ਗੋਇੰਦਵਾਲ: ਦੋ ਸਕੇ ਭਰਾਵਾਂ ਦੀ ਖੁਦਕਸ਼ੀ ਦੇ ਮਾਮਲੇ ਵਿੱਚ ਪੁਲਿਸ ਖ਼ਿਲਾਫ਼ ਹੀ ਕਿਉਂ ਦਰਜ ਹੋਈ ਐੱਫ਼ਆਈਆਰ

ਮਾਨਵਜੀਤ ਸਿੰਘ ਅਤੇ ਜਸ਼ਨਬੀਰ ਸਿੰਘ

ਤਸਵੀਰ ਸਰੋਤ, Pradeep Sharma/BBC

ਤਸਵੀਰ ਕੈਪਸ਼ਨ, ਦੋਵੇਂ ਭਰਾਵਾਂ ਨੇ 17 ਅਗਸਤ ਨੂੰ ਦਰਿਆ ਵਿੱਚ ਛਾਲੀ ਮਾਰੀ ਸੀ
    • ਲੇਖਕ, ਪ੍ਰਦੀਪ ਸ਼ਰਮਾ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ

ਗੋਇੰਦਵਾਲ ਸਾਹਿਬ ਨੇੜੇ ਵਗਦੇ ਬਿਆਸ ਦਰਿਆ ਵਿੱਚ ਕਥਿਤ ਤੌਰ ਉੱਤੇ ਛਾਲ ਮਾਰਨ ਵਾਲੇ ਦੋ ਸਕੇ ਭਰਾਵਾਂ ਵਿੱਚੋਂ ਇੱਕ ਜਸ਼ਨਬੀਰ ਸਿੰਘ ਦੀ ਲਾਸ਼ ਮਿਲ ਗਈ ਹੈ। ਮਾਨਵਜੀਤ ਸਿੰਘ ਦੀ ਭਾਲ ਅਜੇ ਵੀ ਜਾਰੀ ਹੈ।

ਇਸ ਤੋਂ ਬਾਅਦ ਜਲੰਧਰ ਥਾਣਾ ਡਿਵੀਜ਼ਨ ਇੱਕ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਕੁਮਾਰ ਤੇ ਸਿਪਾਹੀ ਜਗਜੀਤ ਕੌਰ ਦੇ ਖ਼ਿਲਾਫ਼ ਧਾਰਾ 506 ,306 ਤੇ 34 ਦੇ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ।

ਇਸ ਮਗਰੋਂ ਤਿੰਨੇ ਮੁਲਾਜ਼ਮ ਰੁਪੋਸ਼ ਹੋ ਗਏ ਅਤੇ ਇਨ੍ਹਾਂ ਦੀ ਪੁਲਿਸ ਵੱਲੋਂ ਭਾਲ ਜਾਰੀ ਹੈ।

ਦਰਅਸਲ, ਪਿਛਲੇ ਮਹੀਨੇ ਅਗਸਤ ਦੀ 17 ਤਰੀਕ ਨੂੰ ਗੋਇੰਦਵਾਲ ਸਾਹਿਬ ਦੇ ਨੇੜੇ ਬਿਆਸ ਦਰਿਆ ਦੇ ਪੁਲ ਉੱਤੋਂ ਮਾਨਵਜੀਤ ਸਿੰਘ ਤੇ ਜਸ਼ਨਬੀਰ ਸਿੰਘ ਨੇ ਕਥਿਤ ਤੌਰ ਉੱਤੇ ਛਾਲ ਮਾਰ ਦਿੱਤੀ ਸੀ।

ਇਹ ਦੋਵੇਂ ਭਰਾ, ਮਾਨਵਜੀਤ ਸਿੰਘ ਅਤੇ ਜਸ਼ਨਬੀਰ ਸਿੰਘ ਜਲੰਧਰ ਦੇ ਗਰੀਨ ਪਾਰਕ ਇਲਾਕੇ ਦੇ ਰਹਿਣ ਵਾਲੇ ਸਨ।

ਇਲਜ਼ਾਮ ਲਗਾਏ ਜਾ ਰਹੇ ਹਨ ਕਿ ਜਸ਼ਨਦੀਪ ਸਿੰਘ ਨੇ ਪੁਲਿਸ ਵਾਲਿਆਂ ਦੇ ਕਥਿਤ ਤਸ਼ੱਦਦ ਤੋਂ ਬਾਅਦ ਅਜਿਹਾ ਕਦਮ ਪੁੱਟਿਆ ਸੀ ਅਤੇ ਉਸ ਦੇ ਵੱਡੇ ਭਰਾ ਮਾਨਵਜੀਤ ਸਿੰਘ ਨੇ ਉਸ ਨੂੰ ਬਚਾਉਣ ਖ਼ਾਤਰ ਉਸ ਦੇ ਪਿੱਛੇ ਛਾਲ ਮਾਰ ਦਿੱਤੀ ਸੀ।

ਇਸ ਤੋਂ ਦੋਵੇਂ ਭਰਾ ਹੜ੍ਹਾਂ ਕਾਰਨ ਦਰਿਆ ਵਿੱਚ ਆਏ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ ਸਨ ਤੇ ਕਰੀਬ 16 ਦਿਨਾਂ ਬਾਅਦ ਇੱਕ ਦੀ ਲਾਸ਼ ਬਰਾਮਦ ਹੋਈ ਹੈ।

ਜਸ਼ਨਬੀਰ ਸਿੰਘ ਲਾਸ਼ ਗੋਇੰਬਵਾਲ ਸਾਹਿਬ ਤੋਂ ਕਰੀਬ 10 ਕਿਲੋਮੀਟਰ ਦੂਰ ਕਪੂਰਥਲਾ ਦੇ ਤਲਵੰਡੀ ਚੌਧਰੀਆਂ ਵਿੱਚ ਪੈਂਦੇ ਪਿੰਡ ਧੂੰਦਾ ਵਿੱਚੋਂ ਮਿਲੀ ਹੈ।

ਕੋਟ ਕਾਰਡ
ਬੀਬੀਸੀ
  • ਪਿਛਲੇ ਮਹੀਨੇ ਅਗਸਤ ਦੀ 17 ਤਰੀਕ ਨੂੰ ਗੋਇੰਦਵਾਲ ਸਾਹਿਬ ਦੇ ਨੇੜੇ ਬਿਆਸ ਦਰਿਆ ਦੇ ਪੁੱਲ ਉੱਤੋਂ ਮਾਨਵਜੀਤ ਸਿੰਘ ਤੇ ਜਸ਼ਨਬੀਰ ਸਿੰਘ ਨੇ ਕਥਿਤ ਤੌਰ ਉੱਤੇ ਛਾਲ ਮਾਰ ਦਿੱਤੀ ਸੀ
  • ਦੋਵੇਂ ਭਰਾ, ਮਾਨਵਜੀਤ ਸਿੰਘ ਅਤੇ ਜਸ਼ਨਬੀਰ ਸਿੰਘ ਜਲੰਧਰ ਦੇ ਗ੍ਰੀਨ ਪਾਰਕ ਇਲਾਕੇ ਦੇ ਰਹਿਣ ਵਾਲੇ ਸਨ।
  • ਦੋਵੇਂ ਭਰਾ ਹੜ੍ਹਾਂ ਕਾਰਨ ਦਰਿਆ ਵਿੱਚ ਆਏ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ ਸਨ ਤੇ ਕਰੀਬ 16 ਦਿਨਾਂ ਬਾਅਦ ਇੱਕ ਦੀ ਲਾਸ਼ ਬਰਾਮਦ ਹੋਈ ਹੈ।
  • ਦੋਵੇਂ ਭਰਾਵਾਂ ਦੇ ਦਰਿਆ ਵਿੱਚ ਛਾਲ ਮਾਰ ਦਾ ਕਾਰਨ ਪੁਲਿਸ ਦਾ ਕਥਿਤ ਤਸ਼ੱਦਦ ਦੱਸਿਆ ਹੈ।
  • ਜਸ਼ਨਬੀਰ ਸਿੰਘ ਲਾਸ਼ ਗੋਇੰਬਵਾਲ ਸਾਹਿਬ ਤੋਂ ਕਰੀਬ 10 ਕਿਲੋਮੀਟਰ ਦੂਰ ਕਪੂਰਥਲਾ ਦੇ ਤਲਵੰਡੀ ਚੌਧਰੀਆ ਵਿੱਚ ਪੈਂਦੇ ਪਿੰਡ ਧੂੰਦਾ ਵਿੱਚੋਂ ਮਿਲੀ ਹੈ।
ਬੀਬੀਸੀ

ਕਿਵੇਂ ਹੋਈ ਸ਼ਨਾਖ਼ਤ

ਜਾਣਕਾਰੀ ਮੁਤਾਬਕ ਬੀਤੇ ਦਿਨ ਪਿੰਡ ਧੂੰਦਾ ਦਾ ਇਕ ਕਿਸਾਨ ਆਪਣੇ ਖੇਤਾਂ ਵਿੱਚ ਗਿਆ ਤਾਂ ਉੱਥੇ ਉਸ ਨੂੰ ਉੱਗੇ ਘਾਹ-ਫੂਸ ਵਿੱਚ ਫਸੀ ਇੱਕ ਲਾਸ਼ ਦਿਖਾਈ ਦਿੱਤੀ।

ਇਸ ਤੋਂ ਬਾਅਦ ਉਸ ਨੇ ਤੁਰੰਤ ਹੀ ਆਪਣੇ ਪਿੰਡ ਦੀ ਪੰਚਾਇਤ ਅਤੇ ਪੁਲਿਸ ਨੂੰ ਇਸ ਬਾਰੇ ਇਤਲਾਹ ਕੀਤੀ। ਪੁਲਿਸ ਅਤੇ ਇਲਾਕੇ ਦੇ ਮੋਹਤਬਰ ਬਰਾਮਦ ਲਾਸ਼ ਵਾਲੀ ਥਾਂ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਲਾਸ਼ ਦੀ ਪਛਾਣ ਲਈ ਕੁਝ ਤਸਵੀਰਾਂ ਤੇ ਵੀਡੀਓ ਪਰਿਵਾਰ ਨੂੰ ਭੇਜੇ।

ਪਰਿਵਾਰ ਨੇ ਇਸ ਦੀ ਸ਼ਿਨਾਖਤ ਜਸ਼ਨਬੀਰ ਦੀ ਲਾਸ਼ ਨੂੰ ਉਸ ਦੇ ਪਾਏ ਹੋਏ ਕੜੇ, ਬੂਟ ਅਤੇ ਕੱਪੜਿਆਂ ਤੋਂ ਕੀਤੀ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਸੁਲਤਾਨਪੁਰ ਲੋਧੀ ਦੇ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਹੈ।

ਇੰਸਪੈਕਟਰ ਨਵਦੀਪ ਸਿੰਘ

ਤਸਵੀਰ ਸਰੋਤ, Pardeep SHARMA/BBC

ਤਸਵੀਰ ਕੈਪਸ਼ਨ, ਇੰਸਪੈਕਟਰ ਨਵਦੀਪ ਸਿੰਘ

ਕੀ ਹੈ ਪੂਰਾ ਮਾਮਲਾ

ਦੋਵਾਂ ਭਰਾਵਾਂ ਦੇ ਦਰਿਆ ਵਿੱਚ ਛਾਲ ਮਾਰਨ ਦੇ ਪੂਰੇ ਘਟਨਾਕ੍ਰਮ ਨੂੰ ਉਨ੍ਹਾਂ ਦੇ ਦੋਸਤ ਮਾਨਵਦੀਪ ਸਿੰਘ ਵੱਲੋਂ ਦੇਖਿਆ ਗਿਆ ਸੀ।

ਲਾਸ਼ ਬਰਾਮਦ ਹੋਣ ਤੋਂ ਬਾਅਦ ਮਾਨਵਦੀਪ ਦੇ ਬਿਆਨਾਂ 'ਤੇ ਹੀ ਜਲੰਧਰ ਦੇ ਥਾਣਾ ਮੁਖੀ ਇੰਸਪੈਕਟਰ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਕੁਮਾਰ ਤੇ ਸਿਪਾਹੀ ਜਗਜੀਤ ਕੌਰ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਮਾਨਵਦੀਪ ਸਿੰਘ ਨੇ ਦੱਸਿਆ ਕਿ ਮਾਨਵਜੀਤ ਤੇ ਜਸ਼ਨਬੀਰ ਦੇ ਦੋਸਤ ਦੀ ਭੈਣ ਦਾ, ਉਸ ਦੇ ਪਤੀ ਅਤੇ ਉਸ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ, ਜਿਸ ਸਬੰਧੀ ਉਹ 14 ਅਗਸਤ ਥਾਣਾ ਡਿਵੀਜ਼ਨ ਨੰਬਰ 1 ਜਲੰਧਰ ਵਿੱਚ ਦੋਵੇਂ ਭਰਾ ਪੰਚਾਇਤ ਵਿੱਚ ਗਏ ਸਨ।

ਮਾਨਵਦੀਪ ਸਿੰਘ ਨੇ ਦੱਸਿਆ, “16 ਤਰੀਕ ਨੂੰ ਮੁੜ ਉਨ੍ਹਾਂ ਨੂੰ ਥਾਣੇ ਬੁਲਾਇਆ ਗਿਆ ਜਿੱਥੇ ਉਨ੍ਹਾਂ ਵਿਚਾਲੇ ਬਹਿਸ ਹੋ ਗਈ। ਜਿੱਥੇ ਮਹਿਲਾ ਸਿਪਾਹੀ ਜਗਜੀਤ ਕੌਰ ਵਲੋਂ ਦਿੱਤੇ ਬਿਆਨ ’ਤੇ ਡੀਡੀਆਰ ਨੰਬਰ 28 ਅਧੀਨ ਧਾਰਾ 107/51 ਦਰਜ ਕਰਕੇ ਮਾਨਵਜੀਤ ਸਿੰਘ ਢਿੱਲੋਂ ਦੀ ਥਾਣੇ ਵਿੱਚ ਕੁੱਟਮਾਰ ਕੀਤੀ ਗਈ ਅਤੇ ਪੱਗ ਉਤਾਰ ਦਿੱਤੀ ਗਈ।”

ਪਰਿਵਾਰ ਮੁਤਾਬਕ ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਮੁੰਡੇ ਵਾਲਿਆਂ ਨੇ ਕਾਫੀ ਗਾਲੀ-ਗਲੋਚ ਕੀਤੀ ਪਰ ਤਿੰਨਾਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਨਹੀਂ ਰੋਕਿਆ ਤੇ ਉਲਟਾ ਕੁੜੀ ਵਾਲਿਆਂ ਨੂੰ ਬਾਹਰ ਕੱਢ ਦਿੱਤਾ।

ਐੱਫਆਈਆਰ ਮੁਤਾਬਕ, “ਇਸ ਮਗਰੋਂ ਇੱਕ ਪੁਲਿਸ ਮੁਲਾਜ਼ਮ ਸਾਦੇ ਕੱਪੜਿਆਂ ਵਿੱਚ ਆਇਆ ਤੇ ਉਸ ਨੇ ਮਾਨਵਜੀਤ ਸਿੰਘ ਨੂੰ ਕਿਹਾ ਕਿ ਸਿਰਫ਼ ਉਸ ਨੂੰ ਐੱਸਐੱਚਓ ਨੇ ਬੁਲਾਇਆ ਹੈ। ਜਿਸ ਮਗਰੋਂ ਐੱਸਐੱਚਓ ਦੇ ਕਮਰੇ ਵਿੱਚੋਂ ਮਾਨਵਜੀਤ ਦੇ ਚੀਕਣ ਦੀ ਆਵਾਜ਼ ਬਾਹਰ ਆਈ ਅਤੇ 5-6 ਪੁਲਿਸ ਮੁਲਾਜ਼ਮ ਨੂੰ ਉਸ ਖਿੱਚ-ਧੂ ਕੇ ਹਵਾਲਾਤ ਵਿੱਚ ਲੈ ਗਏ।”

“ਇਸ ਦੌਰਾਨ ਉਸ ਨੂੰ ਥੱਪੜ ਮਾਰਿਆਂ ਤੇ ਉਸ ਦੀ ਪੱਗ ਵੀ ਲਾਹ ਦਿੱਤੀ। ਜਸ਼ਨਬੀਰ ਸਿੰਘ ਪੁਲਿਸ ਵੱਲੋਂ ਆਪਣੇ ਵੱਡੇ ਭਰਾ ਉੱਤੇ ਕਥਿਤ ਨਜਾਇਜ਼ ਤਸ਼ੱਦਦ ਦੀ ਗੱਲ ਆਪਣੇ ਦਿਲ ਨੂੰ ਲਾ ਲਈ।”

ਇੰਸਪੈਕਟਰ ਨਵਦੀਪ ਸਿੰਘ

ਤਸਵੀਰ ਸਰੋਤ, Pradeep Sharma/bbc

ਤਸਵੀਰ ਕੈਪਸ਼ਨ, ਇੰਸਪੈਕਟਰ ਨਵਦੀਪ ਸਿੰਘ ਫਗਵਾੜਾ ਵਿੱਚ ਰੇਹੜੀ ਨੂੰ ਲੱਤ ਕਾਰਨ ਕਾਫੀ ਚਰਚਾ ਵਿੱਚ ਆਏ ਸਨ

“ਅਗਲੇ ਦਿਨ ਯਾਨਿ 17 ਅਗਸਤ ਦੀ ਸ਼ਾਮ ਚਾਰ ਵਜੇ ਮਾਨਵਜੀਤ ਦੀ ਜ਼ਮਾਨਤ ਤੋਂ ਬਾਅਦ ਆਪਣੇ ਭਰਾ ਜਸ਼ਨਦੀਪ ਨਾਲ ਗੱਲ ਹੋਈ। 17 ਅਗਸਤ ਨੂੰ ਹੀ ਨੂੰ ਜਸ਼ਨਦੀਪ ਘਰ ਤੋਂ ਬਿਨਾਂ ਦੱਸੇ ਚਲਾ ਗਿਆ। ਜ਼ਮਾਨਤ ਤੋਂ ਬਾਅਦ ਮਾਨਵਜੀਤ ਨੇ ਜਸ਼ਨਬੀਰ ਨੂੰ ਫੋਨ ਕੀਤਾ ਤਾਂ ਜਸ਼ਨਬੀਰ ਨੇ ਰੌਂਦੇ ਹੋਏ ਥਾਣੇਦਾਰ ਨਵਦੀਪ ਸਿੰਘ ਵੱਲੋਂ ਕਥਿਤ ਤੌਰ 'ਤੇ ਨਜਾਇਜ਼ ਜ਼ਲੀਲ ਕਰਨ ਦੀ ਗੱਲ ਆਖੀ।”

“ਉਸ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਦਰਿਆ ਵਿੱਚ ਛਾਲ ਮਾਰਨ ਜਾ ਰਿਹਾ ਹੈ ਪਰ ਮਾਨਵਜੀਤ ਸਿੰਘ ਨੇ ਉਸ ਨੂੰ ਗੱਲਾਂ ਵਿੱਚ ਲਗਾ ਕੇ ਰੱਖਿਆ ਤੇ ਉਸ ਦੀ ਦੱਸੀ ਜਗ੍ਹਾ 'ਤੇ ਪਹੁੰਚ ਗਿਆ। ਪਰ ਮਾਨਵਜੀਤ ਨੇ ਜਾ ਕੇ ਜਸ਼ਨਬੀਰ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਜਸ਼ਨਬੀਰ ਨੇ ਛਾਲ ਮਾਰ ਦਿੱਤੀ। ਉਸ ਮਗਰ ਹੀ ਮਾਨਵਜੀਤ ਨੇ ਵੀ ਛਾਲ ਮਾਰ ਦਿੱਤੀ।”

ਦਰਿਆ ਦੇ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਦੋਵਾਂ ਦੀ ਭਾਲ ਕਰਨ ਵਿੱਚ ਕਾਫੀ ਮੁਸ਼ਕਲ ਆਈ।

ਪਰਿਵਾਰ ਦਾ ਇਲਜ਼ਾਮ

ਹਾਲਾਂਕਿ ਪਰਿਵਾਰ ਵਾਲੇ ਵਾਰ-ਵਾਰ ਪੁਲਿਸ ਮੁਲਾਜ਼ਮਾਂ 'ਤੇ ਪਰਚਾ ਦਰਜ ਕਰਨ ਦੀ ਮੰਗ ਕਰਦੇ ਰਹੇ ਹਨ।

ਜ਼ਿਕਰਯੋਗ ਹੈ ਨਵਦੀਪ ਸਿੰਘ ਉਹੀ ਇੰਸਪੈਕਟਰ ਹੈ, ਜਿਸ ਦੀ ਕੋਵਿਡ ਦੌਰਾਨ ਫਗਵਾੜਾ ਵਿੱਚ ਇਸ ਸਬਜ਼ੀ ਵਾਲੇ ਦੀ ਰੇਹੜੀ ਨੂੰ ਲੱਤ ਮਾਰ ਕੇ ਸੁੱਟਣ ਤੋਂ ਬਾਅਦ ਵੀਡੀਓ ਕਾਫੀ ਵਾਇਰਲ ਹੋਈ ਸੀ।

ਉਸ ਵੇਲੇ ਉਹ ਫਗਵਾੜਾ ਦੇ ਐੱਸਐੱਚਓ ਸਨ। ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਤਤਕਾਲੀ ਡੀਜੀਪੀ ਦਿਨਕਰ ਗੁਪਤਾ ਵਲੋਂ ਇਸ ਨੂੰ ਸ਼ਰਮਨਾਕ ਘਟਨਾ ਦੱਸਦੇ ਹੋਏ ਤੁਰੰਤ ਮੁਅਤਲ ਕੀਤਾ ਸੀ।

ਉਧਰ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਤਿੰਨੋ (ਕੇਸ ਵਿੱਚ ਨਾਮਜ਼ਦ ਪੁਲਿਸ ਮੁਲਾਜ਼ਮ) ਗ੍ਰਿਫ਼ਤਾਰ ਨਹੀਂ ਹੁੰਦੇ ਅਤੇ ਮਾਨਵਜੀਤ ਦਾ ਪਤਾ ਨਹੀਂ ਲੱਗਦਾ ਓਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ।

ਉਧਰ ਸੁਲਤਾਨਪੁਰ ਦੇ ਡੀਐੱਸਪੀ ਬਬਨਦੀਪ ਲੁਬਾਣਾ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਕਾਰਵਾਈ ਕੀਤੀ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)