ਮੁਕਤਸਰ : 30 ਲੱਖ ਦੀ ਫਿਰੌਤੀ ਲਈ ਮੁੰਡੇ ਨੂੰ ਕਤਲ ਕਰਨ ਵਾਲਿਆਂ ਤੱਕ ਕਿਵੇਂ ਪਹੁੰਚੀ ਪੁਲਿਸ

ਕਤਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ ਇਸ ਅਪਰਾਧ ਵਿੱਚ ਪੈਸੇ ਮੰਗਣ ਇੱਕ ਨਾਬਾਲਗ ਦਾ ਇਸਤੇਮਾਲ ਕੀਤਾ ਗਿਆ ਸੀ।
    • ਲੇਖਕ, ਭਾਰਤ ਭੂਸ਼ਨ ਆਜ਼ਾਦ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ

ਮੁਕਤਸਰ ਦੇ ਪਿੰਡ ਕੋਟਭਾਈ ਦੇ ਰਹਿਣ ਵਾਲੇ ਹਰਮਨ ਸਿੰਘ (20) ਨੂੰ ਕਥਿਤ ਤੌਰ ’ਤੇ 30 ਲੱਖ ਦੀ ਫਿਰੌਤੀ ਨਾ ਦੇਣ ਬਦਲੇ ਕਤਲ ਕਰ ਦਿੱਤਾ ਗਿਆ।

ਪੁਲਿਸ ਮੁਤਾਬਕ ਇਸ ਅਪਰਾਧ ਵਿੱਚ ਪੈਸੇ ਮੰਗਣ ਇੱਕ ਨਾਬਾਲਗ ਦਾ ਇਸਤੇਮਾਲ ਕੀਤਾ ਗਿਆ ਸੀ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜ੍ਹਤ ਦੀ ਲਾਸ਼ ਇੱਕ ਮੁਲਜ਼ਮ ਗੁਰਸੇਵਕ ਸਿੰਘ ਦੇ ਖੇਤ ਵਿਚ ਦੱਬ ਦਿੱਤੀ ਗਈ ਸੀ।

ਸ਼ਨੀਵਾਰ ਨੂੰ ਪੀੜ੍ਹਤ ਦੀ ਲਾਸ਼ ਬਰਾਮਦ ਕਰਨ ਤੋਂ ਬਾਅਦ ਸਸਕਾਰ ਕਰ ਦਿੱਤਾ ਗਿਆ।

ਕਤਲ

ਤਸਵੀਰ ਸਰੋਤ, Source

ਤਸਵੀਰ ਕੈਪਸ਼ਨ, ਮ੍ਰਿਤਕ ਹਰਮਨ ਸਿੰਘ
ਕਤਲ

ਕੀ ਹੈ ਮਾਮਲਾ ?

  • ਮੁਕਤਸਰ ’ਚ 30 ਲੱਖ ਦੀ ਫਿਰੌਤੀ ਲਈ ਨੌਜਵਾਨ ਦਾ ਕਤਲ
  • ਲਾਸ਼ ਖੇਤ ’ਚ ਦੱਬੀ ਅਤੇ ਪੈਸਿਆਂ ਦੀ ਮੰਗ ਲਈ ਨਬਾਲਗ ਦੀ ਵਰਤੋਂ ਕੀਤੀ
  • ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
  • ਮੁਲਜ਼ਮ ਨਵਜੋਤ ਸਿੰਘ ਦੁਬੱਈ ’ਚੋਂ ਫਿਰੌਤੀ ਸਬੰਧੀ ਵਟ੍ਹਸਐਪ ਕਾਲਾਂ ਕਰਦਾ ਸੀ।
ਕਤਲ

ਕੀ ਹੋਇਆ ਸੀ ਉਸ ਦਿਨ ?

ਜਾਣਕਾਰੀ ਮੁਤਾਬਕ ਲੰਘੀ 25 ਨਵੰਬਰ ਨੂੰ ਕਿਸਾਨ ਸੁਖਦੇਵ ਸਿੰਘ ਦੇ ਨੌਜਵਾਨ ਪੁੱਤਰ ਹਰਮਨ ਸਿੰਘ ਨੂੰ ਅਗਵਾ ਕਰ ਲਿਆ ਗਿਆ ਸੀ।

ਪੁਲਿਸ ਮੁਤਾਬਕ ਅਗਵਾ ਕਰਨ ਮਗਰੋਂ ਉਸਦਾ ਕਤਲ ਕਰ ਦਿੱਤਾ ਗਿਆ ਸੀ ਪਰ ਕਤਲ ਤੋਂ ਬਾਅਦ ਪਰਿਵਾਰ ਤੋਂ ਫਿਰੌਤੀ ਮੰਗੀ ਜਾ ਰਹੀ ਸੀ।

ਪੁਲਿਸ ਦੇ ਦੱਸਣ ਮੁਤਾਬਕ ਉਸ ਦਿਨ ਹਰਮਨ ਨੂੰ ਉਸਦੇ ਇਕ ਦੋਸਤ ਨਵਜੋਤ ਸਿੰਘ ਨੇ ਫ਼ੋਨ ਕਰਕੇ ਪਿੰਡ ਦੇ ਗਰਾਊਂਡ ਵਿਚ ਸੱਦਿਆ ਸੀ, ਜਿੱਥੋਂ ਉਸ ਨੂੰ ਅਗਵਾ ਕਰ ਲਿਆ ਗਿਆ।

ਹਰਮਨ ਅਤੇ ਨਵਜੋਤ ਆਪਸ ਵਿਚ ਦੋਸਤ ਸਨ।

ਉਸ ਤੋਂ ਬਾਅਦ ਹਰਮਨ ਨੂੰ ਨਵਜੋਤ, ਗੁਰਸੇਵਕ ਸਿੰਘ ਵਾਸੀ ਸ਼ਾਮ ਖੇੜਾ (ਮਲੋਟ) ਦੇ ਘਰ ਲੈ ਗਿਆ।

ਉਥੇ ਹਰਮਨ ਤੋਂ ਇਲਾਵਾ ਮਨਦੀਪ ਸਿੰਘ ਉਰਫ ਗੱਗੂ, ਜਗਮੀਤ ਸਿੰਘ ਉਰਫ ਮੁਨਸ਼ੀ, ਮਨਪ੍ਰੀਤ ਸਿੰਘ ਉਰਫ ਪੀਤਾ, ਲਾਲੂ ਅਤੇ ਰਮਨਦੀਪ ਕੌਰ ਪਹਿਲਾਂ ਤੋਂ ਹੀ ਮੌਜੂਦ ਸਨ।

ਇਨ੍ਹਾਂ ਮੁਲਜ਼ਮਾਂ ਨੇ ਆਪਸ ਵਿਚ ਮਿਲ ਕੇ ਕਥਿਤ ਤੌਰ ’ਤੇ ਹਰਮਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਕਤਲ
ਕਤਲ

ਫਿਰੌਤੀ ਮੰਗਣ ਲਈ ਇੱਕ ਨਾਬਾਲਗ ਦੀ ਵਰਤੋਂ

ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਫ਼ਰੀਦਕੋਟ ਰੇਂਜ ਦੇ ਆਈਜੀ ਪ੍ਰਦੀਪ ਯਾਦਵ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਹਰਮਨ ਦੀ ਹੱਤਿਆ ਕਰਨ ਮਗਰੋਂ ਪਰਿਵਾਰ ਤੋਂ ਫਿਰੌਤੀ ਮੰਗਣ ਲਈ ਇੱਕ ਨਾਬਾਲਗ ਦਾ ਇਸਤੇਮਾਲ ਕੀਤਾ ਸੀ।

ਪੁਲਿਸ ਅਨੁਸਾਰ ਮੁਲਜ਼ਮਾਂ ਵੱਲੋਂ ਨਾਬਾਲਗ ਤੋਂ ਫਿਰੌਤੀ ਵਾਲੀਆਂ ਚਿੱਠੀਆਂ ਲਿਖਵਾਈ ਜਾਂਦੀਆਂ ਸਨ।

ਪੁਲਿਸ ਦਾ ਕਹਿਣਾ ਹੈ ਕਿ ਇਹ ਨਾਬਾਲਗ ਵਾਰਦਾਤ ਵਿਚ ਸ਼ਾਮਲ ਇਕ ਮੁਲਜ਼ਮ ਦਾ ਹੀ ਬੱਚਾ ਹੈ।   

“ਮੁਲਜ਼ਮਾਂ ਨੇ ਮ੍ਰਿਤਕ ਦੀ ਲਾਸ਼ ਗੁਰਸੇਵਕ ਸਿੰਘ ਦੇ ਖੇਤ ਵਿਚ ਦੱਬ ਦਿੱਤੀ ਸੀ।

ਪੁਲੀਸ ਨੇ ਕਿਵੇਂ ਸੁਲਝਾਈ ਗੁੱਥੀ

ਜਾਣਕਾਰੀ ਮੁਤਾਬਕ ਘਟਨਾਂ ਵਾਲੇ ਦਿਨ ਹੀ ਪੁਲਿਸ ਨੂੰ ਇਸ ਅਗਵਾ ਵਾਰਦਾਤ ਦੀ ਸੂਚਨਾ ਦੇ ਦਿੱਤੀ ਗਈ ਸੀ।

ਪੁਲਿਸ ਨੇ ਅਗਵਾਕਾਰਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆ ਸਨ।

ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਖੁਦ ਛਾਪੇਮਾਰੀ ਕੀਤੀ ਸੀ।

ਜਦੋਂ ਪਰਿਵਾਰ ਫਿਰੌਤੀ ਦਾ ਪੈਸਾ ਅਗਵਾਕਾਰਾਂ ਵੱਲੋਂ ਦੱਸੀ ਜਗ੍ਹਾਂ ’ਤੇ ਦੇਣ ਜਾ ਰਿਹਾ ਸੀ ਤਾਂ ਪੁਲੀਸ ਨੇ ਪਰਿਵਾਰ ਦਾ ਪਿੱਛਾ ਕੀਤਾ।

ਪੁਲਿਸ ਵੱਲੋਂ ਫਿਰੌਤੀ ਦਾ ਪੈਸਾ ਲੈਣ ਵਾਲੇ ਦੋ ਮੋਟਰ ਸਾਈਕਲ ਸਵਾਰਾਂ ਦਾ ਪਿੱਛਾ ਕੀਤਾ ਗਿਆ।

ਇਹ ਮੁਲਜ਼ਮ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਦੇ ਇੱਕ ਪਿੰਡ ਵਿਚ ਛੁਪੇ ਹੋਏ ਸਨ। 

ਪੰਜਾਬ ਪੁਲਿਸ ਨੇ ਬੀਕਾਨੇਰ ਪੁਲੀਸ ਦੀ ਮਦਦ ਨਾਲ ਪੂਰੇ ਪਿੰਡ ਦੀ ਘੇਰਾਬੰਦੀ ਕੀਤੀ ਸੀ।

ਪੁਲਿਸ ਨੇ ਪਹਿਲਾਂ ਦੋ ਅਤੇ ਇਸ ਤੋਂ ਬਾਅਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਸੁਲਝਾਇਆ।

ਆਈਜੀ ਪ੍ਰਦੀਪ ਯਾਦਵ ਨੇ ਕਿਹਾ ਕਿ ਮੁਲਜ਼ਮਾਂ ਵੱਲੋਂ ਪਰਿਵਾਰ ਨੂੰ ਧਮਕਾਇਆ ਜਾਂਦਾ ਸੀ ਕਿ ਪੁਲਿਸ ਨੂੰ ਇਸ ਬਾਰੇ ਕੁਝ ਨਾ ਦੱਸਿਆ ਜਾਵੇ।

ਪੰਜ ਦਿਨ ਪਹਿਲਾਂ ਪੁੱਟਿਆ ਗਿਆ ਟੌਆ

ਪੁਲਿਸ ਦਾ ਦਾਅਵਾ ਹੈ ਕਿ ਅਗਵਾਕਾਰਾਂ ਨੇ ਹਰਮਨ ਨੂੰ ਅਗਵਾ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਉਸਦਾ ਕਤਲ ਕਰ ਦਿੱਤਾ ਸੀ।

ਇਸ ਲਈ ਟੌਆ ਵੀ ਪੰਜ ਦਿਨ ਪਹਿਲਾਂ ਪੁੱਟਿਆ ਗਿਆ ਸੀ। ਮੁਲਜ਼ਮ ਗੁਰਸੇਵਕ ਸਿੰਘ ਦੇ ਪਿਤਾ ਪਿੰਡ ਦੇ ਸਰਪੰਚ ਹਨ।

ਪੁਲਿਸ ਅਨੁਸਾਰ ਗੁਰਸੇਵਕ ਸਿੰਘ ਨੇ ਪੈਸਿਆਂ ਦੇ ਲਾਲਚ ਵਿੱਚ ਮੁਲਜ਼ਮਾਂ ਦਾ ਸਾਥ ਦਿੱਤਾ ਸੀ।

ਪਰਿਵਾਰ ਨੂੰ ਮੁਲਜ਼ਮਾਂ ਵੱਲੋਂ ਕੀਤਾ ਜਾ ਰਿਹਾ ਸੀ ਗੁਮਰਾਹ

ਪੁਲਿਸ ਮੁਤਾਬਕ ਇਸ ਹੱਤਿਆ ਵਿਚ ਫੜ੍ਹੇ ਗਏ ਮੁਲਜ਼ਮਾਂ ਤੋਂ ਇਲਾਵਾ 6-7 ਹੋਰ ਮੁਲਜ਼ਮ ਵੀ ਸ਼ਾਮਲ ਹਨ।

ਫਿਰੌਤੀ ਦੀ ਰਕਮ ਗਿੱਦੜਬਾਹਾ ਤੋਂ ਸ਼੍ਰੀ ਗੰਗਾਨਗਰ ਜਾਂਦੀ ਟ੍ਰੇਨ ਵਿਚ ਬੈਠਣ ਲਈ ਕਿਹਾ ਅਤੇ ਜਿਥੇ ਟ੍ਰੇਨ ਹੌਲੀ ਹੋਣ ਉੱਤੇ ਉਥੇ ਪੈਸਿਆਂ ਦਾ ਭਰਿਆ ਬੈੱਗ ਛੱਡ ਦੇਣ ਲਈ ਕਿਹਾ ਸੀ।

ਮੁਲਜ਼ਮਾਂ ਵੱਲੋਂ ਪੈਸਿਆਂ ਨੂੰ ਲੈਣ ਲਈ ਆਉਣ ਸਮੇਂ ਵਰਤਿਆ ਗਿਆ ਮੋਟਰ ਸਾਈਕਲ ਅਬਾਦੀ ਵਿਚ ਛੱਡ ਦਿੱਤਾ ਗਿਆ।

ਪੁਲਿਸ ਮੁਤਾਬਕ ਇਸ ਤੋਂ ਪਹਿਲਾਂ ਨਵਜੋਤ ਸਿੰਘ, ਮਨਦੀਪ ਸਿੰਘ ਅਤੇ ਜਗਮੀਤ ਸਿੰਘ ਨੇ ਇਕ ਹੋਰ ਲੜਕੇ ਨਿਰਮਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਗੁੜ੍ਹੀ ਸੰਘਰ ਦਾ ਵੀ ਕਤਲ ਕੀਤਾ ਹੈ।

ਇਨ੍ਹਾਂ ਦੋਵਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਮਾਸਟਰ ਮਾਇੰਡ ਨਵਜੋਤ ਸਿੰਘ ਲੰਘੀ 3 ਦਸੰਬਰ ਨੂੰ ਦੁਬਈ ਫਰਾਰ ਹੋ ਗਿਆ।

ਪੁਲਿਸ ਮੁਤਾਬਕ ਨਵਜੋਤ ਸਿੰਘ ਦੁਬਈ ’ਚੋਂ ਫਿਰੌਤੀ ਸਬੰਧੀ ਵਟ੍ਹਸਐਪ ਕਾਲਾਂ ਕਰਦਾ ਸੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)