ਸੁਬਰਤ ਰਾਏ ਦਾ ਦੇਹਾਂਤ : ਢਾਈ ਲੱਖ ਕਰੋੜ ਦੀ ਮਾਲਕੀ ਵਾਲੇ ਕਾਰੋਬਾਰੀ ਦੇ ਵਿਵਾਦ ਤੇ ਪਤਨ ਦੀ ਕਹਾਣੀ

ਤਸਵੀਰ ਸਰੋਤ, Gettyimages
ਸਹਾਰਾ ਇੰਡੀਆ ਗਰੁੱਪ ਦੇ ਮੁਖੀ ਸੁਬਰਤ ਰਾਏ ਨੇ 14 ਨਵੰਬਰ ਦੀ ਰਾਤ ਨੂੰ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖ਼ਰੀ ਸਾਹ ਲਏ।
ਸਹਾਰਾ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਉਹ ਹਾਈਪਰ ਟੈਂਸ਼ਨ ਅਤੇ ਡਾਇਬਟੀਜ਼ ਵਰਗੀਆਂ ਬੀਮਾਰੀਆਂ ਤੋਂ ਪੀੜਤ ਸਨ ਅਤੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋਈ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ 12 ਨਵੰਬਰ ਨੂੰ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ਬੁੱਧਵਾਰ ਨੂੰ ਉਨ੍ਹਾਂ ਦੀ ਦੇਹ ਨੂੰ ਲਖਨਊ ਦੇ ਸਹਾਰਾ ਸ਼ਹਿਰ ਲਿਆਂਦਾ ਜਾਵੇਗਾ, ਜਿੱਥੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਜਾਵੇਗੀ।

ਤਸਵੀਰ ਸਰੋਤ, Gettyimages
ਸੁਬਰਤ ਰਾਏ ਤੇ ਦੇਸ਼ਾਂ ਵਿਦੇਸ਼ਾਂ ’ਚ ਜਾਇਦਾਦ
ਸੁਬਰਤ ਰਾਏ ਦਾ ਜਨਮ 10 ਜੂਨ 1948 ਨੂੰ ਬਿਹਾਰ ਦੇ ਅਰਰਿਆ ਵਿੱਚ ਹੋਇਆ ਸੀ।
ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ ਕੋਲਕਾਤਾ ਦੇ ਹੋਲੀ ਚਾਈਲਡ ਸਕੂਲ ਵਿੱਚ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਗੋਰਖਪੁਰ, ਉੱਤਰ ਪ੍ਰਦੇਸ਼ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ।
ਗਰੁੱਪ ਦੀ ਵੈੱਬਸਾਈਟ ਮੁਤਾਬਕ ਉਨ੍ਹਾਂ ਦੇ 9 ਕਰੋੜ ਨਿਵੇਸ਼ਕ ਅਤੇ ਗਾਹਕ ਹਨ।
ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁੱਲ ਜਾਇਦਾਦ 2 ਲੱਖ 59 ਕਰੋੜ ਰੁਪਏ ਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਪੰਜ ਹਜ਼ਾਰ ਕੈਂਪਸ ਅਤੇ 30 ਹਜ਼ਾਰ 970 ਏਕੜ ਜ਼ਮੀਨ ਹੈ।
ਸੁਬਰਤ ਰਾਏ ਨੇ ਆਪਣੇ ਨਾਲ ਲੱਖਾਂ ਗਰੀਬ ਅਤੇ ਪੇਂਡੂ ਭਾਰਤੀਆਂ ਨੂੰ ਜੋੜਿਆ ਸੀ, ਜਿਨ੍ਹਾਂ ਕੋਲ ਬੈਂਕਿੰਗ ਸੁਵਿਧਾਵਾਂ ਨਹੀਂ ਸਨ ਅਤੇ ਉਨ੍ਹਾਂ ਦੇ ਸਹਾਰੇ ਦੀ ਸਹਾਰਾ ਗਰੁੱਪ ਖੜਾ ਕੀਤਾ ਗਿਆ ਸੀ।
ਪਰ ਜਦੋਂ ਮਾਰਕੀਟ ਰੈਗੂਲੇਟਰੀ ਸੇਬੀ ਨੇ ਉਨ੍ਹਾਂ ਦੇ ਖ਼ਿਲਾਫ਼ ਕਦਮ ਚੁੱਕੇ ਤਾਂ ਦਹਾਕਿਆਂ ਤੋਂ ਬਣਿਆ ਸਾਮਰਾਜ ਹਿੱਲਣ ਲੱਗਿਆ ਸੀ।
ਦਰਅਸਲ, ਇਹ ਮਾਮਲਾ ਸਹਾਰਾ ਗਰੁੱਪ ਦੀਆਂ ਕੰਪਨੀਆਂ ਨਾਲ ਸਬੰਧਤ ਸੀ, ਜਿਨ੍ਹਾਂ ਨੇ ਰੀਅਲ ਅਸਟੇਟ 'ਚ ਨਿਵੇਸ਼ ਦੇ ਨਾਂ 'ਤੇ ਤਿੰਨ ਕਰੋੜ ਤੋਂ ਜ਼ਿਆਦਾ ਨਿਵੇਸ਼ਕਾਂ ਤੋਂ ਕਰੀਬ 24 ਹਜ਼ਾਰ ਕਰੋੜ ਰੁਪਏ ਇਕੱਠੇ ਕੀਤੇ ਸਨ।

ਤਸਵੀਰ ਸਰੋਤ, Getty Images
ਇੱਕ ਸਮਾਂ ਸੀ ਜਦੋਂ ਸੁਬਰਤ ਰਾਏ ਕੋਲ ਇੱਕ ਏਅਰਲਾਈਨ, ਇੱਕ ਫਾਰਮੂਲਾ ਵਨ ਟੀਮ, ਇੱਕ ਆਈਪੀਐੱਲ ਕ੍ਰਿਕਟ ਟੀਮ, ਲੰਡਨ ਅਤੇ ਨਿਊਯਾਰਕ ਵਿੱਚ ਆਲੀਸ਼ਾਨ ਹੋਟਲ ਸਨ।
ਉਨ੍ਹਾਂ ਨੇ ਆਪਣੀ ਏਅਰਲਾਈਨ, ਏਅਰ ਸਹਾਰਾ, ਜੈੱਟ ਏਅਰਵੇਜ਼ ਨੂੰ ਵੇਚ ਦਿੱਤੀ, ਜੋ ਬਾਅਦ ਵਿੱਚ ਬੰਦ ਹੋ ਗਈ।
ਕਿਸੇ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਭਾਰਤੀ ਰੇਲਵੇ ਤੋਂ ਬਾਅਦ ਸਹਾਰਾ ਸਮੂਹ ਕੋਲ ਸਭ ਤੋਂ ਵੱਧ ਕਰਮਚਾਰੀ ਸਨ।
ਗਰੁੱਪ ਦੇ ਕਮਚਾਰੀਆਂ ਦੀ ਗਿਣਤੀ 12 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ।
ਸੁਬਰਤ ਰਾਏ ਦੇ ਦੋਸਤਾਂ ਵਿੱਚ ਫ਼ਿਲਮੀ ਸਿਤਾਰਿਆਂ ਤੋਂ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਸ਼ੁਮਾਰ ਸਨ।
ਪਰ ਉਹ ਸਮਾਜਵਾਦੀ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੇ ਕਰੀਬੀ ਮੰਨੇ ਜਾਂਦੇ ਸਨ।
ਦਸੰਬਰ 1993 ਵਿੱਚ ਜਦੋਂ ਮੁਲਾਇਮ ਸਿੰਘ ਦੁਬਾਰਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਤਾਂ ਰਾਏ ਨਾਲ ਉਨ੍ਹਾਂ ਦੇ ਸਬੰਧ ਹੋਰ ਗੂੜ੍ਹੇ ਹੋ ਗਏ। ਮੁਲਾਇਮ ਸਿੰਘ ਦੇ ਕਰੀਬੀ ਰਹੇ ਅਮਰ ਸਿੰਘ ਵੀ ਰਾਏ ਦੇ ਕਰੀਬੀ ਸਨ।

ਤਸਵੀਰ ਸਰੋਤ, Getty Images
ਸਹਾਰਾ ਦਾ ਪਤਨ
ਸੁਬਰਤ ਰਾਏ ਨੂੰ 4 ਮਾਰਚ 2014 ਨੂੰ 10 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਅਦਾ ਨਾ ਕਰਨ ਕਾਰਨ ਜੇਲ੍ਹ ਜਾਣਾ ਪਿਆ ਸੀ।
ਅਦਾਲਤ ਨੇ ਉਸ ਸਮੇਂ ਕਿਹਾ ਸੀ ਕਿ ਜਦੋਂ ਤੱਕ ਉਹ 5 ਹਜ਼ਾਰ ਕਰੋੜ ਰੁਪਏ ਨਕਦ ਅਤੇ 5 ਹਜ਼ਾਰ ਕਰੋੜ ਰੁਪਏ ਦੀ ਬੈਂਕ ਗਾਰੰਟੀ ਨਹੀਂ ਦਿੰਦੇ, ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ।
2013 ਵਿੱਚ, ਸਹਾਰਾ ਸਮੂਹ ਨੇ ਸੇਬੀ ਦਫ਼ਤਰ ਨੂੰ 127 ਟਰੱਕ ਭੇਜੇ ਸਨ, ਜਿਨ੍ਹਾਂ ਵਿੱਚ ਤਿੰਨ ਕਰੋੜ ਤੋਂ ਵੱਧ ਅਰਜ਼ੀ ਪੱਤਰ ਅਤੇ ਦੋ ਕਰੋੜ ਰੀਡੈਂਪਸ਼ਨ ਵਾਊਚਰ ਸਨ।
ਰਾਏ ਨੂੰ ਦੋ ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਰਹਿਣਾ ਪਿਆ ਅਤੇ 2016 ਵਿੱਚ ਪੈਰੋਲ ’ਤੇ ਬਾਹਰ ਆਏ ਸਨ।
ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜਾਇਦਾਦ ਨਾਲ ਸਬੰਧਿਤ ਇੱਕ ਹੋਰ ਮਾਮਲੇ ਵਿੱਚ ਮੁੜ ਜੇਲ੍ਹ ਭੇਜ ਦਿੱਤਾ ਸੀ।
ਸੇਬੀ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਜੇਕਰ ਸੁਬਰਤ ਨਵੰਬਰ 2020 ਵਿੱਚ 62,600 ਕਰੋੜ ਰੁਪਏ ਦਾ ਭੁਗਤਾਨ ਨਹੀਂ ਕਰਦੇ, ਤਾਂ ਉਨ੍ਹਾਂ ਦੀ ਪੈਰੋਲ ਰੱਦ ਕਰ ਦਿੱਤੀ ਜਾਵੇਗੀ।
ਸਹਾਰਾ ਗਰੁੱਪ ਦੀ ਮਾਰਕੀਟ ਰੈਗੂਲੇਟਰੀ ਸੇਬੀ ਨਾਲ ਲੰਬੇ ਸਮੇਂ ਤੋਂ ਲੜਾਈ ਚੱਲ ਰਹੀ ਹੈ।
ਸੇਬੀ ਨੇ ਸਹਾਰਾ ਸਮੂਹ ਨੂੰ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ ਅਤੇ ਸਾਲ 2010 ਵਿੱਚ ਸਹਾਰਾ ਸਮੂਹ ਦੀਆਂ ਦੋ ਕੰਪਨੀਆਂ ਅਤੇ ਰਾਏ 'ਤੇ ਲੋਕਾਂ ਤੋਂ ਪੈਸਾ ਇਕੱਠਾ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਤਸਵੀਰ ਸਰੋਤ, Gettyimages
ਸਹਾਰਾ ਟੀਮ ਇੰਡੀਆ ਦਾ ਸਪਾਂਸਰ ਸੀ
ਸਹਾਰਾ ਗਰੁੱਪ 2001 ਤੋਂ 2013 ਤੱਕ ਟੀਮ ਇੰਡੀਆ ਦਾ ਸਪਾਂਸਰ ਰਿਹਾ ਸੀ। ਸਹਾਰਾ ਦੀ ਟੀਮ ਪੁਣੇ ਵਾਰੀਅਰਜ਼ ਨੇ 2011 'ਚ ਆਈਪੀਐੱਲ ਵਿੱਚ ਐਂਟਰੀ ਕੀਤੀ ਸੀ।
ਸਾਲ 2013 ਵਿੱਚ ਸਹਾਰਾ ਗਰੁੱਪ ਦੀ ਵਿੱਤੀ ਹਾਲਤ ਖ਼ਰਾਬ ਹੋਣ ਤੋਂ ਬਾਅਦ ਇਹ ਸਮਝੌਤਾ ਖ਼ਤਮ ਕਰ ਦਿੱਤਾ ਗਿਆ ਸੀ।

ਤਸਵੀਰ ਸਰੋਤ, Gettyimages
ਪੁੱਤਾਂ ਦੇ ਵਿਆਹ ਚਰਚਾ ਦਾ ਵਿਸ਼ਾ ਬਣੇ
ਸੁਬਰਤ ਰਾਏ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਆਪਣਾ ਦੋਸਤ ਕਹਿੰਦੇ ਸਨ ਅਤੇ ਬਰਤਾਨੀਆਂ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨਾਲ ਨੇੜਤਾ ਜ਼ਾਹਰ ਕਰਦੇ ਨਜ਼ਰ ਆਉਂਦੇ ਸਨ।
2004 ਵਿੱਚ ਸੁਬਰਤ ਰਾਏ ਦੇ ਦੋ ਪੁੱਤਰਾਂ ਦਾ ਵਿਆਹ ਹੋਇਆ ਸੀ। ਇਹ ਵਿਆਹ ਸਮਾਗਮ ਕਰੀਬ ਦੋ ਹਫ਼ਤੇ ਤੱਕ ਚਲੇ ਸਨ।
ਇਸ ਨੂੰ ਸਦੀ ਦਾ ਸਭ ਤੋਂ ਚਰਚਿਤ ਭਾਰਤੀ ਵਿਆਹ ਦੱਸਿਆ ਗਿਆ ਸੀ ਅਤੇ ਇਹ ਵਿਆਹ ਸਮਾਗਮ ਕਈ ਦਿਨਾਂ ਤੱਕ ਸੁਰਖ਼ੀਆਂ ’ਚ ਰਿਹਾ ਸੀ।
ਵਿਆਹ ਵਿੱਚ ਕਰੀਬ ਦਸ ਹਜ਼ਾਰ ਲੋਕ ਸ਼ਾਮਲ ਹੋਏ ਸਨ।
ਇਨ੍ਹਾਂ ਵਿੱਚ ਕਾਰੋਬਾਰੀ ਹਸਤੀਆਂ, ਬਾਲੀਵੁੱਡ ਸਿਤਾਰੇ, ਕ੍ਰਿਕਟ ਖਿਡਾਰੀ ਅਤੇ ਫੈਸ਼ਨ ਜਗਤ ਦੇ ਦਿੱਗਜਾਂ ਨੇ ਹਿੱਸਾ ਲਿਆ ਸੀ।
ਵਿਆਹ ਵਿੱਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਨੂੰ ਖ਼ਾਸ ਜਹਾਜ਼ ਰਾਹੀਂ ਲਖਨਊ ਲਿਜਾਇਆ ਗਿਆ।
ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ ਸਨ।

ਤਸਵੀਰ ਸਰੋਤ, Yuvraj Singh/X
‘ਉਹ ਹਮੇਸ਼ਾਂ ਮੇਰੇ ਨਾਲ ਖੜੇ ਰਹੇ’- ਯੁਵਰਾਜ ਸਿੰਘ
ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਸੁਬਰਤ ਰਾਏ ਦੇ ਦੇਹਾਂਤ ਦੀ ਖਬਰ ਸੁਣ ਕੇ ਉਨ੍ਹਾਂ ਨੂੰ ਦੁੱਖ ਹੋਇਆ।
ਉਨ੍ਹਾਂ ਨੇ ਲਿਖਿਆ ਕਿ ਉਹ ਇੱਕ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਦਿਆਂ ਕਦੇ ਹਾਰ ਨਹੀਂ ਮੰਨੀ।
ਯੁਵਰਾਜ ਨੇ ਲਿਖਿਆ, “ਜਦੋਂ ਮੈਨੂੰ ਕੈਂਸਰ ਹੋਇਆ, ਉਹ ਉਨ੍ਹਾਂ ਕੁਝ ਲੋਕਾਂ ਵਿੱਚੋਂ ਇੱਕ ਸੀ ਜੋ ਮੇਰੇ ਨਾਲ ਖੜੇ ਸਨ। ਉਹ ਹਮੇਸ਼ਾ ਮੇਰੇ ਅਤੇ ਮੇਰੇ ਪਰਿਵਾਰ ਦੇ ਬਹੁਤ ਨੇੜੇ ਸੀ। ਉਹ ਅਜਿਹੇ ਵਿਅਕਤੀ ਸਨ, ਜਿਨ੍ਹਾਂ ਤੋਂ ਅਸੀਂ ਸਿੱਖਦੇ ਹਾਂ।”
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਉਨ੍ਹਾਂ ਨੇ ਲਿਖਿਆ, “ਸਹਾਰਾ ਸ਼੍ਰੀ ਸੁਬਰਤ ਰਾਏ ਜੀ ਦਾ ਦੇਹਾਂਤ ਉੱਤਰ ਪ੍ਰਦੇਸ਼ ਅਤੇ ਦੇਸ਼ ਲਈ ਇੱਕ ਭਾਵਨਾਤਮਕ ਘਾਟਾ ਹੈ ਕਿਉਂਕਿ ਉਹ ਇੱਕ ਬਹੁਤ ਹੀ ਸਫਲ ਕਾਰੋਬਾਰੀ ਹੋਣ ਦੇ ਨਾਲ-ਨਾਲ ਇੱਕ ਵੱਡੇ ਦਿਲ ਵਾਲੇ ਤੇ ਇੱਕ ਬਹੁਤ ਹੀ ਸੰਵੇਦਨਸ਼ੀਲ ਵਿਅਕਤੀ ਵੀ ਸਨ ਜਿਨ੍ਹਾਂ ਨੇ ਅਣਗਿਣਤ ਲੋਕਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦਾ ਸਹਾਰਾ ਬਣੇ। ਦਿਲੋਂ ਸ਼ਰਧਾਂਜਲੀ!”












