ਹਰਦੀਪ ਸਿੰਘ ਨਿੱਝਰ: ਕੈਨੇਡੀਅਨ ਸੰਸਦ ਅਤੇ ਅਮ੍ਰਿਤਸਰ 'ਚ ਪੰਥਕ ਸੰਗਠਨਾਂ ਨੇ ਕੀਤਾ ਯਾਦ, ਕੀ ਬੋਲੇ ਟਰੂਡੋ ਤੇ ਜਥੇਦਾਰ

ਰਘਬੀਰ ਸਿੰਘ, ਹਰਦੀਪ ਸਿੰਘ ਨਿੱਝਰ ਅਤੇ ਜਸਟਿਨ ਟਰੂਡੋ ਦਾ ਕੋਲਾਜ

ਤਸਵੀਰ ਸਰੋਤ, BBC

ਪ੍ਰਕਾਸ਼ਿਤ

ਕੈਨੇਡੀਅਨ ਸਿੱਖ ਅਤੇ ਖਾਲਿਸਤਾਨੀ ਸਮਰਥਕ ਮਰਹੂਮ ਹਰਦੀਪ ਸਿੰਘ ਨਿੱਝਰ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਓਟਵਾ ਵਿੱਚ ਕੈਨੇਡੀਅਨ ਸੰਸਦ ਨੇ ਮੌਨ ਰੱਖ ਕੇ ਅਤੇ ਪੰਥਕ ਜਥੇਬੰਦੀਆਂ ਨੇ ਅਮ੍ਰਿਤਸਰ ਵਿੱਚ ਧਾਰਮਿਕ ਸਮਾਗਮ ਕਰਵਾ ਕੇ ਯਾਦ ਕੀਤਾ।

ਹਰਦੀਪ ਸਿੰਘ ਨਿੱਝਰ ਨੂੰ 18 ਜੂਨ 2023 ਨੂੰ ਸਰੀ ਦੇ ਉਸੇ ਗੁਰਦੁਆਰੇ ਦੀ ਕਾਰ ਪਾਰਕਿੰਗ ਵਿੱਚ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਉਹ ਪ੍ਰਧਾਨ ਸਨ।

ਹਰਦੀਪ ਸਿੰਘ ਨਿੱਝਰ ਦਾ ਗੁਰਦੁਆਰੇ ਤੋਂ ਬਾਹਰ ਨਿਕਲਦੇ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਕੈਨੇਡੀਅਨ ਸੰਸਦ ਵਿੱਚ ਸਤੰਬਰ 2023 ਦੌਰਾਨ ਬੋਲਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੀ ਭੂਮਿਕਾ ਹੋਣ ਦੇ ਇਲਜ਼ਾਮ ਲਾਏ ਸਨ। ਜਿਨ੍ਹਾਂ ਨੂੰ ਭਾਰਤ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ।

ਹੁਣ ਹਰਦੀਪ ਸਿੰਘ ਨਿੱਝਰ ਦੀ ਪਹਿਲੀ ਬਰਸੀ ਮੌਕੇ ਕੈਨੇਡੀਅਨ ਸੰਸਦ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਜੰਲੀ ਦਿੱਤੀ ਗਈ।

ਕੈਨੇਡਾ ਵਲੋਂ ਹਰਦੀਪ ਨਿੱਝਰ ਦੀ ਬਰਸੀ ਦੇ ਸਮਾਗਮ ਕਰਵਾਏ ਜਾਣ ਤੋਂ ਬਾਅਦ ਜਵਾਬੀ ਕਾਰਵਾਈ ਕਰਦਿਆਂ ਵੈਨਕੂਵਰ ਵਿੱਚ ਭਾਰਤੀ ਕੌਸਲੇਟ ਜਨਰਲ ਨੇ 29 ਜੂਨ ਨੂੰ ਕਨਿਸ਼ਕ ਬੰਬ ਕਾਂਡ ਦੀ ਬਰਸੀ ਮਨਾਉਣ ਦਾ ਐਲਾਨ ਕਰ ਦਿੱਤਾ ਹੈ।

39 ਸਾਲ ਪਹਿਲਾ ਕੈਨੇਡਾ ਵਿੱਚ ਏਅਰ ਇੰਡੀਆ ਦੀ ਫਲਾਇਟ 182, ਕਨਿਸ਼ਕ ਨੂੰ ਬੰਬ ਨਾਲ ਉਡਾ ਦਿੱਤਾ ਸੀ ਜਿਸ ਵਿੱਚ 329 ਲੋਕ ਮਾਰੇ ਗਏ ਸਨ। ਇਸ ਨੂੰ ਖਾਲਿਸਤਾਨੀ ਕੱਟਵਾਦੀਆਂ ਦਾ ਕਾਰਾ ਮੰਨਿਆ ਜਾਂਦਾ ਹੈ।

ਕੈਨੇਡੀਅਨ ਨਾਗਰਿਕ ਦੀ ਯਾਦ ਵਿੱਚ CJU

ਤਸਵੀਰ ਸਰੋਤ, FACEBOOK

ਇਸੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੀਬੀਸੀ ਮੀਡੀਆ ਅਦਾਰੇ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਵਾਂ ਦੇਸਾਂ ਨਾਲ ਜੁੜੇ ਗੰਭੀਰ ਮਸਲਿਆਂ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਇਸ ਦਿਸ਼ਾ ਵਿੱਚ ਕਾਫ਼ੀ ਕੰਮ ਹੋ ਰਿਹਾ ਹੈ।

ਕੁਝ ਦਿਨ ਪਹਿਲਾਂ ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਨਿੱਝਰ ਕਤਲ ਕੇਸ ਵਿੱਚ 4 ਸ਼ੱਕੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਵੀ ਕੀਤਾ ਸੀ।

ਇਨ੍ਹਾਂ ਸਾਰਿਆਂ ਦਾ ਪਿਛੋਕੜ ਭਾਰਤੀ ਪੰਜਾਬ ਨਾਲ ਸਬੰਧਤ ਹੈ।

ਭਾਰਤ ਹਮੇਸ਼ਾ ਹੀ ਕੈਨੇਡਾ ਦੇ ਇਲਜ਼ਾਮਾਂ ਨੂੰ ਤਲਖੀ ਨਾਲ ਖਾਰਜ ਕਰਦਾ ਰਿਹਾ ਹੈ।

ਇਹ ਵੀ ਰੋਚਕ ਹੈ ਕਿ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਜੀ-7 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪਿਛਲੇ ਹਫ਼ਤੇ ਇਟਲੀ ਗਏ ਸਨ ਜਿੱਥੇ ਜਸਟਿਨ ਟਰੂਡੋ ਨਾਲ ਉਨ੍ਹਾਂ ਦੀ ਗੈਰ ਰਸਮੀਂ ਮੁਲਾਕਾਤ ਵੀ ਹੋਈ ਸੀ।

ਪਰ ਹੁਣ ਨਿੱਝਰ, ਜਿਨ੍ਹਾਂ ਨੂੰ ਭਾਰਤ ਸਰਕਾਰ ਅੱਤਵਾਦੀ ਮੰਨਦੀ ਹੈ, ਨੂੰ ਕੈਨੇਡਾ ਨੇ ਸੰਸਦ ਵਿੱਚ ਸ਼ਰਧਾਜ਼ਲੀ ਦੇ ਕੇ ਨਵਾਂ ਵਿਵਾਦ ਖੜਾ ਕਰ ਲਿਆ ਹੈ।

ਭਾਰਤ-ਕੈਨੇਡਾ ਸੰਬੰਧਾਂ ਬਾਰੇ ਟਰੂਡੋ ਦਾ ਤਾਜ਼ਾ ਬਿਆਨ

ਸੀਬੀਸੀ ਦੇ ਮੇਜ਼ਬਾਨ ਨੇ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਹੁਣ ਭਾਰਤ ਨਾਲ ਰਿਸ਼ਤੇ ਕਿਵੇਂ ਹਨ? ਕੋਈ ਸੁਧਾਰ ਹੋਇਆ ਹੈ? ਕੀ ਭਾਰਤ ਹੁਣ ਸਹਿਯੋਗ ਕਰ ਰਿਹਾ ਹੈ?

ਤਾਂ ਉਨ੍ਹਾਂ ਕਿਹਾ, “ਬਿਨਾਂ ਸ਼ੱਕ ਭਾਰਤ ਦੇ ਸੰਬੰਧ ਵਿੱਚ ਲੋਕਾਂ ਦੇ ਲੋਕਾਂ ਨਾਲ ਗਹਿਰੇ ਰਿਸ਼ਤੇ ਹਨ। ਮੂਲੋਂ ਹੀ ਮਹੱਤਵਪੂਰਨ ਆਰਥਿਕ ਰਿਸ਼ਤੇ ਹਨ। ਕਈ ਅਜਿਹੇ ਮਸਲੇ ਹਨ, ਜਿਨ੍ਹਾਂ ਉੱਤੇ ਅਸੀਂ ਲੋਕਤੰਤਰਾਂ ਵਜੋਂ ਅਤੇ ਵਿਸ਼ਵੀ ਭਾਈਚਾਰੇ ਵਜੋਂ ਇਕੱਠੇ ਕੰਮ ਕਰਨਾ ਹੈ। ਪਰ ਹੁਣ ਜਿਵੇਂ ਕਿ ਮੋਦੀ ਚੋਣਾਂ ਵਿੱਚੋਂ ਲੰਘ ਚੁੱਕੇ ਹਨ ਉਹ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ ਤਾਂ ਸਾਡੇ ਕੋਲ ਕੌਮੀ ਸੁਰੱਖਿਆ ਅਤੇ ਕੈਨੇਡੀਅਨ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਕਨੂੰਨ ਦਾ ਰਾਜ ਕਾਇਮ ਰੱਖਣ ਵਰਗੇ ਕੁਝ ਬੇਹੱਦ ਗੰਭੀਰ ਮਸਲਿਆਂ ਸਮੇਤ ਗੱਲ ਕਰਨ ਦਾ ਮੌਕਾ ਹੈ, ਜਿਨ੍ਹਾਂ ਵਿੱਚ ਅਸੀਂ ਉਨ੍ਹਾਂ (ਮੋਦੀ) ਨਾਲ ਗੱਲ ਕਰਾਂਗੇ।”

ਭਾਰਤ ਵੱਲੋਂ ਸਹਿਯੋਗ ਵਧਣ ਬਾਰੇ ਸਵਾਲ ਉੱਤੇ, ਉਨ੍ਹਾਂ ਨੇ ਕਿਹਾ, “ਬਹੁਤ ਕੰਮ ਹੋ ਰਿਹਾ ਹੈ।”

ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੀ-7 ਸਿਖਰ ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ

'ਭਾਰਤ ਇੱਕ ਲੋਕਤੰਤਰ ਵਾਂਗ ਕੰਮ ਨਹੀਂ ਕਰ ਰਿਹਾ'

ਕੈਨੇਡੀਅਨ ਸਿੱਖ ਸਿਆਸਤਦਾਨ ਗੁਰਰਤਨ ਸਿੰਘ ਨੇ ਨਿੱਝਰ ਦੀ ਬਰਸੀ ਮੌਕੇ ਇਨਸਾਫ਼ ਦੀ ਮੰਗ ਕਰਦਿਆਂ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ।

ਗੁਰਰਤਨ ਸਿੰਘ, ਕੈਨੇਡੀਅਨ ਸੱਤਾ ਵਿੱਚ ਭਾਈਵਾਲ ਪਾਰਟੀ ਐੱਨਡੀਪੀ ਦੇ ਆਗੂ ਜਗਮੀਤ ਸਿੰਘ ਦੇ ਭਰਾ ਹਨ।

ਉਨ੍ਹਾਂ ਨੇ ਕਿਹਾ, “ਅੱਜ ਹਰਦੀਪ ਸਿੰਘ ਦੇ ਕਤਲ ਨੂੰ ਇੱਕ ਸਾਲ ਹੋ ਗਿਆ ਹੈ। ਇੱਕ ਕੈਨੇਡੀਅਨ ਨਾਗਰਿਕ ਜਿਸ ਦਾ ਕੈਨੇਡਾ ਦੀ ਧਰਤੀ ਉੱਤੇ ਭਾਰਤ ਸਰਕਾਰ ਵੱਲੋਂ ਕਤਲ ਕੀਤਾ ਗਿਆ।”

ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਇਸ ਕਤਲ ਅਤੇ ਆਪਣੇ ਆਲੋਚਕਾਂ ਪ੍ਰਤੀ ਹਿੰਸਾ ਵਿੱਚ ਭਾਰਤ ਦੀ ਸ਼ਮੂਲੀਅਤ ਬਾਰੇ ਦੁਨੀਆਂ ਨੂੰ ਬਹੁਤ ਕੁਝ ਪਤਾ ਲੱਗਿਆ ਹੈ।

ਸਤੰਬਰ 2023 ਨੂੰ ਕਨੇਡਾ ਦੇ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਖੜ੍ਹੇ ਹੋ ਕੇ ਕਿਹਾ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਭਾਰਤ ਸਰਕਾਰ ਦੇ ਏਜੰਟਾਂ ਦੇ ਜੁੜੇ ਹੋਣ ਦੇ ਭਰੋਸੇਯੋਗ ਇਲਜ਼ਾਮ ਹਨ।

ਗੁਰ ਰਤਨ ਸਿੰਘ ਕੈਨੇਡਾ ਦੀ ਐੱਨਡੀਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਦੇ ਭਰਾ ਹਨ

ਤਸਵੀਰ ਸਰੋਤ, Gurratan Singh/Facebook

ਤਸਵੀਰ ਕੈਪਸ਼ਨ, ਗੁਰ ਰਤਨ ਸਿੰਘ ਕੈਨੇਡਾ ਦੀ ਐੱਨਡੀਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਦੇ ਭਰਾ ਹਨ

ਫਿਰ ਨਵੰਬਰ 2023 ਵਿੱਚ ਅਮਰੀਕਾ ਵਿੱਚ ਅਟੌਰਨੀ ਦੇ ਦਫ਼ਤਰ ਨੇ ਭਾਰਤ ਸਰਕਾਰ ਦੇ ਇੱਕ ਮੁਲਾਜ਼ਮ, ਨਿਖਿਲ ਗੁਪਤਾ ਉੱਤੇ ਇੱਕ ਅਮਰੀਕੀ-ਕੈਨੇਡੀਅਨ ਨਾਗਰਿਕ ਦੇ ਕਤਲ ਦੀ ਕੋਸ਼ਿਸ਼ ਦੇ ਚਾਰਜ ਲਾਏ। ਜੋ ਕਿ ਖ਼ਾਲਿਸਤਾਨ ਅਤੇ ਸਿੱਖ ਪ੍ਰਭੂਸਤਾ ਲਈ ਸਰਗਰਮੀ ਨਾਲ ਬੋਲਦੇ ਹਨ ਅਤੇ ਵਕਾਲਤ ਕਰਨ ਵਾਲਿਆਂ ਨੂੰ ਨਿਸ਼ਾਨਾਂ ਬਣਾਏ ਜਾਣ ਦੇ ਸਬੂਤ ਹਨ।

ਮਈ 2024 ਵਿੱਚ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸਨ ਅਤੇ ਜਾਂਚ ਕਰਤਿਆਂ ਨੇ ਇਲਜ਼ਾਮ ਲਾਇਆ ਸੀ ਕਿ ਜਿਨ੍ਹਾਂ ਨੂੰ ਫੜਿਆ ਗਿਆ ਸੀ, ਉਨ੍ਹਾਂ ਨੂੰ ਨਿੱਝਰ ਨੂੰ ਮਾਰਨ ਦਾ ਜ਼ਿੰਮਾ ਭਾਰਤ ਸਰਕਾਰ ਨੇ ਦਿੱਤਾ ਸੀ।

ਉਨ੍ਹਾਂ ਨੇ ਕਿਹਾ ਕਿ ਇਸੇ ਦੌਰਾਨ ਕੈਨੇਡਾ ਵਿੱਚ ਵਿਦੇਸ਼ੀ ਦਖ਼ਲ ਅੰਦਾਜ਼ੀ ਦੀ ਜਾਂਚ ਵਿੱਚ ਭਾਰਤ ਨੂੰ ਕੈਨੇਡਾ ਅਤੇ ਇਸਦੇ ਲੋਕਤੰਤਰ ਵਿੱਚ ਦਖ਼ਲ ਦੇਣ ਵਾਲੇ ਵਜੋਂ ਨਿਸ਼ਾਨਦੇਹ ਕੀਤਾ ਗਿਆ ਹੈ।

ਵਟਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗੁਰਰਤਨ ਸਿੰਘ ਨੇ ਕੈਨੇਡਾ ਦੀ ਸੁਰੱਖਿਆ ਅਤੇ ਇੰਟੈਲੀਜੈਂਸ ਬਾਰੇ ਕੌਮੀ ਕਮੇਟੀ ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਕੈਨੇਡੀਅਨ ਲੋਕਤੰਤਰ ਵਿੱਚ ਕੈਨੇਡੀਅਨ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾ ਕੇ ਦਖ਼ਲ ਦੇ ਰਿਹਾ ਹੈ।

ਲੋਕਤੰਤਰ ਦੁਨੀਆਂ ਭਰ ਵਿੱਚ ਆਪਣੇ ਆਲੋਚਕਾਂ ਨੂੰ ਨਿਸ਼ਾਨਾ ਨਹੀਂ ਬਣਾਉਂਦੇ ਅਤੇ ਉਨ੍ਹਾਂ ਦੇ ਕਤਲ ਨਹੀਂ ਕਰਵਾਉਂਦੇ। ਭਾਰਤ ਲੋਕਤੰਤਰ ਵਾਂਗ ਕੰਮ ਨਹੀਂ ਕਰ ਰਿਹਾ ਹੈ।

ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਨਿਆਂ ਉਦੋਂ ਹੀ ਹੋਵੇਗਾ, ਜਦੋਂ ਅਸੀਂ ਇਸ ਮਾਮਲੇ ਵਿੱਚ ਭਾਰਤ ਸਰਕਾਰ ਕਿੱਥੋਂ ਤੱਕ ਸ਼ਾਮਲ ਸੀ, ਇਸ ਦੀ ਜਾਂਚ ਕਰਾਂਗੇ ਅਤੇ ਉਨ੍ਹਾਂ ਦੇ ਕਤਲ ਵਿੱਚ ਸ਼ਾਮਲ ਹਰੇਕ ਵਿਅਕਤੀ ਨੂੰ ਨਿਆਂ ਤੱਕ ਲਿਆਂਦਾ ਜਾਵੇਗਾ।

ਨਿੱਝਰ ਦੀ ਬਰਸੀ ਮੌਕੇ ਅੰਮ੍ਰਿਤਸਰ ਵਿੱਚ ਸਮਾਗਮ

ਅੰਮ੍ਰਿਤਸਰ ਸਾਹਿਬ ਵਿੱਚ ਦਲ ਖ਼ਾਲਸਾ ਜਥੇਬੰਦੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰਦੀਪ ਸਿੰਘ ਨਿੱਝਰ ਦੀ ਬਰਸੀ ਮਨਾਈ ਗਈ।

ਇਸ ਸਮਾਗਮ ਵਿੱਚ ਹੋਰ ਸਿੱਖ ਆਗੂਆਂ ਤੋਂ ਇਲਾਵਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਸ਼ਾਮਲ ਹੋਏ ਅਤੇ ਸੰਗਤਾਂ ਨੂੰ ਸੰਬੋਧਨ ਕੀਤਾ।

ਉਨ੍ਹਾਂ ਨੇ ਕਿਹਾ, ''ਜਦੋਂ ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਦੇ ਸਰੀ ਦੀ ਧਰਤੀ ਉੱਤੇ ਸ਼ਹੀਦ ਕੀਤਾ ਗਿਆ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਬੜੀ ਜ਼ਿੰਮੇਵਾਰੀ ਨਾਲ ਇਹ ਸ਼ਬਦ ਕਹੇ ਸਨ, ਕਿ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਭਾਰਤੀ ਸਟੇਟ ਦੀਆਂ ਏਜੰਸੀਆਂ ਵੱਲੋਂ ਕੀਤੀ ਗਈ ਹੈ।''

ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਦਲ ਖਾਲਸਾ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਦਲ ਖਾਲਸਾ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ

ਜਥੇਦਾਰ ਨੇ ਇਲਜ਼ਾਮ ਲਾਇਆ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡੀਅਨ ਸਰਕਾਰ ਨੇ ਇਸ ਸੰਬੰਧ ਵਿੱਚ ਕੁਝ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਵੀ ਕੀਤੇ। ਹਰਦੀਪ ਸਿੰਘ ਨਿੱਝਰ ਤੋਂ ਪਹਿਲਾਂ ਵੀ ਪੰਥ ਦੀਆਂ ਕਈ ਨਾਮਵਰ ਸ਼ਖਸ਼ੀਅਤਾਂ ਨੂੰ ਵਿਦੇਸ਼ਾਂ ਦੀ ਧਰਤੀ ਉੱਤੇ ਕਿਸੇ ਨਾ ਕਿਸੇ ਢੰਗ ਨਾਲ ਸ਼ਹੀਦ ਕੀਤਾ ਗਿਆ।

ਜਥੇਦਾਰ ਨੇ ਕੁਕਨੂਸ ਦਾ ਹਵਾਲਾ ਦਿੰਦਿਆਂ ਕਿਹਾ, ''ਕਿਸੇ ਕੌਮ ਦਾ ਸ਼ਹੀਦ ਵੀ ਕੁਕਨੂਸ ਪੰਛੀ ਵਾਂਗ ਹੀ ਆਪਣੇ ਪਿੱਛੇ ਹੋਰ ਅਣਗਿਣਤ ਸ਼ਹੀਦ ਪੈਦਾ ਕਰ ਜਾਂਦਾ ਹੈ।''

ਹਰਦੀਪ ਸਿੰਘ ਨਿੱਝਰ

ਤਸਵੀਰ ਸਰੋਤ, Ravinder Singh Robin/BBC

“ਹਰਦੀਪ ਸਿੰਘ ਨਿੱਝਰ ਤੋਂ ਬਾਅਦ ਸ਼ਹੀਦੀਆਂ ਦੀ ਕਤਾਰ ਨੂੰ ਕਿੰਨਾ ਲੰਬਾ ਕਰਦੇ ਚਲੇ ਜਾਵਾਂਗੇ। ਸਾਨੂੰ ਇਸ ਵਰਤਾਰੇ ਨੂੰ ਠੱਲ੍ਹਣ ਦੀ ਲੋੜ ਹੈ।”

ਉਨ੍ਹਾਂ ਨੇ ਕਿਹਾ ਕਿ “ਪੰਜਾਬ ਦੇ ਪੁੱਤ, ਸਿੱਖਾਂ ਦੇ ਪੁੱਤ, ਜਿਹੜੇ ਪੰਥ ਪ੍ਰਸਤ ਨੇ, ਉਨ੍ਹਾਂ ਨੂੰ ਬਚਾ ਕੇ ਰੱਖਣ ਦੀ ਲੋੜ ਹੈ। ਨਹੀਂ ਤਾਂ, ਨੌਜਵਾਨ ਪੈਦਾ ਹੁੰਦੇ ਰਹਿਣਗੇ, ਹਕੂਮਤ ਦੀਆਂ ਏਜੰਸੀਆਂ ਉਨ੍ਹਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸ਼ਹੀਦ ਕਰਦੀਆਂ ਰਹਿਣਗੀਆਂ। ਇਹ ਸਿਲਸਿਲਾ ਕਦੇ ਵੀ ਖ਼ਤਮ ਨਹੀਂ ਹੋਵੇਗਾ।”

“ਸਾਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ, ਆਪਣੇ ਘਰ ਦੀ ਪ੍ਰਾਪਤੀ ਵਾਸਤੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋਕੇ ਇੱਕਜੁੱਟ ਹੋ ਕੇ, ਸਾਂਝੇ ਤੌਰ ਉੱਤੇ ਹੰਭਲਾ ਮਾਰਨ ਦੀ ਲੋੜ ਹੈ।”

ਉਨ੍ਹਾਂ ਨੇ ਕਿਹਾ ਕਿ ਗੁਰੂ ਪਾਤਸ਼ਾਹ ਸਿੱਖ ਪੰਥ ਨੂੰ ਇਸ ਦਿਸ਼ਾ ਵਿੱਚ ਇਤਫ਼ਾਕ ਬਖਸ਼ਣ। ਇਹ ਅਰਦਾਸ ਕੀਤੀ ਗਈ ਹੈ।

ਭਾਰਤ ਦਾ ਜਵਾਬ ਕੀ ਆਇਆ

ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਹਰਦੀਪ ਸਿੰਘ ਨਿੱਝਰ ਲਈ ਕੈਨੈਡੀਅਨ ਸੰਸਦ ਵਿੱਚ ਮੌਨ ਰੱਖੇ ਜਾਣ ਉੱਤੇ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਰਮ ਨਹੀਂ ਦਿੱਤਾ ਹੈ।

ਪਰ ਕੈਨੇਡੀਅਨ ਕੌਸਲੇਟ ਜਨਰਲ ਵਲੋਂ ਕਨਿਸ਼ਕ ਕਾਂਡ ਦੀ ਬਰਸੀ ਮਨਾਏ ਜਾਣ ਦਾ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ ਐਲਾਨ, ਇਸ ਦਾ ਜਵਾਬ ਸਮਝਿਆ ਜਾ ਰਿਹਾ ਹੈ।

ਕੈਨੇਡਾ ਵਲੋਂ ਹਰਦੀਪ ਨਿੱਝਰ ਦੀ ਬਰਸੀ ਦੇ ਸਮਾਗਮ ਕਰਵਾਏ ਜਾਣ ਤੋਂ ਬਾਅਦ ਜਵਾਬੀ ਕਾਰਵਾਈ ਕਰਦਿਆਂ ਵੈਨਕੂਵਰ ਵਿੱਚ ਭਾਰਤੀ ਕੌਸਲੇਟ ਜਨਰਲ ਨੇ 29 ਜੂਨ ਨੂੰ ਕਨਿਸ਼ਕ ਬੰਬ ਕਾਂਡ ਦੀ ਬਰਸੀ ਮਨਾਉਣ ਦਾ ਐਲਾਨ ਕਰ ਦਿੱਤਾ ਹੈ।

39 ਸਾਲ ਪਹਿਲਾ ਕੈਨੇਡਾ ਵਿੱਚ ਏਅਰ ਇੰਡੀਆ ਦੀ ਫਲਾਇਟ 182, ਕਨਿਸ਼ਕ ਨੂੰ ਬੰਬ ਨਾਲ ਉਡਾ ਦਿੱਤਾ ਸੀ ਜਿਸ ਵਿੱਚ 329 ਲੋਕ ਮਾਰੇ ਗਏ ਸਨ। ਇਸ ਨੂੰ ਖਾਲਿਸਤਾਨੀ ਕੱਟਵਾਦੀਆਂ ਦਾ ਕਾਰਾ ਮੰਨਿਆ ਜਾਂਦਾ ਹੈ।

ਕੈਨੇਡਾ

ਤਸਵੀਰ ਸਰੋਤ, India in Vancouver/X

ਹਰਦੀਪ ਸਿੰਘ ਕਤਲ ਦਾ ਕੀ ਹੈ ਮਾਮਲਾ?

8 ਜੂਨ 2023 ਨੂੰ ਹਰਦੀਪ ਸਿੰਘ ਨਿੱਝਰ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।

ਹਰਦੀਪ ਸਿੰਘ ਨਿੱਝਰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਸਨ ਅਤੇ 'ਖਾਲਿਸਤਾਨ ਹਮਾਇਤੀ' ਸਨ।

ਨਿੱਝਰ ਨੂੰ ਅਮਰੀਕਾ ਵਿਚਲੇ 'ਖਾਲਿਸਤਾਨ ਪੱਖੀ' ਗੁਰਪਤਵੰਤ ਸਿੰਘ ਪਨੂੰ ਦਾ ਵੀ ਕਰੀਬੀ ਦੱਸਿਆ ਜਾਂਦਾ ਸੀ।

ਇਸ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦੇ ਇਲਜ਼ਾਮ ਲਗਾਏ ਸਨ।

ਭਾਰਤ ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਨੂੰ 'ਬੇਬੁਨਿਆਦ' ਦੱਸਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)