ਅਪਾਹਜ ਔਰਤ ਆਪਣੇ ਪਹਿਲੇ ਜਿਣਸੀ ਅਨੁਭਵ ਨੂੰ ਕਿਉਂ ਸਾਂਝਾ ਕਰਨਾ ਚਾਹੁੰਦੀ ਹੈ

ਤਸਵੀਰ ਸਰੋਤ, MELANIE
- ਲੇਖਕ, ਬੈਥ ਰੋਜ਼
- ਰੋਲ, ਬੀਬੀਸੀ ਅਕਸੈਸ ਆਲ
- ਪ੍ਰਕਾਸ਼ਿਤ
ਕੋਵਿਡ -19 ਦੌਰਾਨ ਜਦੋਂ ਮੈਲੇਨੀ ਆਸਟਰੇਲੀਆ ਦੇ ਘਰ ਵਿੱਚ ਇਕਾਂਤਵਾਸ ਵਿੱਚ ਸਨ। ਉਨ੍ਹਾਂ ਨੇ ਆਪਣੇ-ਆਪ ਨਾਲ ਇੱਕ ਵਾਅਦਾ ਕੀਤਾ। ਉਹ ਇਹ ਸੀ ਕਿ ਜਦੋਂ ਵੀ ਉਨ੍ਹਾਂ ਨੂੰ ਆਪਣੇ ਘਰ ਤੋਂ ਬਾਹਰ ਨਿਕਲਣ ਦਿੱਤਾ ਜਾਵੇਗਾ ਤਾਂ ਉਹ ਆਪਣੇ ਇਕੱਲੇਪਣ ਨੂੰ ਦੂਰ ਕਰਨ ਲਈ ਕਿਸੇ ਸੈਕਸ ਵਰਕਰ ਦੀ ਭਾਲ ਕਰੇਗੀ।
ਅਪਾਹਜ ਹੋਣ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਹੋ ਸਕਿਆ ਅਤੇ ਉਹ ਸਰੀਰਕ ਅਤੇ ਭਾਵੁਕ ਤੌਰ 'ਤੇ ਵਿੱਚ ਇਕੱਲੇ ਸਨ। ਉਨ੍ਹਾਂ ਨੇ ਇੱਕ ਵਾਰ ਵੀ ਕਿਸੇ ਨਾਲ ਸਰੀਰਕ ਸੰਬਧ ਨਹੀਂ ਬਣਾਏ ਸਨ।
ਆਪਣੀ ਭਾਲ ਦੌਰਾਨ ਉਨ੍ਹਾਂ ਦੀ ਮੁਲਾਕਾਤ ਚੈਸੇ ਨਾਮ ਦੇ ਇੱਕ ਵਿਅਕਤੀ ਨਾਲ ਹੋਈ।
ਸੈਕਸ ਵਰਕਰ ਰਾਹੀਂ ਆਪਣੀਆਂ ਜਿਨਸੀ ਲੋੜਾਂ ਨੂੰ ਜਾਨਣ ਅਤੇ ਪੂਰਿਆਂ ਕਰਨ ਦੀ ਸਲਾਹ ਸਭ ਤੋਂ ਪਹਿਲਾਂ ਮੈਲੇਨੀ ਦੀ ਸੇਵਾ-ਸੰਭਾਲ ਕਰਨ ਵਾਲੀ ਕਰਮਚਾਰੀ ਟਰੇਸੀ (ਬਦਲਿਆ ਹੋਇਆ ਨਾਮ) ਨੇ ਹੀ ਦਿੱਤੀ ਸੀ।
ਇਕਾਂਤਵਾਸ ਦੌਰਾਨ ਮੈਲੇਨੀ ਅਤੇ ਉਸ ਦੀ ਸੇਵਾਦਾਰ ਇਕੱਠੇ ਸਨ, ਜਦੋਂ ਟਰੇਸੀ ਨੇ ਇੱਕ ਵਾਰ ਮੈਲੇਨੀ ਦੀ ਮਾਲਸ਼ ਕੀਤੀ ਸੀ।
ਇਸ ਤੋਂ ਪਹਿਲਾਂ ਮੈਲੇਨੀ ਨੂੰ ਇਲਾਜ ਤੋਂ ਬਿਨਾਂ ਕਦੇ ਕਿਸੇ ਨੇ ਹੱਥ ਨਹੀਂ ਲਗਾਈਆ ਸੀ। 43 ਸਾਲਾ ਮੈਲੇਨੀ ਨੂੰ ਅਹਿਸਾਸ ਹੋਇਆ ਕਿ ਉਹ ਕੁਝ ਹੋਰ ਵੀ ਚਾਹੁੰਦੀ ਸੀ।
ਟਰੇਸੀ ਨੇ ਮੈਲੇਨੀ ਨੂੰ ਦੱਸਿਆ ਕਿ ਉਹ ਕਦੇ ਖੁਦ ਵੀ ਇੱਕ ਸੈਕਸ ਵਰਕਰ ਰਹੀ ਸੀ ਅਤੇ ਉਸਦਾ ਸੋਚਣਾ ਸੀ ਕਿ ਮੈਲੇਨੀ ਨੂੰ ਕਿਸੇ ਸੈਕਸ ਵਰਕਰ ਦੀਆਂ ਨਿੱਜੀ ਸੇਵਾਵਾਂ ਦੀ ਸੰਭਾਵਨਾ ਤਲਾਸ਼ਣੀ ਚਾਹੀਦੀ ਸੀ।
ਇਸ ਸੁਝਾਅ ਬਾਰੇ ਮੈਲੇਨੀ ਨੇ ਕਿਹਾ, "ਇਸ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਸ਼ਾਇਦ ਮੈਂ ਵੀ ਇਸਦਾ ਅਨੁਭਵ ਕਰ ਸਕਦੀ ਹਾਂ।"
ਮੈਲੇਨੀ ਨੇ ਇੰਟਰਨੈਟ 'ਤੇ ਇੱਕ ਐਸਕੋਰਟ ਏਜੰਸੀ (ਸਾਥੀ ਭਾਲਣ ਵਿੱਚ ਮਦਦ ਕਰਨ ਵਾਲੀ ਏਜੰਸੀ) ਦੀ ਭਾਲ ਕੀਤੀ ਜਿੱਥੇ ਚੈਸੇ ਨਾਮਕ ਇੱਕ ਵਿਅਕਤੀ ਦੀ ਪ੍ਰੋਫਾਈਲ ਨੇ ਉਨ੍ਹਾਂ ਦਾ ਧਿਆਨ ਖਿੱਚਿਆ।
ਮੈਲੇਨੀ ਨੇ ਇੱਕ ਬੁਕਿੰਗ ਕੀਤੀ ਅਤੇ ਪਹਿਲੇ ਸੈਸ਼ਨ ਲਈ ਚੈਸੀ ਦੇ ਅਪਾਰਟਮੈਂਟ ਪਹੁੰਚੇ।
ਚੈਸੇ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਮੈਲੇਨੀ ਦੱਸਦੀ ਹੈ,"ਜਦੋਂ ਮੈਂ ਆਪਣੀ ਪਾਵਰ ਚੇਅਰ ਵਿੱਚੋਂ ਨਿਕਲੀ ਅਤੇ ਮੇਰਾ ਸਹਿਯੋਗੀ ਚਲਾ ਗਿਆ, ਤਾਂ ਉੱਥੇ ਸਿਰਫ਼ ਅਸੀਂ ਦੋਵੇਂ ਹੀ ਸੀ। ਮੈਨੂੰ ਨਹੀਂ ਪਤਾ ਸੀ ਕਿ ਕੀ ਹੋਣ ਜਾ ਰਿਹਾ ਹੈ।"

ਤਸਵੀਰ ਸਰੋਤ, MELANIE
ਬਚਪਨ ਤੋਂ ਹੀ ਵ੍ਹੀਲਚੇਅਰ 'ਤੇ ਸੀ
ਮੈਲੇਨੀ ਤਿੰਨ ਸਾਲ ਦੀ ਉਮਰ ਤੋਂ ਹੀ ਵ੍ਹੀਲਚੇਅਰ ਦੀ ਵਰਤੋਂ ਕਰ ਰਹੀ ਹੈ, ਜਦੋਂ ਤੋਂ ਉਸ ਨੂੰ ਰੀੜ੍ਹ ਦੀ ਹੱਡੀ ਦੀ ਸੋਜਸ਼ ਦਾ ਪਤਾ ਲੱਗਿਆ ਹੈ। ਇਸ ਸਥਿਤੀ ਨੂੰ ਟ੍ਰਾਂਸਵਰਸ ਮਾਈਲਾਈਟਿਸ ਵੀ ਕਿਹਾ ਜਾਂਦਾ ਹੈ। ਇਸ ਨੇ ਮੈਲੇਨੀ ਦੀਆਂ ਲੱਤਾਂ ਨੂੰ ਬੇਜਾਨ ਅਤੇ ਉਨ੍ਹਾਂ ਦੀਆਂ ਬਾਹਾਂ ਦੀ ਹਿੱਲਜੁੱਲ ਨੂੰ ਸੀਮਤ ਕਰ ਦਿੱਤਾ ਹੈ।
ਮੈਲੇਨੀ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਮਦਦ ਕਰਨ ਲਈ ਮਦਦ ਦੀ ਲੋੜ ਪੈਂਦੀ ਹੈ।
ਮੈਲੇਨੀ ਜਪਾਨ ਵਿੱਚ ਵੀ ਰਹਿ ਅਤੇ ਕੰਮ ਕਰ ਚੁੱਕੀ ਹੈ। ਹੁਣ ਉਹ ਇੱਕ ਵੀਡੀਓ ਐਡੀਟਰ ਹਨ। ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਕਿਸਮਤ ਵਿੱਚ ਕਦੇ ਵੀ ਰੁਮਾਂਸ ਨਹੀਂ ਹੈ। "ਮੇਰਾ ਮੰਨਣਾ ਸੀ ਕਿ ਇਹ ਬਸ ਜਦੋਂ ਹੁੰਦਾ ਹੈ ਉਦੋਂ ਹੀ ਹੁੰਦਾ ਹੈ।"
ਡੇਟਿੰਗ ਕਰਨਾ ਅਤੇ ਦੂਜਿਆਂ ਲਈ ਆਪਣੇ-ਆਪ ਨੂੰ ਖੋਲ੍ਹਣ ਤੋਂ ਉਨ੍ਹਾਂ ਨੂੰ ਡਰ ਲਗਦਾ ਹੈ ਅਤੇ ਸਮਾਜਿਕ ਸਮਝ ਤੋਂ ਵੀ ਅਪਾਹਜ ਲੋਕਾਂ ਦੀਆਂ ਵੀ ਸਰੀਰਕ ਲੋੜਾਂ ਬਾਹਰ ਹਨ।
ਸਰਕਾਰ ਦੁਆਰਾ 2021 ਵਿੱਚ ਪ੍ਰਕਾਸ਼ਿਤ ਯੂਕੇ ਡਿਸੇਬਲਿਟੀ ਸਰਵੇ ਦੇ ਅਨੁਸਾਰ, ਆਮ ਆਬਾਦੀ ਵਿੱਚੋਂ 56% ਲੋਕਾਂ ਨੇ ਕਿਹਾ ਕਿ ਉਹ ਇੱਕ ਅਪਾਹਜ ਵਿਅਕਤੀ ਨਾਲ ਰੁਮਾਂਸ ਵਿੱਚ ਸਹਿਜ ਮਹਿਸੂਸ ਕਰਨਗੇ।
ਮੈਲੇਨੀ ਖੁਦ ਵੀ ਕਦੇ ਆਪਣੀਆਂ ਸਰੀਰਕ ਜ਼ਰੂਰਤਾਂ ਬਾਰੇ ਕਦੇ ਸਪਸ਼ਟ ਨਹੀਂ ਹੋ ਸਕੇ। ਆਖ਼ਰ ਉਨ੍ਹਾਂ ਨੇ ਇਸ ਨੂੰ ਸੰਜੋਗ ਦੀ ਗੱਲ ਕਹਿ ਕੇ ਛੱਡ ਦਿੱਤਾ।
ਚੈਸੇ ਨੂੰ ਪੁੱਛਗਿੱਛ ਲਈ ਪਹਿਲੀ ਈਮੇਲ ਕਰਨ ਤੋਂ ਬਾਅਦ, ਦੋਵਾਂ ਨੇ ਵੀਡੀਓ ਕਾਲ ਉੱਪਰ ਕਈ ਵਾਰ ਸੰਭਾਵੀ ਮੁਸ਼ਕਲਾਂ ਬਾਰੇ ਗੱਲ ਕੀਤੀ ਤਾਂ ਜੋ ਉਹ ਚਰਚਾ ਕਰਕੇ ਉਨ੍ਹਾਂ ਦਾ ਹੱਲ ਕਰ ਸਕਣ।
ਮੈਲੇਨੀ ਮੁਤਾਬਕ, "ਮੈਂ ਅਣਗਿਣਤ ਸਵਾਲ ਪੁੱਛੇ ਹੋਣਗੇ, ਕੀ ਤੁਸੀਂ ਪਹਿਲਾਂ ਕਦੇ ਇੱਕ ਹੋਇਸਟ ਦੀ ਵਰਤੋਂ ਕੀਤੀ ਹੈ? ਕੀ ਤੁਹਾਡੇ ਅਪਾਰਟਮੈਂਟ ਤੱਕ ਵ੍ਹੀਲਚੇਅਰ ਜਾਂਦੀ ਹੈ? ਤੁਹਾਡੀ ਜਗ੍ਹਾ ਵਿੱਚ ਲਿਫਟ ਕਿੰਨੀ ਖ਼ਰਾਬ ਹੋ ਜਾਂਦੀ ਹੈ?"
ਹੋਇਸਟ ਇੱਕ ਤਰ੍ਹਾਂ ਮਸ਼ੀਨ ਹੈ ਜੋ ਅਪਾਹਜ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਜਗ੍ਹਾ ਜਾਂ ਪੋਜੀਸ਼ਨ ਬਦਲਣ ਵਿੱਚ ਮਦਦ ਕਰਦੀ ਹੈ।
ਚੈਸ ਨੇ ਜਵਾਬ ਦਿੱਤਾ, "ਲਗਭਗ ਹਰ ਛੇ ਮਹੀਨਿਆਂ ਵਿੱਚ ਇੱਕ ਵਾਰ।"

ਤਸਵੀਰ ਸਰੋਤ, Getty Images
ਕਾਨੂੰਨੀ ਤੌਰ 'ਤੇ ਮਾਨਤਾ
ਮੈਲੇਨੀ ਅਤੇ ਚੈਸੇ ਜੋ ਕਰ ਰਹੇ ਸਨ ਉਹ ਕਾਨੂੰਨੀ ਤੌਰ 'ਤੇ ਮਾਨਤਾ ਹਾਸਲ ਸੀ। ਪੱਛਮੀ ਆਸਟ੍ਰੇਲੀਆ ਵਿੱਚ, ਵੇਸਵਾਗਮਨੀ ਐਕਟ 2000 ਦੇ ਤਹਿਤ, ਜਦੋਂ ਕਿ ਸੜਕ-ਅਧਾਰਿਤ ਜਿਣਸੀ ਕਾਰੋਬਾਰ ਕਰਨਾ ਜਾਂ ਵੇਸ਼ਵਾਘਰ ਚਲਾਉਣਾ ਗ਼ੈਰ-ਕਾਨੂੰਨੀ ਹੈ ਪਰ ਵੇਸਵਾ ਦਾ ਕਿੱਤਾ ਕਰਨਾ ਕਾਨੂੰਨ ਦੇ ਵਿਰੁੱਧ ਨਹੀਂ ਹੈ ਅਤੇ ਐਸਕੋਰਟ ਏਜੰਸੀਆਂ ਕਾਨੂੰਨੀ ਹਨ।
ਹਾਲਾਂਕਿ, ਇਸ ਬਾਰੇ ਆਸਟ੍ਰੇਲੀਆ ਦੇ ਵੱਖ-ਵੱਖ ਸੂਬਿਆਂ ਵਿੱਚ ਵੱਖੋ-ਵੱਖ ਕਾਨੂੰਨ ਹਨ।
ਯੂਕੇ ਵਿੱਚ ਵੀ ਅਜਿਹੀ ਹੀ ਸਥਿਤੀ ਹੈ। ਹਾਲਾਂਕਿ ਉੱਤਰੀ ਆਇਰਲੈਂਡ ਤੋਂ ਇਲਾਵਾ, ਯੂਕੇ ਵਿੱਚ ਪੈਸੇ ਦੇ ਬਦਲੇ ਜਿਨਸੀ ਸੇਵਾਵਾਂ ਦਾ ਲੈਣ-ਦੇਣ ਕਰਨਾ ਕਾਨੂੰਨੀ ਹੈ ਜਦਕਿ ਦਲਾਲੀ ਮੰਗਣਾ ਜਾਂ ਵੇਸ਼ਵਾਘਰ ਚਲਾਉਣਾ ਕਾਨੂੰਨੀ ਨਹੀਂ ਹੈ।
ਜਦੋਂ ਮੈਲੇਨੀ ਚੈਸੇ ਦੀ ਰਿਹਾਇਸ਼ 'ਤੇ ਪਹੁੰਚੀ, ਤਾਂ ਉਨ੍ਹਾਂ ਦੇ ਸਮਝ ਆਉਣ ਲੱਗਿਆ ਕਿ ਕੀ ਹੋਣ ਜਾ ਰਿਹਾ ਸੀ।
ਉਨ੍ਹਾਂ ਨੇ ਕਿਹਾ, "ਮੇਰਾ ਜਿਨਸੀ ਗਿਆਨ ਜਲਦੀ ਹੀ ਮੁੱਕ ਗਿਆ ਸੀ ਅਤੇ ਮੈਂ ਆਪਣੇ ਸਾਹਮਣੇ ਖੜ੍ਹੇ ਉਸ ਮਾਹਰ ਤੋਂ ਹੈਰਾਨ ਸੀ।"
ਜਿਵੇਂ ਹੀ ਉਨ੍ਹਾਂ ਦੀ ਗੱਲਬਾਤ ਅੱਗੇ ਤੁਰੀ ਤਾਂ ਮੈਲੇਨੀ ਨੂੰ ਇੱਕ ਅਹਿਸਾਸ ਹੋਇਆ ਸੀ।
"ਮੈਂ ਅਪੰਗਤਾ ਨਾਲ ਮਾਹਰ ਹਾਂ ਅਤੇ ਚੈਸੇ ਇਸ ਬਾਰੇ ਬਿਲਕੁਲ ਹੀ ਅਨਜਾਣ ਸੀ। ਅਖ਼ੀਰ ਵਿੱਚ ਅਸੀਂ ਇੱਕ ਦੂਜੇ ਦੀ ਅਗਿਆਨਤਾ ਅਤੇ ਭੋਲੇਪਣ 'ਤੇ ਹੱਸ ਰਹੇ ਸੀ। ਉਨ੍ਹਾਂ ਦੋ ਘੰਟਿਆਂ ਦੌਰਾਨ ਅਸੀਂ ਬਹੁਤ ਵਧੀਆ ਦੋਸਤ ਬਣ ਗਏ ਸੀ।"
ਚੈਸੇ ਪਿਛਲੇ ਛੇ ਸਾਲਾਂ ਤੋਂ ਇੱਕ ਸੈਕਸ ਵਰਕਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ "ਸੰਭੋਗ ਨਾਲ ਜੁੜੀਆਂ ਉਮੀਦਾਂ" ਸਭ ਤੋਂ ਵੱਡੀ ਸਮੱਸਿਆ ਹਨ। ਜਦੋਂ ਵੀ ਨਵੇਂ ਗਾਹਕਾਂ ਦੀ ਗੱਲ ਆਉਂਦੀ ਹੈ, ਲੋਕ "ਚਰਮਸੁੱਖ" ਦੀ ਗਾਰੰਟੀ ਦੇਣ ਲਈ ਬਹੁਤ ਜ਼ਿਆਦਾ ਦਬਾਅ ਪਾਉਂਦੇ ਹਨ।
ਉਹ ਕਹਿੰਦੇ ਹਨ,"ਕਿਸੇ ਵੀ ਹੋਰ ਗੂੜ੍ਹੇ ਰਿਸ਼ਤੇ ਵਾਂਗ ਤੁਹਾਨੂੰ ਦੇਖਣਾ ਪੈਂਦਾ ਹੈ ਕਿ ਤੁਹਾਡੇ ਦੋਵਾਂ ਵਿੱਚ ਕੀ ਕੰਮ ਕਰੇਗਾ ਜਾਂ ਕੀ ਨਹੀਂ।"

ਤਸਵੀਰ ਸਰੋਤ, MELANIE
ਚੈਸੇ ਨੂੰ ਮਿਲਣ ਤੋਂ ਪਹਿਲਾਂ, ਮੈਲੇਨੀ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਸਰੀਰ ਕਿਸੇ ਅੰਤਰੰਗ ਮਾਹੌਲ ਵਿੱਚ ਕਿਵੇਂ ਪ੍ਰਤੀਕਿਰਿਆ ਕਰ ਸਕਦਾ ਹੈ, ਜਾਂ ਕੀ ਥਕਾਵਟ ਉਨ੍ਹਾਂ ਦੇ ਆਨੰਦ ਨੂੰ ਤਬਾਹ ਕਰ ਦੇਵੇਗੀ।
ਉਹ ਕਹਿੰਦੇ ਹਨ, "ਇਹ ਇੱਕ ਵਜ੍ਹਾ ਸੀ ਕਿ ਮੈਂ ਚੈਸੇ ਨੂੰ ਬੁੱਕ ਕੀਤਾ।...ਮੈਂ ਸ਼ਰਾਬਖਾਨੇ ਦੇ ਕਿਸੇ ਮੁੰਡੇ ਨਾਲ ਘਰ ਨਹੀਂ ਜਾਣਾ ਚਾਹੁੰਦੀ ਸੀ ਅਤੇ ਨਾ ਹੀ ਅਜੀਬ, ਕਮਜ਼ੋਰ ਅਤੇ ਅਸੁਰੱਖਿਅਤ ਮਹਿਸੂਸ ਕਰਨਾ ਚਾਹੁੰਦੀ ਸੀ।"
ਜਿਵੇਂ-ਜਿਵੇਂ ਸਮਾਂ ਬੀਤਿਆ ਮੈਲੇਨੀ ਨੇ ਮਹਿਸੂਸ ਕੀਤਾ ਕਿ ਉਹ ਚੈਸੇ ਦੇ ਨਾਲ ਬਹੁਤ ਸਾਰਾ ਅਨੰਦ ਪ੍ਰਾਪਤ ਕਰ ਸਕਦੇ ਹਨ। ਮੈਲੇਨੀ ਨੂੰ ਆਪਣੇ ਆਪ ਨੂੰ ਸੀਮਤ ਕਰਨ ਦੀ ਲੋੜ ਨਹੀਂ ਹੈ।
ਇੱਕ ਹੋਰ ਚੀਜ਼ ਜੋ ਮੈਲੇਨੀ ਨੂੰ ਪਤਾ ਲੱਗੀ ਉਹ ਇਹ ਸੀ ਕਿ ਉਸਦੀਆਂ ਲੱਤਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਸੀ।
ਉਹ "ਬਿਸਤਰੇ ਤੋਂ ਬਾਹਰ ਨਿਕਲਣ" ਲਗਦੀਆਂ ਸਨ, ਕਿਉਂਕਿ ਉਨ੍ਹਾਂ ਉੱਪਰ ਮੈਲੇਨੀ ਦਾ ਨਿਯੰਤਰਣ ਨਹੀਂ ਹੈ। ਮੈਲੇਨੀ ਨੂੰ ਅਕਸਰ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਹਲਕੀ ਕਸਰਤ ਦੀ ਲੋੜ ਹੁੰਦੀ ਹੈ ਤਾਂ ਜੋ ਉਨ੍ਹਾਂ ਦੇ ਅੰਗ ਮੁੜ ਸਧਾਰਨ ਹੋ ਸਕਣ।
ਮੈਲੇਨੀ ਨੇ ਦੱਸਿਆ, "ਮੈਂ ਦੇਖਿਆ ਕਿ ਜੇ ਮੇਰੀਆਂ ਲੱਤਾਂ ਪਹਿਲਾਂ ਹੀ ਬਿਸਤਰੇ ਨਾਲ ਬੰਨ੍ਹ ਲਈਆਂ ਜਾਣ ਤਾਂ ਫਿਰ ਕੋਈ ਚਿੰਤਾ ਨਹੀਂ।"
ਇਹ ਆਪਣੇ ਸਰੀਰ ਦੀ ਸ਼ਕਤੀ ਅਤੇ ਸਰੀਰ ਉੱਪਰ ਕੰਟਰੋਲ ਨਾਲ ਜੁੜੇ ਸਵਾਲ ਹਨ।
ਇੱਕ ਅਣਜਾਣ ਘਰ ਵਿੱਚ ਇੱਕ ਅਪਾਹਜ ਔਰਤ ਵਜੋਂ, ਮੈਲੇਨੀ ਕਿਸੇ ਵੀ ਹੋਰ ਥਾਂ ਨਾਲੋਂ ਵਧੇਰੇ ਕਮਜ਼ੋਰ ਸਥਿਤੀ ਵਿੱਚ ਸਨ।
ਮੈਲੇਨੀ ਵਧੇਰੇ ਆਤਮ-ਵਿਸ਼ਵਾਸ਼ੀ ਹੋਈ
ਉਹ ਕਹਿੰਦੇ ਹਨ, "ਇਹ ਪਹਿਲੀ ਵਾਰ ਸੀ ਜਦੋਂ ਮੈਂ ਹਸਪਤਾਲ ਤੋਂ ਬਾਹਰ ਕਿਸੇ ਆਦਮੀ ਦੇ ਸਾਹਮਣੇ ਨੰਗੀ ਹੋਈ ਸੀ।"
ਚੈਸੇ ਨੇ ਸਦਮਾ ਦੇ ਪੀੜਤਾਂ ਨਾਲ ਕੰਮ ਕੀਤਾ ਹੈ। ਚੈਸੇ ਦਾ ਕਹਿਣਾ ਹੈ, "ਇੱਕ ਸੁਰੱਖਿਅਤ ਥਾਂ ਬਣਾਉਣਾ ਜਿੱਥੇ ਆਉਣ ਵਾਲਾ ਬੰਦਾ ਵਧੀਆ ਮਹਿਸੂਸ ਕਰੇ ਅਤੇ ਸਮਝੇ ਕਿਤੇ ਵੀ ਸਭ ਕੁਝ ਨਿਯੰਤਰਣ ਵਿੱਚ ਹੈ।" ਇਹ ਕਰਨਾ ਅਕਸਰ ਉਨ੍ਹਾਂ ਦੀ ਪਹਿਲ ਹੁੰਦੀ ਹੈ।
ਪਰ ਇਹ ਸਿਰਫ਼ ਸਰੀਰਕ ਸ਼ਕਤੀ ਦਾ ਅਸੰਤੁਲਨ ਨਹੀਂ ਹੈ, ਜਿੱਥੇ ਮੈਲੇਨੀ ਕਮਜ਼ੋਰ ਹੈ। ਅਪੰਗਤਾ ਕਈ ਵਾਰ ਲੋਕਾਂ ਨੂੰ ਬੱਚਕਾਨੇ ਬਣਾ ਸਕਦੀ ਹੈ ਅਤੇ ਉਨ੍ਹਾਂ ਨੂੰ ਕੁਝ ਤਜ਼ਰਬਿਆਂ ਲਈ ਅਯੋਗ ਮਹਿਸੂਸ ਕਰਵਾ ਸਕਦੀ ਹੈ।
ਅਜਿਹੇ ਤਜ਼ਰਬੇ ਜੋ ਸਧਾਰਨ ਲੋਕਾਂ ਲਈ ਆਮ ਹਨ। ਕੁਝ ਲੋਕ ਇਸ ਨੂੰ ਅਪਾਹਜ ਲੋਕਾਂ ਪ੍ਰਤੀ ਪੱਖਪਾਤ ਦੀ ਉਹ ਭਾਵਨਾ ਕਹਿੰਦੇ ਹਨ ਜੋ ਕਈ ਵਾਰ ਖ਼ੁਦ ਅਪਾਹਜ ਲੋਕਾਂ ਦੇ ਅੰਦਰ ਵੀ ਘਰ ਕਰ ਜਾਂਦੀ ਹੈ।
ਇਨ੍ਹਾਂ ਹਾਲੀਆ ਮੁਲਾਕਾਤਾਂ ਨੇ ਮੈਲੇਨੀ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਵਧੇਰੇ ਆਤਮ-ਵਿਸ਼ਵਾਸੀ ਬਣਾਇਆ ਹੈ।
ਉਹ ਕਹਿੰਦੀ ਹੈ, "ਮੈਨੂੰ ਪਤਾ ਸੀ ਕਿ ਚੈਸੇ ਨੂੰ ਬੁੱਕ ਕਰਕੇ ਅਤੇ ਇੱਕ ਸੇਵਾ ਲਈ ਭੁਗਤਾਨ ਕਰਕੇ, ਮੈਂ ਮਾਲਕ ਸੀ। ਮੈਨੂੰ ਪਤਾ ਸੀ ਕਿ ਜੇ ਚੈਸੇ ਨੇ ਮੇਰੇ ਨਾਲ ਵੱਖਰਾ ਵਰਤਾਓ ਕੀਤਾ ਜਾਂ ਕੁਝ ਵੀ ਅਜਿਹਾ ਕੀਤਾ ਜੋ ਮੈਨੂੰ ਪਸੰਦ ਨਹੀਂ ਤਾਂ ਉਹ ਰੁਕ ਜਾਵੇਗਾ।"
ਉਨ੍ਹਾਂ ਨੇ ਕਿਹਾ ਕਿ ਜੇ ਅਜਿਹਾ ਹੋਇਆ ਤਾਂ ਚੈਸੇ ਨੂੰ ਪਤਾ ਸੀ ਕਿ ਦੁਬਾਰਾ ਬੁਕਿੰਗ ਨਹੀਂ ਹੋਣੀ ਸੀ।
ਹਾਲਾਂਕਿ ਇਸ ਤਜ਼ਰਬੇ ਦੀ ਇੱਕ ਕੀਮਤ ਤਾਰਨੀ ਪੈਂਦੀ ਹੈ।

ਚੈਸੇ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪ੍ਰਤੀ ਘੰਟੇ ਚਾਰਜ ਲਗਭਗ 400 ਆਸਟਰੇਲੀਅਨ ਡਾਲਰ ਹੈ।
ਲਾਗਤ ਨੂੰ ਜਾਇਜ਼ ਠਹਿਰਾਉਂਦੇ ਹੋਏ, ਉਹ ਕਹਿੰਦੇ ਹਨ, "ਬਹੁਤ ਸਾਰੇ ਲੋਕ ਇਹ ਨਹੀਂ ਸਮਝਦੇ ਕਿ ਜਦੋਂ ਤੁਸੀਂ ਕਿਸੇ ਨੂੰ 48 ਘੰਟਿਆਂ ਲਈ ਮਿਲਦੇ ਹੋ ਤਾਂ ਇਹ ਕਿੰਨਾ ਫ਼ਲਦਾਇਕ ਹੋ ਸਕਦਾ ਹੈ, ਤੁਸੀਂ ਆਪਣੀ ਜ਼ਿੰਦਗੀ ਵਿੱਚ ਹੋਰ ਕੁਝ ਨਹੀਂ ਕਰਨਾ ਚਾਹੋਗੇ।"
ਚੈਸੇ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਕੰਮ ਤੋਂ ਬਹੁਤ ਸੰਤੁਸ਼ਟੀ ਮਿਲਦੀ ਹੈ।
ਉਨ੍ਹਾਂ ਮੁਤਾਬਕ, "ਕੌਣ ਹੈ ਜੋ ਵੱਖ-ਵੱਖ ਚੀਜ਼ਾਂ ਬਾਰੇ ਜਾਨਣ ਵਿੱਚ ਕਿਸੇ ਦੀ ਮਦਦ ਨਹੀਂ ਕਰਨਾ ਚਾਹੁੰਦਾ? ਮੈਂ ਉਨ੍ਹਾਂ ਲੋਕਾਂ ਲਈ ਕਿਉਂ ਨਹੀਂ ਹੋ ਸਕਦਾ ਜਿਨ੍ਹਾਂ ਨੂੰ ਇਸ ਦੀ ਲੋੜ ਹੈ ਅਤੇ ਉਹ ਸੁੰਦਰ ਮਹਿਸੂਸ ਕਰਨ ਦੇ ਹੱਕਦਾਰ ਹਨ?"
ਮੈਲੇਨੀ ਮੰਨਦੇ ਹਨ ਕਿ "ਚੈਸੇ ਨਾਲ ਪਿਆਰ ਨਾ ਕਰਨਾ ਔਖਾ ਹੈ ਪਰ ਮੈਨੂੰ ਆਪਣੇ-ਆਪ ਨੂੰ ਯਾਦ ਕਰਾਉਣਾ ਪਏਗਾ ਕਿ ਇਹ ਇੱਕ ਪੇਸ਼ੇਵਰ ਰਿਸ਼ਤਾ ਹੈ।"
ਮੈਲੇਨੀ ਅਤੇ ਚੈਸੇ ਜਨਵਰੀ ਤੋਂ ਇੱਕ ਦੂਜੇ ਨੂੰ ਮਿਲ ਰਹੇ ਹਨ, ਪਰ ਇਹ ਸਿਰਫ਼ ਸੈਕਸ ਬਾਰੇ ਨਹੀਂ ਹੈ।
ਇੱਕ ਸੈਕਸ ਵਰਕਰ ਵਜੋਂ ਆਪਣੇ ਹੁਨਰ ਪ੍ਰਦਾਨ ਕਰਨ ਦੇ ਨਾਲ, ਚੈਸੇ ਇੱਕ ਡੇਟਿੰਗ ਕੋਚ ਨਾਲ ਵੀ ਗੱਲ ਕਰ ਰਿਹਾ ਹੈ। ਇਹ ਦੇਖਣ ਲਈ ਕਿ ਕਿਵੇਂ ਉਹ ਕੋਚ ਮੈਲੇਨੀ ਨੂੰ ਡੇਟਿੰਗ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਤਾਂ ਜੋ ਮੈਲੇਨੀ ਭਵਿੱਖ ਵਿੱਚ ਕਿਸੇ ਨਾਲ ਰੁਮਾਂਟਿਕ ਰਿਸ਼ਤਾ ਵੀ ਜੇ ਸੰਭਵ ਹੋਵੇ ਤਾਂ ਬਣਾ ਸਕਣ।
ਉਹ ਕਹਿੰਦੀ ਹੈ, "ਮੈਂ ਚੈਸੇ ਦਾ ਬਦਲ ਦੇਖ ਰਹੀ ਹਾਂ। ਕੋਈ ਅਜਿਹਾ ਜੋ ਮੈਨੂੰ ਪਿਆਰ ਕਰੇ ਤੇ ਮੈਨੂੰ ਭਾਉਣ ਵਾਲੇ ਸਾਰੇ ਕੰਮ ਕਰੇ ਅਤੇ ਮੁਫ਼ਤ ਕਰੇ।"
"ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਡੇਟਿੰਗ ਐਪਸ 'ਤੇ ਜਾਵਾਂਗੀ ਅਤੇ ਪੁਰਸ਼ਾਂ ਨਾਲ ਆਨਲਾਈਨ ਗੱਲਾਂ ਕਰਾਂਗੀ ਅਤੇ ਹੁਣ ਮੈਂ ਰੋਜ਼ਾਨਾ ਕਰ ਰਹੀ ਹਾਂ। ਮੈਨੂੰ ਸਿਰਫ਼ ਇਸੇ ਗੱਲ ਦਾ ਅਫਸੋਸ ਹੈ ਕਿ ਮੈਂ ਇਹ ਪਹਿਲਾਂ ਨਹੀਂ ਕੀਤਾ।"
ਸਰਕਾਰ ਨੂੰ ਅਪੀਲ
ਮੈਲੇਨੀ ਲਈ ਇਹ ਤਜ਼ਰਬਾ ਮਹਿਜ਼ ਜਿਸਮਾਨੀ ਸਕੂਨ ਤੋਂ ਕਿਤੇ ਵਧੇਰੇ ਹੈ ਅਤੇ ਉਨ੍ਹਾਂ ਨੇ ਇਸ ਤਜ਼ਰਬੇ ਤੋਂ ਬਹੁਤ ਕੁਝ ਹਾਸਿਲ ਕੀਤਾ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰਾਂ ਨੂੰ ਜਿਨਸੀ ਸੇਵਾਵਾਂ ਤੱਕ ਪਹੁੰਚ ਕਰਨ ਲਈ ਅਪਾਹਜ ਲੋਕਾਂ ਨੂੰ ਪੈਸੇ ਦੇਣੇ ਚਾਹੀਦੇ ਹਨ ਅਤੇ ਸਹਾਇਤਾ ਕਰਨੀ ਚਾਹੀਦੀ ਹੈ।
"ਮੇਰਾ ਆਤਮਵਿਸ਼ਵਾਸ ਬਹੁਤ ਵਧ ਗਿਆ ਹੈ, ਮੈਂ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਹਾਂ ਅਤੇ ਤੁਸੀਂ ਉਸ ਜੀਵਨ ਨੂੰ ਬਦਲਣ ਵਾਲੇ ਤਜ਼ਰਬੇ ਦੀ ਕੀਮਤ ਨਹੀਂ ਲਗਾ ਸਕਦੇ।"
ਉਹ ਆਪਣੇ ਨਵੇਂ ਤਜ਼ਰਬਿਆਂ ਨੂੰ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰਨ ਲਈ ਉਤਸ਼ਾਹਿਤ ਹੈ।
"ਪਹਿਲਾਂ ਤਾਂ ਮੈਂ ਕੁਝ ਵੀ ਕਹਿਣ ਵਿੱਚ ਕੁਝ ਸ਼ਰਮਾਉਂਦੀ ਸੀ, ਪਰ ਇਸਨੇ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਫ਼ਰਕ ਲਿਆਂਦਾ ਹੈ। ਮੈਂ ਲੋਕਾਂ ਨੂੰ ਦੱਸਣਾ ਬੰਦ ਨਹੀਂ ਕਰ ਸਕੀ ਅਤੇ ਉਹ ਮੇਰੇ ਲਈ ਬਹੁਤ ਖੁਸ਼ ਹਨ। ਮੈਂ ਆਪਣੇ ਚਿਹਰੇ ਤੋਂ ਮੁਸਕਰਾਹਟ ਛੁਪਾ ਨਹੀਂ ਸਕਦੀ।"














