ਇੱਕ ਗੁਬਾਰੇ ਪਿੱਛੇ ਕਿਉਂ ਭਿੜ ਰਹੀਆਂ ਹਨ ਅਮਰੀਕਾ ਤੇ ਚੀਨ ਦੀਆਂ ਸਰਕਾਰਾਂ

ਤਸਵੀਰ ਸਰੋਤ, Reuters
ਚੀਨ ਦੇ ਸ਼ੱਕੀ ਜਾਸੂਸੀ ਗੁਬਾਰੇ ਨੂੰ ਅਮਰੀਕੀ ਐਫ਼-22 ਫਲਾਇਟ ਜੈਟ ਨੇ ਦੱਖਣੀ ਕੈਰੋਲਿਨਾ ਦੇ ਅਟਲਾਂਟਿਕ ਤੱਟ ਨੇੜੇ ਸੁੱਟ ਦਿੱਤਾ ਹੈ।
ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪਾਇਲਟਾਂ ਨੂੰ ਵਧਾਈ ਦਿੱਤੀ ਹੈ।
ਅਮਰੀਕਾ ਦੇ ਅਸਮਾਨ 'ਚ ਦੇਖੇ ਗਏ 'ਚੀਨੀ ਗੁਬਾਰੇ' ਦੇ ਡਿੱਗਣ ਬਾਰੇ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਦੱਸਿਆ ਕਿ ਇਸ ਨੂੰ ਸੁੱਟਣ ਦਾ ਹੁਕਮ ਦੇਸ਼ ਦੇ ਰਾਸ਼ਟਰਪਤੀ ਨੇ ਦਿੱਤਾ ਸੀ।
ਇੱਕ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ ਸ਼ਨੀਵਾਰ ਦੁਪਹਿਰ ਅਮਰੀਕਾ ਦੀ ਉੱਤਰੀ ਕਮਾਨ ਦੇ ਇਕ ਲੜਾਕੂ ਜਹਾਜ਼ ਨੇ ਚੀਨ ਵਲੋਂ ਭੇਜੇ ਉੱਚਾਈ ਤੋਂ ਨਿਗਰਾਨੀ ਵਾਲੇ 'ਜਾਸੂਸੀ ਗੁਬਾਰੇ' ਨੂੰ ਸਫਲਤਾਪੂਰਵਕ ਸੁੱਟ ਦਿੱਤਾ ਹੈ। ਇਹ ਚੀਨੀ ਦਾ ਗੁਬਾਰਾ ਸੀ ਅਤੇ ਇਸ ਦਾ ਮਲਬਾ ਦੱਖਣੀ ਕੈਰੋਲੀਨਾ ਨੇੜੇ ਸਮੁੰਦਰ ਵਿੱਚ ਡਿੱਗਿਆ ਹੈ।
ਲੋਇਡ ਆਸਟਿਨ ਨੇ ਕਿਹਾ ਕਿ ਬੁੱਧਵਾਰ ਨੂੰ ਰਾਸ਼ਟਰਪਤੀ ਨੇ ਹੁਕਮ ਦਿੱਤਾ ਸੀ ਕਿ ਕਿਸੇ ਵੀ ਅਮਰੀਕੀ ਨਾਗਰਿਕ ਨੂੰ ਨੁਕਸਾਨ ਪਹੁੰਚਾਏ ਬਿਨਾਂ ਜਲਦੀ ਤੋਂ ਜਲਦੀ ਇਸ ਨੂੰ ਖਤਮ ਕਰਨ ਦਾ ਮਿਸ਼ਨ ਸ਼ੁਰੂ ਕੀਤਾ ਜਾਵੇ।
ਰਾਸ਼ਟਰਪਤੀ ਦੇ ਹੁਕਮਾਂ ਤੋਂ ਬਾਅਦ ਰੱਖਿਆ ਵਿਭਾਗ ਨੇ ਫੈਸਲਾ ਕੀਤਾ ਕਿ ਇਸ ਗੁਬਾਰੇ ਨੂੰ ਉਸ ਸਮੇਂ ਸਮੁੰਦਰ ਸੁੱਟਿਆ ਜਾਵੇਗਾ ਜਦੋਂ ਇਹ ਸਮੁੰਦਰ ਦੇ ਨੇੜੇ ਹੋਵੇਗਾ।

ਤਸਵੀਰ ਸਰੋਤ, WITTER/PRESIDENT BIDEN
ਕੈਨੇਡਾ ਤੋਂ ਮਦਦ ਲਈ
ਲੋਇਡ ਆਸਟਿਨ ਦੇ ਬਿਆਨ ਅਨੁਸਾਰ ਇਸ ਕੰਮ ਵਿੱਚ ਉਨ੍ਹਾਂ ਨੂੰ ਕੈਨੇਡਾ ਸਰਕਾਰ ਦਾ ਪੂਰਾ ਸਹਿਯੋਗ ਮਿਲਿਆ।
ਕੈਨੇਡਾ ਨੇ ਉੱਤਰੀ ਅਮਰੀਕਾ ਤੋਂ ਲੰਘਦੇ ਸਮੇਂ ਗੁਬਾਰੇ ਨਾਲ ਸਬੰਧਤ ਜਾਣਕਾਰੀ ਨੂੰ ਟਰੈਕ ਕਰਨ ਅਤੇ ਵਿਸ਼ਲੇਸ਼ਣ ਕਰਨ ਲਈ ਨੋਰਾਡ ਸਿਸਟਮ (ਉੱਤਰੀ ਅਮਰੀਕੀ ਏਰੋਸਪੇਸ ਡਿਫੈਂਸ ਕਮਾਂਡ) ਰਾਹੀਂ ਅਮਰੀਕੀ ਫੌਜ ਦੀ ਮਦਦ ਕੀਤੀ।
ਲੋਇਡ ਆਸਟਿਨ ਨੇ ਇਸ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਤਸਵੀਰ ਸਰੋਤ, Getty Images
ਕਿਵੇਂ ਡਿੱਗਿਆ ਚੀਨੀ ਗੁਬਾਰਾ
ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਰੱਖਿਆ ਮੰਤਰਾਲੇ ਨੇ ਕਿਹਾ ਕਿ ਫੌਜ ਦੇ ਐਫ-22 ਜਹਾਜ਼ਾਂ ਨੇ 58 ਹਜ਼ਾਰ ਫੁੱਟ ਦੀ ਉਚਾਈ 'ਤੇ ਗੁਬਾਰੇ ਨੂੰ ਨਿਸ਼ਾਨਾ ਬਣਾਇਆ।
ਇਹ ਗੁਬਾਰਾ 60 ਤੋਂ 65 ਹਜ਼ਾਰ ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ।
ਜਦੋਂ ਜਹਾਜ਼ ਨੇ ਇਸ ਨੂੰ ਨਿਸ਼ਾਨਾ ਬਣਾਇਆ ਤਾਂ ਇਹ ਗੁਬਾਰਾ ਤੱਟ ਤੋਂ ਛੇ ਮੀਲ ਦੂਰ 47 ਫੁੱਟ ਡੂੰਘੇ ਸਮੁੰਦਰ ਵਿੱਚ ਡਿੱਗ ਗਿਆ। ਹਾਲਾਂਕਿ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।

ਤਸਵੀਰ ਸਰੋਤ, Getty Images
ਹਾਲ ਹੀ ਦੇ ਦਿਨਾਂ ਵਿੱਚ ਅਮਰੀਕਾ ਦੀਆਂ ਕੁਝ ਅਹਿਮ ਥਾਵਾਂ ਉੱਪਰ ਇੱਕ ਸ਼ੱਕੀ ਗੁਬਾਰਾਨੁਮਾ ਚੀਜ਼ ਉੱਡਦੀ ਦੇਖੀ ਗਈ ਸੀ। ਜਿਸ ਬਾਰੇ ਸ਼ੱਕ ਹੈ ਕਿ ਇਹ ਚੀਨ ਨਾਲ ਸਬੰਧਿਤ ਹੈ ਤੇ ਸ਼ਾਇਦ ਨਿਗਰਾਨੀ ਦਾ ਕੰਮ ਕਰ ਰਿਹਾ ਹੈ।
ਅਮਰੀਕਾ ਇਸ ਸ਼ੱਕੀ ਚੀਨੀ ਨਿਗਰਾਨੀ ਗੁਬਾਰੇ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਸੀ।
ਬੀਤੇ ਦਿਨਾਂ ਵਿੱਚ ਇਸ ਨੂੰ ਅਮਰੀਕਾ ਦੇ ਪੱਛਮੀ ਸੂਬੇ ਮੋਂਟਾਨਾ ਉੱਪਰ ਦੇਖਿਆ ਗਿਆ ਸੀ।

ਤਸਵੀਰ ਸਰੋਤ, Getty Images
ਚੀਨ ਨੇ ਕੀ ਕਿਹਾ
ਅਮਰੀਕਾ ਨੇ ਵਾਸ਼ਿੰਗਟਨ ਅਤੇ ਬੀਜਿੰਗ ਸਥਿਤ ਸਫਾਰਤਖਾਨੇ ਵਿੱਚ ਇਹ ਮਾਮਲਾ ਚੀਨੀ ਅਧਿਕਾਰੀਆਂ ਦੇ ਸਾਹਮਣੇ ਵੀ ਚੁੱਕਿਆ ਹੈ।
ਚੀਨ ਨੇ ਇਸ ਨੂੰ ਜਾਸੂਸੀ ਜਹਾਜ਼ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਮੌਸਮ ਦੀ ਭਵਿੱਖਬਾਣੀ ਕਰਨ ਵਾਲਾ ਗੁਬਾਰਾ ਸੀ ਜੋ ਆਪਣਾ ਰਸਤਾ ਭਟਕ ਗਿਆ ਸੀ।
ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਕਿਹਾ ਕਿ "ਅਸੀਂ ਨਾਗਰਿਕ ਉਦੇਸ਼ਾਂ ਲਈ ਵਰਤੇ ਜਾਣ ਵਾਲੇ ਮਾਨਵ ਰਹਿਤ ਗੁਬਾਰਿਆਂ 'ਤੇ ਅਮਰੀਕਾ ਵੱਲੋਂ ਤਾਕਤ ਦੀ ਵਰਤੋਂ ਦਾ ਵਿਰੋਧ ਕਰਦੇ ਹਾਂ।"

ਅਮਰੀਕਾ ਵਿੱਚ ਸ਼ੱਕੀ ਚੀਨੀ ਗੁਬਾਰੇ ਦਾ ਖ਼ੌਫ਼
- ਚੀਨ ਦੇ ‘ਜਾਸੂਸੀ ਗੁਬਾਰੇ’ ਨੂੰ ਅਮਰੀਕਾ ਨੇ ਸਮੁੰਦਰੀ ਤੱਟ ਨੇੜੇ ਸੁੱਟਿਆ
- ਅਮਰੀਕਾ ਵਿੱਚ ਇੱਕ ਸ਼ੱਕੀ ਚੀਨੀ ਗੁਬਾਰਾਨੁਮਾ ਚੀਜ਼ ਅਸਮਾਨ ਵਿੱਚ ਉੱਡਦੀ ਦੇਖੀ ਗਈ ਸੀ।
- ਅਮਰੀਕੀ ਅਧਿਕਾਰੀਆਂ ਦਾ ਦਾਅਵਾ ਹੈ ਇਹ ਚੀਨ ਵਲੋਂ ਨਿਗਰਾਨੀ ਕਰਦਾ ਯੰਤਰ ਹੈ।
- ਅਮਰੀਕੀ ਇੰਟੈਲੀਜੈਂਸ ਇਸ ਗੁਬਾਰੇ ਉੱਪਰ ਪੂਰ੍ਹੀ ਨਿਗ੍ਹਾ ਰੱਖੀ ਹੋਈ ਸੀ।
- ਅਮਰੀਕੀ ਮਿਲਟਰੀ ਇਸ ਉੱਤੇ ਹਮਲਾ ਕਰਨ ਲਈ ਪੂਰ੍ਹੀ ਤਰ੍ਹਾਂ ਤਿਆਰ ਹੈ।


ਤਸਵੀਰ ਸਰੋਤ, Getty Images
ਜਾਣਕਾਰੀ ਗੁਪਤ ਰੱਖਣਾ
ਪੈਂਟਾਗਨ ਵਿਖੇ ਵੀਰਵਾਰ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਅਧਿਕਾਰੀਆਂ ਨੇ ਗੁਬਾਰੇ ਦੀ ਮੌਜੂਦਾ ਥਾਂ ਨਹੀਂ ਦੱਸੀ ਸੀ।
ਉਨ੍ਹਾਂ ਨੇ ਗੁਬਾਰੇ ਦੇ ਆਕਾਰ ਸਮੇਤ ਹੋਰ ਵੇਰਵੇ ਦੇਣ ਦੱਸਣੇ ਵੀ ਮੁਨਾਸਿਬ ਨਾ ਸਮਝਿਆਂ ਮੀਡੀਆ ਨਾਲ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇੱਕ ਰੱਖਿਆ ਅਧਿਕਾਰੀ ਨੇ ਕਿਹਾ ਸੀ, "ਅਜਿਹੀਆਂ ਰਿਪੋਰਟਾਂ ਹਨ ਕਿ ਪਾਇਲਟਾਂ ਨੇ ਇਸ ਉੱਡਦੀ ਚੀਜ਼ ਨੂੰ ਦੇਖਿਆ ਹੈ ਭਾਵੇਂ ਕਿ ਇਹ ਅਸਮਾਨ ਵਿੱਚ ਬਹੁਤ ਉੱਚੀ ਹੈ।"
"ਇਸ ਤਰ੍ਹਾਂ ਇਹ ਤਾਂ ਪਤਾ ਲੱਗ ਗਿਆ ਹੈ ਕਿ ਇਹ ਇੱਕ ਵੱਡੇ ਅਕਾਰ ਦੀ ਚੀਜ਼ ਹੈ।"
ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਨਿਗਰਾਨੀ ਗੁਬਾਰਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਟਰੈਕ ਕੀਤਾ ਗਿਆ ਸੀ, ਪਰ ਇਹ "ਇਸ ਵਾਰ ਲੰਬੇ ਸਮੇਂ ਲਈ ਲਟਕਦਾ ਦਿਖਾਈ ਦੇ ਰਿਹਾ ਸੀ"।

ਇਹ ਵੀ ਪੜ੍ਹੋ-

ਸੋਸ਼ਲ ਮੀਡੀਆ ’ਤੇ ਚਰਚਾ
ਇਸ ਗੁਬਾਰੇ ਬਾਰੇ ਮੋਂਟਾਨਾ ਵਿੱਚ ਸੋਸ਼ਲ ਮੀਡੀਆ ਤੇ ਵੀ ਚਰਚਾ ਛਿੜੀ ਹੋਈ ਹੈ।
ਕਈਆਂ ਸੋਸ਼ਲ ਮੀਡੀਆ ਯੂਜ਼ਰ ਨੇ ਅਸਮਾਨ ਵਿੱਚ ਉੱਚੀ ਉੱਡਦੀ ਇੱਕ ਫਿੱਕੀ ਗੋਲ ਵਸਤੂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਹੋਈਆਂ ਹਨ। ਜਿਸ ਨੂੰ ਲੋਕ ਚੀਨੀ ਗੁਬਾਰਾ ਦੱਸ ਰਹੇ ਹਨ।
ਇੰਨਾਂ ਹੀ ਨਹੀਂ ਕਈਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਇਲਾਕੇ ਵਿੱਚ ਅਮਰੀਕੀ ਫ਼ੌਜੀ ਜਹਾਜ਼ਾਂ ਨੂੰ ਦੇਖਿਆ ਸੀ। ਜੋ ਕਿ ਗੁਬਾਰੇ ਦੀ ਨਿਗਰਾਨੀ ਕਰ ਰਹੇ ਸਨ।
ਬਿਲਿੰਗਜ਼ ਦਫਤਰ ਦੇ ਕਰਮਚਾਰੀ ਚੇਜ਼ ਡੋਆਕ ਨੇ ਐਸੋਸੀਏਟਿਡ ਪ੍ਰੈਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਆਸਮਾਨ ਵਿੱਚ ਵੱਡੇ ਸਫੈਦ ਚੱਕਰ ਨੂੰ ਦੇਖਿਆ ਸੀ।
ਇਸ ਨੂੰ ਇੱਕ ਯੂਐੱਫ਼ਓ ਸਮਝਦਿਆਂ ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਲੈ ਲਈਆਂ।

ਤਸਵੀਰ ਸਰੋਤ, Getty Images
ਚੀਨ ਦੀ ਨਿਗਰਾਨੀ ਦੀ ਨਿੰਦਾ
ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸੀਨੀਅਰ ਰਿਪਬਲਿਕਨ ਸੈਨੇਟਰ ਮਾਰਕੋ ਰੂਬੀਓ ਨੇ ਚੀਨ ਦੇ ਕਥਿਤ ਗੁਬਾਰੇ ਦੀ ਨਿੰਦਾ ਕੀਤੀ।
ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, "ਬੀਜਿੰਗ ਵਲੋਂ ਸਾਡੇ ਦੇਸ਼ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਜਾਸੂਸੀ ਦਾ ਪੱਧਰ ਪਿਛਲੇ 5 ਸਾਲਾਂ ਵਿੱਚ ਨਾਟਕੀ ਤੌਰ 'ਤੇ ਵਧੇਰੇ ਤੀਬਰ ਹੋਇਆ ਹੈ ਤੇ ਇਹ ਬੇਸ਼ਰਮ ਢੰਗ ਨਾਲ ਵਧਿਆ ਹੈ।"
ਮੋਨਟਾਨਾ ਦੇ ਗਵਰਨਰ ਗ੍ਰੇਗ ਗਿਆਨਫੋਰਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੂੰ ਗੰਭੀਰ ਚਿੰਤਾਜਨਕ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਵਿੱਚ ਇੱਕ ਸਮਾਗਮ ਵਿੱਚ ਬੋਲਦਿਆਂ, ਸੀਆਈਏ ਦੇ ਨਿਰਦੇਸ਼ਕ ਵਿਲੀਅਮ ਬਰਨਜ਼ ਨੇ ਗੁਬਾਰੇ ਦਾ ਕੋਈ ਜ਼ਿਕਰ ਨਾ ਕਰਦਿਆਂ ਅਮਰੀਕਾ ਮੁਹਰੇ ਚੀਨ ਨੂੰ ਇੱਕ ਵੱਡੀ ਭੁਗੋਲਿਕ ਸਿਆਸੀ ਚੁਣੌਤੀ ਦੱਸਿਆ ਸੀ।
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਅਗਲੇ ਹਫ਼ਤੇ ਚੀਨ ਦੌਰੇ ਤੋਂ ਪਹਿਲਾਂ ਕਥਿਤ ਜਾਸੂਸੀ ਕਰਾਫਟ ਨਾਲ ਤਣਾਅ ਵਧਣ ਦੀ ਸੰਭਾਵਨਾ ਹੈ।
ਬਾਈਡਨ ਪ੍ਰਸ਼ਾਸਨ ਦੇ ਕੈਬਨਿਟ ਸਕੱਤਰ ਦਾ ਇਹ ਚੀਨ ਦਾ ਪਹਿਲਾ ਦੌਰਾ ਹੋਵੇਗਾ।
ਸੀਨੀਅਰ ਅਮਰੀਕੀ ਡਿਪਲੋਮੇਟ ਸੁਰੱਖਿਆ, ਤਾਈਵਾਨ ਅਤੇ ਕੋਵਿਡ -19 ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਬੀਜਿੰਗ ਵਿੱਚ ਹੋਣਗੇ।
ਫ਼ਾਈਨਾਸ਼ੀਅਲ ਟਾਈਮਜ਼ ਦੀ ਖ਼ਬਰ ਮੁਤਾਬਕ ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਮੁਲਾਕਾਤ ਕਰਨਗੇ।












