40 ਸਾਲ ਪੁਰਾਣੇ ਵੀਰਜ ਤੋਂ ਕਿਵੇਂ ਇੱਕ ਔਰਤ ਦਾ ਕਾਤਲ ਫੜ੍ਹਿਆ ਗਿਆ ਜੋ ਖੁਦ ਨੂੰ ਬੇਹੱਦ ਹੁਸ਼ਿਆਰ ਸਮਝਦਾ ਸੀ

ਤਸਵੀਰ ਸਰੋਤ, NEWSLINE MEDIA
- ਲੇਖਕ, ਰੇਬੈਕਾ ਕੁਰਨ, ਕੈੱਨ ਬੈਂਕਸ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
‘40 ਸਾਲਾਂ ਤੱਕ ਆਪਣੀ ਪਤਨੀ ਦੇ ਕਤਲ ਦੇ ਮਾਮਲੇ ਵਿੱਚ ਨਿਆਂ ਤੋਂ ਬਚੇ ਰਹਿਣ ਵਾਲਾ ਵਿਅਕਤੀ ਇਹ ਸੋਚਦਾ ਸੀ ਕਿ ਉਹ ਬਹੁਤ ਚਲਾਕ ਹੈ ਅਤੇ ਕਦੇ ਫੜਿਆ ਨਹੀਂ ਜਾਵੇਗਾ।’
ਇਹ ਸ਼ਬਦ ਹਨ ਉਸ ਪੁਲਿਸ ਅਫ਼ਸਰ ਦੇ ਜਿਸ ਨੇ ਉਸ ਵਿਅਕਤੀ ਨੂੰ ਸਜ਼ਾ ਦਿਵਾਉਣ ਵਿੱਚ ਭੂਮਿਕਾ ਨਿਭਾਈ।
ਕ੍ਰਿਸਟੋਫਰ ਹੈਰੀਸਨ ਨੇ 32 ਸਾਲਾਂ ਦੀ ਬ੍ਰੈਂਡਾ ਪੇਜ ਨੂੰ ਸਕੌਟਲੈਂਡ ਦੇ ਐਬਰਡੀਨ ਵਿੱਚ 1978 ਵਿੱਚ ਮਾਰ ਦਿੱਤਾ ਸੀ।
ਇਨ੍ਹਾਂ ਦੋਵਾਂ ਦਾ ਇੱਕ ਸਾਲ ਪਹਿਲਾਂ ਹੀ ਤਲਾਕ ਹੋਇਆ ਸੀ।
ਪੁਲਿਸ ਅਫ਼ਸਰ ਜੇਮਸ ਕੈਲੈਂਡਰ ਨੇ ਕਿਹਾ ਕਿ ਕ੍ਰਿਸਟੋਫਰ ਨੇ ਇਹ ਸੋਚਿਆ ਕਿ ਉਹ ਬੱਚ ਗਿਆ ਹੈ ਪਰ ਇੱਕ ਇੰਟਰਵਿਊ ਵਿੱਚ ਉਸ ਨੇ ਕਤਲ ਵਿੱਚ ਆਪਣੀ ਸ਼ਮੂਲੀਅਤ ਬਾਰੇ ਇਸ਼ਾਰਾ ਦਿੱਤਾ।
ਉਸ ਨੂੰ 45 ਸਾਲਾਂ ਬਾਅਦ ਬ੍ਰੈਂਡਾ ਦੀ ਮੌਤ ਦਾ ਦੋਸ਼ੀ ਪਾਇਆ ਗਿਆ ਸੀ।
ਇਸ ਸਭ ਬਾਰੇ ਬੀਬੀਸੀ ਦੀ ਨਵੀਂ ਡਾਕੂਮੈਂਟਰੀ ‘ਦ ਮਰਡਰ ਆਫ ਬ੍ਰੈਂਡਾ ਪੇਜ’ ਬਣਾਈ ਗਈ ਹੈ।
ਇਸ ਵਿੱਚ 2020 ਵਿੱਚ ਹੋਈ ਕ੍ਰਿਸਟੋਫ਼ਰ ਦੀ ਗ੍ਰਿਫ਼ਤਾਰੀ, ਮੁਕੱਦਮੇ ਅਤੇ ਐਬਰਡੀਨ ਹਾਈ ਕੋਰਟ ਵਿੱਚ ਉਸ ਦੇ ਦੋਸ਼ੀ ਹੋਣ ਬਾਰੇ ਸੁਣਾਏ ਗਏ ਫ਼ੈਸਲੇ ਦਾ ਜ਼ਿਕਰ ਹੈ।
ਇਸ ਵਿੱਚ ਇੱਕ ਹੋਰ ਅਹਿਮ ਪਲ ਵੀ ਰਿਕਾਰਡ ਹੈ। ਜਦੋਂ ਪੁਲਿਸ ਹੈਰੀਸਨ ਦੇ ਘਰ ਵਿੱਚ ਦਾਖ਼ਲ ਹੁੰਦੀ ਹੈ, ਕ੍ਰਿਸਟੋਫਰ ਪੁਲਿਸ ਨੂੰ ਕਹਿੰਦੇ ਹਨ, “ਉਸ ਦਾ ਕਤਲ ਇੱਥੇ ਨਹੀਂ ਹੋਇਆ।”

ਤਸਵੀਰ ਸਰੋਤ, PAGE FAMILY
ਬ੍ਰੈਂਡਾ ਜੈਨੇਟਿਕਸ ਵਿਗਿਆਨ ਦੀ ਮਾਹਰ ਸੀ ਉਹ ਆਪਣੇ ਐਬਰਡੀਨ ਵਿਚਲੇ ਖੂਨ ਨਾਲ ਲਿੱਬੜੇ ਬੈੱਡ ਉੱਤੇ ਜੁਲਾਈ 14, 1978 ਨੂੰ ਪਈ ਮਿਲੀ ਸੀ।
ਉਸ ਵੇਲੇ ਇਹ ਸ਼ੱਕ ਕੀਤਾ ਗਿਆ ਸੀ ਕਿ ਕ੍ਰਿਸਟੋਫਰ ਨੇ ਉਸ ਦਾ ਕਤਲ ਕੀਤਾ ਸੀ। ਕ੍ਰਿਸਟੋਫਰ ਹੈਰੀਸਨ ਇੱਕ ਸੇਵਾਮੁਕਤ ਵਿਗਿਆਨੀ ਹੈ।
ਉਸ ਨੂੰ ਇਸ ਜੁਰਮ ਦੇ ਕੁਝ ਹਫ਼ਤਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਦੀ ਪੁੱਛਗਿੱਛ ਹੋਈ ਸੀ। ਫਿਰ ਇਸ ਕੇਸ ਦੇ ਸਰਕਾਰੀ ਵਕੀਲਾਂ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਸੀ ।
ਇਸ ਕਤਲ ਦੀ ਅਖ਼ਬਾਰਾਂ ਵਿੱਚ ਚਰਚਾ ਹੋਈ ਸੀ। ਪੁਲਿਸ ਦੋਸ਼ੀ ਨੂੰ ਫੜਨ ਲਈ ਸਬੂਤ ਇਕੱਠੇ ਕਰ ਰਹੀ ਸੀ ਅਤੇ ਮੁੱਖ ਗਵਾਹ ਲੱਭ ਰਹੀ ਸੀ।
ਪਰ ਲੰਬੇ ਸਮੇਂ ਤੱਕ ਕ੍ਰਿਸਟੋਫਰ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ ਜਿਸ ਦੇ ਅਧਾਰ ਉੱਤੇ ਉਸ ਨੂੰ ਅਦਾਲਤ ਵਿੱਚ ਲਿਜਾਇਆ ਜਾਵੇ।
ਬ੍ਰੈਂਡਾ ਦੇ ਕਤਲ ਦਾ ਮਾਮਲਾ ਬੰਦ ਕਰ ਦਿੱਤਾ ਗਿਆਂ ਸੀ। ਪਰ 37 ਸਾਲਾਂ ਬਾਅਦ 2015 ਵਿੱਚ ਪੁਲਿਸ ਨੂੰ ਇਸ ਵਿੱਚ ਤਫ਼ਤੀਸ਼ ਮੁੜ ਸ਼ੁਰੂ ਕਰਨ ਲਈ ਕਿਹਾ ਗਿਆ।
‘ਵੀਰਜ ਤੋਂ ਕਿਵੇਂ ਕਾਤਲ ਦੀ ਪਛਾਣ ਹੋਈ’
ਬ੍ਰੈਂਡਾ ਦੇ ਐਲਨ ਸਟ੍ਰੀਟ ਵਿਚਲੇ ਅਪਾਰਟਮੈਂਟ ਵਿਚਲੇ ਬੈੱਡ ਉੱਤੇ ਪਾਇਆ ਗਿਆ ਸੀਮਨ(ਵੀਰਜ) ਬ੍ਰੈਂਡਾ ਦੇ ਪਤੀ ਰਹਿ ਚੁੱਕੇ ਕ੍ਰਿਸਟੋਫਰ ਹੈਰੀਸਨ ਦੇ ਡੀਐੱਨਏ ਨਾਲ ਮੇਲ ਖਾ ਗਿਆ।
ਇੱਕ ਫੋਰੈਂਸਿਕ ਮਾਹਰ ਨੇ ਕਿਹਾ ਕਿ ਇਸ ਦਾ ਕਿਸੇ ਹੋਰ ਇਨਸਾਨ ਦਾ ਹੋਣ ਨਾਲੋਂ ਕ੍ਰਿਸਟੋਫਰ ਦੇ ਹੋਣ ਸੰਭਾਵਨਾ 590 ਮਿਲੀਅਨ ਫ਼ੀਸਦ ਵੱਧ ਹੈ।
ਪਰ ਕਤਲ ਤੋਂ ਚਾਰ ਦਹਾਕੇ ਬਾਅਦ ਕ੍ਰਿਸਟੋਫਰ ਉੱਤੇ ਕਤਲ ਦੇ ਇਲਜ਼ਾਮ ਆਇਦ ਹੋਏ ਸਨ।
ਕ੍ਰਿਸਟੋਫਰ ਕੋਲੋਂ 27 ਮਾਰਚ 2020 ਵਿੱਚ ਦੁਬਾਰਾ ਪੁੱਛਗਿੱਛ ਕੀਤੀ ਗਈ। ਉਸ ਨੇ ਫਿਰ ਇਹੀ ਕਿਹਾ ਕਿ ਉਸ ਦਾ ਬ੍ਰੈਂਡਾ ਦੀ ਮੌਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਮਾਰਚ 2023 ਵਿੱਚ ਹੈਰੀਸਨ ਨੂੰ 10 ਦਿਨ ਚੱਲੇ ਮੁਕੱਦਮੇ ਤੋਂ ਬਾਅਦ ਕਤਲ ਦਾ ਦੋਸ਼ੀ ਪਾਇਆ ਗਿਆ ਸੀ।
ਉਸ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਸੀ। ਇਹ ਵੀ ਕਿਹਾ ਗਿਆ ਸੀ ਕਿ ਉਸ ਨੂੰ ਪੈਰੋਲ ਲੈਣ ਤੋਂ ਪਹਿਲਾਂ 20 ਸਾਲਾਂ ਤੱਕ ਕੈਦ ਭੁਗਤਣੀ ਪਵੇਗੀ।
ਜੇਮਸ ਪੁਲਿਸ ਜਾਂਚ ਦੀ ਅਗਵਾਈ ਕਰ ਰਹੇ ਸਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਕ੍ਰਿਸਟੋਫਰ ਨੇ ਇਹ ਨਹੀਂ ਸੋਚਿਆ ਸੀ ਕਿ ਬ੍ਰੈਂਡਾ ਦੀ ਮੌਤ ਤੋਂ 40 ਸਾਲਾਂ ਬਾਅਦ ਉਸ ਦੀ ਗ੍ਰਿਫ਼ਤਾਰੀ ਹੋਵੇਗੀ।

‘ਹੁਸ਼ਿਆਰੀ ਹੀ ਗ੍ਰਿਫ਼ਤਾਰੀ ਦਾ ਕਾਰਨ ਬਣੀ’
ਜੇਮਸ ਨੇ ਦੱਸਿਆ, “ਮੈਨੂੰ ਲੱਗਦਾ ਹੈ ਕਿ ਉਸ ਦੀ ਹੁਸ਼ਿਆਰੀ ਹੀ ਉਸ ਦੀ ਗ੍ਰਿਫ਼ਤਾਰੀ ਦਾ ਕਾਰਨ ਬਣੀ ਕਿਉਂਕਿ ਉਸ ਨੇ ਸੋਚਿਆ ਕਿ ਉਹ ਬਹੁਤ ਸਮਝਦਾਰ ਹੈ ਅਤੇ 40 ਸਾਲ ਬਾਅਦ ਵੀ ਫੜਿਆ ਨਹੀਂ ਜਾ ਸਕੇਗਾ।”
ਉਹ ਅੱਗੇ ਕਹਿੰਦੇ ਹਨ, “ਪੁੱਛਗਿੱਛ ਦੌਰਾਨ ਉਸ ਨੂੰ ਆਪ ਹੀ ਪੁਲਿਸ ਨੂੰ ਕੁਝ ਗੱਲਾਂ ਬਾਰੇ ਕਾਫੀ ਕੁਝ ਦੱਸ ਦਿੱਤਾ, ਪਰ ਉਸ ਨੂੰ ਇਹ ਮਹਿਸੂਸ ਨਹੀਂ ਹੋਇਆ।”
ਕੈਲੰਡਰ ਦੇ ਮੁਤਾਬਕ, ਕਾਤਲ ਨੇ ਸੋਚਿਆ ਕਿ ਉਹ ਸਾਰਿਆਂ ਤੋਂ ਵੱਧ ਹੁਸ਼ਿਆਰ ਸੀ ਅਤੇ ਬੱਚ ਕੇ ਨਿਕਲ ਸਕਦਾ ਸੀ।
ਜੇਮਸ ਅੱਗੇ ਸਮਝਾਉਂਦੇ ਹਨ, “ਪਰ ਅਜਿਹਾ ਨਹੀਂ ਹੋਇਆ ਕਿਉਂਕਿ ਜਦੋਂ ਪੁੱਛਗਿੱਛ ਦੌਰਾਨ ਉਸ ਵੱਲੋਂ ਦਿੱਤੇ ਜਵਾਬ ਅਸੀਂ ਫੇਰ ਸੁਣਦੇ ਹਾਂ ਤਾਂ ਉਹ ਜੁਰਮ ਵਿੱਚ ਆਪਣੀ ਸ਼ਮੂਲੀਅਤ ਬਾਰੇ ਦੱਸਦਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ।”
ਇਨ੍ਹਾਂ ਦੋਵਾਂ ਵਿਗਿਆਨੀਆਂ ਨੇ 1972 ਵਿੱਚ ਵਿਆਹ ਕਰਵਾਇਆ ਸੀ ਅਤੇ ਚਾਰ ਸਾਲਾਂ ਬਾਅਦ ਵੱਖ ਹੋ ਗਏ ਸਨ।
ਬ੍ਰੈਂਡਾ ਨੇ ਅਪਾਰਟਮੈਂਟ ਖਰੀਦਿਆ ਅਤੇ ਦੋਵਾਂ ਨੇ 1977 ਵਿੱਚ ਤਲਾਕ ਲੈ ਲਿਆ।
ਬ੍ਰੈਂਡਾ ਹਮੇਸ਼ਾ ਇਹ ਸ਼ਿਕਾਇਤ ਕਰਦੀ ਸੀ ਉਹ ਆਪਣੇ ਵਿਆਹ ਤੋਂ ਖੁਸ਼ ਨਹੀਂ ਸੀ ਅਤੇ ਉਸ ਨੂੰ ਆਪਣੇ ਪਤੀ ਤੋਂ ਡਰ ਲੱਗਦਾ ਸੀ।

ਤਸਵੀਰ ਸਰੋਤ, PAGE FAMILY
ਘਰੇਲੂ ਹਿੰਸਾ
ਜੇਮਸ ਨੂੰ ਪੁੱਛਿਆ ਗਿਆ ਕਿ ਕੀ ਬਦਲਾਅ ਆਇਆ ਕਿ ਕੇਸ ਦੁਬਾਰਾ ਅਦਾਲਤ ਵਿੱਚ ਲਿਆਂਦਾ ਗਿਆ।
ਜੇਮਸ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਸ ਵਾਰੀ ਕ੍ਰਿਸਟੋਫਰ ਵੱਲੋਂ ਬ੍ਰੈਂਡਾ ਨੂੰ ਕਿਸ ਤਰ੍ਹਾਂ ਆਪਣੇ ਕੰਟਰੋਲ ਵਿੱਚ ਰੱਖਿਆ ਜਾਂਦਾ ਹੈ ਇਸ ਬਾਰੇ ਸਪਸ਼ਟ ਜਾਣਕਾਰੀ ਸੀ।”
ਜੇਮਸ ਨੇ ਇਹ ਵੀ ਕਿਹਾ ਕਿ ਉਸ ਵੇਲੇ 1970-80 ਵਿੱਚ ਔਰਤਾਂ ਕਾਫੀ ਹੱਦ ਤੱਕ ਘਰੇਲੂ ਹਿੰਸਾ ਸਹਿਣ ਕਰਦੀਆਂ ਸਨ।
ਉਹ ਕਹਿੰਦੇ ਹਨ, “ਇਹ ਸਿਰਫ਼ ਪਰਿਵਾਰ ਦਾ ਮਾਹੌਲ ਹੀ ਨਹੀਂ ਸੀ ਪਰ ਇਹ ਪੁਲਿਸ ਅਤੇ ਸਮਾਜ ਉੱਤੇ ਵੀ ਲਾਗੂ ਹੁੰਦਾ ਸੀ।”
ਉਹ ਕਹਿੰਦੇ ਹਨ, “ਖੁਸ਼ਕਿਸਮਤੀ ਨਾਲ ਵਿਸ਼ੇ ਬਾਰੇ ਸਮਝ ਕਾਫੀ ਅੱਗੇ ਤੱਕ ਆ ਗਈ ਹੈ, ਅਤੇ ਇਹ ਹੀ ਸਭ ਤੋਂ ਮਹੱਤਵਪੂਰਨ ਚੀਜ਼ ਹੈ।”
ਉਹ ਕਹਿੰਦੇ ਹਨ 1978 ਵਿੱਚ ਪੁਲਿਸ ਨੇ ਇਸ ਕਤਲ ਦੀ ਜਾਂਚ ਵਿੱਚ ਉੱਨਾ ਚੰਗਾ ਹੀ ਕੰਮ ਕੀਤਾ ਜਿੰਨਾ ਚੰਗਾ ਅਸੀਂ ਹੁਣ ਕੀਤਾ।
ਉਹ ਕਹਿੰਦੇ ਹਨ, “ਇਸ ਦੀ ਜ਼ਿੰਮੇਵਾਰੀ ਸਮਾਜ ਉੱਤੇ ਆਉਂਦੀ ਹੈ, ਕੀ ਸਮਾਜ ਨੇ 1978 ਵਿੱਚ ਬ੍ਰੈਂਡਾ ਨੂੰ ਹਰਾ ਦਿੱਤਾ।
ਸ਼ਾਇਦ ਇਹ ਸੱਚਾਈ ਸੀ ਪਰ ਅਸੀਂ ਇਸ ਨੂੰ 2024 ਦੇ ਨਜ਼ਰੀਏ ਤੋਂ ਵੇਖਦੇ ਹਾਂ।
ਪਰਿਵਾਰਕ ਮੈਂਬਰ ਕੀ ਕਹਿ ਰਹੇ
ਬ੍ਰੈਂਡਾ ਦੇ ਭਾਣਜੇ ਕ੍ਰਿਸ ਲਿੰਗ ਦੀ ਉਮਰ 59 ਸਾਲ ਹੈ।
ਉਹ ਕ੍ਰਿਸਟੋਫਰ ਦੇ ਮੁਕੱਦਮੇ ਵਿੱਚ ਜਾਂਦੇ ਸਨ।
ਕ੍ਰਿਸ ਨੇ ਬੀਬੀਸੀ ਨੂੰ ਦੱਸਿਆ, “ਇਹ ਬਹੁਤ ਹੀ ਅਜੀਬ ਅਹਿਸਾਸ ਸੀ, ਉਸ ਜਿਸ ਬੰਦੇ ਉੱਤੇ ਮੇਰੀ ਰਿਸ਼ਤੇਦਾਰ ਨੂੰ ਮਾਰਨ ਦੇ ਇਲਜ਼ਾਮ ਲੱਗੇ ਸਨ ਉਹ ਸਾਡੇ ਵਿੱਚ ਹੀ ਫਿਰ ਰਿਹਾ ਸੀ।”
ਉਹ ਕਹਿੰਦੇ ਹਨ, “ਮੈਨੂੰ ਉਸ ਬਾਰੇ ਜੋ ਯਾਦ ਹੈ ਉਹ ਉਸ ਤੋਂ ਕਾਫੀ ਵੱਖਰਾ ਹੈ, ਉਹ ਬਹੁਤ ਬੁੱਢਾ ਹੋ ਗਿਆ ਹੈ, ਇਹ ਤੁਹਾਨੂੰ ਇਹ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਬ੍ਰੈਂਡਾ ਹੁਣ ਕਿਹੋ ਜਿਹੀ ਹੋਵੇਗੀ।”

‘ਡੀਐੱਨਏ ਦੀ ਜਾਂਚ ਨੇ ਸਾਡੀ ਦਿਲਚਸਪੀ ਵਧਾਈ’
ਬ੍ਰੈਂਡਾ ਪੇਜ ਦੀ ਭੈਣ ਰੀਟਾ ਲਿੰਗ ਦੀ ਉਮਰ 88 ਸਾਲ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕਈ ਸਾਲ ਇਸ ਉਮੀਦ ਵਿੱਚ ਬਿਤਾ ਦਿੱਤੇ ਕਿ ਪੁਲਿਸ ਕਾਤਲ ਨੂੰ ਸਜ਼ਾ ਦੇਣ ਲਈ ਸਬੂਤ ਲੱਭੇਗੀ।
ਉਹ ਕਹਿੰਦੇ ਹਨ, “ਜਿਵੇਂ-ਜਿਵੇਂ ਡੀਐੱਨਏ ਦੀ ਜਾਂਚ ਅੱਗੇ ਵਧੀ ਸਾਡੀ ਦਿਲਚਸਪੀ ਵਧਣੀ ਸ਼ੁਰੂ ਹੋ ਗਈ।”
ਉਹ ਕਹਿੰਦੇ ਹਨ, “ਉਨ੍ਹਾਂ ਨੇ ਕੋਸ਼ਿਸ਼ ਕੀਤੀ ਅਸੀਂ ਇਸ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਪਰ ਤਸੀਂ ਤੱਥਾਂ ਦਾ ਵੀ ਖਿਆਲ ਰੱਖਣਾ ਹੁੰਦਾ ਹੈ।
ਉਨ੍ਹਾਂ ਅੱਗੇ ਕਿਹਾ, “ਤੁਸੀਂ ਬੱਸ ਇਹ ਉਮੀਦ ਹੀ ਕਰ ਸਕਦੇ ਕਿ ਇਸ ਦਾ ਕੁਝ ਹੋਵੇਗਾ।”
ਲਿੰਗ ਕਹਿੰਦੇ ਹਨ, “ਸਾਡੇ ਤਿੰਨਾਂ ਦੀ ਇਕੱਠਿਆਂ ਦੀ ਇੱਕ ਤਸਵੀਰ ਹੈ ਜਿਸ ਵਿੱਚ ਵਿਚਕਾਰ ਸਾਡੀ ਮਾਂ ਹਨ ਅਤੇ ਇੱਕ ਪਾਸੇ ਬ੍ਰੈਂਡਾ ਹੈ ਅਤੇ ਇੱਕ ਪਾਸੇ ਮੈਂ।”
ਉਹ ਕਹਿੰਦੇ ਹਨ, “ਅਸੀਂ ਸਾਰਾ ਕੁਝ ਇਕੱਠੇ ਕਰਦੇ ਸੀ ਹੁਣ ਸਭ ਖਾਲੀ ਹੈ।”












