'ਖ਼ਾਲਸਾ ਵਹੀਰ' ਦੀ ਸ਼ੁਰੂਆਤ ਕਰ ਕੇ ਅਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਬਾਹਰ ਦੀ ਵੀ ਯੋਜਨਾ ਬਾਰੇ ਦੱਸਿਆ
ਵਾਰਿਸ ਪੰਜਾਬ ਦੇ ਜੱਥੇਬੰਦੀ ਵਲੋਂ ਆਯੋਜਿਤ ਕਰੀਬ 10 ਦਿਨਾਂ ਤੱਕ ਚੱਲਣ ਵਾਲਾ ਕਾਫ਼ਲਾ, ਜਿਸ ਨੂੰ ‘ਖਾਲਸਾ ਵਹੀਰ’ ਦਾ ਨਾਮ ਦਿੱਤਾ ਗਿਆ ਹੈ ਸਿੱਖ ਆਗੂ ਅਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਅਕਾਲ ਤਖ਼ਤ ਤੋਂ ਤੁਰ ਪਿਆ ਹੈ।
ਵਹੀਰ ਦੀ ਅਰਦਾਸ ਲਈ ਅਮ੍ਰਿਤਪਾਲ ਸਿੰਘ ਆਪਣੇ ਸਮਰਥਕਾਂ ਦੇ ਨਾਲ ਅਕਾਲ ਤਖ਼ਤ ਸਾਹਿਬ ਪਹੁੰਚੇ। ਉੱਥੇ ਉਨ੍ਹਾਂ ਨੇ ਅਰਦਾਸ ਕੀਤੀ। ਇਸ ਮਗਰੋਂ ਉਨ੍ਹਾਂ ਨੇ ਚਾਲੇ ਪਾਏ।
ਅਮ੍ਰਿਤਪਾਲ ਸਿੰਘ ਅਗਵਾਈ ਵਿੱਚ ਸ਼ੁਰੂ ਹੋਏ ਇਸ ਕਾਫ਼ਲੇ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ।

ਤਸਵੀਰ ਸਰੋਤ, Getty Images
ਮੀਡੀਆ ਨਾਲ ਗੱਲ ਕਰਦਿਆਂ ਅਮ੍ਰਿਤਪਾਲ ਵਲੋਂ ਇਸ ਵਹੀਰ ਨੂੰ ਧਰਮ ਪ੍ਰਚਾਰ ਦਾ ਜ਼ਰੀਆ ਦੱਸਿਆ ਗਿਆ ਤੇ ਕਿਸੇ ਵੀ ਧਰਮ ਦੇ ਲੋਕ ਜੋ ਸਿੱਖ ਧਰਮ ਨੂੰ ਸਮਝਣਾ ਚਾਹੁੰਦੇ ਹੋਣ ਦਾ ਸਵਾਗਤ ਕਰਨ ਦੀ ਗੱਲ ਆਖੀ ਗਈ।
ਇਸ ਵਹੀਰ ਲਈ ਇਕ ਰੂਟ ਨਿਰਧਾਰਿਤ ਕਰਨ ਦੇ ਨਾਲ ਨਾਲ, ਹਿੱਸਾ ਲੈਣ ਵਾਲਿਆਂ ਲਈ ਕੁਝ ਹਦਾਇਤਾਂ ਵੀ ਜਥੇਬੰਦੀ ਵਲੋਂ ਜਾਰੀ ਕੀਤੀਆਂ ਗਈਆਂ ਸਨ।
1-2 ਦਸੰਬਰ ਤੱਕ ਚੱਲਣ ਵਾਲੇ ਇਹ ਮਾਰਚ ਵੱਖ-ਵੱਖ ਥਾਵਾਂ 'ਤੇ ਰੁਕੇਗਾ। ਜੰਡਿਆਲਾ , ਡੱਡੂਆਣਾ, ਭੋਏਵਾਲ, ਮਹਿਤਾ ਚੌਕ, ਬਾਬਾ ਬਕਾਲਾ ਸਾਹਿਬ, ਮੀਆਂਵਿੰਡ, ਨਾਗੋਕੇ/ਖਡੂਰ ਸਾਹਿਬ, ਧੂੰਦਾ/ ਗੋਇੰਦਵਾਲ ਸਾਹਿਬ, ਨਵਾਂ ਸ਼ਹਿਰ ਤੇ ਰੋਪੜ ਤੋਂ ਹੁੰਦਾ ਹੋਇਆ ਸ਼੍ਰੀ ਅੰਨਦਪਰ ਸਾਹਿਬ ਜਾ ਕੇ ਰੁਕੇਗਾ।
ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਅਮ੍ਰਿਤਪਾਲ ਸਿੰਘ ਦਾ ਨਾਮ ਚਰਚਾ ਵਿੱਚ ਹੈ।
ਕਈ ਵਾਰ ਉਹਨਾਂ ਨੂੰ ਆਪਣੀ ਤਿੱਖੀ ਬਿਆਨਬਾਜ਼ੀ ਕਾਰਨ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ।
ਅਮ੍ਰਿਤਪਾਲ ਸਿੰਘ ਮਰਹੂਮ ਅਦਾਕਾਰ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ ''ਵਾਰਸ ਪੰਜਾਬ ਦੇ'' ਜਥੇਬੰਦੀ ਦੇ ਨਵੇਂ ਮੁਖੀ ਹਨ।
ਉਨ੍ਹਾਂ ਦੀ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ ਨੂੰ ਕੀਤੀ ਗਈ ਹੈ।

ਖਾਲਸਾ ਵਹੀਰ ਸਮਾਜਿਕ ਬਦਲਾਅ ਦਾ ਰਾਹ
ਅਮ੍ਰਿਤਪਾਲ ਨੇ ਕਿਹਾ ਕਿ ਪੁਰਾਣੀ ਰਿਵਾਇਤ ਦਾ ਪਾਲਣ ਕਰਦਿਆਂ ਅਸੀਂ ਪੜਾਅ ਦਰ ਪੜਾਅ ਸਫ਼ਰ ਕਰਾਂਗੇ ਤੇ ਇਸ ਦੌਰਾਨ ਅੰਮ੍ਰਿਤ ਛੁਕਾਉਣ ਦਾ ਕੰਮ ਵੀ ਜਾਰੀ ਰਹੇਗਾ।
ਕਰੀਬ ਇੱਕ ਮਹੀਨਾ ਚੱਲਣ ਵਾਲੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਇਸ ਤੋਂ ਬਾਅਦ ਮਾਲਵੇ ਵਿੱਚ ਵੀ ਪ੍ਰਚਾਰ ਲਈ ਜਾਇਆ ਜਾਵੇਗਾ।
ਅਮ੍ਰਿਤਪਾਲ ਨੇ ਕਿਹਾ ਕਿ ਇਸ ਦੌਰਾਨ ਜਿੰਨੇ ਵੀ ਨੌਜਵਾਨ ਅੰਮ੍ਰਿਤ ਛੱਕਣਗੇ ਉਹ ਨਸ਼ਿਆਂ ਤੋਂ ਦੂਰ ਜਾਣਗੇ ਤੇ ਇਹ ਸਮਾਜਿਕ ਬਦਲਾਅ ਦੀ ਨੀਂਹ ਹੀ ਹੈ।
ਖਾਲਸਾ ਵਹੀਰ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਆਬਾਦੀ ਵਾਲੇ ਖੇਤਰਾਂ ਵਿੱਚ ਪੈਦਲ ਯਾਤਰਾ ਕੀਤੀ ਜਾਵੇਗੀ ਤੇ ਬਾਕੀ ਰਸਤਿਆਂ ’ਤੇ ਪੰਜ ਪਿਆਰਿਆਂ ਵਲੋਂ ਘੋੜਿਆਂ ’ਤੇ ਅਗਵਾਈ ਵਿੱਚ ਉਨ੍ਹਾਂ ਦੀ ਰਫ਼ਤਾਰ ਨਾਲ ਕਾਫ਼ਲਾ ਅੱਗੇ ਵਧੇਗਾ।

ਖਾਲਸਾ ਵਹੀਰ ਵਿੱਚ ਸ਼ਾਮਿਲ ਹੋਣ ਲਈ ਹਦਾਇਤਾਂ
ਜਥੇਬੰਦੀ ਵਲੋਂ ‘ਖਾਲਸਾ ਵਹੀਰ’ ਵਿੱਚ ਸ਼ਾਮੂਲੀਅਤ ਲਈ ਕੁਝ ਸ਼ਰਤਾਂ ਰੱਖੀਆਂ ਹਨ। ਇਸ ਵਿੱਚ ਪਰਿਵਾਰ ਸਮੇਤ ਹਿੱਸਾ ਲੈਣ ਵਾਲਿਆਂ ਖ਼ਾਸਕਰ ਔਰਤਾਂ ਲਈ ਰਹਿਣ ਦੇ ਪ੍ਰਬੰਧ ਤੋਂ ਲੈ ਕੇ ਸੜਕ ’ਤੇ ਆਉਣ ਜਾਣ ਵਾਲੇ ਆਮ ਲੋਕਾਂ ਦੀ ਸਹੂਲੀਅਤ ਨੂੰ ਧਿਆਨ ਵਿੱਚ ਰੱਖਣਾ ਸ਼ਾਮਿਲ ਹੈ।
ਸੋਸ਼ਲ ਮੀਡੀਆ ’ਤੇ ਇੱਕ ਪੋਸਟਰ ਜ਼ਰੀਏ ਜਾਰੀ ਕੀਤੀਆਂ ਗਈਆਂ ਹਦਾਇਤਾਂ:
- ਖਾਲਸਾ ਵਹੀਰ ਦੌਰਾਨ ਮੋਬਾਇਲ ਦੀ ਵਰਤੋਂ, ਫ਼ੋਟੋਗ੍ਰਾਫ਼ੀ, ਵੀਡੀਓਗ੍ਰਾਫ਼ੀ, ਲਾਇਵ ਆਦਿ ਦੀ ਮਨਾਹੀ ਹੋਵੇਗੀ।
- ਪੜਾਅ ਉੱਤੇ ਰਾਤ ਰਹਿਣ ਦਾ ਪ੍ਰਬੰਧ ਕੇਵਲ ਜਥੇਬੰਦੀ ਦੇ ਮਰਦ ਮੈਂਬਰਾਂ ਦਾ ਹੀ ਹੋਵੇਗਾ।
- ਪਰਿਵਾਰ ਸਮੇਤ ਖ਼ਾਸਕਰ ਔਰਤਾਂ ਤੇ ਬੱਚਿਆਂ ਨਾਲ ਸ਼ਾਮਲ ਹੋਣ ਵਾਲਿਆਂ ਲਈ ਰਿਹਾਇਸ਼ ਦਾ ਪ੍ਰਬੰਧ ਨੇੜਲੇ ਗੁਰਦੁਆਰਿਆਂ ਵਿੱਚ ਕੀਤਾ ਜਾਵੇਗਾ।
- ਠੰਢੇ ਮੌਸਮ ਅਤੇ ਮੀਂਹ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਗਰਮ ਕੱਪੜੇ, ਬਿਸਤਰੇ ਤੇ ਹੋਰ ਲੋੜੀਂਦੇ ਸਮਾਨ ਆਪਣੇ ਨਾਲ ਲਿਆਉਣ ਦੀ ਹਦਾਇਤ ਹੈ।
- ਰੌਲਾ ਪਾਉਣ ਤੇ ਇਸ਼ਤਿਹਾਰਬਾਜ਼ੀ ਦੀ ਮਨਾਹੀ ਹੋਵੇਗੀ। ਕਾਰਾਂ, ਮੋਟਰਸਾਈਕਲਾਂ ਤੇ ਟਰੈਕਟਰਾਂ ’ਤੇ ਕਿਸੇ ਵੀ ਕਿਸਮ ਦੀ ਇਸ਼ਤਿਹਾਰਬਾਜ਼ੀ ਤੋਂ ਗ਼ੁਰੇਜ਼ ਕਰਨ ਲਈ ਕਿਹਾ ਗਿਆ ਹੈ।
- ਸੜਕ ’ਤੇ ਚਲਦਿਆਂ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਤੰਗੀ ਨਾ ਦਿੱਤੀ ਜਾਵੇਇਸ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ
- ਰਾਹ ਵਿੱਚ ਖਾਣ ਪੀਣ ਦੀਆਂ ਵਸਤਾਂ ਵੰਡਣ ਉੱਤੇ ਵੀ ਮਨਾਹੀ ਹੈ। ਲੰਗਰ ਨਿਰਧਾਰਿਤ ਥਾਵਾਂ ’ਤੇ ਛਕਣ ਲਈ ਕਿਹਾ ਗਿਆ ਹੈ।
ਖਾਲਸਾ ਵਹੀਰ ਦਾ ਰੂਟ ਕੀ ਰਹੇਗਾ

ਤਸਵੀਰ ਸਰੋਤ, @WARISPUNJABDE
ਵਹੀਰ ਦੀ ਅਗਵਾਈ ਕਰ ਰਹੇ ਅਮ੍ਰਿਤਪਾਲ ਸਿੰਘ ਕੌਣ ਹਨ
ਅਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਵਾਲੇ ਦਿਨ ਅਸਲ ਵਿੱਚ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਸੀ।

ਅਮ੍ਰਿਤਪਾਲ ਸਿੰਘ ਦਾ ਦਾਅਵਾ ਹੈ ਕਿ ਉਹ ਪੰਜਾਬ ਦੇ ਮੁੱਦਿਆਂ ਪ੍ਰਤੀ ਦੀਪ ਸਿੱਧੂ ਦੀ ਸੰਵੇਦਨਾ ਦੇਖਦਿਆਂ ਉਨ੍ਹਾਂ ਤੋਂ ਪ੍ਰਭਾਵਿਤ ਹੋਏ ਤੇ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੇ ਕਰੀਬੀਆਂ ਵਿੱਚ ਸ਼ੁਮਾਰ ਹੋਏ।
ਅਮ੍ਰਿਤਪਾਲ ਨਵੰਬਰ 2020 ਤੋਂ ਸ਼ੁਰੂ ਹੋਏ ਤੇ ਕਰੀਬ ਇੱਕ ਸਾਲ ਲੰਬਾ ਚੱਲੇ ਕਿਸਾਨੀ ਅੰਦੋਨਲ ਦੌਰਾਨ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹੇ ਇਸ ਦੌਰਾਨ ਉਹ ਦੀਪ ਸਿੱਧੂ ਦਾ ਵੀ ਖੁੱਲ੍ਹ ਕੇ ਸਮਰਥਨ ਕਰਦੇ ਨਜ਼ਰ ਆਏ।

15 ਫਰਵਰੀ 2022 ਵਿੱਚ ਸੜਕ ਹਾਦਸੇ ਵਿੱਚ ਦੀਪ ਸਿੱਧੂ ਦੀ ਮੌਤ ਮਗਰੋਂ ਅਮ੍ਰਿਤਪਾਲ ‘ਵਾਰਿਸ ਪੰਜਾਬ ਦੇ’ ਜਥਬੰਦੀ ਦੇ ਪ੍ਰਧਾਨ ਬਣੇ।
ਅਮ੍ਰਿਤਪਾਲ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਤੇ ਪੰਜਾਬੀਅਤ ਦੇ ਮਸਲਿਆਂ ’ਤੇ ਨੌਜਵਾਨਾਂ ਨੂੰ ਇਕੱਠਿਆਂ ਕਰਨਾ ਸ਼ੁਰੂ ਕਰ ਦਿੱਤਾ।
ਅਮ੍ਰਿਤਪਾਲ ਨਸਲਵਾਦ ਨੂੰ ਪ੍ਰਭਾਸ਼ਿਤ ਕਰਦਿਆਂ ਕਹਿੰਦੇ ਹਨ ਕਿ ਸਿੱਖ ਆਪਣੇ ਪਹਿਰਾਵੇ ਤੇ ਬੋਲੀ ਨੂੰ ਲੈ ਕੇ ਹੀਣਾ ਮਹਿਸੂਸ ਕਰਨ ਲੱਗੇ ਹਨ ਜੋ ਕਿ ਨਸਲਵਾਦ ਦਾ ਹੀ ਰੂਪ ਹੈ।
ਉਨ੍ਹਾਂ ਵਲੋਂ ਇਨ੍ਹਾਂ ਮਸਲਿਆਂ ਨਾਲ ਨਜਿੱਠਣ ਦਾ ਇੱਕ ਹੱਲ ਸਿੱਖ ਰਿਵਾਇਤਾਂ ਮੁਤਾਬਕ ਅੰਮ੍ਰਿਤ ਛੱਕਣਾ ਦੱਸਿਆ ਜਾਂਦਾ ਹੈ।

ਇਹ ਵੀ ਪੜ੍ਹੋ-

ਅਮ੍ਰਿਤਪਾਲ ਵਲੋਂ ਪੰਜਾਬ ਵਿੱਚ ਲਗਾਤਾਰ ਅਜਿਹੇ ਸਮਾਗਮ ਕਰਵਾਏ ਗਏ ਜਿਨ੍ਹਾਂ ਵਿੱਚ ਆਮ ਲੋਕਾਂ ਨੂੰ ਅੰਮ੍ਰਿਤ ਛਕਾਇਆ ਗਿਆ।
ਹਾਲਾਂਕਿ ਉਹ ਇਹ ਵੀ ਦਾਅਵਾ ਕਰਦੇ ਹਨ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਗਠਨ ਵੇਲੇ ਉਹ ਪਿੱਛੇ ਰਹਿ ਕੇ ਕੰਮ ਕਰਦੇ ਸਨ।
ਪਰ ਉਹ ਦੀਪ ਸਿੱਧੂ ਦੀ ਮੌਤ ਮੌਕੇ ਅੰਤਿਮ ਸਸਕਾਰ ਅਤੇ ਭੋਗ ਸਮਾਗਮ ਵਿੱਚ ਹਾਜ਼ਰ ਨਹੀਂ ਸਨ।
ਦੂਜੇ ਪਾਸੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਇਹ ਵੀ ਦਾਅਵਾ ਕਰਦੇ ਹਨ,''ਅੰਮ੍ਰਿਤਪਾਲ ਦਾ ਮੋਬਾਇਲ ਨੰਬਰ ਦੀਪ ਸਿੱਧੂ ਨੇ ਬਲੌਕ ਕੀਤਾ ਹੋਇਆ ਸੀ। ਉਸ ਦੀ ਦੀਪ ਦੇ ਪਰਿਵਾਰ ਨਾਲ ਕਦੇ ਕੋਈ ਗੱਲਬਾਤ ਨਹੀਂ ਹੋਈ।''

ਤਸਵੀਰ ਸਰੋਤ, THEWARISPUNJABDE/INSTAGRAM
ਅਮ੍ਰਿਤਪਾਲ ਸਿੰਘ ਇੱਕ ਮੀਡੀਆ ਇੰਟਰਵਿਊ ਵਿੱਚ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਦੂਖੇੜ੍ਹਾ ਪਿੰਡ ਵਿੱਚ ਹੋਇਆ ਹੈ।
ਉੱਥੇ ਹੀ ਸਕੂਲੀ ਪੜ੍ਹਾਈ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਉਹ ਰੁਜ਼ਗਾਰ ਦੀ ਭਾਲ ਵਿੱਚ ਅਰਬ ਚਲੇ ਗਏ। ਉਨ੍ਹਾਂ ਦੇ ਪਿਤਾ ਦਾ ਨਾਂ ਤਰਸੇਮ ਸਿੰਘ ਅਤੇ ਮਾਤਾ ਨਾਂ ਬਲਵਿੰਦਰ ਕੌਰ ਹੈ।
ਤਰਸੇਮ ਸਿੰਘ ਦੁਬਈ ਵਿੱਚ ਟਰਾਂਸਪੋਰਟ ਦਾ ਕੰਮ ਕਰਦੇ ਹਨ।ਤਿੰਨ ਭੈਣ ਭਰਾਵਾਂ ਵਿਚੋਂ ਅੰਮ੍ਰਿਤਪਾਲ ਸਭ ਤੋਂ ਛੋਟੇ ਹਨ ਅਤੇ ਉਹ ਬਾਰਵੀਂ ਤੱਕ ਪਿੰਡ ਵਿੱਚ ਹੀ ਪੜ੍ਹੇ ਤੇ ਉਸ ਤੋਂ ਬਾਅਦ ਪਰਿਵਾਰਕ ਕਾਰੋਬਾਰ ਲਈ ਦੁਬਈ ਚਲੇ ਗਏ।

ਉਨ੍ਹਾਂ ਦੀਆਂ ਸੋਸ਼ਲ ਮੀਡੀਆ ਉੱਤੇ ਉਪਲੱਬਧ ਤਸਵੀਰਾਂ ਵਿੱਚ ਉਹ ਸਿਰੋਂ ਮੋਨੇ ਅਤੇ ਜੀਨ ਟੀ-ਸ਼ਰਟ ਪਹਿਨਣ ਵਾਲੇ ਆਮ ਨੌਜਵਾਨ ਨਜ਼ਰ ਆਉਂਦੇ ਹਨ।
ਅਮ੍ਰਿਤਪਾਲ ਦਾ ਕਹਿਣਾ ਹੈ ਕਿ ਉਹ ਜਲਦੀ ਕਿਤੇ ਲੋਕਾਂ ਵਿੱਚ ਘੁਲਦੇ ਮਿਲਦੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਬਹੁਤ ਜ਼ਿਆਦਾ ਦੋਸਤ ਹਨ।
ਇੱਕ ਇੰਟਰਵਿਊ ਮੁਤਾਬਕ ਉਨ੍ਹਾਂ ਨੇ ਦਾਅਵਾ ਕੀਤਾ ਕਿ ਦੁਬਈ ਰਹਿਣ ਦੌਰਾਨ ਉਨ੍ਹਾਂ ਨੇ ਉੱਥੋਂ ਦੀਆਂ ਮਸ਼ਹੂਰ ਇਮਾਰਤਾਂ, ਜਿਨ੍ਹਾਂ ਨੂੰ ਦੇਖਣ ਦੂਰੋਂ-ਦੂਰੋਂ ਲੋਕ ਆਉਂਦੇ ਹਨ, ਉਹ ਵੀ ਨਹੀਂ ਦੇਖੀਆਂ।
ਪੜ੍ਹਨ ਬਾਰੇ ਉਹ ਦੱਸਦੇ ਹਨ ਕਿ ਸਕੂਲ ਦੌਰਾਨ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਸੀ ਅਤੇ ਉਸ ਤੋਂ ਬਾਅਦ ਦੁਬਈ ਚਲੇ ਗਏ ਅਤੇ ਫਿਰ ਸਮਾਂ ਨਹੀਂ ਮਿਲਿਆ।
ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਉਹ ਜਾਣਕਾਰੀ ਤੇ ਮਸਲਿਆਂ ’ਤੇ ਸਮਝ ਬਣਾਉਣ ਲਈ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰਾ ਕਰਦੇ ਹਨ।

ਤਸਵੀਰ ਸਰੋਤ, DEEPSIDHU/FB
ਦੀਪ ਸਿੱਧੂ ਵਲੋਂ ਬਣਾਈ ਗਈ ਵਾਰਿਸ ਪੰਜਾਬ ਦੀ ਜਥੇਬੰਦੀ
ਮਰਹੂਮ ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ ਵੱਲੋਂ ਵਾਰਿਸ ਪੰਜਾਬ ਦੇ ਨਾਮ ਦੀ ਜਥੇਬੰਦੀ ਦਾ ਗਠਨ ਸਤੰਬਰ 2021 ਵਿੱਚ ਕੀਤਾ ਗਿਆ ਸੀ।
ਉਸ ਵੇਲੇ ਉਨਾਂ ਵਲੋਂ ਇਸ ਨੂੰ ਬਣਾਉਣ ਪਿੱਛੇ ਮਕਸਦ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਦੱਸਿਆ ਗਿਆ ਸੀ।
ਦੀਪ ਸਿੱਧੂ ਵਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਨੌਜਵਾਨਾਂ ਨੂੰ ਜੋੜਨ ਦਾ ਕੰਮ ਕੀਤਾ ਗਿਆ।
ਉਹ ਕਿਸਾਨ ਅੰਦੋਲਨ ਦੌਰਾਨ ਸਰਗ਼ਰਮ ਰਹੇ ਤੇ 26 ਜਨਵਰੀ 2021 ਨੂੰ ਲਾਲ ਕਿਲ੍ਹੇ ਵੱਲ ਗਈ ਭੀੜ ਦਾ ਹਿੱਸਾ ਰਹਿਣ ਕਾਰਨ ਵਿਵਾਦਾਂ ਵਿੱਚ ਰਹੇ।ਬਾਅਦ ਵਿੱਚ ਉਨ੍ਹਾਂ ਦੀ ਦਿੱਲੀ ਕੋਲ ਸੜਕ ਹਾਦਸੇ ਵਿੱਚ ਮੌਤ ਹੋ ਗਈ।

ਇਹ ਵੀ ਪੜ੍ਹੋ-














