ਵਿੱਚ ਭਾਰਤ ਵਿੱਚ ਏਅਰ ਕੰਡੀਸ਼ਨਰਾਂ ਦੇ 1 ਕਰੋੜ 40 ਲੱਖ ਯੂਨਿਟ ਖਰੀਦੇ ਗਏ।
ਪਿਛਲੇ ਸਾਲ ਵਿਸ਼ਵ ਪੱਧਰ 'ਤੇ ਵੇਚੇ ਗਏ 17 ਕਰੋੜ ਏਅਰ ਕੰਡੀਸ਼ਨਰ ਯੂਨਿਟਾਂ ਵਿੱਚੋਂ 9 ਕਰੋੜ ਯੂਨਿਟ ਚੀਨ ਨੇ ਖਰੀਦੇ, ਜਦਕਿ ਭਾਰਤ ਨੇ 1 ਕਰੋੜ ਯੂਨਿਟ ਖਰੀਦੇ।
ਪੈਰਿਸ ਵਿੱਚ ਸਥਿਤ ਐਨਰਜੀ ਥਿੰਕ ਟੈਂਕ ਇੰਟਰਨੈਸ਼ਨਲ ਐਨਰਜੀ ਏਜੰਸੀ (ਆਈਈਏ) ਦਾ ਅਨੁਮਾਨ ਹੈ ਕਿ ਸਾਲ 2050 ਤੱਕ ਦੇਸ਼ ਵਿੱਚ ਘਰੇਲੂ ਏਅਰ ਕੰਡੀਸ਼ਨਰਾਂ ਦੀ ਮਾਲਕੀ ਵਿੱਚ ਨੌਂ ਗੁਣਾ ਵਾਧਾ ਹੋਵੇਗਾ, ਜੋ ਟੀਵੀ, ਫ੍ਰਿਜ ਅਤੇ ਵਾਸ਼ਿੰਗ ਮਸ਼ੀਨ ਸਮੇਤ ਹੋਰ ਸਾਰੇ ਘਰੇਲੂ ਉਪਕਰਣਾਂ ਦੀ ਮਾਲਕੀ ਵਿੱਚ ਵਾਧੇ ਨਾਲੋਂ ਕਾਫ਼ੀ ਵੱਧ ਹੋਵੇਗਾ।