You’re viewing a text-only version of this website that uses less data. View the main version of the website including all images and videos.
ਸੁਲਤਾਨਪੁਰ ਲੋਧੀ: ਨਿਹੰਗ ਕੌਣ ਹੁੰਦੇ ਹਨ, ਪੁਲਿਸ ਦਾ ਨਿਹੰਗਾਂ ਨਾਲ ਗੁਰਦੁਆਰੇ ’ਤੇ ਕਬਜ਼ੇ ਨੂੰ ਲੈ ਕੇ ਕੀ ਵਿਵਾਦ ਹੈ
ਸੁੁਲਤਾਨਪੁਰ ਲੋਧੀ ਵਿਖੇ ਵੀਰਵਾਰ ਸਵੇਰ ਨੂੰ ਨਿਹੰਗਾਂ ਵੱਲੋਂ ਕੀਤੀ ਗਈ ਕਥਿਤ ਗੋਲੀਬਾਰੀ ਕਾਰਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ ਹੈ।
ਅਧਿਕਾਰੀਆਂ ਮੁਤਾਬਕ ਨਿਹੰਗ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਖੇ ਮੌਜੂਦ ਸਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਅਤੇ ਕਈ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।
ਪੀਟੀਆਈ ਖ਼ਬਰ ਏਜੰਸੀ ਮੁਤਾਬਕ ਘੱਟੋ-ਘੱਟ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ।
ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਬਲ ਵੀਰਵਾਰ ਸਵੇਰ ਨੂੰ ਕੁਝ ਨਿਹੰਗਾਂ ਨੂੰ ਇੱਕ ਕੇਸ ਵਿੱਚ ਗਿਰਫ਼ਤਾਰ ਕਰਨ ਲਈ ਗਿਆ ਸੀ।
ਪੀਟੀਆਈ ਮੁਤਾਬਕ ਕਪੂਰਥਲਾ ਦੇ ਪੁਲਿਸ ਕਪਤਾਨ (ਹੈੱਡਕੁਆਰਟਰਸ) ਤੇਜਬੀਰ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਿਸ ਵਾਲੇ ਸੜਕ ਉੱਤੇ ਖੜ੍ਹੇ ਸਨ ਜਦੋਂ ਨਿਹੰਗਾਂ ਨੇ ਉਨ੍ਹਾਂ ਉੱਤੇ ਗੋਲੀ ਚਲਾ ਦਿੱਤੀ।
ਗੁਰਦੁਆਰਾ ਅਕਾਲ ਬੁੰਗਾ ਸਾਹਿਬ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਬੇਰ ਸਾਹਿਬ ਸਾਹਮਣੇ ਸਥਿਤ ਹੈ।
ਇਸ ਮੌਕੇ ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦੇ ਘਟਨਾ ਸਥਾਨ ਉੱਤੇ ਭਾਰੀ ਪੁਲਿਸ ਤੈਨਾਤ ਕੀਤੀ ਗਈ ਹੈ।
ਬਹਾਦਰੀ ਤੇ ਸਿਦਕ ਨੂੰ ਦਿਲੋਂ ਸਲਾਮ- ਸੀਐੱਮ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਲਤਾਨਪੁਰ ਲੋਧੀ ਵਿੱਚ ਮਾਰੇ ਗਏ ਹੋਮਗਾਰਡ ਲਈ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਉੱਤੇ ਲਿਖਿਆ ਹੈ, "ਸੁਲਤਾਨਪੁਰ ਲੋਧੀ ਵਿਖੇ ਹੋਈ ਘਟਨਾ ਦੌਰਾਨ ਪੰਜਾਬ ਪੁਲਿਸ ਦੇ ਹੋਮਗਾਰਡ ਜਸਪਾਲ ਸਿੰਘ ਜੀ ਦੀ ਮੌਤ ਹੋ ਗਈ ਹੈ। ਦੁਖਦਾਈ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ।"
"ਪੁਲਿਸ ਜਵਾਨ ਨੇ ਆਪਣਾ ਫ਼ਰਜ਼ ਨਿਭਾਇਆ। ਸਰਕਾਰ ਵੱਲੋਂ ਮਾਲੀ ਸਹਾਇਤਾ ਦੇ ਤੌਰ ‘ਤੇ 1 ਕਰੋੜ ਰੁਪਏ ਪਰਿਵਾਰ ਨੂੰ ਦਿੱਤੇ ਜਾਣਗੇ। ਬਾਕੀ ਦੇ 1 ਕਰੋੜ ਰੁਪਏ ਬੀਮੇ ਅਧੀਨ ਐੱਚਡੀਐੱਫਸੀ ਵੱਲੋ ਦਿੱਤੇ ਜਾਣਗੇ। ਭਵਿੱਖ ‘ਚ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਲਈ ਸਰਕਾਰ ਵਚਨਬੱਧ ਹੈ। ਜਸਪਾਲ ਸਿੰਘ ਦੀ ਬਹਾਦਰੀ ਤੇ ਸਿਦਕ ਨੂੰ ਦਿਲੋਂ ਸਲਾਮ।"
ਦੋ ਨਿਹੰਗ ਜਥੇਬੰਦੀਆਂ ਵਿੱਚ ਗੁਰਦੁਆਰਾ ਸਾਹਿਬ ਉੱਤੇ ਕਬਜ਼ੇ ਦਾ ਮਾਮਲਾ
ਇੱਕ ਅਧਿਕਾਰਤ ਪ੍ਰੈੱਸ ਬਿਆਨ ਵਿੱਚ ਪੁਲਿਸ ਨੇ ਇਹ ਦੱਸਿਆ ਸੀ ਕਿ ਕਈ ਸਾਲਾਂ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ ਬਾਬਾ ਬੁੱਢਾ ਦਲ 96 ਕਰੋੜੀ ਜਥੇਬੰਦੀ ਦੇ ਬਾਬਾ ਬਲਬੀਰ ਸਿੰਘ ਦਾ ਕਬਜ਼ਾ ਚੱਲਿਆ ਆ ਰਿਹਾ ਸੀ।
ਇਸ ਜਥੇਬੰਦੀ ਦੇ ਦੋ ਸੇਵਾਦਾਰ ਇਸ ਗੁਰਦੁਆਰਾ ਸਾਹਿਬ ਦੀ ਸੰਭਾਲ ਕਰਦੇ ਸਨ।
ਪੁਲਿਸ ਬਿਆਨ ਮੁਤਾਬਕ 21 ਨਵੰਬਰ ਨੂੰ ਬੁੱਢਾ ਦਲ ਤੋਂ ਅਲੱਗ ਹੋਏ ਇੱਕ ਧੜੇ ਦੇ ਮੁਖੀ ਬਾਬਾ ਮਾਨ ਸਿੰਘ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਏ ਅਤੇ ਦੋਵਾਂ ਸੇਵਾਦਾਰਾਂ ਦੀ ਕੁੱਟਮਾਰ ਕੀਤੀ।
ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਉੱਤੇ ਕਬਜ਼ਾ ਕਰ ਲਿਆ ਗਿਆ।
ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 307, 323, 324, 342, 447, 447, 511, 436, 427, 148, 149, 379-B ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਥਾਣਾ ਸੁਲਤਾਨਪੁਰ ਲੋਧੀ ਵਿਖੇ ਕੇਸ ਦਰਜ ਕੀਤਾ ਗਿਆ ਸੀ।
ਪੁਲਿਸ ਬਿਆਨ ਮੁਤਾਬਕ ਇਸ ਕੇਸ ਵਿੱਚ ਬਾਬਾ ਮਾਨ ਸਿੰਘ ਦੇ ਧੜੇ ਨਾਲ ਸਬੰਧਤ 10 ਜਣਿਆਂ ਨੂੰ ਗਿਰਫ਼ਤਾਰ ਵੀ ਕੀਤਾ ਗਿਆ।
ਦੋਵਾਂ ਧਿਰਾਂ ਵਿਚਾਲੇ ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਲੜਾਈ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਸੀ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਉੱਤੇ ਕਬਜ਼ੇ ਨੂੰ ਲੈ ਕੇ ਬੁੱਢਾ ਦਲ ਦੇ ਦੋ ਧੜ੍ਹਿਆ ਵਿੱਚ ਲੜਾਈ ਚੱਲ ਰਹੀ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਤਿੰਨ ਦਿਨਾਂ ਤੋਂ ਚੱਲ ਰਿਹਾ ਸੀ ਤਣਾਅ
ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੱਡੇ ਪੱਧਰ ਉੱਤੇ ਮਨਾਇਆ ਜਾਂਦਾ ਹੈ, ਇਸੇ ਸਬੰਧ ਵਿੱਚ ਇੱਥੇ ਪੁਲਿਸ ਅਤੇ ਹੋਰ ਸਰਕਾਰੀ ਅਮਲਾ ਤੈਨਾਤ ਸੀ।
ਗੁਰਦੁਆਰਾ ਅਕਾਲ ਬੁੰਗਾ ਸਾਹਿਬ ‘ਤੇ ਨਿਹੰਗ ਸਿੰਘਾਂ ਦੀ ਛਾਉਣੀ ਜਿਹੜੀ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਿਲਕੁਲ ਸਾਹਮਣੇ ਹੈ।
ਇੱਥੇ ਪਿਛਲੇ 40 ਸਾਲਾਂ ਤੋਂ ਬੁੱਢਾ ਦਲ ਦੇ ਬਾਬਾ ਮਾਨ ਸਿੰਘ ਤੇ ਲਾਲ ਸਿੰਘ ਕਾਬਜ ਸਨ।
ਸਾਲ 2019 ਵਿੱਚ ਬੁੱਢਾ ਦਲ ਦੇ ਇੱਕ ਧੜ੍ਹੇ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਬਜ਼ਾ ਕਰ ਲਿਆ ਸੀ। ਹੁਣ ਵੀ ਇਸ ਅਸਥਾਨ ‘ਤੇ ਬਾਬਾ ਬਲਬੀਰ ਸਿੰਘ ਦਾ ਹੀ ਕਬਜ਼ਾ ਚੱਲਿਆ ਆ ਰਿਹਾ ਸੀ।
21 ਨਵੰਬਰ 2023 ਨੂੰ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਮਾਨ ਸਿੰਘ ਅਕਾਲੀ ਹਜੂਰ ਸਾਹਿਬ ਵਾਲਿਆਂ ਦੇ ਧੜੇ ਵੱਲੋਂ ਆਪਣੀ ਛਾਉਣੀ ‘ਤੇ ਮੁੜ ਕਬਜਾ ਕਰ ਲਿਆ ਗਿਆ।
ਪੁਲਿਸ ਦੋਵੇਂ ਧੜ੍ਹਿਆਂ ਨੂੰ ਦੂਰ-ਦੂਰ ਰੱਖਣ ਦੇ ਯਤਨ ਕਰ ਰਹੀ ਹੈ।
ਪੁਲਿਸ ਦਾ ਕੀ ਕਹਿਣਾ ਹੈ
ਸੁਲਤਾਨਪੁਰ ਲੋਧੀ ਦੇ ਡੀਐੱਸਪੀ ਬਬਨਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਅਮਨ ਸ਼ਾਂਤੀ ਹਰ ਹਾਲਤ ਵਿਚ ਬਹਾਲ ਰੱਖੀ ਜਾਵੇਗੀ ਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦੀ ਆਗਿਆ ਨਹੀ ਦਿੱਤੀ ਜਾਵੇਗੀ।
ਪੁਲਿਸ ਵੱਲੋਂ ਦੋਵਾਂ ਧੜਿਆਂ ਨੂੰ ਇਸ ਗੱਲ ‘ਤੇ ਮਨਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿ 27 ਨਵੰਬਰ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੇ ਸਮਾਗਮ ਤੋਂ ਬਾਅਦ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ।
ਪਲਿਸ ਨੇ ਆਲੇ-ਦੁਆਲੇ ਦੇ ਥਾਣਿਆਂ ਦੀ ਪੁਲਿਸ ਨੂੰ ਵੀ ਇੱਥੇ ਤਾਇਨਾਤ ਕੀਤਾ ਹੋਇਆ ਸੀ। ਪੁਲਿਸ ਮੁਤਾਬਕ ਝਗੜੇ ਵਾਲੀ ਥਾਂ ‘ਤੇ ਤਿੰਨ ਸੌਂ ਪੁਲੀਸ ਤਾਇਨਾਤ ਕੀਤੇ ਹੋਏ ਸਨ।
ਇਤਿਹਾਸਕ ਮਹੱਤਤਾ ਵਾਲਾ ਸ਼ਹਿਰ
ਸੁਲਤਾਨਪੁਰ ਲੋਧੀ ਇੱਕ ਇਤਿਹਾਸਕ ਮਹੱਤਤਾ ਵਾਲਾ ਸ਼ਹਿਰ ਹੈ।
ਇਸਦਾ ਸਬੰਧ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਨਾਲ ਹੈ।
ਗੁਰੁ ਨਾਨਕ ਦੇਵ ਜੀ ਇਸ ਸ਼ਹਿਰ ਵਿੱਚ ਆਪਣੀ ਭੈਣ ਬੇਬੇ ਨਾਨਕੀ ਕੋਲ ਰਹਿੰਦੇ ਸਨ ਤੇ ਉਹ ਸੁਲਤਾਨਪੁਰ ਲੋਧੀ ਵਿੱਚ 14 ਸਾਲ 9 ਮਹੀਨੇ 13 ਦਿਨ ਰਹੇ ਸਨ।
ਪੰਜਾਬ ਸਰਕਾਰ ਨੇ 1969 ਵਿੱਚ ਸ਼੍ਰੀ ਗੁਰੁ ਨਾਨਕ ਦੇਵ ਜੀ ਦੀ 500 ਸਾਲਾ ਜਨਮ ਸ਼ਤਾਬਦੀ ਇਸ ਅਸਥਾਨ ਉੱਤੇ ਮਨਾਈ ਸੀ।
ਸਾਲ 2019 ਵਿੱਚ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ।
ਹੁਣ 554 ਵਾਂ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਕੌਣ ਹੁੰਦੇ ਹਨ ਨਿਹੰਗ ਸਿੰਘ
ਨਿਹੰਗ ਫ਼ੂਲਾ ਸਿੰਘ ਅਕਾਲੀ ਸਿੱਖਾਂ ਦੇ 10ਵੇਂ ਗੁਰੂ ਦੀਆਂ ਫ਼ੌਜਾਂ ਦੇ ਜਰਨੈਲ ਸਨ, ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ।
ਡਾਕਟਰ ਰਤਨ ਸਿੰਘ ਜੱਗੀ ਦੇ ਮਹਾਨ ਕੋਸ਼ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਸਾਰੀਆਂ ਜੰਗੀ ਮੁਹਿੰਮਾਂ ਵਿਚ ਮਦਦ ਕਰਨ ਵਾਲੇ ਅਕਾਲੀ ਫੂਲਾ ਸਿੰਘ ਨੇ ਖਾਲਸਾ ਮਰਿਯਾਦਾ ਦੀ ਉਲੰਘਣਾ ਕਰਨ ਲਈ ਮਹਾਰਾਜਾ ਨੂੰ ਕੋੜੇ ਮਾਰਨ ਤੱਕ ਦੀ ਧਾਰਮਿਕ ਸਜ਼ਾ ਲੁਆਈ ਸੀ।
ਨਿਹੰਗ ਸ਼ਬਦ ਦਾ ਫਾਰਸੀ ਭਾਸ਼ਾ ਵਿਚ ਅਰਥ ਹੈ ਮਗਰਮੱਛ ਹੈ।
ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ਼ ਮੁਤਾਬਕ ਨਿਹੰਗ ਦਾ ਅਰਥ ਹੈ ਖੜਗ/ਕਿਰਪਾਨ।
ਨਿਹੰਗ ਦੀ ਪਰਿਭਾਸ਼ਾ ਬਿਆਨਦੇ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ, "ਨਿਹੰਗ ਜੋ ਮਰਨ ਦੀ ਸ਼ੰਕਾ ਤਿਆਗ ਕੇ ਹਰ ਵੇਲੇ ਸ਼ਹੀਦੀ ਪਾਉਣ ਨੂੰ ਤਿਆਰ ਅਤੇ ਮਾਇਆ ਤੋਂ ਨਿਰਲੇਪ ਰਹਿੰਦਾ ਹੈ।"
'ਸੋ ਨਿਹੰਗ ਜਾਣਿ ਜੋ ਸਦਾ ਤਿਆਰ ਬਰ ਤਿਆਰ, ਗੁਰੀਲਾ ਜੋਧੇ, ਚਰਕਵਰਤੀ ਫੌਜਾਂ।'
ਸਿੱਖ ਇਤਿਹਾਸ ਵਿਚ ਨਿਹੰਗਾਂ ਦੇ ਜਥੇ ਦੇ ਹੋਂਦ ਵਿਚ ਆਉਣ ਦੀਆਂ ਕਈ ਕਹਾਣੀਆਂ ਪ੍ਰਚਲਿਤ ਹਨ।
ਇਹ ਫੌਜੀਆਂ ਵਾਂਗ ਰਹਿੰਦੇ ਹਨ ਅਤੇ ਆਪਣੇ ਡੇਰਿਆਂ ਨੂੰ ਛਾਉਣੀਆਂ ਕਹਿੰਦੇ ਹਨ।
ਸਰਬ ਲੌਹ ਦੇ ਭਾਂਡਿਆਂ ਵਿਚ ਖਾਣਾ ਖਾਂਦੇ ਨੇ ਅਤੇ ਇਨ੍ਹਾਂ ਦੀ ਆਪਣੀ ਹੀ ਮਰਿਯਾਦਾ ਹੈ।
ਸਿੱਖ ਮਾਮਲਿਆਂ ਦੇ ਜਾਣਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਦੱਸਿਆ ਕਿ ਹਥਿਆਰ ਰੱਖਣਾ ਸਿੱਖਾਂ ਦੀ ਰਿਵਾਇਤ ਹੈ। ਜਿਸ ਦਾ ਮੁੱਢ ਖ਼ਾਲਸਾ ਪੰਥ ਦੀ ਹੋਂਦ ਵਿਚ ਆਉਣ ਨਾਲ ਹੀ ਬੱਝ ਗਿਆ ਸੀ।
ਇਸ ਦੇ ਪਿੱਛੇ ਦਲੀਲ ਸੀ ਇੱਕ ਤਾਂ ਤਾਕਤ ਦਾ ਇਸਤੇਮਾਲ ਸਹੀ ਕੰਮ ਲਈ ਕਰਨਾ ਹੈ ਜਿਵੇਂ ਕਿਸੇ ਗ਼ਰੀਬ ਨਾਲ ਧੱਕਾ ਨਾ ਹੋਵੇ ਜਾਂ ਕਿਸੇ ਨਾਲ ਕੋਈ ਵਧੀਕੀ ਨਾ ਹੋਵੇ। ਘੋੜੇ, ਪੁਰਾਤਨ ਹਥਿਆਰ ਨਿਹੰਗਾਂ ਦੀ ਪਛਾਣ ਹੈ।