'ਸਤਲੁਜ' ਫ਼ਿਲਮ ਦੇ ਵਿਰੋਧ ਵਿੱਚ ਰਵਨੀਤ ਬਿੱਟੂ ਨੇ ਕੀ ਤਰਕ ਦਿੱਤੇ, ਭਾਜਪਾ ਆਗੂ ਬਿੱਟੂ ਦੇ ਬਿਆਨਾਂ ਬਾਰੇ ਕੀ ਬੋਲੇ

'ਸਤਲੁਜ' ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ 13 ਜੁਲਾਈ ਨੂੰ ਮੁੜ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ।
ਹਾਲਾਂਕਿ, ਫਿਲਮ ਦਾ ਲਗਾਤਾਰ ਵਿਰੋਧ ਕਰ ਰਹੇ ਬਿੱਟੂ ਨੂੰ ਭਾਜਪਾ ਦੇ ਕੁਝ ਆਗੂਆਂ ਵੱਲੋਂ ਬਿਆਨ ਦਿੰਦਿਆਂ ਸੋਚ-ਸਮਝ ਕੇ ਗੱਲ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।
ਪਰ ਆਪਣੀ ਅੱਜ ਭਾਵ 13 ਜੁਲਾਈ ਦੀ ਤਾਜ਼ਾ ਪ੍ਰੈੱਸ ਕਾਨਫਰੰਸ ਵਿੱਚ ਬਿੱਟੂ ਨੇ ਫਿਲਮ ਵਿੱਚ ਦਰਸਾਏ ਗਏ ਅੰਕੜਿਆਂ ਅਤੇ ਕੁਝ ਘਟਨਾਵਾਂ ਦੇ ਫਿਲਮਾਂਕਣ 'ਤੇ ਸਵਾਲ ਚੁੱਕੇ ਅਤੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਧਰਮ ਜਾਂ ਭਾਈਚਾਰੇ ਖ਼ਿਲਾਫ਼ ਬੋਲਣਾ ਨਹੀਂ, ਸਗੋਂ ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣਾ ਹੈ।
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ 'ਸਤਲੁਜ' ਫਿਲਮ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਕੰਮ ਨਾਲ ਜੁੜੀ ਹੋਈ ਹੈ। ਫਿਲਮ ਦੇ ਓਟੀਟੀ ਪਲੇਟਫਾਰਮ 'ਤੇ ਆਉਣ ਅਤੇ ਬਾਅਦ ਵਿੱਚ ਹਟਾਏ ਜਾਣ ਤੋਂ ਬਾਅਦ ਇਸ ਨੂੰ ਲੈ ਕੇ ਸਿਆਸੀ ਵਿਵਾਦ ਤੇਜ਼ ਹੋ ਗਿਆ ਹੈ।
25 ਹਜ਼ਾਰ ਦੇ ਅੰਕੜੇ 'ਤੇ ਬਿੱਟੂ ਦੀ ਚੁਣੌਤੀ
ਰਵਨੀਤ ਬਿੱਟੂ ਨੇ 'ਸਤਲੁਜ' ਫਿਲਮ ਵਿੱਚ ਦਰਸਾਏ ਗਏ 25 ਹਜ਼ਾਰ ਲੋਕਾਂ ਦੇ ਅੰਕੜੇ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਹ ਅੰਕੜਾ ਤੱਥਾਂ ਅਤੇ ਦਸਤਾਵੇਜ਼ਾਂ ਨਾਲ ਸਾਬਤ ਕੀਤਾ ਜਾਣਾ ਚਾਹੀਦਾ ਹੈ।
ਬਿੱਟੂ ਨੇ ਕਿਹਾ, "25 ਹਜ਼ਾਰ ਦਾ ਨੰਬਰ ਬਿਲਕੁਲ ਗ਼ਲਤ ਹੈ। ਮੈਂ ਇਸ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਚੈਨਲਾਂ ਦੇ ਸਾਹਮਣੇ ਚੁਣੌਤੀ ਦਿੰਦਾ ਹਾਂ। ਜੇ ਕੋਈ 25 ਹਜ਼ਾਰ ਦਾ ਅੰਕੜਾ ਸਬੂਤਾਂ ਨਾਲ ਸਾਹਮਣੇ ਲਿਆਉਂਦਾ ਹੈ ਤਾਂ ਮੈਂ ਮਾਫ਼ੀ ਮੰਗਾਂਗਾ।"
ਉਨ੍ਹਾਂ ਕਿਹਾ ਕਿ ਸ਼ਮਸ਼ਾਨ ਘਾਟਾਂ ਦੇ ਰਿਕਾਰਡਾਂ ਨੂੰ ਆਧਾਰ ਬਣਾ ਕੇ ਪੂਰੇ ਦੌਰ ਦੀ ਗਿਣਤੀ ਕਰਨਾ ਸਹੀ ਤਰੀਕਾ ਨਹੀਂ ਹੈ ਅਤੇ ਪੂਰਾ ਡਾਟਾ ਸਾਹਮਣੇ ਆਉਣਾ ਚਾਹੀਦਾ ਹੈ।
ਖਾਲੜਾ ਸਾਹਿਬ ਦੇ ਕੰਮ ਨੂੰ ਧਰਮ ਨਾਲ ਨਾ ਜੋੜਿਆ ਜਾਵੇ: ਬਿੱਟੂ

ਤਸਵੀਰ ਸਰੋਤ, FB@khalramission
ਬਿੱਟੂ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਲਈ ਕੰਮ ਕੀਤਾ ਸੀ ਅਤੇ ਉਨ੍ਹਾਂ ਦੇ ਮੁੱਦੇ ਨੂੰ ਹਿੰਦੂ-ਸਿੱਖ ਦੇ ਨਜ਼ਰੀਏ ਨਾਲ ਨਹੀਂ ਦੇਖਣਾ ਚਾਹੀਦਾ।
ਉਨ੍ਹਾਂ ਕਿਹਾ, "ਖਾਲੜਾ ਸਾਹਿਬ ਨੇ ਉਸ ਸਮੇਂ ਮਰਨ ਵਾਲੇ ਲੋਕਾਂ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਇਹ ਨਹੀਂ ਕਿਹਾ ਸੀ ਕਿ ਇਹ ਕਿਸ ਧਰਮ ਦਾ ਹੈ। ਸ਼ਮਸ਼ਾਨ ਘਾਟਾਂ ਵਿੱਚ ਹਿੰਦੂ ਵੀ ਸਨ, ਸਿੱਖ ਵੀ ਸਨ ਅਤੇ ਹੋਰ ਲੋਕ ਵੀ ਸਨ।"
ਬਿੱਟੂ ਨੇ ਕਿਹਾ ਕਿ ਜੇਕਰ ਖਾਲੜਾ ਸਾਹਿਬ 'ਤੇ ਫਿਲਮ ਬਣਾਈ ਗਈ ਹੈ ਤਾਂ ਉਸ ਵਿੱਚ ਉਸ ਸਮੇਂ ਦੇ ਸਾਰੇ ਪਹਿਲੂਆਂ ਨੂੰ ਸੰਤੁਲਿਤ ਢੰਗ ਨਾਲ ਦਿਖਾਉਣਾ ਚਾਹੀਦਾ ਹੈ।
ਪੁਲਿਸ ਅਧਿਕਾਰੀਆਂ ਅਤੇ ਆਮ ਲੋਕਾਂ ਦੀ ਪੀੜਾ ਦਾ ਵੀ ਜ਼ਿਕਰ ਹੋਵੇ
ਪ੍ਰੈੱਸ ਕਾਨਫਰੰਸ ਦੌਰਾਨ ਬਿੱਟੂ ਨੇ ਅੱਤਵਾਦ ਦੇ ਦੌਰ ਵਿੱਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਅਤੇ ਆਮ ਲੋਕਾਂ ਦਾ ਮੁੱਦਾ ਵੀ ਚੁੱਕਿਆ।
ਉਨ੍ਹਾਂ ਨੇ ਸਾਬਕਾ ਐੱਸਐੱਸਪੀ ਪਟਿਆਲਾ ਅਵਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ, "ਇੱਕ ਨੌਜਵਾਨ ਆਈਪੀਐੱਸ ਅਧਿਕਾਰੀ ਅਵਿੰਦਰ ਸਿੰਘ, ਜੋ ਗੁਰਸਿੱਖ ਸਨ, ਉਨ੍ਹਾਂ ਦੀ ਵੀ ਕਹਾਣੀ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਦਾ ਪਰਿਵਾਰ ਸੀ, ਬੱਚੇ ਸਨ, ਉਨ੍ਹਾਂ ਨੇ ਵੀ ਦੇਸ਼ ਲਈ ਆਪਣੀ ਜਾਨ ਦਿੱਤੀ।"
ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਨੂੰ ਸਿਰਫ਼ ਇੱਕ ਪੱਖ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ ਅਤੇ ਹਰ ਪੀੜਤ ਪਰਿਵਾਰ ਦੀ ਗੱਲ ਹੋਣੀ ਚਾਹੀਦੀ ਹੈ।
ਬੇਅੰਤ ਸਿੰਘ ਕਤਲ ਮਾਮਲੇ ਅਤੇ ਫਿਲਮ ਦੀ ਟਾਈਮਲਾਈਨ 'ਤੇ ਚੁੱਕੇ ਸਵਾਲ
ਬਿੱਟੂ ਨੇ ਫਿਲਮ ਵਿੱਚ ਦਰਸਾਈਆਂ ਕੁਝ ਘਟਨਾਵਾਂ ਦੀ ਟਾਈਮਲਾਈਨ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਦੇ ਕਤਲ ਅਤੇ ਜਸਵੰਤ ਸਿੰਘ ਖਾਲੜਾ ਦੇ ਮਾਮਲੇ ਨਾਲ ਜੁੜੀਆਂ ਤਰੀਕਾਂ ਅਤੇ ਘਟਨਾਵਾਂ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ, "ਸਰਦਾਰ ਬੇਅੰਤ ਸਿੰਘ ਜੀ ਦੀ ਸ਼ਹਾਦਤ 31 ਅਗਸਤ 1995 ਨੂੰ ਹੋਈ ਸੀ। ਖਾਲੜਾ ਸਾਹਿਬ ਨੂੰ ਬਾਅਦ ਵਿੱਚ ਚੁੱਕਿਆ ਗਿਆ। ਉਸ ਸਮੇਂ ਕਿਹੜੀ ਸਰਕਾਰ ਸੀ ਅਤੇ ਕੀ ਹਾਲਾਤ ਸਨ, ਇਹ ਵੀ ਦੇਖਣ ਦੀ ਲੋੜ ਹੈ।"
ਨਿਰਪੱਖ ਕਮਿਸ਼ਨ ਬਣਾਉਣ ਦੀ ਮੰਗ ਦਾ ਕੀਤਾ ਸਮਰਥਨ

ਬਿੱਟੂ ਨੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਵੱਲੋਂ ਚੁੱਕੀ ਗਈ ਕਮਿਸ਼ਨ ਬਣਾਉਣ ਦੀ ਮੰਗ ਦਾ ਸਮਰਥਨ ਕੀਤਾ।
ਉਨ੍ਹਾਂ ਕਿਹਾ, "ਮੈਂ ਇਸ ਮੰਗ ਦਾ ਸਮਰਥਨ ਕਰਦਾ ਹਾਂ ਕਿ ਇੱਕ ਕਮਿਸ਼ਨ ਬਣਨਾ ਚਾਹੀਦਾ ਹੈ। ਸੱਚ ਇੱਕ ਵਾਰ ਸਾਹਮਣੇ ਆ ਜਾਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਕਿੰਨੇ ਲੋਕ ਮਾਰੇ ਗਏ, ਕਿੰਨੇ ਪੁਲਿਸ ਵਾਲੇ ਮਾਰੇ ਗਏ ਅਤੇ ਕਿੰਨੇ ਆਮ ਲੋਕ ਪ੍ਰਭਾਵਿਤ ਹੋਏ।"
ਅਕਾਲ ਤਖ਼ਤ ਸਾਹਿਬ ਦੀ ਅਰਦਾਸ ਨੂੰ ਲੈ ਕੇ ਬਿੱਟੂ ਦੀ ਅਪੀਲ

ਤਸਵੀਰ ਸਰੋਤ, Getty Images
ਬਿੱਟੂ ਨੇ 14 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਰੱਖੇ ਗਏ ਅਰਦਾਸ ਸਮਾਗਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਵਰਗ ਦੇ ਪੀੜਤਾਂ ਨੂੰ ਯਾਦ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ, "ਅਕਾਲ ਤਖ਼ਤ ਸਾਹਿਬ ਨੂੰ ਸਾਰੇ ਮੰਨਦੇ ਹਨ। ਮੇਰੀ ਬੇਨਤੀ ਹੈ ਕਿ ਜਿਹੜੇ ਪੁਲਿਸ ਵਾਲੇ ਮਾਰੇ ਗਏ, ਜਿਹੜੇ ਆਮ ਲੋਕ ਮਾਰੇ ਗਏ ਅਤੇ ਹਰ ਵਰਗ ਦੇ ਜਿਨ੍ਹਾਂ ਲੋਕਾਂ ਦੀ ਜਾਨ ਗਈ, ਸਭ ਲਈ ਅਰਦਾਸ ਹੋਣੀ ਚਾਹੀਦੀ ਹੈ।"
ਬਿੱਟੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਵਿਰੋਧ ਕਿਸੇ ਕਲਾਕਾਰ ਜਾਂ ਫਿਲਮ ਬਣਾਉਣ ਵਾਲਿਆਂ ਨਾਲ ਨਹੀਂ ਹੈ।
ਉਨ੍ਹਾਂ ਕਿਹਾ, "ਨਾ ਮੇਰੀ ਲੜਾਈ ਦਿਲਜੀਤ ਦੋਸਾਂਝ ਨਾਲ ਹੈ ਅਤੇ ਨਾ ਕਿਸੇ ਹੋਰ ਨਾਲ। ਫਿਲਮਾਂ ਬਣਦੀਆਂ ਰਹਿਣ, ਪਰ ਇਤਿਹਾਸ ਨੂੰ ਸਹੀ ਤੱਥਾਂ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ।"
ਉਨ੍ਹਾਂ ਦੁਹਰਾਇਆ ਕਿ ਪੰਜਾਬ ਵਿੱਚ ਹਿੰਦੂ-ਸਿੱਖ ਭਾਈਚਾਰੇ ਦੀ ਸਾਂਝ ਸਭ ਤੋਂ ਮਹੱਤਵਪੂਰਨ ਹੈ ਅਤੇ ਕਿਸੇ ਵੀ ਤਰੀਕੇ ਨਾਲ ਸਮਾਜ ਵਿੱਚ ਵੰਡ ਨਹੀਂ ਪੈਣੀ ਚਾਹੀਦੀ।
ਬਿੱਟੂ ਨੇ ਕਿਹਾ, "ਫਿਲਮ ਨਾ ਰੁਕੀ ਹੈ ਅਤੇ ਨਾ ਹੀ ਇਸਨੂੰ ਕੋਈ ਰੋਕ ਸਕਦਾ ਹੈ। ਜਦੋਂ ਇਹ ਹਰ ਥਾਂ ਡਾਊਨਲੋਡ ਹੋਵੇਗੀ ਤਾਂ ਇਸਨੂੰ ਕੌਣ ਰੋਕ ਸਕਦਾ ਹੈ। ਜੇਕਰ ਕਿਸੇ ਨੂੰ ਪੁੱਛਣਾ ਹੈ ਤਾਂ ਜ਼ੀ-5 ਤੋਂ ਪੁੱਛੋ ਕਿ ਫਿਲਮ ਕਿਉਂ ਲਗਾਈ ਅਤੇ ਕਿਉਂ ਹਟਾਈ।"
10 ਜੁਲਾਈ ਦੀ ਫੇਸਬੁੱਕ ਪੋਸਟ 'ਚ ਬਿੱਟੂ ਨੇ ਚੁੱਕਿਆ ਸੀ ਪੀੜਤ ਪਰਿਵਾਰਾਂ ਦਾ ਮੁੱਦਾ

ਤਸਵੀਰ ਸਰੋਤ, ZEE5/INSTA
ਇਸ ਤੋਂ ਪਹਿਲਾਂ 10 ਜੁਲਾਈ ਨੂੰ ਰਵਨੀਤ ਸਿੰਘ ਬਿੱਟੂ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਅੱਤਵਾਦ ਦੇ ਦੌਰ ਦੌਰਾਨ ਮਾਰੇ ਗਏ ਪੁਲਿਸ ਅਧਿਕਾਰੀਆਂ ਅਤੇ ਹੋਰ ਪੀੜਤ ਪਰਿਵਾਰਾਂ ਦਾ ਜ਼ਿਕਰ ਕੀਤਾ ਸੀ।
ਬਿੱਟੂ ਨੇ ਸਾਬਕਾ ਐੱਸਐੱਸਪੀ ਪਟਿਆਲਾ ਅਵਿੰਦਰ ਸਿੰਘ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਉਹ ਇੱਕ ਗੁਰਸਿੱਖ ਆਈਪੀਐੱਸ ਅਧਿਕਾਰੀ ਸਨ, ਜੋ ਆਪਣੀ ਡਿਊਟੀ ਨਿਭਾਉਂਦੇ ਹੋਏ ਮਾਰੇ ਗਏ। ਉਨ੍ਹਾਂ ਕਿਹਾ ਸੀ ਕਿ ਅਜਿਹੇ ਪਰਿਵਾਰਾਂ ਦੀ ਪੀੜਾ ਨੂੰ ਵੀ ਸਾਹਮਣੇ ਲਿਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਸੀ, "ਇਹ ਹਿੰਦੂ ਅਤੇ ਸਿੱਖ ਦੀ ਲੜਾਈ ਨਹੀਂ ਸੀ। ਹਰ ਪੀੜਤ ਪਰਿਵਾਰ ਦੀ ਗੱਲ ਹੋਣੀ ਚਾਹੀਦੀ ਹੈ।"
ਬਿੱਟੂ ਨੇ ਲੁਧਿਆਣਾ ਵਿੱਚ ਅੱਤਵਾਦ ਦੌਰਾਨ ਪ੍ਰਭਾਵਿਤ ਸਿੱਖ ਪਰਿਵਾਰਾਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਸ ਦੌਰ ਨੂੰ ਸਿਰਫ਼ ਇੱਕ ਪੱਖ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ।
ਇਸ ਤੋਂ ਪਹਿਲਾਂ 12 ਜੁਲਾਈ ਨੂੰ ਵੀ ਰਵਨੀਤ ਸਿੰਘ ਬਿੱਟੂ ਨੇ 'ਸਤਲੁਜ' ਫਿਲਮ ਨੂੰ ਲੈ ਕੇ ਟਵੀਟ ਕਰਦਿਆਂ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਤੋਂ 25 ਹਜ਼ਾਰ ਦੇ ਅੰਕੜੇ ਸਬੰਧੀ ਦਸਤਾਵੇਜ਼ੀ ਸਬੂਤ ਜਨਤਕ ਕਰਨ ਦੀ ਮੰਗ ਕੀਤੀ ਸੀ।
ਉਨ੍ਹਾਂ ਕਿਹਾ ਸੀ ਕਿ ਫਿਲਮ ਨਿਰਮਾਤਾ "ਰਚਨਾਤਮਕ ਆਜ਼ਾਦੀ" ਦੇ ਨਾਂ 'ਤੇ ਵਿਵਾਦਿਤ ਦਾਅਵਿਆਂ ਨੂੰ ਪੱਕੇ ਇਤਿਹਾਸ ਵਜੋਂ ਪੇਸ਼ ਨਹੀਂ ਕਰ ਸਕਦੇ।
ਬਿੱਟੂ ਨੇ ਇਹ ਵੀ ਸਵਾਲ ਚੁੱਕਿਆ ਕਿ ਅੱਤਵਾਦ ਦੌਰਾਨ ਮਾਰੇ ਗਏ ਬੇਗੁਨਾਹ ਲੋਕਾਂ, ਹਿੰਦੂ ਪਰਿਵਾਰਾਂ, ਪੁਲਿਸ ਮੁਲਾਜ਼ਮਾਂ ਅਤੇ ਸੁਰੱਖਿਆ ਬਲਾਂ ਦੀ ਕੁਰਬਾਨੀ ਨੂੰ ਫਿਲਮ ਵਿੱਚ ਕਿੰਨੀ ਥਾਂ ਦਿੱਤੀ ਗਈ ਹੈ।
ਉਨ੍ਹਾਂ ਕਿਹਾ, "ਹਰ ਬੇਗੁਨਾਹ ਪੀੜਤ ਨੂੰ ਇਨਸਾਫ਼ ਅਤੇ ਯਾਦ ਮਿਲਣੀ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਧਰਮ, ਭਾਈਚਾਰੇ ਜਾਂ ਵਿਚਾਰਧਾਰਾ ਨਾਲ ਸਬੰਧਤ ਹੋਵੇ।"
ਬਿੱਟੂ ਨੇ ਚੇਤਾਵਨੀ ਦਿੱਤੀ ਕਿ ਜੇਕਰ 25 ਹਜ਼ਾਰ ਦੇ ਅੰਕੜੇ ਨੂੰ ਸਾਬਤ ਕਰਨ ਲਈ ਭਰੋਸੇਯੋਗ ਸਬੂਤ ਸਾਹਮਣੇ ਨਹੀਂ ਰੱਖੇ ਜਾਂਦੇ ਤਾਂ ਉਹ ਅਗਲੇ ਕਾਨੂੰਨੀ ਅਤੇ ਸੰਵਿਧਾਨਕ ਕਦਮਾਂ 'ਤੇ ਵਿਚਾਰ ਕਰਨਗੇ।
ਭਾਜਪਾ ਦੇ ਹੋਰ ਆਗੂਆਂ ਦੀ ਪ੍ਰਤੀਕਿਰਿਆ

ਇਕਬਾਲ ਸਿੰਘ ਲਾਲਪੁਰਾ ਨੇ 'ਸਤਲੁਜ' ਫਿਲਮ ਅਤੇ 25 ਹਜ਼ਾਰ ਦੇ ਅੰਕੜੇ 'ਤੇ ਪੱਖ ਰੱਖਿਆ।
ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ, ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀਜ਼ ਦੇ ਚੇਅਰਮੈਨ ਅਤੇ ਸਾਬਕਾ ਆਈਪੀਐੱਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੇ 'ਸਤਲੁਜ' ਫਿਲਮ ਅਤੇ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਇਤਿਹਾਸਕ ਘਟਨਾਵਾਂ ਨੂੰ ਦਿਖਾਉਂਦੇ ਸਮੇਂ ਹਰ ਪੱਖ ਨੂੰ ਸਾਹਮਣੇ ਰੱਖਣਾ ਜ਼ਰੂਰੀ ਹੈ ਅਤੇ ਫਿਲਮ ਵਿੱਚ ਦਿਖਾਏ ਗਏ 25 ਹਜ਼ਾਰ ਲੋਕਾਂ ਦੇ ਅੰਕੜੇ ਸਬੰਧੀ ਜਾਂਚ ਅਤੇ ਰਿਕਾਰਡ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਵੱਲੋਂ ਚੁੱਕੇ ਗਏ ਮੁੱਦੇ ਤੋਂ ਬਾਅਦ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ (ਐੱਨਐੱਚਆਰਸੀ) ਵੱਲੋਂ ਮਾਮਲਿਆਂ ਦੀ ਜਾਂਚ ਕਰਵਾਈ ਗਈ ਸੀ।
ਲਾਲਪੁਰਾ ਨੇ ਕਿਹਾ, "25 ਹਜ਼ਾਰ ਬੰਦੇ ਦਾ ਜਿਹੜਾ ਫ਼ੈਸਲਾ ਸੀ, ਉਹ ਜਸਵੰਤ ਸਿੰਘ ਖਾਲੜਾ ਜੀ ਨੇ ਮੁੱਦਾ ਚੁੱਕਿਆ ਸੀ। ਉਸ ਤੋਂ ਬਾਅਦ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਇਸ ਦੀ ਵੈਰੀਫਿਕੇਸ਼ਨ ਕਰਵਾਈ।"
ਲਾਲਪੁਰਾ ਨੇ ਕਿਹਾ, "ਜਦੋਂ ਇੱਕ ਪਾਸੇ ਦੇ ਜ਼ਖਮਾਂ ਦੀ ਗੱਲ ਕਰਦੇ ਹਾਂ ਤਾਂ ਨਾਲ ਇਹ ਵੀ ਦੱਸਣਾ ਚਾਹੀਦਾ ਹੈ ਕਿ ਕਿਹੜੇ ਮਾਮਲਿਆਂ ਵਿੱਚ ਕੇਸ ਦਰਜ ਹੋਏ, ਟ੍ਰਾਇਲ ਹੋਏ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ।"
ਰਵਨੀਤ ਸਿੰਘ ਬਿੱਟੂ ਵੱਲੋਂ 25 ਹਜ਼ਾਰ ਦੇ ਅੰਕੜੇ 'ਤੇ ਚੁੱਕੇ ਸਵਾਲਾਂ ਬਾਰੇ ਲਾਲਪੁਰਾ ਨੇ ਕਿਹਾ ਕਿ ਮਾਮਲੇ ਨੂੰ ਰਿਕਾਰਡ ਅਤੇ ਤੱਥਾਂ ਦੇ ਆਧਾਰ 'ਤੇ ਦੇਖਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ, "ਰਵਨੀਤ ਬਿੱਟੂ ਜੀ ਸਿਆਣੇ ਆਦਮੀ ਹਨ, ਉਨ੍ਹਾਂ ਨੂੰ ਸੋਚ ਸਮਝ ਕੇ ਅਤੇ ਵਿਚਾਰ ਕਰਕੇ ਗੱਲ ਕਹਿਣੀ ਚਾਹੀਦੀ ਹੈ। ਪੁਰਾਣੇ ਸਮੇਂ ਵਿੱਚ ਜੋ ਹੋਇਆ, ਉਸ ਤੋਂ ਸਬਕ ਲੈ ਕੇ ਸਮਾਜ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"
ਫਿਲਮ ਬਾਰੇ ਲਾਲਪੁਰਾ ਨੇ ਕਿਹਾ ਕਿ 'ਸਤਲੁਜ' ਨੂੰ ਸਰਕਾਰ ਨੇ ਨਹੀਂ ਰੋਕਿਆ। ਉਨ੍ਹਾਂ ਮੁਤਾਬਕ ਸੈਂਸਰ ਬੋਰਡ ਅਤੇ ਹੋਰ ਸੰਸਥਾਵਾਂ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀਆਂ ਹਨ ਅਤੇ ਜੇਕਰ ਕੋਈ ਇਤਰਾਜ਼ ਹੈ ਤਾਂ ਫਿਲਮ ਨਾਲ ਜੁੜੇ ਲੋਕਾਂ ਨੂੰ ਉਸ 'ਤੇ ਕਾਰਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੁਰਾਣੇ ਮਸਲਿਆਂ ਨੂੰ ਚੁੱਕਦੇ ਸਮੇਂ ਸਮਾਜਿਕ ਭਾਈਚਾਰੇ ਅਤੇ ਸ਼ਾਂਤੀ ਨੂੰ ਧਿਆਨ ਵਿੱਚ ਰੱਖਿਆ ਜਾਵੇ।
ਮਨਰੋਜਨ ਕਾਲੀਆ ਨੇ ਕੀ ਕਿਹਾ

ਤਸਵੀਰ ਸਰੋਤ, Manoranjan Kalia/FB
'ਸਤਲੁਜ' ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ਨੂੰ ਸਿਰਫ਼ ਇੱਕ ਪੱਖ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ।
ਬੀਬੀਸੀ ਪੱਤਰਕਾਰ ਰਾਹੁਲ ਕਾਲਾ ਨਾਲ ਉਨ੍ਹਾਂ ਨੇ ਫੋਨ ਉੱਤੇ ਗੱਲ ਕਰਦਿਆਂ ਕਿਹਾ ਕਿ ਪੁਰਾਣੇ ਦਰਦਨਾਕ ਦੌਰ ਤੋਂ ਸਬਕ ਲੈ ਕੇ ਅੱਜ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ।
ਕਾਲੀਆ ਨੇ ਕਿਹਾ ਕਿ ਫਿਲਮ ਵਿੱਚ ਇਤਿਹਾਸ ਦਾ ਇੱਕ ਪੱਖ ਜ਼ਿਆਦਾ ਉਭਰ ਕੇ ਸਾਹਮਣੇ ਆ ਰਿਹਾ ਹੈ, ਜਦਕਿ ਉਸ ਦੌਰ ਨਾਲ ਜੁੜੇ ਹੋਰ ਪਹਿਲੂਆਂ ਨੂੰ ਵੀ ਸਮਝਣਾ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ, "ਇਸ ਤੋਂ ਸਿਰਫ਼ ਸਬਕ ਸਿੱਖਣਾ ਚਾਹੀਦਾ ਹੈ। ਅੱਜ ਸਾਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਅਮਨ, ਸ਼ਾਂਤੀ ਅਤੇ ਭਾਈਚਾਰੇ ਨੂੰ ਹੋਰ ਕਿਵੇਂ ਮਜ਼ਬੂਤ ਕੀਤਾ ਜਾਵੇ।"
"ਅੱਜ ਦੀ ਨੌਜਵਾਨ ਪੀੜ੍ਹੀ ਨੇ ਪੰਜਾਬ ਦੇ ਅੱਤਵਾਦ ਦੇ ਦੌਰ ਨੂੰ ਨਹੀਂ ਦੇਖਿਆ ਅਤੇ ਜੇਕਰ ਉਨ੍ਹਾਂ ਸਾਹਮਣੇ ਇਤਿਹਾਸ ਦਾ ਇੱਕੋ ਪੱਖ ਰੱਖਿਆ ਜਾਵੇਗਾ ਤਾਂ ਉਨ੍ਹਾਂ ਦੀ ਸਮਝ ਵੀ ਉਸੇ ਤੱਕ ਸੀਮਤ ਰਹਿ ਸਕਦੀ ਹੈ।"
"ਨੌਜਵਾਨ ਪੀੜ੍ਹੀ ਨੂੰ ਜੋ ਦਿਖਾਇਆ ਜਾਵੇਗਾ, ਉਹੀ ਸੱਚ ਨਜ਼ਰ ਆਵੇਗਾ, ਜਦਕਿ ਪੂਰਾ ਸੱਚ ਕਈ ਪੱਖਾਂ ਨਾਲ ਜੁੜਿਆ ਹੋਇਆ ਹੈ।"

ਮਨੋਰੰਜਨ ਕਾਲੀਆ ਨੇ ਜਸਵੰਤ ਸਿੰਘ ਖਾਲੜਾ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਦਿੱਤਾ ਜਾ ਚੁੱਕਾ ਹੈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਇਤਿਹਾਸਕ ਘਟਨਾਵਾਂ ਨੂੰ ਫਿਲਮ ਦੇ ਰੂਪ ਵਿੱਚ ਪੇਸ਼ ਕਰਦੇ ਸਮੇਂ ਪੂਰਾ ਸੰਦਰਭ ਸਾਹਮਣੇ ਰੱਖਣਾ ਚਾਹੀਦਾ ਹੈ, ਤਾਂ ਜੋ ਕਿਸੇ ਇੱਕ ਪੱਖ ਦੀ ਹੀ ਤਸਵੀਰ ਨਾ ਬਣੇ।
ਰਵਨੀਤ ਸਿੰਘ ਬਿੱਟੂ ਵੱਲੋਂ 'ਸਤਲੁਜ' ਫਿਲਮ ਅਤੇ 25 ਹਜ਼ਾਰ ਦੇ ਅੰਕੜੇ 'ਤੇ ਚੁੱਕੇ ਸਵਾਲਾਂ ਬਾਰੇ ਕਾਲੀਆ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਸਾਰੇ ਪੱਖਾਂ ਨੂੰ ਧਿਆਨ ਨਾਲ ਦੇਖਣ ਦੀ ਲੋੜ ਹੈ।
ਉਨ੍ਹਾਂ ਕਿਹਾ, "ਪੁਰਾਣੇ ਜ਼ਖਮ ਖੋਲ੍ਹਣ ਦੀ ਬਜਾਏ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਪੰਜਾਬ ਦੇ ਅੱਤਵਾਦ ਦੇ ਦੌਰ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਪੱਧਰ 'ਤੇ ਨੁਕਸਾਨ ਝੱਲਿਆ ਅਤੇ ਆਪਣੀ ਭੂਮਿਕਾ ਨਿਭਾਈ।"
"ਭਾਵੇਂ ਕਾਂਗਰਸ ਹੋਵੇ, ਅਕਾਲੀ ਦਲ, ਭਾਜਪਾ ਜਾਂ ਹੋਰ ਪਾਰਟੀਆਂ, ਸਾਰਿਆਂ ਨੇ ਉਸ ਦੌਰ ਵਿੱਚ ਆਪਣਾ ਯੋਗਦਾਨ ਦਿੱਤਾ।"
ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਸਿਆਸੀ ਲਾਭ-ਨੁਕਸਾਨ ਦੀ ਬਜਾਏ ਪੰਜਾਬ ਦੀ ਸ਼ਾਂਤੀ, ਭਾਈਚਾਰੇ ਅਤੇ ਭਵਿੱਖ ਦੇ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












