ਉਦਿਤ ਨਾਰਾਇਣ: ਇੱਕ ਮਹਿਲਾ ਫ਼ੈਨ ਨੂੰ ਕਿਸ ਕਰਨ ਬਦਲੇ ਵਿਵਾਦਾਂ ਵਿੱਚ ਘਿਰੇ, ਪਹਿਲਾਂ ਵੀ ਕਈ ਵਾਰ ਰਹਿ ਚੁੱਕੇ ਹਨ ਅਜਿਹੇ ਹੀ ਕਾਰਨਾਂ ਕਰਕੇ ਚਰਚਾ 'ਚ

ਉਦਿਤ ਨਾਰਾਇਣ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਉਦਿਤ ਨਾਰਾਇਣ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਆਪਣੀ ਆਵਾਜ਼ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ 69 ਸਾਲਾ ਉਦਿਤ ਨਾਰਾਇਣ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਉਨ੍ਹਾਂ ਨਾਲ ਜੁੜਿਆ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇੱਕ ਸੰਗੀਤ ਸਮਾਰੋਹ ਦਾ ਦੱਸਿਆ ਜਾ ਰਿਹਾ ਹੈ।

ਕੰਸਰਟ ਵਿੱਚ ਉਹ ਉਨ੍ਹਾਂ ਦਾ ਸੁਪਰਹਿੱਟ ਗੀਤ 'ਟਿਪ-ਟਿਪ ਬਰਸਾ ਪਾਣੀ' ਗਾ ਰਹੇ ਸੀ ਜਦੋਂ ਉਨ੍ਹਾਂ ਦੀ ਇੱਕ ਮਹਿਲਾ ਪ੍ਰਸ਼ੰਸਕ ਸੈਲਫ਼ੀ ਲੈਣ ਦੇ ਇਰਾਦੇ ਨਾਲ ਉਦਿਤ ਨਾਰਾਇਣ ਕੋਲ ਆਉਂਦੀ ਹੈ।

ਸੈਲਫ਼ੀ ਲੈਣ ਤੋਂ ਬਾਅਦ ਮਹਿਲਾ ਫ਼ੈਨ ਨੇ ਉਦਿਤ ਨਾਰਾਇਣ ਦੀ ਗੱਲ੍ਹ 'ਤੇ ਕਿਸ ਕੀਤੀ, ਜਿਸ ਤੋਂ ਬਾਅਦ ਉਦਿਤ ਨਾਰਾਇਣ ਨੇ ਮਹਿਲਾ ਫ਼ੈਨ ਨੂੰ ਬੁੱਲਾਂ 'ਤੇ ਕਿਸ ਕੀਤੀ।

ਇਸ ਦੌਰਾਨ ਉਹ ਕੁਝ ਹੋਰ ਮਹਿਲਾ ਪ੍ਰਸ਼ੰਸਕਾਂ ਨੂੰ ਗਲ਼ੇ ਲਗਾਉਂਦੇ ਹੋਏ ਅਤੇ ਉਨ੍ਹਾਂ ਦੀਆਂ ਗੱਲ੍ਹਾਂ ਨੂੰ ਚੁੰਮਦੇ ਦਿਖਾਈ ਦਿੰਦੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਸ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਦ ਕਈ ਸੋਸ਼ਲ ਮੀਡੀਆ ਯੂਜ਼ਰਸ ਇਸ 'ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ, ਜਦਕਿ ਕੁਝ ਉਨ੍ਹਾਂ ਦੇ ਸਮਰਥਨ 'ਚ ਵੀ ਲਿਖ ਰਹੇ ਹਨ।

ਹਾਲਾਂਕਿ ਉਦਿਤ ਨਾਰਾਇਣ ਨੇ ਹਿੰਦੁਸਤਾਨ ਟਾਈਮਜ਼ ਨਾਲ ਗੱਲ ਕਰਦੇ ਹੋਏ ਇਸ ਪੂਰੇ ਮਾਮਲੇ 'ਤੇ ਸਪੱਸ਼ਟੀਕਰਨ ਦਿੱਤਾ ਹੈ।

ਉਨ੍ਹਾਂ ਨੇ ਕਿਹਾ, "ਪ੍ਰਸ਼ੰਸਕ ਬਹੁਤ ਦੀਵਾਨੇ ਹੁੰਦੇ ਹਨ, ਹੈ ਨਾ? ਅਸੀਂ ਅਜਿਹੇ ਨਹੀਂ ਹਾਂ, ਅਸੀਂ ਸ਼ਰੀਫ਼ ਲੋਕ ਹਾਂ।"

"ਕੁਝ ਲੋਕ ਇਸ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਇਸ ਜ਼ਰੀਏ ਆਪਣਾ ਪਿਆਰ ਜ਼ਾਹਰ ਕਰਦੇ ਹਨ।"

ਉਨ੍ਹਾਂ ਨੇ ਕਿਹਾ, ''...ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਹੈ।"

"ਇਸ ਲਈ ਕੁਝ ਹੱਥ ਮਿਲਾਉਣ ਲਈ ਹੱਥ ਵਧਾਉਂਦੇ ਹਨ, ਕੁਝ ਹੱਥ ਚੁੰਮਦੇ ਹਨ... ਇਹ ਸਭ ਦੀਵਾਨਗੀ ਹੈ। ਸਾਨੂੰ ਇਸ ਵੱਲ ਇੰਨਾ ਧਿਆਨ ਨਹੀਂ ਦੇਣਾ ਚਾਹੀਦਾ।"

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਦਿਤ ਨਾਰਾਇਣ ਨੇ ਸਟੇਜ 'ਤੇ ਕਿਸੇ ਨੂੰ ਚੁੰਮਿਆ ਹੋਵੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਨਾਂ ਅਜਿਹੇ ਵਿਵਾਦਾਂ 'ਚ ਆ ਚੁੱਕਾ ਹੈ।

ਸ਼੍ਰੇਆ ਗੋਸ਼ਾਲ ਨੂੰ ਕਿਸ ਕਰਨਾ

ਸ਼੍ਰੇਆ ਗੋਸ਼ਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼੍ਰੇਆ ਗੋਸ਼ਾਲ

ਮਹਿਲਾ ਫ਼ੈਨ ਨੂੰ ਕਿਸ ਕਰਨ ਦੇ ਵੀਡੀਓ ਤੋਂ ਬਾਅਦ ਹੁਣ ਉਦਿਤ ਨਾਰਾਇਣ ਦਾ ਇੱਕ ਪੁਰਾਣਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ 'ਚ ਉਦਿਤ ਗਾਇਕਾ ਸ਼੍ਰੇਆ ਗੋਸ਼ਾਲ ਨੂੰ ਕਿਸ ਕਰਦੇ ਨਜ਼ਰ ਆ ਰਹੇ ਹਨ।

ਵਾਇਰਲ ਵੀਡੀਓ 'ਚ ਉਦਿਤ ਨਾਰਾਇਣ ਸਟੇਜ 'ਤੇ ਸ਼੍ਰੇਆ ਨੂੰ ਐਵਾਰਡ ਦਿੰਦੇ ਹਨ ਅਤੇ ਅਚਾਨਕ ਉਨ੍ਹਾਂ ਦੀ ਗੱਲ੍ਹ 'ਤੇ ਕਿਸ ਕਰ ਦਿੰਦੇ ਹਨ।

ਵੀਡੀਓ 'ਚ ਸ਼੍ਰੇਆ ਦੇ ਐਕਸਪ੍ਰੈਸ਼ਨ ਤੋਂ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਉਮੀਦ ਨਹੀਂ ਸੀ। ਉਦਿਤ ਨਾਰਾਇਣ ਦੀ ਇਸ ਹਰਕਤ 'ਤੇ ਉਹ ਹੈਰਾਨ ਨਜ਼ਰ ਆ ਰਹੇ ਹਨ।

ਅਲਕਾ ਯਾਗਨਿਕ ਬਾਰੇ ਚਰਚਾ

ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ

ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀ ਜੋੜੀ ਨੂੰ ਸੰਗੀਤ ਇੰਡਸਟਰੀ ਦੀ ਹਿੱਟ ਜੋੜੀ ਮੰਨਿਆ ਜਾਂਦਾ ਹੈ।

ਦੋਵਾਂ ਨੇ 90 ਦੇ ਦਹਾਕੇ ਤੋਂ ਹੁਣ ਤੱਕ ਕਈ ਅਜਿਹੇ ਸੁਪਰਹਿੱਟ ਗੀਤ ਦਿੱਤੇ ਹਨ, ਜਿਨ੍ਹਾਂ ਨੂੰ ਲੋਕ ਅੱਜ ਵੀ ਪਸੰਦ ਕਰਦੇ ਹਨ।

ਇਨ੍ਹਾਂ 'ਚ 'ਦੇਖਨੇ ਵਾਲੇ ਨੇ', 'ਦਿਲ ਮੇਂ ਦਰਦ ਸਾ', 'ਕਹੋ ਨਾ ਪਿਆਰ ਹੈ', 'ਜੋ ਭੀ ਕਸਮੇਂ ਖਾਈ ਥੀ' ਸ਼ਾਮਲ ਹਨ। ਇਸ ਤੋਂ ਇਲਾਵਾ 'ਪਿਆਰ ਕੀ ਕਸ਼ਤੀ ਮੇਂ', 'ਕਿਸੀ ਡਿਸਕੋ ਮੇਂ ਜਾਏ', 'ਗੋਰੇ-ਗੋਰੇ ਮੁਖੜੇ ਪੇ' ਵਰਗੇ ਦਰਜਨਾਂ ਸੁਪਰਹਿੱਟ ਗੀਤ ਇਸ ਲਿਸਟ ਵਿੱਚ ਸ਼ੁਮਾਰ ਹਨ।

ਰਿਐਲਿਟੀ ਸ਼ੋਅ ਦੌਰਾਨ ਦੋਵਾਂ ਗਾਇਕਾਂ ਵਿਚਾਲੇ ਅਕਸਰ ਹੀ ਹਾਸਾ ਮਜ਼ਾਕ ਅਤੇ ਤਨਜ਼ਬਾਜ਼ੀ ਹੁੰਦੀ ਦੇਖੀ ਜਾ ਸਕਦੀ ਹੈ।

ਇੱਕ ਹੋਰ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਦਿਤ ਨਾਰਾਇਣ ਗਾਇਕਾ ਅਲਕਾ ਯਾਗਨਿਕ ਦੀ ਗੱਲ੍ਹ 'ਤੇ ਕਿਸ ਕਰਦੇ ਦੇਖੇ ਜਾ ਸਕਦੇ ਹਨ।

ਵੀਡੀਓ 'ਚ ਜਦੋਂ ਅਲਕਾ ਇੱਕ ਸਿੰਗਿੰਗ ਰਿਐਲਿਟੀ ਸ਼ੋਅ ਦੇ ਸਟੇਜ 'ਤੇ ਗਾ ਰਹੇ ਹਨ ਤਾਂ ਉਦਿਤ ਨਾਰਾਇਣ ਉਨ੍ਹਾਂ ਦੇ ਨੇੜੇ ਆਉਂਦੇ ਹਨ ਅਤੇ ਗੱਲ੍ਹ 'ਤੇ ਕਿਸ ਕਰ ਦਿੰਦੇ ਹਨ।

ਲਹਿਰੇਂ ਰੇਟੋ ਨਾਲ ਗੱਲ ਕਰਦੇ ਹੋਏ ਉਦਿਤ ਨਾਰਾਇਣ ਨੇ ਕਿਹਾ ਸੀ, "ਜਿਸ ਤਰ੍ਹਾਂ ਇੱਕ ਗਾਇਕ ਦਾ ਕਿਸੇ ਹੋਰ ਗਾਇਕ ਨਾਲ ਰਿਸ਼ਤਾ ਹੁੰਦਾ ਹੈ, ਅਲਕਾ ਜੀ ਨਾਲ ਮੇਰਾ ਰਿਸ਼ਤਾ ਵੀ ਇਸੇ ਤਰ੍ਹਾਂ ਦਾ ਹੈ, ਪਰ ਜਦੋਂ ਵੀ ਅਲਕਾ ਜੀ ਮੈਨੂੰ ਮਿਲਦੇ ਹਨ ਤਾਂ ਮੈਂ ਉਨ੍ਹਾਂ ਨਾਲ ਮਜ਼ਾਕ ਕਰਦਾ ਰਹਿੰਦਾ ਹਾਂ। ਉਨ੍ਹਾਂ ਨਾਲ ਛੇੜਛਾੜ ਕਰਦਾ ਰਹਿੰਦਾ ਹਾਂ।"

ਉਨ੍ਹਾਂ ਨੇ ਕਿਹਾ, "ਅਸੀਂ ਵਿਦੇਸ਼ਾਂ ਜਾਂ ਭਾਰਤ ਵਿੱਚ ਜੋ ਵੀ ਸ਼ੋਅ ਕੀਤੇ ਹਨ ਉਹ ਬਹੁਤ ਸਫ਼ਲ ਰਹੇ ਹਨ ਅਤੇ ਲੋਕ ਸਾਡੀ ਦੋਵਾਂ ਦੀ ਗਾਇਕੀ ਨੂੰ ਪਸੰਦ ਕਰਦੇ ਹਨ। ਸ਼ਾਇਦ ਸਾਡੀ ਉਮਰ ਵੀ ਇੱਕੋ ਜਿੰਨੀ ਹੀ ਹੈ।"

ਸੋਸ਼ਲ ਮੀਡੀਆ 'ਤੇ ਲੋਕ ਕੀ ਕਹਿ ਰਹੇ ਹਨ?

ਉਦਿਤ ਨਾਰਾਇਣ, ਅਮੀਸ਼ਾ ਪਟੇਲ ਅਤੇ ਸਨੀ ਦਿਓਨ ਨਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫ਼ਿਲਮ ਬਾਰਡਰ ਦੀ ਪ੍ਰਮੋਸ਼ਨ ਸਮੇਂ ਉਦਿਤ ਨਾਰਾਇਣ ਅਦਾਕਾਰਾ ਅਮੀਸ਼ਾ ਪਟੇਲ ਅਤੇ ਸਨੀ ਦਿਓਨ ਨਾਲ

ਵੰਦਨ ਗੁਪਤਾ ਨੇ ਐਕਸ 'ਤੇ ਲਿਖਿਆ, "ਉਦਿਤ ਨਾਰਾਇਣ ਨੇ ਮੀਕਾ ਸਿੰਘ ਨੂੰ ਸਖ਼ਤ ਟੱਕਰ ਦਿੱਤੀ ਹੈ।"

ਕ੍ਰਿਤਿਕਾ ਸ਼ਰਮਾ ਨੇ ਲਿਖਿਆ, ''ਉਦਿਤ ਨਾਰਾਇਣ ਦੁਆਰਾ ਕੀਤੀ ਗਈ ਕਾਰਵਾਈ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਥੱਪੜ ਹੈ, ਜੋ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਹਨ।"

ਇੱਕ ਸਤਿਕਾਰਤ ਕਲਾਕਾਰ ਦੇ ਤੌਰ 'ਤੇ ਸਟੇਜ 'ਤੇ ਅਸੱਭਿਆਤਾ ਦਾ ਪ੍ਰਦਰਸ਼ਨ ਕਰਨਾ ਤੁਹਾਡੀ ਮਾਨਸਿਕ ਸਥਿਤੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਆਇਸ਼ਾ ਨੇ ਲਿਖਿਆ, ''ਉਦਿਤ ਨਾਰਾਇਣ ਨੇ ਬਹੁਤ ਗ਼ਲਤ ਕੀਤਾ ਹੈ। ਮੇਰੇ ਮਨ ਵਿੱਚ ਉਨ੍ਹਾਂ ਲਈ ਬਹੁਤ ਸਤਿਕਾਰ ਸੀ, ਪਰ ਕਿਸੇ ਕੁੜੀ ਨੂੰ ਜ਼ਬਰਦਸਤੀ ਚੁੰਮਣਾ ਅਪਰਾਧ ਹੈ।"

"ਉਨ੍ਹਾਂ ਖ਼ਿਲਾਫ਼ ਛੇੜਛਾੜ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।''

ਮੋਨਿਕਾ ਸਿੰਘ ਨੇ ਲਿਖਿਆ, "ਉਦਿਤ ਨਾਰਾਇਣ ਦੀ ਬਿਮਾਰੀ ਪੁਰਾਣੀ ਹੈ, ਇਹ ਅੱਜ ਚਰਚਾ ਵਿੱਚ ਆ ਗਈ ਹੈ।"

ਸੇਨ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, "ਉਸ ਨੇ (ਮਹਿਲਾ ਫ਼ੈਨ) ਪਹਿਲਾਂ ਕਿਸ ਕੀਤੀ, ਫਿਰ ਉਸ ਤੋਂ ਬਾਅਦ ਉਦਿਤ ਨਾਰਾਇਣ ਨੇ ਕਿਸ ਕੀਤੀ, ਪਰ ਉਦਿਤ ਇੱਕ ਆਦਮੀ ਹੈ, ਇਸ ਲਈ ਸਪੱਸ਼ਟ ਹੈ ਕਿ ਗ਼ਲਤੀ ਉਨ੍ਹਾਂ ਦੀ ਹੀ ਹੈ।"

ਵਿਕਾਸ ਬਿਸ਼ਨੋਈ ਨੇ ਲਿਖਿਆ, "ਇਹ ਉਨ੍ਹਾਂ ਦੀ ਜ਼ਿੰਦਗੀ ਹੈ, ਪ੍ਰਸ਼ੰਸਕਾਂ ਨੂੰ ਬੁਰਾ ਨਹੀਂ ਲੱਗਿਆ, ਸਾਨੂੰ ਕਿਉਂ ਲੱਗੇਗਾ।"

"ਪਰ ਸਵਾਲ ਇਹ ਹੈ ਕਿ ਸਾਡੇ ਦਿੱਗਜ ਕਲਾਕਾਰ ਸਮਾਜ ਨੂੰ ਕੀ ਸੁਨੇਹਾ ਦੇ ਰਹੇ ਹਨ? ਉਦਿਤ ਨਾਰਾਇਣ ਵਰਗੇ ਦਿੱਗਜ ਕਲਾਕਾਰ ਦੀ ਅਜਿਹੀ ਹਰਕਤ ਵੀ ਸ਼ਰਮਨਾਕ ਹੈ।''

ਐਸ਼ਵਰਿਆ ਸਿੰਘ ਨੇ ਲਿਖਿਆ, "ਉਦਿਤ ਨਰਾਇਣ ਜੀ ਤੋਂ ਇਹ ਉਮੀਦ ਨਹੀਂ ਸੀ।"

ਸੁਮਿਤ ਸੁਭਾਸ਼ ਗੁਪਤਾ ਨੇ ਐਕਸ 'ਤੇ ਲਿਖਿਆ, ''ਪਹਿਲਾਂ ਔਰਤ ਨੇ ਉਦਿਤ ਨਾਰਾਇਣ ਨੂੰ ਚੁੰਮਿਆ, ਫਿਰ ਉਦਿਤ ਨਾਰਾਇਣ ਨੇ ਉਸ ਨੂੰ ਕਿਸ ਕੀਤੀ।"

"ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਬਿਲਕੁਲ ਵੀ ਅਸਹਿਜ ਨਹੀਂ ਹੈ, ਬਲਕਿ ਖੁਸ਼ ਨਜ਼ਰ ਆ ਰਹੀ ਹੈ।''

ਉਦਿਤ ਨਾਰਾਇਣ ਦਾ ਸੰਗੀਤਕ ਸਫ਼ਰ

ਉਦਿਤ ਨਾਰਾਇਣ ਦਾ ਜਨਮ ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਬਿਆਸ ਗੋਠ ਪਿੰਡ ਵਿੱਚ ਹੋਇਆ ਸੀ।

ਕਿਸਾਨ ਪਰਿਵਾਰ ਤੋਂ ਆਏ ਉਦਿਤ ਨੂੰ ਰੇਡੀਓ ਸੁਣਨ ਦਾ ਬਹੁਤ ਸ਼ੌਕ ਸੀ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ, ''ਉਸ ਸਮੇਂ ਲੋਕਾਂ ਕੋਲ ਸਿਰਫ਼ ਰੇਡੀਓ ਹੀ ਹੁੰਦੇ ਸਨ। ਜਦੋਂ ਵੀ ਮੈਂ ਇਸ ਵਿੱਚ ਕੋਈ ਗੀਤ ਸੁਣਦਾ ਹਾਂ, ਮੈਂ ਸੋਚਦਾ ਹਾਂ ਕਿ ਲੋਕ ਇਸ ਛੋਟੇ ਜਿਹੇ ਡੱਬੇ ਦੇ ਅੰਦਰ ਕਿਵੇਂ ਜਾਂਦੇ ਹਨ। ਮੈਂ ਵੀ ਇੱਕ ਦਿਨ ਅੰਦਰ ਜਾਵਾਂਗਾ।"

ਹਾਲਾਂਕਿ, ਉਦਿਤ ਲਈ ਗਾਇਕੀ ਵਿੱਚ ਆਉਣਾ ਇੰਨਾ ਆਸਾਨ ਨਹੀਂ ਸੀ।

ਉਦਿਤ ਨਾਰਾਇਣ ਅਤੇ ਉਨ੍ਹਾਂ ਦੀ ਪਤਨੀ ਦੀਪਾ ਨਾਰਾਇਣ ਝਾਅ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਦਿਤ ਨਾਰਾਇਣ ਨੇ ਆਪਣੀ ਪਤਨੀ ਦੀਪਾ ਨਾਰਾਇਣ ਝਾਅ ਨਾਲ ਮਿਲਕੇ ਕਈ ਭੋਜਪੁਰੀ ਫ਼ਿਲਮਾਂ ਵੀ ਨਿਰਦੇਸ਼ਿਤ ਕੀਤੀਆਂ

ਈਟੀਵੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ, "ਪਿਤਾ ਜੀ ਗੁੱਸੇ ਹੁੰਦੇ ਸਨ। ਕਹਿੰਦੇ ਸਨ, ਸਿਰਫ਼ ਸ਼ੌਕ ਲਈ ਗਾਓ। ਉਹ ਕਹਿੰਦੇ ਸਨ ਕਿ ਕਿਸਾਨ ਹੋਣ ਦੇ ਨਾਤੇ ਉਨ੍ਹਾਂ ਦਾ ਸੁਫ਼ਨਾ ਸੀ ਕਿ ਆਪਣੇ ਪੁੱਤ ਨੂੰ ਇੰਜੀਨੀਅਰ ਜਾਂ ਡਾਕਟਰ ਬਣਾਉਣ।"

ਉਹ ਕਹਿੰਦੇ ਸਨ,"ਪੈਸੇ ਕਮਾਓ ਅਤੇ ਮੈਨੂੰ ਦੇ ਦਿਓ।"

ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਉਦਿਤ ਪਿੱਛੇ ਨਹੀਂ ਹਟੇ।

ਉਨ੍ਹਾਂ ਨੇ ਬਿਹਾਰ ਤੋਂ ਦਸਵੀਂ ਪਾਸ ਕੀਤੀ ਅਤੇ ਇੰਟਰਮੀਡੀਏਟ ਕਰਨ ਲਈ ਨੇਪਾਲ ਦੀ ਰਾਜਧਾਨੀ ਕਾਠਮੰਡੂ ਚਲੇ ਗਏ।

ਹਾਈ ਸਕੂਲ ਤੋਂ ਬਾਅਦ, ਉਨ੍ਹਾਂ ਨੇ ਕਾਠਮੰਡੂ ਦੇ ਸਰਕਾਰੀ ਰੇਡੀਓ ਸਟੇਸ਼ਨ ਵਿੱਚ 100 ਰੁਪਏ ਪ੍ਰਤੀ ਮਹੀਨਾ ਨੌਕਰੀ ਲਈ ਅਰਜ਼ੀ ਦਿੱਤੀ, ਜੋ ਉਨ੍ਹਾਂ ਨੂੰ ਮਿਲ ਵੀ ਗਈ।

ਉਨ੍ਹਾਂ ਨੇ ਕਿਹਾ, "ਰੇਡੀਓ ਤੋਂ ਮਿਲਣ ਵਾਲੇ 100 ਰੁਪਏ ਦੇ ਸਹਾਰੇ ਹੀ ਮੈਂ ਆਪਣੀ ਇੰਟਰਮੀਡੀਏਟ ਦੀ ਪੜ੍ਹਾਈ ਪੂਰੀ ਕੀਤੀ ਅਤੇ ਇਸ ਦੌਰਾਨ ਮੈਨੂੰ ਭਾਰਤ ਸਰਕਾਰ ਤੋਂ ਸੰਗੀਤ ਸਕਾਲਰਸ਼ਿਪ ਮਿਲੀ ਅਤੇ ਮੈਂ ਭਾਰਤ ਆ ਗਿਆ।"

ਉਦਿਤ ਨਾਰਾਇਣ ਸਾਲ 1978 ਵਿੱਚ ਮੁੰਬਈ ਆਏ ਸਨ। ਦੋ ਸਾਲ ਬਾਅਦ 1980 'ਚ ਉਨ੍ਹਾਂ ਨੂੰ ਫ਼ਿਲਮ 'ਓਨੀਸ ਬੀਸ' 'ਚ ਪਹਿਲਾ ਵੱਡਾ ਬ੍ਰੇਕ ਮਿਲਿਆ।

ਇਸ ਵਿੱਚ ਉਨ੍ਹਾਂ ਨੇ ਮੁਹੰਮਦ ਰਫ਼ੀ ਨਾਲ ਇੱਕ ਗੀਤ ਗਾਇਆ ਸੀ।

1988 'ਚ ਆਈ ਫ਼ਿਲਮ 'ਕਯਾਮਤ ਸੇ ਕਯਾਮਤ' ਦੇ ਗੀਤ 'ਪਾਪਾ ਕਹਿਤੇ ਹੈਂ' ਉਦਿਤ ਨੇ ਬੁਲੰਦੀਆਂ ਦੀ ਪੌੜੀ ਚੜ੍ਹਨੀ ਸ਼ੁਰੂ ਕੀਤੀ ਅਤੇ ਫ਼ਿਰ ਕਦੇ ਨਹੀਂ ਰੁਕੇ।

90 ਦੇ ਦਹਾਕੇ ਵਿੱਚ ਕੁਝ ਗਿਣੇ-ਚੁਣੇ ਗਾਇਕਾਂ ਦੀ ਆਵਾਜ਼ ਹੀ ਸੁਣਾਈ ਦਿੰਦੀ ਸੀ, ਜਿਨ੍ਹਾਂ ਵਿੱਚੋਂ ਇੱਕ ਸੀ ਉਦਿਤ।

ਪਰ 2008 'ਚ ਫ਼ਿਲਮ 'ਟਸ਼ਨ' 'ਚ ਗਾਏ ਉਨ੍ਹਾਂ ਦੇ ਗੀਤ 'ਫ਼ਲਕ ਤੱਕ ਚਲ ਸਾਥ ਮੇਰੇ' ਤੋਂ ਬਾਅਦ ਉਨ੍ਹਾਂ ਨੇ ਕਿਸੇ ਵੱਡੀ ਫ਼ਿਲਮ 'ਚ ਲੀਡ ਗੀਤ ਨਹੀਂ ਗਾਇਆ।

ਉਦਿਤ ਨਾਰਾਇਣ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਉਦਿਤ ਨਾਰਾਇਣ ਦੇ ਗਾਣੇ ਨੇਪਾਲ ਵਿੱਚ ਵੀ ਬੇਹੱਦ ਸੁਣੇ ਜਾਂਦੇ ਹਨ

ਉਦਿਤ ਨਾਰਾਇਣ ਦੇ ਬੇਟੇ ਆਦਿਤਿਆ ਨਰਾਇਣ ਨੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਕਿਹਾ ਸੀ, "ਲੋਕਾਂ ਨੂੰ ਲੱਗਦਾ ਹੈ ਕਿ ਸਾਡਾ ਸਰਨੇਮ ਨਾਰਾਇਣ ਹੈ, ਪਰ ਸਾਡਾ ਸਰਨੇਮ ਝਾਅ ਹੈ।"

ਉਦਿਤ ਨਾਰਾਇਣ ਦਾ ਇਹ ਕਹਿਣਾ ਸੀ ਕਿ ਫ਼ਿਲਮ ਇੰਡਸਟਰੀ ਦੇ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਸੁਣਨ ਵਿੱਚ ਉਦਿਤ ਨਾਰਾਇਣ ਨਾਂ ਚੰਗਾ ਲੱਗਦਾ ਹੈ, ਇਸ ਲਈ ਉਨ੍ਹਾਂ ਨੇ ਇਹ ਨਾਂ ਰੱਖ ਲਿਆ।

ਉਨ੍ਹਾਂ ਨੇ ਕਿਹਾ, "ਜਦੋਂ ਮੈਂ ਪਹਿਲਾ ਗੀਤ ਗਾਇਆ ਸੀ, ਉਸ ਸਮੇਂ ਐੱਲਪੀ ਰਿਕਾਰਡ ਹੁੰਦੇ ਸਨ। ਇਸ ਵਿੱਚ ਲਿਖਿਆ ਸੀ… ਉਦਿਤ ਨਰਾਇਣ ਝਾਅ।"

ਉਦਿਤ ਨਾਰਾਇਣ ਕਈ ਭੋਜਪੁਰੀ ਫਿਲਮਾਂ ਵੀ ਬਣਾ ਚੁੱਕੇ ਹਨ। ਇਨ੍ਹਾਂ ਫਿਲਮਾਂ ਦੇ ਨਿਰਮਾਤਾ ਉਨ੍ਹਾਂ ਦੀ ਪਤਨੀ ਦੀਪਾ ਸਨ।

ਭਾਰਤ ਸਰਕਾਰ ਨੇ ਉਦਿਤ ਨਾਰਾਇਣ ਨੂੰ ਸੰਗੀਤ ਦੀ ਦੁਨੀਆ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।

ਸਾਲ 2009 ਵਿੱਚ, ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ 2016 ਵਿੱਚ, ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਇਸ ਤੋਂ ਇਲਾਵਾ ਉਨ੍ਹਾਂ ਨੂੰ 5 ਫ਼ਿਲਮਫੇਅਰ ਅਤੇ 4 ਨੈਸ਼ਨਲ ਫ਼ਿਲਮ ਐਵਾਰਡ ਮਿਲ ਚੁੱਕੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)