ਵਾਨੂਆਟੂ ਮੁਲਕ ਬਾਰੇ ਕੀ ਖ਼ਾਸ ਹੈ, ਜਿਸ ਦੀ ਨਾਗਰਿਕਤਾ ਲਲਿਤ ਮੋਦੀ ਤੋਂ ਵਾਪਸ ਲਈ ਜਾ ਰਹੀ ਹੈ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਵਾਨੂਆਟੂ 80 ਤੋਂ ਵੱਧ ਟਾਪੂਆਂ ਦਾ ਇੱਕ ਸਮੂਹ ਹੈ। ਇਸ ਦੇਸ਼ ਨੂੰ ਕਿਸੇ ਸਮੇਂ ਨਿਊ ਹੈਬ੍ਰਿਡਜ਼ ਵਜੋਂ ਜਾਣਿਆ ਜਾਂਦਾ ਸੀ। ਇਨ੍ਹਾਂ ਟਾਪੂਆਂ ਨੇ 1980 ਵਿੱਚ ਫਰਾਂਸ ਅਤੇ ਬਰਤਾਨੀਆ ਤੋਂ ਆਜ਼ਾਦੀ ਹਾਸਿਲ ਕੀਤੀ ਸੀ।

ਇਹ ਦੇਸ਼ ਇਸ ਲਈ ਸੁਰਖ਼ੀਆਂ ਵਿੱਚ ਹੈ ਕਿਉਂਕਿ ਲਲਿਤ ਮੋਦੀ ਨੇ ਉੱਥੋਂ ਦੀ ਨਾਗਰਿਕਤਾ ਹਾਸਲ ਕੀਤੀ ਸੀ। ਪਰ ਬਾਅਦ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਉਹ ਲਲਿਤ ਮੋਦੀ ਨੂੰ ਦਿੱਤੀ ਗਈ ਨਾਗਰਿਕਤਾ ਵਾਪਸ ਲੈ ਰਹੇ ਹਨ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਵਾਨੂਆਟੂ ਦੇ ਪ੍ਰਧਾਨ ਮੰਤਰੀ ਜੋਥਮ ਨਾਪਤ ਨੇ ਇੱਕ ਬਿਆਨ ਜਾਰੀ ਕਰ ਕੇ ਲਲਿਤ ਮੋਦੀ ਨੂੰ ਜਾਰੀ ਕੀਤਾ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਨੇ ਕਿਹਾ, "ਮੈਂ ਸਿਟੀਜ਼ਨਸ਼ਿਪ ਕਮਿਸ਼ਨਰ ਨੂੰ ਤੁਰੰਤ ਪ੍ਰਭਾਵ ਨਾਲ ਮੋਦੀ ਨੂੰ ਜਾਰੀ ਕੀਤੇ ਗਏ ਪਾਸਪੋਰਟ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ।"

ਬਿਆਨ ਵਿੱਚ ਕਿਹਾ ਗਿਆ ਹੈ ਕਿ ਲਲਿਤ ਮੋਦੀ ਦੇ ਪਾਸਪੋਰਟ ਲਈ ਦਿੱਤੀ ਗਈ ਅਰਜ਼ੀ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਸੀ ਅਤੇ ਉਸ ਦੌਰਾਨ ਉਨ੍ਹਾਂ ਖ਼ਿਲਾਫ਼ ਕਿਸੇ ਅਪਰਾਧ ਵਿੱਚ ਦੋਸ਼ੀ ਪਾਏ ਜਾਣ ਦੇ ਸਬੂਤ ਨਹੀਂ ਮਿਲੇ ਸਨ।

ਸਾਲ 2009 ਵਿੱਚ ਆਈਪੀਐੱਲ ਦੇ ਟੀਵੀ ਅਧਿਕਾਰਾਂ ਦੇ ਇੱਕ ਸਮਝੌਤੇ ਵਿੱਚ ਨਿਯਮਾਂ ਦਾ ਉਲੰਘਣ ਕਰਨ ਦੇ ਇਲਜ਼ਾਮ ਵਿੱਚ ਲਲਿਤ ਮੋਦੀ ਦੇ ਖ਼ਿਲਾਫ਼ ਜਾਂਚ ਚੱਲ ਰਹੀ ਹੈ।

ਮਈ 2020 ਵਿੱਚ ਲਲਿਤ ਮੋਦੀ ਲੰਡਨ ਚਲੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਬੀਸੀਸੀਆਈ ਨੇ ਬਰਖ਼ਾਸਤ ਕਰ ਦਿੱਤਾ ਸੀ। ਉਦੋਂ ਲਲਿਤ ਮੋਦੀ ਆਈਪੀਐੱਲ ਦੇ ਚੇਅਰਮੈਨ ਸਨ।

ਭਾਰਤੀ ਪਾਸਪੋਰਟ ਸਰੰਡਰ

ਲਲਿਤ ਮੋਦੀ ਨੇ ਆਪਣਾ ਭਾਰਤੀ ਪਾਸਪੋਰਟ ਜਮ੍ਹਾਂ ਕਰਨ ਲਈ ਲੰਡਨ ਸਥਿਤ ਭਾਰਤ ਹਾਈ ਕਮਿਸ਼ਨ ਵਿੱਚ ਅਪੀਲ ਕੀਤੀ ਸੀ। ਇਹ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦਿੱਤੀ ਸੀ।

ਰਣਧੀਰ ਜੈਸਵਾਲ ਨੇ ਦੱਸਿਆ ਸੀ ਕਿ ਇਸ ਅਰਜ਼ੀ ਦੀ ਜਾਂਚ ਨਿਯਮਾਂ ਅਤੇ ਪ੍ਰਕਿਰਿਆਵਾਂ ਅਨੁਸਾਰ ਕੀਤੀ ਜਾਵੇਗੀ।

ਬੁਲਾਰੇ ਨੇ ਕਿਹਾ ਸੀ, "ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਵਾਨੂਆਟੂ ਦੀ ਨਾਗਰਿਕਤਾ ਹਾਸਲ ਕਰ ਲਈ ਹੈ। ਅਸੀਂ ਕਾਨੂੰਨ ਦੇ ਤਹਿਤ ਉਨ੍ਹਾਂ ਦੇ ਖ਼ਿਲਾਫ਼ ਕੇਸ ਦੀ ਪੈਰਵੀ ਕਰਨਾ ਜਾਰੀ ਰੱਖਾਂਗੇ।"

ਲਲਿਤ ਮੋਦੀ ਦੇ ਵਕੀਲ ਮਹਿਮੂਦ ਅਬਦੀ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵਾਨੂਆਟੂ ਦੀ ਨਾਗਰਿਕਤਾ ਲੈ ਲਈ ਹੈ।

ਇਹ ਦੇਸ਼ ਕਿੱਥੇ ਹੈ

ਇਹ ਦੇਸ਼ 80 ਟਾਪੂਆਂ ਦਾ ਬਣਿਆ ਹੋਇਆ ਹੈ। ਇਸ ਦੇ ਜ਼ਿਆਦਾਤਰ ਟਾਪੂਆਂ 'ਤੇ ਲੋਕ ਰਹਿੰਦੇ ਹਨ ਪਰ ਕੁਝ ʼਤੇ ਸਰਗਰਮ ਜੁਆਲਾਮੁਖੀ ਵੀ ਹਨ। ਵਾਨੂਆਟੂ ਵਿੱਚ ਜ਼ਿਆਦਾਤਰ ਪਹਾੜੀ ਇਲਾਕਾ ਹੈ।

ਇਸ ਦਾ ਜ਼ਿਆਦਾਤਰ ਹਿੱਸਾ ਗਰਮ ਖੰਡੀ ਮੀਂਹ ਦੇ ਜੰਗਲਾਂ ਨਾਲ ਢੱਕਿਆ ਹੋਇਆ ਹੈ। ਇਹ ਪੂਰਾ ਇਲਾਕਾ ਭੂਚਾਲਾਂ ਅਤੇ ਸਮੁੰਦਰੀ ਲਹਿਰਾਂ ਦਾ ਸ਼ਿਕਾਰ ਰਹਿੰਦਾ ਹੈ। ਸਾਲ 2015 ਵਿੱਚ, ਇਹ ਦੇਸ਼ ਚੱਕਰਵਾਤ ਪਾਮ ਨਾਲ ਪ੍ਰਭਾਵਿਤ ਹੋਇਆ ਸੀ।

ਇਸ ਤੂਫਾਨ ਨੇ ਵਾਨੂਆਟੂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਇਸ ਦੇਸ਼ ਦੇ ਟਾਪੂਆਂ 'ਤੇ ਰਹਿਣ ਵਾਲੇ ਜ਼ਿਆਦਾਤਰ ਲੋਕ ਪਿੰਡਾਂ ਵਿੱਚ ਰਹਿੰਦੇ ਹਨ। ਇਨ੍ਹਾਂ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਖੇਤੀਬਾੜੀ ਹੈ।

ਇਸ ਦੇਸ਼ ਦੇ ਰੀਤੀ-ਰਿਵਾਜ਼ ਪੁਰਾਣੇ ਹਨ ਅਤੇ ਸਥਾਨਕ ਪਰੰਪਰਾਵਾਂ ਬਹੁਤ ਮਜ਼ਬੂਤ ਹਨ। ਔਰਤਾਂ ਦਾ ਸਮਾਜਿਕ ਦਰਜਾ ਆਮ ਤੌਰ 'ਤੇ ਮਰਦਾਂ ਨਾਲੋਂ ਨੀਵਾਂ ਹੁੰਦਾ ਹੈ ਅਤੇ ਉਨ੍ਹਾਂ ਕੋਲ ਸਿੱਖਿਆ ਦੇ ਮੌਕੇ ਬਹੁਤ ਘੱਟ ਹੁੰਦੇ ਹਨ।

ਬੰਜੀ ਜੰਪਿੰਗ

ਮੌਜੂਦਾ ਸਮੇਂ 'ਚ ਦੁਨੀਆ ਦੀ ਮਸ਼ਹੂਰ ਐਡਵੈਂਚਰ ਸਪੋਰਟ ਬੰਜੀ ਜੰਪਿੰਗ ਦਾ ਨਾਮ ਖਾਸਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਖੇਡ ਦੀ ਪ੍ਰੇਰਨਾ ਵਾਨੂਆਟੂ ਦੇ ਧਾਰਮਿਕ ਰੀਤੀ ਰਿਵਾਜਾਂ ਤੋਂ ਮਿਲੀ ਹੈ।

ਬੰਜੀ ਜੰਪਿੰਗ ਵਰਗੀ ਦਿਖਾਈ ਦੇਣ ਵਾਲੀ ਇਸ ਲੈਂਡ ਡਾਈਵਿੰਗ ਵਾਲਾ ਕਰਮਕਾਂਡ ਨੰਗੋਲ ਅਖਵਾਉਂਦਾ ਹੈ। ਬੰਜੀ ਜੰਪਿੰਗ ਇੱਕ ਰਵਾਇਤੀ ਲੈਂਡ ਡਾਈਵਿੰਗ ਸਪੋਰਟ ਹੈ।

1990 ਦੇ ਦਹਾਕੇ ਤੋਂ ਹੀ ਵਾਨੂਆਟੂ ਦੀ ਰਾਜਨੀਤੀ ਅਸਥਿਰ ਰਹੀ ਹੈ। ਇਸ ਸਮੇਂ ਦੌਰਾਨ, ਕਈ ਵਿਵਾਦਪੂਰਨ ਗਠਜੋੜ ਸਰਕਾਰਾਂ ਬਣੀਆਂ ਅਤੇ ਪ੍ਰਧਾਨ ਮੰਤਰੀ ਵਾਰ-ਵਾਰ ਬਦਲੇ ਗਏ।

ਵਾਨੂਆਟੂ ਦੀਆਂ ਅਹਿਮ ਗੱਲਾਂ-

  • ਰਾਜਧਾਨੀ: ਪੋਰਟ ਵਿਲਾ
  • ਖੇਤਰਫ਼ਲ: 12,189 ਵਰਗ ਕਿਲੋਮੀਟਰ
  • ਆਬਾਦੀ: 3,07,800
  • ਭਾਸ਼ਾਵਾਂ: ਬਿਸਲਾਮਾ, ਅੰਗਰੇਜ਼ੀ, ਫਰੈਂਚ
  • ਜੀਵਨ ਦੀ ਸੰਭਾਵਨਾ: 68 ਸਾਲ (ਮਰਦ) 72 ਸਾਲ (ਔਰਤ)

ਵਾਨੂਆਟੂ ਦਾ ਨੇਤਾ ਕੌਣ ਹੈ?

ਜੁਲਾਈ 2022 ਵਿੱਚ ਨਿਕੇਨੀਕੇ ਵੂਰੋਬਾਰਵੂ ਵਾਨੂਆਟੂ ਦੇ ਰਾਸ਼ਟਰਪਤੀ ਚੁਣੇ ਗਏ ਸਨ। ਉਨ੍ਹਾਂ ਨੇ ਟੈਲਿਸ ਓਬੇਦ ਮੋਸੇਸ ਦੀ ਜਗ੍ਹਾ ਇਹ ਅਹੁਦਾ ਸੰਭਾਲਿਆ ਹੈ।

ਉਹ ਇੱਕ ਪੇਸ਼ੇਵਰ ਡਿਪਲੋਮੈਟ ਅਤੇ ਰਾਜਨੇਤਾ ਹਨ, ਜਿਨ੍ਹਾਂ ਨੇ ਕਈ ਕੂਟਨੀਤਕ ਅਤੇ ਸਰਕਾਰੀ ਅਹੁਦਿਆਂ 'ਤੇ ਕੰਮ ਕੀਤਾ ਹੈ। ਉਹ ਫਿਜੀ ਵਿੱਚ ਵਾਨੂਆਟੂ ਦੇ ਪਹਿਲੇ ਰੈਜ਼ੀਡੈਂਟ ਹਾਈ ਕਮਿਸ਼ਨਰ ਵਜੋਂ ਵੀ ਕੰਮ ਕਰ ਚੁੱਕੇ ਹਨ।

ਇਸ ਦੇਸ਼ ਵਿੱਚ ਰਾਸ਼ਟਰਪਤੀ ਅਹੁਦੇ ਨੂੰ ਮੁੱਖ ਤੌਰ ʼਤੇ ਰਸਮੀ ਅਹੁਦਾ ਮੰਨਿਆ ਜਾਂਦਾ ਹੈ।

ਇਸ ਦੇਸ਼ ਦੇ ਪ੍ਰਧਾਨ ਮੰਤਰੀ ਇਸ਼ਮਾਇਲ ਕਲਸਾਕੋ ਹਨ।

ਅਕਤੂਬਰ 2022 ਵਿੱਚ ਆਮ ਚੋਣਾਂ ਤੋਂ ਬਾਅਦ ਨਵੰਬਰ 2022 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਬੌਬ ਲੋਘਮੈਨ ਦੇ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ।

ਉਸ ਤੋਂ ਬਾਅਦ ਇਸ਼ਮਾਇਲ ਕਲਸਾਕੋ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ।

ਵਾਨੂਆਟੂ ਵਿੱਚ ਇੱਕਲੌਤੇ ਟੀਵੀ ਚੈਨਲ, ਰੇਡੀਓ ਫਰਾਂਸ ਓਵਰਸੀਜ (ਆਰਐੱਫਓ) ਦੀ ਸਹਾਇਤਾ ਨਾਲ ਸਥਾਪਿਤ ਕੀਤਾ ਗਿਆ ਸੀ। ਇਹ ਚੈਨਲ ਫਰੈਂਚ ਅਤੇ ਅੰਗਰੇਜ਼ੀ ਵਿੱਚ ਆਪਣੇ ਪ੍ਰਸਾਰਣ ਕਰਦਾ ਹੈ।

ਵਾਨੂਆਟੂ ਦਾ ਕੀ ਹੈ ਇਤਿਹਾਸ

ਇਹ ਮੰਨਿਆ ਜਾਂਦਾ ਹੈ ਕਿ ਇਸ ਦੇਸ਼ ਵਿੱਚ ਸਭ ਤੋਂ ਪਹਿਲਾਂ 500 ਈਸਾ ਪੂਰਵ ਮਨੁੱਖੀ ਸਭਅੱਤਾ ਦੀ ਸ਼ੁਰੂਆਤ ਹੋਈ ਸੀ। ਸਾਲ 1606 ਵਿੱਚ ਪਹਿਲੀ ਵਾਰ ਯੂਰਪੀ ਯਾਤਰੀ ਇਨ੍ਹਾਂ ਟਪੂਆਂ ʼਤੇ ਪਹੁੰਚੇ ਸਨ। 1774 ਵਿੱਚ ਬ੍ਰਿਟਿਸ਼ ਐਕਸਪਲੋਅਰ ਕੈਪਟਨ ਕੁਕ ਨੇ ਇਨ੍ਹਾਂ ਦੀਪਾਂ ਨੂੰ ਨਿਊ ਹੇਬ੍ਰਾਈਡਸ ਦਾ ਨਾਮ ਦਿੱਤਾ।

1800 ਦੀ ਸ਼ੁਰੂਆਤ ਵਿੱਚ, ਵਾਨੂਆਟੂ ਦੇ ਹਜ਼ਾਰਾਂ ਲੋਕਾਂ ਨੂੰ ਅਗਵਾ ਕਰਕੇ ਫਿਜੀ ਦੇ ਖੰਡ ਅਤੇ ਕਪਾਹ ਦੇ ਬਾਗਾਂ ਵਿੱਚ ਕੰਮ ਕਰਨ ਲਈ ਰੱਖਿਆ ਗਿਆ ਸੀ। ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਕੁਈਨਜ਼ਲੈਂਡ, ਆਸਟ੍ਰੇਲੀਆ ਵੀ ਲੈ ਗਏ ਸਨ।

ਅਗਵਾ ਦੇ ਇਸ ਦੌਰ ਨੂੰ ਬਲੈਕਬਰਡਿੰਗ ਕਿਹਾ ਜਾਂਦਾ ਸੀ ਅਤੇ ਇਹ 20ਵੀਂ ਸਦੀ ਦੇ ਸ਼ੁਰੂ ਤੱਕ ਜਾਰੀ ਰਿਹਾ। 1906 ਵਿੱਚ ਇਹ ਦੇਸ਼ ਬ੍ਰਿਟੇਨ ਅਤੇ ਫਰਾਂਸ ਦੇ ਸਾਂਝੇ ਕੰਟਰੋਲ ਵਿੱਚ ਆ ਗਿਆ। 1980 ਵਿੱਚ, ਦੇਸ਼ ਰਾਸ਼ਟਰਮੰਡਲ ਦੇ ਅਧੀਨ ਇੱਕ ਸੁਤੰਤਰ ਰਾਸ਼ਟਰ ਬਣ ਗਿਆ।

ਸਾਲ 2015 'ਚ ਇਸ ਖੇਤਰ 'ਚ ਆਏ ਚੱਕਰਵਾਤੀ ਤੂਫਾਨ 'ਪਾਮ' ਕਾਰਨ ਭਾਰੀ ਨੁਕਸਾਨ ਹੋਇਆ ਸੀ। ਉਸ ਸਮੇਂ ਦੇਸ਼ ਦੇ ਰਾਸ਼ਟਰਪਤੀ ਲੈਂਸਡੇਲ ਨੇ ਤੂਫਾਨ ਦਾ ਕਾਰਨ ਜਲਵਾਯੂ ਪਰਿਵਰਤਨ ਦੱਸਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)