ਇੱਕ ਜੋੜੇ ਉੱਤੇ ਮਰਦ ਨੂੰ ਔਰਤ ਬਣਾ ਕੇ ਜ਼ਿੰਦਾ ਸਾੜਨ ਦਾ ਇਲਜ਼ਾਮ ਲੱਗਿਆ, ਕਤਲ ਦੇ ਕਾਰਨ ਨੇ ਪੁਲਿਸ ਨੂੰ ਵੀ ਹੈਰਾਨ ਕੀਤਾ

ਤਸਵੀਰ ਸਰੋਤ, Dinesh Sadhu
- ਲੇਖਕ, ਰੌਕਸੀ ਗਗਡੇਕਰ ਛਾਰਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਗੁਜਰਾਤ ਵਿੱਚ ਫਿਲਮੀ ਅੰਦਾਜ਼ ਵਿੱਚ ਕਥਿਤ ਤੌਰ ਉੱਤੇ ਹੋਏ ਇੱਕ ਕਤਲ ਦੀ ਇੱਕ ਘਟਨਾ ਸਾਹਮਣੇ ਆਈ ਹੈ। ਪਾਟਨ ਜ਼ਿਲ੍ਹੇ ਦੇ ਜਖੋਤਰਾ ਪਿੰਡ ਵਿੱਚ ਵਿਆਹ ਤੋਂ ਬਾਹਰ ਸਬੰਧਾਂ ਵਿੱਚ ਸ਼ਾਮਲ ਇੱਕ ਨੌਜਵਾਨ ਅਤੇ ਮਹਿਲਾ 'ਤੇ ਇੱਕ ਅੱਧਖੜ ਉਮਰ ਦੇ ਵਿਅਕਤੀ ਦੇ ਕਤਲ ਕਰਨ ਦਾ ਇਲਜ਼ਾਮ ਹੈ।
ਉਨ੍ਹਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਦੋਵਾਂ ਨੇ ਮ੍ਰਿਤਕ ਦੀ ਲਾਸ਼ ਨੂੰ ਕੁੜੀ ਦੇ ਕੱਪੜੇ ਪਾ ਕੇ ਸਾੜ ਦਿੱਤਾ ਅਤੇ ਫਿਰ ਇਸਨੂੰ ਕੁੜੀ ਦੀ ਲਾਸ਼ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਕੁੜੀ ਅਤੇ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ 22 ਸਾਲਾ ਗੀਤਾਬੇਨ ਅਹੀਰ ਅਤੇ 24 ਸਾਲਾ ਭਰਤ ਅਹੀਰ ਨਾਮ ਦੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਪਰ ਪੁਲਿਸ ਦੇ ਅਨੁਸਾਰ, ਜਦੋਂ ਅਪਰਾਧ ਦੀ ਸੱਚਾਈ ਸਾਹਮਣੇ ਆਈ ਤਾਂ ਪੁਲਿਸ ਅਧਿਕਾਰੀ ਵੀ ਹੈਰਾਨ ਰਹਿ ਗਏ। ਕਿਉਂਕਿ ਕਤਲ ਦੇ ਪਿੱਛੇ ਦਾ ਮਕਸਦ ਸਿਰਫ਼ ਉਸ ਲਾਸ਼ ਨੂੰ ਮਾਮਲੇ ਵਿੱਚ ਮੁਲਜ਼ਮ ਗੀਤਾਬੇਨ ਦੀ ਲਾਸ਼ ਵਜੋਂ ਵਰਤਣਾ ਸੀ।
ਜਿਸ ਵਿਅਕਤੀ ਦਾ ਕਤਲ ਕੀਤਾ ਗਿਆ, ਉਸ ਨੂੰ ਮੁਲਜ਼ਮ ਦੇ ਵਿਆਹ ਤੋਂ ਬਾਹਰਲੇ ਸਬੰਧਾਂ ਬਾਰੇ ਕੁੱਝ ਪਤਾ ਨਹੀਂ ਸੀ ਅਤੇ ਨਾ ਹੀ ਉਹ ਦੋਵਾਂ ਮੁਲਜ਼ਮਾਂ ਨੂੰ ਜਾਣਦਾ ਸੀ।
ਜਦੋਂ ਪੁਲਿਸ ਨੂੰ ਇਹ ਲਾਸ਼ ਮਿਲੀ, ਤਾਂ ਉਨ੍ਹਾਂ ਨੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਇਸ ਦੀਆਂ ਤਸਵੀਰਾਂ ਭੇਜੀਆਂ ਅਤੇ ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਮ੍ਰਿਤਕ ਵਿਅਕਤੀ ਦਾ ਨਾਮ ਹਿਰਜੀਭਾਈ ਸੋਲੰਕੀ ਹੈ, ਜੋ ਘੁੰਮ-ਫਿਰ ਕੇ ਆਪਣਾ ਗੁਜ਼ਾਰਾ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਹਿਰਜੀਭਾਈ ਸੋਲੰਕੀ ਇੱਕ ਦਲਿਤ ਭਾਈਚਾਰੇ ਨਾਲ ਸਬੰਧਿਤ ਵਿਅਕਤੀ ਸਨ।
ਪਰ ਬਿਨਾਂ ਕਿਸੇ ਕਾਰਨ ਉਨ੍ਹਾਂ ਦਾ ਕਤਲ ਕਿਉਂ ਕੀਤਾ ਗਿਆ

ਤਸਵੀਰ ਸਰੋਤ, Getty Images
ਹੁਣ ਤੱਕ ਪੁਲਿਸ ਜਾਂਚ ਵਿੱਚ ਮਿਲੇ ਵੇਰਵਿਆਂ ਅਨੁਸਾਰ, ''ਗੀਤਾਬੇਨ ਦਾ ਵਿਆਹ ਕੁਝ ਸਾਲ ਪਹਿਲਾਂ ਸੁਰੇਸ਼ ਅਹੀਰ ਨਾਮ ਦੇ ਵਿਅਕਤੀ ਨਾਲ ਹੋਇਆ ਸੀ।''
''ਜਿੱਥੇ ਵੀ ਗੀਤਾ ਮਜ਼ਦੂਰੀ ਕਰਨ ਜਾਂਦੀ ਸੀ, ਉੱਥੇ ਇੱਕ ਭਰਤ ਅਹੀਰ ਨਾਮ ਦਾ ਵਿਅਕਤੀ ਵੀ ਉਸ ਨਾਲ ਕੰਮ ਕਰਦਾ ਸੀ। ਦੋਵਾਂ ਵਿਚਕਾਰ ਕੁਝ ਸਮੇਂ ਤੋਂ ਪ੍ਰੇਮ ਸਬੰਧ ਸਨ, ਜਿਸ ਬਾਰੇ ਸੁਰੇਸ਼ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਪਤਾ ਨਹੀਂ ਸੀ।''
'ਭਰਤ ਅਤੇ ਗੀਤਾ ਨੇ ਭੱਜਣ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਗੀਤਾ ਨੂੰ ਸ਼ੱਕ ਸੀ ਕਿ ਭਾਵੇਂ ਉਹ ਭੱਜ ਜਾਣ, ਉਸਦੇ ਪਤੀ ਸੁਰੇਸ਼ ਦਾ ਪਰਿਵਾਰ ਉਨ੍ਹਾਂ ਨੂੰ ਲੱਭ ਲਵੇਗਾ ਅਤੇ ਉਨ੍ਹਾਂ ਨੂੰ ਸੁਰੇਸ਼ ਦੇ ਘਰ ਵਾਪਸ ਭੇਜ ਦੇਵੇਗਾ।''
''ਇਸ ਲਈ, ਦੋਵਾਂ ਨੇ ਫੈਸਲਾ ਕੀਤਾ ਕਿ ਜੇਕਰ ਸੁਰੇਸ਼ ਦੇ ਪਰਿਵਾਰ ਨੂੰ ਖ਼ਬਰ ਮਿਲ ਜਾਂਦੀ ਹੈ ਕਿ ਗੀਤਾ ਮਰ ਗਈ ਹੈ, ਤਾਂ ਉਹ ਉਸਨੂੰ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕਰਨਗੇ।'

ਤਸਵੀਰ ਸਰੋਤ, Dinesh Sadhu
ਇਸ ਲਈ, ਭਰਤ ਅਤੇ ਗੀਤਾ ਨੇ ਇੱਕ ਯੋਜਨਾ ਬਣਾਈ।
ਦੋਵਾਂ ਨੇ ਇੱਕ ਅਜਿਹੇ ਵਿਅਕਤੀ ਨੂੰ ਲੱਭਣ ਦਾ ਫੈਸਲਾ ਕੀਤਾ ਜਿਸ ਨੂੰ ਮਾਰਿਆ ਜਾ ਸਕਦਾ ਹੈ ਅਤੇ ਜੇਕਰ ਉਹ ਉਸਨੂੰ ਗੀਤਾ ਦੇ ਕੱਪੜੇ ਪਾ ਕੇ ਸਾੜ ਦਿੰਦੇ ਹਨ, ਤਾਂ ਸੁਰੇਸ਼ ਦਾ ਪਰਿਵਾਰ ਗੀਤਾ ਨੂੰ ਨਹੀਂ ਲੱਭੇਗਾ ਅਤੇ ਉਸ ਲਾਸ਼ ਨੂੰ ਹੀ ਮਰੀ ਹੋਈ ਗੀਤਾ ਸਮਝ ਲਵੇਗਾ।
ਪੁਲਿਸ ਜਾਂਚ ਤੋਂ ਪਤਾ ਲੱਗਾ ਕਿ, "ਇਸ ਦੇ ਲਈ, ਭਰਤ ਇੱਕ ਆਦਮੀ ਜਾਂ ਔਰਤ ਦੀ ਭਾਲ ਕਰ ਰਿਹਾ ਸੀ। ਸੋਮਵਾਰ ਦੁਪਹਿਰ ਲਗਭਗ 3 ਵਜੇ, ਭਰਤ ਪਾਟਨ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਇੱਕ ਅਜਿਹੇ ਵਿਅਕਤੀ ਦੀ ਭਾਲ ਵਿੱਚ ਗਿਆ, ਜਿਸਨੂੰ ਉਹ ਮਾਰ ਸਕਦਾ ਸੀ ਅਤੇ ਗੀਤਾ ਦੀ ਲਾਸ਼ ਵਜੋਂ ਵਰਤ ਸਕਦਾ ਸੀ।"
ਜਦੋਂ ਉਹ ਵਾਉਵਾ ਪਿੰਡ ਵਿੱਚੋਂ ਲੰਘ ਰਿਹਾ ਸੀ, ਤਾਂ 60 ਸਾਲਾ ਵਿਅਕਤੀ ਹਿਰਜੀਭਾਈ ਸੋਲੰਕੀ ਨੇ ਭਰਤ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਅਗਲੇ ਖੇਤ ਤੱਕ ਛੱਡ ਦੇਵੇ।
ਪਾਟਨ ਐਲਸੀਬੀ (ਲੋਕਲ ਕ੍ਰਾਈਮ ਬ੍ਰਾਂਚ) ਦੇ ਪੁਲਿਸ ਇੰਸਪੈਕਟਰ ਰਾਕੇਸ਼ ਉਨਾਗਰ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਭਰਤ ਨੇ ਹਿਰਜੀਭਾਈ ਸੋਲੰਕੀ ਦਾ ਖੇਤ ਵਿੱਚ ਹੀ ਗਲਾ ਘੁੱਟ ਦਿੱਤਾ, ਅਤੇ ਉਹ ਬੇਹੋਸ਼ ਹੋ ਗਏ। ਫਿਰ ਉਸਨੇ ਮ੍ਰਿਤਕ ਨੂੰ ਸਾਈਕਲ ਨਾਲ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਗੀਤਾਬੇਨ ਅਤੇ ਸੁਰੇਸ਼ ਦੇ ਘਰ ਦੇ ਨੇੜੇ ਲੈ ਆਇਆ।''
''ਸਵੇਰੇ ਲਗਭਗ 1 ਵਜੇ, ਗੀਤਾ ਆਪਣੇ ਕੱਪੜੇ, ਝਾਂਝਰਾਂ ਅਤੇ 1 ਲੀਟਰ ਪੈਟਰੋਲ ਲੈ ਕੇ ਆਈ। ਦੋਵਾਂ ਨੇ ਹਿਰਜੀਭਾਈ ਨੂੰ ਉਹ ਕੱਪੜੇ ਅਤੇ ਝਾਂਝਰਾਂ ਪਹਿਨਾਏ ਅਤੇ ਉਨ੍ਹਾਂ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।"
ਹਾਲਾਂਕਿ, ਪੈਟਰੋਲ ਦੀ ਘਾਟ ਕਾਰਨ ਲਾਸ਼ ਪੂਰੀ ਤਰ੍ਹਾਂ ਨਹੀਂ ਸੜ ਸਕੀ।
ਪਾਟਨ ਦੇ ਪੁਲਿਸ ਸੁਪਰੀਟੇਂਡੈਂਟ ਵੀਏ ਨਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਦਰਅਸਲ, ਭਰਤ ਨੇ ਹੋਰ ਪੈਟਰੋਲ ਲੈ ਕੇ ਆਉਣਾ ਸੀ ਪਰ ਉਹ ਨਹੀਂ ਲਿਆ ਸਕਿਆ ਕਿਉਂਕਿ ਉਸਨੂੰ ਜਲਦੀ ਮਾਰਨ ਲਈ ਕੋਈ ਨਹੀਂ ਮਿਲਿਆ।"
ਘਟਨਾ ਕਿਵੇਂ ਸਾਹਮਣੇ ਆਈ?

ਪੁਲਿਸ ਜਾਂਚ ਦੇ ਅਨੁਸਾਰ, ਹਿਰਜੀਭਾਈ ਸੋਲੰਕੀ ਦੀ ਲਾਸ਼ ਗੀਤਾ ਅਤੇ ਸੁਰੇਸ਼ ਦੇ ਘਰ ਦੇ ਪਿੱਛੇ ਸਾੜੀ ਗਈ ਸੀ, ਤਾਂ ਜੋ ਪਰਿਵਾਰ ਸੋਚੇ ਕਿ ਗੀਤਾ ਨੇ ਖੁਦਕੁਸ਼ੀ ਕੀਤੀ ਹੈ।
ਮੰਗਲਵਾਰ ਸਵੇਰੇ ਸੁਰੇਸ਼ ਨੇ ਘਰ ਦੇ ਪਿੱਛੇ ਅੱਧ ਸੜੀ ਹੋਈ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ। ਲਾਸ਼ ਦੇ ਸਰੀਰ 'ਤੇ ਗੀਤ ਦੇ ਕੱਪੜੇ ਅਤੇ ਝਾਂਜਰਾਂ ਸਨ ਅਤੇ ਜਦੋਂ ਪੁਲਿਸ ਨੇ ਗੀਤਾ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਗਾਇਬ ਸੀ।
ਹੋਰ ਜਾਂਚ ਕਰਨ 'ਤੇ, ਪੁਲਿਸ ਨੂੰ ਪਤਾ ਲੱਗਾ ਕਿ ਗੁਆਂਢ ਵਿੱਚ ਰਹਿਣ ਵਾਲਾ ਭਰਤ ਵੀ ਗਾਇਬ ਸੀ।
ਪੁਲਿਸ ਦੇ ਅਨੁਸਾਰ, "ਹਿਊਮਨ ਇੰਟੈਲੀਜੈਂਸ ਨਾਲ ਸਾਨੂੰ ਪਤਾ ਲੱਗਾ ਕਿ ਦੋਵੇਂ ਇੱਕ-ਦੂਜੇ ਨੂੰ ਪਿਆਰ ਕਰਦੇ ਸਨ ਅਤੇ ਸ਼ਾਇਦ ਦੋਵੇਂ ਭੱਜ ਗਏ ਸਨ।"

ਤਸਵੀਰ ਸਰੋਤ, Getty Images
ਹੋਰ ਜਾਂਚ ਕਰਨ 'ਤੇ, ਪੁਲਿਸ ਨੂੰ ਰਾਧਨਪੁਰ ਤੋਂ ਭਰਤ ਦੀ ਮੋਟਰਸਾਈਕਲ ਮਿਲੀ। ਕਈ ਪੁਲਿਸ ਟੀਮਾਂ ਬਣਾਈਆਂ ਗਈਆਂ ਅਤੇ ਅੰਤ ਵਿੱਚ ਦੋਵਾਂ ਨੂੰ ਪਾਲਨਪੁਰ ਬੱਸ ਸਟੇਸ਼ਨ ਤੋਂ ਫੜ੍ਹ ਲਿਆ ਗਿਆ। ਦੋਵੇਂ ਭੱਜ ਕੇ ਜੋਧਪੁਰ ਜਾਣ ਦੀ ਯੋਜਨਾ ਬਣਾ ਰਹੇ ਸਨ।
ਫਿਲਹਾਲ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਾਂਚ ਦੌਰਾਨ ਉਨ੍ਹਾਂ ਦੀ ਪੂਰੀ ਸਾਜ਼ਿਸ਼ ਸਾਹਮਣੇ ਆਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












