ਕੌਣ ਹੈ ਉਹ ਸ਼ਖਸ ਜਿਸ ਨੂੰ 48 ਸਾਲ ਜੇਲ੍ਹ ਕੱਟਣ ਤੋਂ ਬਾਅਦ ਅਦਾਲਤ ਨੇ ਹੁਣ ‘ਬੇਕਸੂਰ’ ਦੱਸਿਆ

ਗਲਿਨ ਸਿਮੰਸ

ਤਸਵੀਰ ਸਰੋਤ, DOUG HOKE/THE OKLAHOMAN/USA TODAY NETWORK

    • ਲੇਖਕ, ਮੈਡਲਿਨ ਹੈਲਪਰਟ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ

ਓਕਲਾਹੋਮਾ ਦੇ ਇੱਕ ਜੱਜ ਨੇ 48 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਇੱਕ ਵਿਅਕਤੀ ਨੂੰ ਬਰੀ ਕਰ ਦਿੱਤਾ ਹੈ।

ਇਹ ਸ਼ਖ਼ਸ ਨੇ ਇੱਕ ਅਜਿਹੇ ਕਤਲ ਲਈ 48 ਸਾਲ ਜੇਲ੍ਹ ਵਿੱਚ ਬਿਤਾਏ ਜੋ ਉਸ ਨੇ ਕੀਤਾ ਹੀ ਨਹੀਂ ਸੀ।

ਇਸ ਮਾਮਲੇ ਨੂੰ ਅਮਰੀਕਾ ਵਿੱਚ ਸਭ ਤੋਂ ਲੰਬੀ ਜਾਣੀ ਜਾਂਦੀ ਗ਼ਲਤ ਸਜ਼ਾ ਵਜੋਂ ਦੇਖਿਆ ਜਾ ਰਿਹਾ ਹੈ।

ਦਰਅਸਲ, 70 ਸਾਲਾ ਗਲਿਨ ਸਿਮੰਸ ਨੂੰ ਜੁਲਾਈ ਵਿੱਚ ਰਿਹਾਅ ਕਰ ਦਿੱਤਾ ਗਿਆ ਸੀ।

ਉਸ ਵੇਲੇ ਜ਼ਿਲ੍ਹਾ ਅਦਾਲਤ ਨੇ ਦੇਖਿਆ ਕਿ ਉਸ ਦੇ ਕੇਸ ਵਿੱਚ ਮਹੱਤਵਪੂਰਨ ਸਬੂਤ ਉਸ ਦੇ ਬਚਾਅ ਪੱਖ ਦੇ ਵਕੀਲਾਂ ਨੂੰ ਨਹੀਂ ਸੌਂਪੇ ਗਏ ਸਨ।

ਸੋਮਵਾਰ ਨੂੰ, ਇੱਕ ਕਾਉਂਟੀ ਜ਼ਿਲ੍ਹਾ ਅਟਾਰਨੀ ਨੇ ਕਿਹਾ ਕਿ ਨਵੇਂ ਮੁਕੱਦਮੇ ਨੂੰ ਚਲਾਉਣ ਲਈ ਲੋੜੀਂਦੇ ਸਬੂਤ ਨਹੀਂ ਹਨ।

ਮੰਗਲਵਾਰ ਨੂੰ ਇੱਕ ਆਦੇਸ਼ ਸੁਣਾਉਂਦਿਆਂ ਜੱਜ ਐਮੀ ਪਲੰਬੋ ਨੇ ਸਿਮੰਸ ਨੂੰ ਬੇਕਸੂਰ ਕਰਾਰ ਦੇ ਦਿੱਤਾ ਸੀ।

ਓਕਲਾਹੋਮਾ ਕਾਉਂਟੀ ਦੇ ਜ਼ਿਲ੍ਹਾ ਜੱਜ ਪਲੰਬੋ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ, "ਇਸ ਅਦਾਲਤ ਨੇ ਸਪੱਸ਼ਟ ਅਤੇ ਠੋਸ ਸਬੂਤਾਂ ਵਿੱਚ ਦੇਖਿਆ ਹੈ ਕਿ ਜਿਸ ਅਪਰਾਧ ਲਈ ਸਿਮੰਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਸਜ਼ਾ ਸੁਣਾਈ ਗਈ ਸੀ ਅਤੇ ਕੈਦ ਕੀਤਾ ਗਿਆ ਸੀ... ਉਹ ਅਪਰਾਧ ਸਿਮੰਸ ਨੇ ਨਹੀਂ ਕੀਤਾ ਸੀ।"

ਐਸੋਸੀਏਟਡ ਪ੍ਰੈੱਸ ਦੇ ਅਨੁਸਾਰ, ਸਿਮੰਸ ਨੇ ਫ਼ੈਸਲੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, “ਇਹ ਲਚੀਲੇਪਣ ਅਤੇ ਦ੍ਰਿੜਤਾ ਦਾ ਸਬਕ ਹੈ। ਕਿਸੇ ਨੂੰ ਇਹ ਨਾ ਕਹਿਣ ਦਿਓ ਕਿ ਅਜਿਹਾ ਨਹੀਂ ਹੋ ਸਕਦਾ, ਕਿਉਂਕਿ ਅਜਿਹਾ ਅਸਲ ਵਿੱਚ ਹੋ ਸਕਦਾ ਹੈ।"

ਸਿਮੰਸ ਨੇ ਸਾਲ 1974 ਵਿੱਚ ਓਕਲਾਹੋਮਾ ਸਿਟੀ ਦੇ ਇੱਕ ਕਸਬੇ ਵਿੱਚ ਇੱਕ ਸ਼ਰਾਬ ਦੀ ਦੁਕਾਨ ਵਿੱਚ ਡਕੈਤੀ ਦੌਰਾਨ ਕੈਰੋਲਿਨ ਸੂ ਰੋਜਰਸ ਦੇ ਕਤਲ ਦੇ ਮਾਮਲੇ ਵਿੱਚ 48 ਸਾਲ, ਇੱਕ ਮਹੀਨਾ ਅਤੇ 18 ਦਿਨ ਜੇਲ੍ਹ ਵਿੱਚ ਕੱਟੇ ਹਨ।

ਬੀਬੀਸੀ

22 ਸਾਲ ਦੀ ਉਮਰ 'ਚ ਮਿਲੀ ਸੀ ਸਜ਼ਾ

ਉਹ 22 ਸਾਲਾਂ ਦੇ ਸਨ ਜਦੋਂ ਉਨ੍ਹਾਂ ਨੂੰ ਅਤੇ ਇੱਕ ਸਹਿ-ਦੋਸ਼ੀ, ਡੌਨ ਰੌਬਰਟਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ 1975 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਮੌਤ ਦੀ ਸਜ਼ਾ 'ਤੇ ਅਮਰੀਕੀ ਸੁਪਰੀਮ ਕੋਰਟ ਦੇ ਫ਼ੈਸਲਿਆਂ ਕਾਰਨ ਸਜ਼ਾਵਾਂ ਨੂੰ ਬਾਅਦ ਵਿੱਚ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ।

ਗਲਿਨ ਸਿਮੰਸ ਨੇ ਆਪਣੀ ਬੇਗ਼ੁਨਾਹੀ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਉਹ ਕਤਲ ਵੇਲੇ ਲੁਈਸਿਆਨਾ ਸਟੇਟ ਵਿੱਚ ਸੀ, ਜਿੱਥੇ ਉਹ ਰਹਿੰਦੇ ਸਨ।

ਮੰਗਲਵਾਰ ਨੂੰ ਅਦਾਲਤ ਨੇ ਜਦੋਂ ਉਸ ਨੂੰ ਬੇਗ਼ੁਨਾਹ ਕਰਾਰ ਦਿੱਤਾ ਤਾਂ ਉਹ ਮੁਸਕਰਾ ਰਹੇ ਸਨ।

ਸਲੇਟੀ ਰੰਗ ਦੇ ਟੋਪੀ ਵਾਲੇ ਸਵੈਟਰ ਪਹਿਨੇ ਅਤੇ ਨਮਰਤਾ ਨਾਲ ਬੋਲਣ ਵਾਲੇ ਗਲਿਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆ ਦੱਸਿਆ ਕਿ ਉਹ 'ਚਿਰਾਂ ਤੋਂ, ਕਾਫੀ ਚਿਰਾਂ ਤੋਂ' ਇਸ ਪਲ਼ ਦੀ ਉਡੀਕ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ, "ਜੋ ਹੋ ਗਿਆ, ਉਹ ਹੋ ਗਿਆ, ਉਸ ਨੂੰ ਵਾਪਸ ਨਹੀਂ ਲਿਆ ਜਾ ਸਕਦਾ ਪਰ ਜਵਾਬਦੇਹੀ ਤਾਂ ਹੋ ਸਕਦੀ ਹੈ।"

ਉਨ੍ਹਾਂ ਦੀ ਭਾਵਨਾਤਮਕ ਸਥਿਤੀ ਤਾਂ ਵਰਣਨ ਕਰਨ ਲਈ, ਜਦੋਂ ਉਨ੍ਹਾਂ ਦੇ ਵਕੀਲ ਜੋਸਫ਼ ਨੋਰਵੁੱਡ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਜ਼ਾਹਿਰ ਤੌਰ 'ਤੇ ਉਹ ਖੁਸ਼ ਹੈ।"

ਨੋਰਵੁੱਡ ਨੇ ਵੀਰਵਾਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ, “ਜਿਸ ਚੀਜ਼ ਨਾਲ ਤੁਹਾਡਾ ਕੋਈ ਲੈਣਾ-ਦੇਣਾ ਨਹੀਂ ਸੀ, ਉਸ ਲਈ 50 ਸਾਲਾਂ ਲਈ ਜੇਲ੍ਹ ਵਿੱਚ ਬੰਦ ਰਹਿਣ ਦਾ ਵਿਚਾਰ ਕਿਸੇ ਵਿਅਕਤੀ ਦੀ ਮਾਨਸਿਕ ਸਥਿਤੀ ਲਈ ਸਭ ਤੋਂ ਮਾੜੀਆਂ ਚੀਜ਼ਾਂ ਵਿੱਚੋਂ ਇੱਕ ਹੀ ਹੋਣਾ ਹੈ।"

ਜੇਲ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਕੈਂਸਰ ਦੀ ਚੌਥੀ ਸਟੇਜ

ਅਟਾਰਨੀ ਦਾ ਕਹਿਣਾ ਹੈ ਕਿ ਹੁਣ ਜਦੋਂ ਸਿਮੰਸ ਨੂੰ ਰਿਹਾਅ ਕੀਤਾ ਜਾ ਰਿਹਾ ਸੀ ਤਾਂ ਪਤਾ ਲੱਗਾ ਕਿ ਉਹ ਕੈਂਸਰ ਦੀ ਚੌਥੀ ਸਟੇਜ 'ਤੇ ਹੈ।

ਉਨ੍ਹਾਂ ਨੇ ਅੱਗੇ ਦੱਸਿਆ, "ਇਸ ਲਈ ਇਹ ਖੁਸ਼ੀ-ਗ਼ਮੀ ਦਾ ਰਲਿਆ-ਮਿਲਿਆ ਹੁੰਗਾਰਾ ਸੀ, ਉਸ ਦਾ ਆਪਣੀ ਆਜ਼ਾਦੀ ਨੂੰ ਮੁੜ ਹਾਸਲ ਕਰਨਾ, ਆਪਣਾ ਨਾਮ ਵਾਪਸ ਹਾਸਲ ਕਰਨਾ, ਆਪਣੇ ਨਾਮ 'ਤੇ ਲੱਗੇ ਕਲੰਕ ਨੂੰ ਸਾਫ਼ ਕਰਨਾ।"

ਉਹ ਦੱਸਦੇ ਹਨ ਕਿ ਸਿਮੰਸ ਹੁਣ ਕੀਮੋਥੈਰੇਪੀ ਲਈ ਚੰਗੀ ਤਰ੍ਹਾਂ ਪ੍ਰਤੀਕ੍ਰਿਆ ਦੇ ਰਹੇ ਸਨ ਅਤੇ 'ਠੀਕ' ਹੋ ਰਹੇ ਹਨ।

"ਕੁੱਲ ਮਿਲਾ ਕੇ ਇਹ ਇੱਕ ਯਾਦਗਾਰ ਸਫ਼ਰ ਰਿਹਾ।"

ਸੰਸਥਾ ਗੋਫੰਡਮੀ ਦੇ ਮੁਤਾਬਕ, ਸਿਮੰਸ ਇਸ ਵੇਲੇ ਜਿਗਰ ਦੇ ਕੈਂਸਰ ਨਾਲ ਜੂਝ ਰਹੇ ਹਨ।

ਇਸ ਸੰਸਥਾ ਨੇ ਉਨ੍ਹਾਂ ਦੇ ਰਹਿਣ ਦੇ ਖਰਚੇ ਅਤੇ ਡਾਕਟਰੀ ਇਲਾਜ ਵਿੱਚ ਸਹਾਇਤਾ ਲਈ ਕਰੀਬ ਦੋ ਲੱਖ ਡਾਲਰ ਇਕੱਠੇ ਕੀਤੇ ਹਨ।

ਇੱਕ ਜ਼ਿਲ੍ਹਾ ਅਦਾਲਤ ਨੇ ਜੁਲਾਈ ਵਿੱਚ ਉਨ੍ਹਾਂ ਦੀ ਸਜ਼ਾ ਨੂੰ ਇਹ ਕਹਿੰਦਿਆਂ ਹੋਇਆ ਖਾਰਜ ਕਰ ਦਿੱਤਾ ਸੀ ਕਿ ਸਰਕਾਰੀ ਵਕੀਲਾਂ ਨੇ ਬਚਾਅ ਪੱਖ ਦੇ ਵਕੀਲਾਂ ਨੂੰ ਸਾਰੇ ਸਬੂਤ ਨਹੀਂ ਸੌਂਪੇ ਸਨ, ਜਿਸ ਵਿੱਚ ਇੱਕ ਗਵਾਹ ਨੇ ਹੋਰ ਸ਼ੱਕੀਆਂ ਦੀ ਪਛਾਣ ਕੀਤੀ ਸੀ।

ਸਿਮੰਸ ਅਤੇ ਰੌਬਰਟਸ ਨੂੰ ਇੱਕ ਨੌਜਵਾਨ ਦੀ ਆਂਸ਼ਿਕ ਗਵਾਹੀ ਦੇ ਕਾਰਨ ਦੋਸ਼ੀ ਠਹਿਰਾਇਆ ਗਿਆ ਸੀ ਜਿਸਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਗੋਲੀ ਮਾਰੀ ਗਈ ਸੀ।

ਨੈਸ਼ਨਲ ਰਜਿਸਟਰੀ ਆਫ਼ ਐਕਸੋਨਰੇਸ਼ਨਜ਼ ਨੇ ਕਿਹਾ ਕਿ ਉਸ ਨੌਜਵਾਨ ਨੇ ਪੁਲਿਸ ਵੱਲੋਂ ਇਕੱਠੇ ਕਰ ਕੇ ਕਤਾਰਾਂ ਵਿੱਚ ਖੜ੍ਹੇ ਕੀਤੇ ਗਏ ਕਈ ਹੋਰ ਆਦਮੀਆਂ ਵੱਲ ਵੀ ਇਸ਼ਾਰਾ ਕੀਤਾ ਅਤੇ ਬਾਅਦ ਵਿੱਚ ਉਸ ਨੇ ਆਪਣੀ ਗਵਾਹੀ ਦਾ ਖੰਡਨ ਕੀਤਾ।

ਹਾਲਾਂਕਿ, ਰੌਬਰਟਸ ਨੂੰ 2008 ਵਿੱਚ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ।

ਗ਼ਲਤ ਤਰੀਕੇ ਨਾਲ ਦੋਸ਼ੀ ਠਹਿਰਾਏ ਗਏ ਲੋਕ ਜੋ ਓਕਲਾਹੋਮਾ ਵਿੱਚ ਸਮਾਂ ਬਿਤਾਉਂਦੇ ਹਨ, ਮੁਆਵਜ਼ੇ ਵਿੱਚ 1,75,000 ਡਾਲਰ ਤੱਕ ਦੇ ਯੋਗ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)