ਸੁੱਚਾ ਸੂਰਮਾ ਕੌਣ ਸਨ ਜਿਨ੍ਹਾਂ ਦਾ ਕਿਰਦਾਰ ਬੱਬੂ ਮਾਨ ਨੇ ਨਿਭਾਇਆ ਤੇ ਕੀ ਸੀ ਸੁੱਚੇ ਤੇ ਘੁੱਕਰ ਦੀ ਦੁਸ਼ਮਣੀ ਦੀ ਕਹਾਣੀ

ਸੁੱਚਾ ਸਿੰਘ ਸੂਰਮੇ ਦਾ ਉਸਦੀ ਯਾਦਗਾਰ ਵਿੱਚ ਲੱਗਆ ਬੁੱਤ

ਤਸਵੀਰ ਸਰੋਤ, Navkiran Singh/BBC

ਤਸਵੀਰ ਕੈਪਸ਼ਨ, ਸੁੱਚੇ ਸੂਰਮੇ ਦੀ ਦਲੇਰੀ ਦੇ ਗੀਤ ਮਰਹੂਮ ਗਾਇਕ ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਦੇ ਹਰ ਅਖਾੜੇ ਦਾ ਅਨਿੱਖੜ ਹਿੱਸਾ ਹੁੰਦੇ ਸਨ।
    • ਲੇਖਕ, ਨਵਕਿਰਨ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਪੰਜਾਬ ਦੇ ਮਾਲਵਾ ਇਲਾਕੇ ਵਿੱਚ ਭੀਖੀ ਕਸਬੇ ਨਾਲ ਲੱਗਦਾ ਸਮਾਓਂ ਪਿੰਡ ਕਿਸੇ ਸਮੇਂ ਸੁੱਚੇ ਅਤੇ ਘੁੱਕਰ ਦੀ ਯਾਰੀ ਲਈ ਮਸ਼ਹੂਰ ਹੋਇਆ। ਜਦੋਂ ਘੁੱਕਰ ਨੇ ਸੁੱਚੇ ਦੀ ਭਾਬੀ ਨਾਲ ਹੀ ਰਿਸ਼ਤਾ ਬਣਾ ਲਿਆ ਤਾਂ ਸੁੱਚੇ ਦੀ ਉਸ ਨਾਲ ਦੁਸ਼ਮਣੀ ਅਤੇ ਦੋਵਾਂ ਦੇ ਕਤਲ ਦੇ ਕਿੱਸੇ ਨੂੰ ਵੀ ਕਿੱਸਾਕਾਰਾਂ ਨੇ ਖੂਬ ਗਾਇਆ।

ਸਮਾਓਂ ਪਿੰਡ ਦੇ ਮਾਸਟਰ ਨਿੱਕਾ ਸਿੰਘ ਸਮਾਓਂ ਕਹਿੰਦੇ ਹਨ ਕਿ ਪੰਜਾਬ ਦਾ ਇਤਿਹਾਸ ਨਾਬਰੀ ਤੇ ਬਾਗੀ ਸੁਭਾਅ ਨਾਲ ਭਰਿਆ ਪਿਆ ਹੈ। ਇੱਥੋਂ ਦਾ ਸੱਭਿਆਚਾਰ ਮੁੱਢ ਕਦੀਮ ਤੋਂ ਹੀ ਅਣਖ ਖਾਤਰ ਹਥਿਆਰ ਚੁੱਕਣ ਵਾਲੇ ਵਿਅਕਤੀਆਂ ਨੂੰ ਵਡਿਆਉਂਦਾ ਰਿਹਾ ਹੈ। ਇਸੇ ਕਰਕੇ ਪਿਛਲੀ ਇਕ ਸਦੀ ਤੋਂ ਸੁੱਚੇ ਸੂਰਮੇ ਦੀਆਂ ਵਾਰਾਂ ਅਤੇ ਬਹਾਦਰੀ ਦੇ ਕਿੱਸੇ ਲੋਕਾਂ ਦੀ ਜ਼ੁਬਾਨ ’ਤੇ ਚੜ੍ਹੇ ਹੋਏ ਹਨ।

ਸੁੱਚੇ ਸੂਰਮੇ ਦੀ ਦਲੇਰੀ ਦੇ ਗੀਤ ਮਰਹੂਮ ਗਾਇਕ ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਦੇ ਹਰ ਅਖਾੜੇ ਦਾ ਅਨਿੱਖੜ ਹਿੱਸਾ ਹੁੰਦੇ ਸਨ। ਨਵੀਂ ਪੀੜ੍ਹੀ ਵਿੱਚੋਂ ਕੁਲਵਿੰਦਰ ਬਿੱਲਾ ਵਰਗੇ ਗਾਇਕਾਂ ਨੇ ਵੀ ਸੁੱਚੇ ਦੀ ਵਾਰ ਗਾਈ ਹੈ।

ਸਾਲ 1981 ਵਿੱਚ ਅਦਾਕਾਰ ਵਰਿੰਦਰ ਨੇ ਸੁੱਚੇ ਸੂਰਮੇ ਦੀ ਜ਼ਿੰਦਗੀ ਉਪਰ ‘ਬਲਬੀਰੋ ਭਾਬੀ’ ਨਾਂ ਦੀ ਮਕਬੂਲ ਫਿਲਮ ਬਣਾਈ ਸੀ।

ਹੁਣ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਵੱਲੋਂ ‘ਸੁੱਚਾ ਸੂਰਮਾ’ ਫਿਲਮ ਬਣਾਏ ਜਾਣ ਤੋਂ ਬਾਅਦ ਸੁੱਚਾ ਸੂਰਮਾ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ।

ਸੁੱਚਾ ਸੂਰਮਾ ਪੰਜਾਬ ਦੇ ਉਨ੍ਹਾਂ ਲੋਕ ਨਾਇਕਾਂ ਵਿੱਚੋਂ ਹੈ ਜਿਨ੍ਹਾਂ ਨੇ ‘ਅਣਖ’ ਖਾਤਰ ਹਥਿਆਰ ਤਾਂ ਚੁੱਕੇ ਪਰ ਨਾ ਕਦੇ ਡਾਕੇ ਮਾਰੇ ਤੇ ਨਾ ਹੀ ਲੁੱਟਾਂ ਖੋਹਾਂ ਕੀਤੀਆਂ।

ਇਸ ਲੇਖ ਵਿੱਚ ਜਾਣਦੇ ਹਾਂ ਸੁੱਚਾ ਸਿੰਘ ਦੇ ਬਦਲਾ ਲੈਣ ਅਤੇ ਸੁੱਚਾ ਸੂਰਮਾ ਬਣਨ ਤੱਕ ਦੀ ਕਹਾਣੀ।

ਕਹਾਣੀ ਸ਼ੁਰੂ ਹੁੰਦੀ ਹੈ...

ਸੁੱਚੇ ਸੂਰਮੇ ਦੇ ਪਿੰਡ ਦੇ ਲੋਕ

ਤਸਵੀਰ ਸਰੋਤ, Navkiran Singh/BBC

ਤਸਵੀਰ ਕੈਪਸ਼ਨ, ਸੁੱਚੇ ਸੂਰਮੇ ਦੇ ਪਿੰਡ ਦੇ ਲੋਕ

ਸੁੱਚੇ ਦਾ ਘਰ ਪਿੰਡ ਸਮਾਓਂ ਦੀ ਮੁਪਾਲ ਪੱਤੀ ਵਿੱਚ ਸੀ ਜਦਕਿ ਨੰਬਰਦਾਰਾਂ ਦੇ ਮੁੰਡੇ ਘੁੱਕਰ ਸਿੰਘ ਚਹਿਲ ਉਰਫ ਘੁੱਕਰ ਮੱਲ ਦਾ ਘਰ ਸਮਾਉਂ ਪਿੰਡ ਦੀ ਹੈਵਤੀਆ ਪੱਤੀ ਵਿੱਚ ਸੀ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਸਮਾਓਂ ਪਿੰਡ ਵਿੱਚ ਜ਼ਿਆਦਾਤਰ ਘਰ ਚਹਿਲ ਗੋਤੀਆਂ ਦੇ ਹਨ। ਸੁੱਚਾ ਸਿੰਘ ਜਵੰਦਾ ਦੇ ਪੁਰਖੇ ਕਿਸੇ ਸਮੇਂ ਪਿੰਡ ਚੀਮਾ ਤੋਂ ਇੱਥੇ ਆ ਕੇ ਵਸੇ ਸਨ।

ਸੁੱਚੇ ਅਤੇ ਘੁੱਕਰ ਦੇ ਘਰ ਤਾਂ ਭਾਵੇਂ ਦੂਰ-ਦੂਰ ਸਨ ਪਰ ਭਲਵਾਨੀ ਦੇ ਸ਼ੌਂਕ ਕਾਰਨ ਭਲਵਾਨੀ ਦੇ ਅਖਾੜੇ ਨੇ ਬਚਪਨ ਵਿੱਚ ਹੀ ਦੋਵਾਂ ਨੂੰ ਗੂੜ੍ਹੀ ਯਾਰੀ ਵਿੱਚ ਪਰੋ ਦਿੱਤਾ ਸੀ।

ਇਲਾਕੇ ਵਿੱਚ ਲੋਕ ਸੁੱਚੇ ਅਤੇ ਘੁੱਕਰ ਦੀ ਯਾਰੀ ਦੀਆਂ ਮਿਸਾਲਾਂ ਦਿੰਦੇ ਸਨ। ਘੁੱਕਰ ਹੁਰੀਂ ਪੰਜ ਭਰਾ ਸਨ ਤੇ ਉਹਨਾਂ ਦੇ ਪਰਿਵਾਰ ਕੋਲ ਵੀ ਚੰਗੀ ਜ਼ਮੀਨ ਸੀ।

ਘੁੱਕਰ ਅਤੇ ਸੁੱਚੇ ਦੀ ਭਾਬੀ ਦੀ ਨੇੜਤਾ

ਸੁੱਚੇ ਦੇ ਵੱਡਾ ਭਰਾ ਨਰਾਇਣ ਸਿੰਘ ਉਰਫ ਨਰੈਣਾ ਦੀ ਪਹਿਲੀ ਪਤਨੀ ਨਾਲ ਅਣਬਣ (ਤਲਾਕ) ਹੋਣ ਕਾਰਨ ਉਹ ਪਿੰਡ ਰੋੜੀ (ਹੁਣ ਹਰਿਆਣਾ ਵਿੱਚ) ਤੋਂ ਬਲਬੀਰ ਕੌਰ ਉਰਫ ਬੀਰੋ ਨੂੰ ਕਰੇਵਾ (ਵਿਆਹ) ਕਰ ਕੇ ਲੈ ਆਇਆ।

ਲੋਕ ਦੱਸਦੇ ਹਨ ਕਿ ਸੁੱਚੇ ਕੋਲ ਘਰ ਵਿੱਚ ਘੁੱਕਰ ਦਾ ਆਉਣ ਜਾਣ ਹੋਣ ਕਰਕੇ ਘੁੱਕਰ ਦੀ ਬੀਰੋ ਨਾਲ ਨੇੜਤਾ ਹੋ ਗਈ।

ਘੁੱਕਰ ਨੇ ਸੁੱਚੇ ਨੂੰ ਘਰ ਤੋਂ ਦੂਰ ਕਰਨ ਦੇ ਮੰਤਵ ਨਾਲ ਫੌਜ ਵਿੱਚ ਭਰਤੀ ਹੋਣ ਲਈ ਮਨਾ ਲਿਆ। ਇਹ ਮੰਨਿਆਂ ਜਾਂਦਾ ਹੈ ਕਿ ਦੋਵੇਂ ਫੌਜ ਵਿੱਚ ਭਰਤੀ ਹੋਣ ਲਈ ਇਕੱਠੇ ਫਿਰੋਜ਼ਪੁਰ ਗਏ।

ਸੁੱਚੇ ਦੇ ਪਿੰਡ ਦਾ ਗੇਟ

ਤਸਵੀਰ ਸਰੋਤ, credit: Navkiran Singh/BBC

ਪਿੰਡ ਵਾਸੀ ਗੁਰਮੇਜ ਸਿੰਘ ਨੇ ਦੱਸਿਆ ਕਿ ਉਸ ਦਿਨ ਫਿਰੋਜ਼ਪੁਰ ਵਿੱਚ ਸੁੱਚਾ ਤਾਂ ਫੌਜ ਵਿੱਚ ਭਰਤੀ ਹੋ ਗਿਆ ਤੇ ਉਸਨੂੰ ਸਿਖਲਾਈ ਦੇ ਕੇ ਅੰਗਰੇਜ਼ ਹਕੂਮਤ ਨੇ ਡਿਊਟੀ ’ਤੇ ਬਰਮਾ ਭੇਜ ਦਿੱਤਾ। ਜਦਕਿ ਘੁੱਕਰ ਚਲਾਕੀ ਨਾਲ ਫਿਰੋਜ਼ਪੁਰ ਤੋਂ ਬਗੈਰ ਭਰਤੀ ਹੋਏ ਹੀ ਪਿੰਡ ਵਾਪਸ ਆ ਗਿਆ।

ਸੁੱਚੇ ਦੇ ਫੌਜ ਵਿੱਚ ਜਾਣ ਤੋਂ ਬਾਅਦ ਘੁੱਕਰ ਅਤੇ ਬੀਰੋ ਖੁੱਲ੍ਹੇਆਮ ਮਿਲਣ-ਜੁਲਣ ਲੱਗੇ ਸਨ। ਬੀਰੋ ਨੂੰ ਘੁੱਕਰ ਦੇ ਸੁਨੇਹੇ ਦੇਣ ਦਾ ਕੰਮ ਭਾਗ ਸਿੰਘ ਕਰਦਾ ਸੀ ਜੋ ਪਿੰਡ ਵਿੱਚ ਭਾਗ ਵਿਚੋਲੇ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਸੀ।

ਨਰੈਣੇ ਵੱਲੋਂ ਫੌਜ ਵਿੱਚ ਸੁੱਚੇ ਨੂੰ ਚਿੱਠੀ ਲਿਖ ਕੇ ਸਾਰੀ ਘਰੇਲੂ ਸਥਿਤੀ ਬਿਆਨ ਕੀਤੀ ਗਈ ਤਾਂ ਸੁੱਚੇ ਦੇ ਮਨ ਵਿੱਚ ਘੁੱਕਰ ਪ੍ਰਤੀ ਨਫ਼ਰਤ ਭਰ ਗਈ ਅਤੇ ਉਹ ਬਦਲਾ ਲੈਣ ਦੀ ਸੋਚਣ ਲੱਗਿਆ।

ਸੁੱਚੇ ਨੇ 12 ਬੋਰ ਦੀ ਬੰਦੂਕ ਇਨਾਮ ਵਜੋਂ ਮੰਗੀ

ਅੰਗਰੇਜ਼ ਹਕੂਮਤ ਸਮੇਂ ਫੌਜ ਵਿੱਚੋਂ ਛੁੱਟੀ ਮਿਲਣੀ ਜਾਂ ਨੌਕਰੀ ਛੱਡ ਕੇ ਆਉਣਾ ਸੌਖਾ ਨਹੀਂ ਸੀ। ਪਿੰਡ ਸਮਾਓਂ ਨਾਲ ਸੰਬੰਧਿਤ ਲੇਖਕ ਗੁਰਮੇਜ਼ ਸਿੰਘ ਸਮਾਓਂ ਨੇ ਦੱਸਿਆ ਕਿ ਜਿਸ ਫ਼ੌਜੀ ਛਾਉਣੀ ਵਿੱਚ ਸੁੱਚੇ ਦੀ ਡਿਊਟੀ ਸੀ ਉਸ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਇੱਕ ਅੰਗਰੇਜ਼ ਅਫਸਰ ਦੇ ਬੱਚੇ ਅੱਗ ਵਿੱਚ ਫਸ ਗਏ।

ਦਲੇਰ ਸੁੱਚੇ ਨੇ ਆਪਣੀ ਜਾਨ ’ਤੇ ਖੇਡ ਕੇ ਬੱਚਿਆਂ ਨੂੰ ਬਚਾ ਲਿਆ। ਇਹ ਗੱਲ ਮਸ਼ਹੂਰ ਹੈ ਕਿ ਖੁਸ਼ ਹੋਏ ਅੰਗਰੇਜ਼ ਅਫਸਰ ਨੇ ਸੁੱਚੇ ਦੀ ਮੰਗ ’ਤੇ ਉਸਨੂੰ ਬਾਰਾਂ ਬੋਰ ਦੀ ਬੰਦੂਕ ਦਿੱਤੀ ਅਤੇ ਫੌਜ ਵਿੱਚੋਂ ਡਿਸਚਾਰਜ ਕਰ ਦਿੱਤਾ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਘੁੱਕਰ ਅਤੇ ਬੀਰੋ ਦਾ ‘ਅਣਖ ਖਾਤਰ’ ਕਤਲ

ਕਈ ਕਿੱਸਿਆਂ, ਵਾਰਾਂ ਅਤੇ ਗੀਤਾਂ ਵਿੱਚ ਇਹ ਵਿਖਾਇਆ ਗਿਆ ਹੈ ਕਿ ਘੁੱਕਰ ਸਿੰਘ ਤੇ ਬਲਬੀਰ ਕੌਰ ਦਾ ਕਤਲ ਪਿੰਡ ਵਿੱਚ ਲੱਗੇ ਇਕ ਅਖਾੜੇ ਦੌਰਾਨ ਕੀਤਾ ਗਿਆ। ਜਦਕਿ ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਇਸ ਤਰ੍ਹਾਂ ਨਹੀਂ ਸੀ ਸਗੋਂ ਦੋਵੇਂ ਕਤਲ ਪਿੰਡ ਵਿੱਚ ਹੀ ਹੋਏ ਸਨ।

ਰਿਸ਼ਤੇ ਵਿੱਚ ਘੁੱਕਰ ਦੇ ਪੜਪੋਤੇ ਲੱਗਦੇ ਨੰਬਰਦਾਰ ਗੁਰਪਿਆਰ ਸਿੰਘ ਚਹਿਲ ਨੇ ਦੱਸਿਆ ਕਿ ਘੁੱਕਰ ਦਾ ਕਤਲ ਅਖਾੜੇ ਵਿੱਚ ਨਹੀਂ ਸਗੋਂ ਪਿੰਡ ਵਿੱਚ ਕੀਤਾ ਗਿਆ ਸੀ।

ਪਿੰਡ ਦੇ ਬਜ਼ੁਰਗ ਨਿਰਭੈ ਸਿੰਘ ਚਹਿਲ ਅਨੁਸਾਰ ਬੀਰੋ ਖੇਤੋਂ ਲੱਕੜਾਂ ਲਈ ਆਉਂਦੀ ਸੀ ਜਦੋਂ ਉਸਦਾ ਕਤਲ ਕੀਤਾ ਗਿਆ।

ਗੁਰਪਿਆਰ ਸਿੰਘ ਅਨੁਸਾਰ ਗੀਤਾਂ, ਫਿਲਮਾਂ ਵਿੱਚ ਕਹਾਣੀ ਨੂੰ ਰੌਚਿਕ ਬਣਾਉਣ ਲਈ ਤੱਥਾਂ ਨਾਲ ਛੇੜਛਾੜ ਕਰਕੇ ਬੀਰੋ ਅਤੇ ਘੁੱਕਰ ਦਾ ਕਤਲ ਪਿੰਡ ਵਿੱਚ ਚੱਲ ਰਹੇ ਅਖਾੜੇ ਵਿੱਚ ਵਿਖਾਇਆ ਜਾਂਦਾ ਹੈ।

ਘੁੱਕਰ ਸਿੰਘ ਚਹਿਲ ਵੀ ਪਿੰਡ ਦੇ ਸਰਦੇ-ਪੁੱਜਦੇ ਘਰ ਵਿੱਚੋਂ ਸੀ। ਉਹ ਪੰਜ ਭਰਾ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਕੁਆਰੇ ਦੀ ਮੌਤ ਹੋ ਗਈ ਸੀ ਜਦਕਿ ਘੁੱਕਰ ਸਮੇਤ ਚਾਰੇ ਭਰਾ ਵਿਆਹੇ ਹੋਏ ਸਨ।

ਗੁਲਜ਼ਾਰ ਸਿੰਘ ਚਹਿਲ ਨੇ ਦੱਸਿਆ ਕਿ ਘੁੱਕਰ ਉਨ੍ਹਾਂ ਦੇ ਦਾਦੇ ਦਾ ਸਕਾ ਭਰਾ ਸੀ ਤੇ ਉਸਨੇ 10 ਸਾਲ ਦੀ ਉਮਰ ਵਿੱਚ ਹੀ ਆਪਣੇ ਬਜ਼ੁਰਗਾਂ ਤੋਂ ਇਹ ਕਿੱਸਾ ਸੁਣ ਲਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਘੁੱਕਰ ਦੇ ਕਤਲ ਤੋਂ ਥੋੜ੍ਹੇ ਸਾਲਾਂ ਬਾਅਦ ਹੀ ਉਸਦਾ ਇਕਲੌਤਾ ਪੁੱਤਰ ਇੰਦਰ ਸਿੰਘ ਪਹਿਲਾਂ ਤਨਜ਼ਾਨੀਆ ਚਲਾ ਗਿਆ ਤੇ ਫਿਰ ਉੱਥੋਂ ਮਲੇਸ਼ੀਆ ਵਿੱਚ ਵਸ ਗਿਆ। ਉਹ ਮੁੜ ਕਦੇ ਪਿੰਡ ਨਹੀਂ ਆਇਆ ਸੀ।

ਉਸਨੇ ਵਿਦੇਸ਼ ਵਿੱਚੋਂ ਹੀ ਆਪਣੇ ਹਿੱਸੇ ਦੀ ਜ਼ਮੀਨ ਦਾ ਮੁਖਤਿਆਰਨਾਮਾ (ਪਾਵਰ ਆਫ ਅਟਾਰਨੀ) ਵੀ ਆਪਣੇ ਚਾਚੇ-ਤਾਇਆਂ ਦੇ ਨਾਮ ਭੇਜ ਦਿੱਤਾ ਸੀ।

ਘੁੱਕਰ ਦੇ ਬਾਕੀ ਤਿੰਨ ਭਰਾਵਾਂ ਦਾ ਪਰਿਵਾਰ ਇਸ ਸਮੇਂ ਪਿੰਡ ਵਿੱਚ ਹੀ ਵਸਦਾ ਹੈ।

ਘੁੱਕਰ ਦੇ ਭਰਾ ਦੇ ਪੜਪੋਤੇ ਨੰਬਰਦਾਰ ਗੁਰਪਿਆਰ ਸਿੰਘ ਚਹਿਲ ਨੇ ਦੱਸਿਆ ਕਿ ਘੁੱਕਰ ਦੇ ਪਰਿਵਾਰ ਦਾ ਮਲੇਸ਼ੀਆ ਵਿੱਚ ਚੰਗਾ ਕਾਰੋਬਾਰ ਹੈ।

ਸੁੱਚੇ ਦੇ ਨਾਮ ਨਾਲ ਸੂਰਮਾ ਸ਼ਬਦ ਕਿਵੇਂ ਜੁੜਿਆ?

ਸੁੱਚੇ ਦੀਆਂ ਵਸਤਾਂ

ਤਸਵੀਰ ਸਰੋਤ, Navkiran Singh/BBC

ਤਸਵੀਰ ਕੈਪਸ਼ਨ, ਸੁੱਚੇ ਦੀ ਯਾਦਗਾਰ ਵਿੱਚ ਉਸਦਾ ਚਾਦਰਾ ਅਤੇ ਰਾਊਂਦ ਰੱਖਣ ਵਾਲਾ ਝੋਲਾ ਪਿਆ ਹੈ

ਘੁੱਕਰ ਅਤੇ ਬੀਰੋ ਦਾ ਕਤਲ ਕਰਨ ਉਪਰੰਤ ਪੁਲਿਸ ਤੋਂ ਬਚਣ ਲਈ ਸੁੱਚਾ ਹਰਿਆਣੇ ਦੇ ਪਿੰਡ ਬੀਗੜ ਵਿਖੇ ਸਾਧੂ ਦੇ ਭੇਸ ਵਿੱਚ ਰਹਿਣ ਲੱਗ ਪਿਆ ਸੀ।

ਪਿੰਡ ਸਮਾਓਂ ਦੇ ਬਜ਼ੁਰਗ ਲਾਲ ਸਿੰਘ ਅਤੇ ਨਿਰਭੈ ਸਿੰਘ ਚਹਿਲ ਨੇ ਦੱਸਿਆ ਕਿ ਬੀਗੜ ਵਿੱਚ ਰਹਿੰਦੇ ਸਮੇਂ ਹੀ ਸੁੱਚੇ ਨੇ ਕਰੀਬ ਪੰਜ ਬੁੱਚੜ ਮਾਰ ਕੇ ਗਊਆਂ ਛੁੱਡਾਈਆਂ ਸਨ ਜਿਸ ਕਾਰਨ ਸਾਰੇ ਮਾਲਵੇ ਵਿੱਚ ਸੁੱਚੇ ਦੀ ਸ਼ਲਾਘਾ ਹੋਈ।

ਪਹਿਲਾਂ ਫੌਜੀ ਅਫਸਰ ਦੇ ਬੱਚਿਆਂ ਨੂੰ ਅੱਗ ਵਿੱਚੋਂ ਬਚਾਉਣ ਅਤੇ ਫਿਰ ਬੁੱਚੜਾਂ ਤੋਂ ਗਊਆਂ ਬਚਾਉਣ ਕਾਰਨ ਹੀ ਸੁੱਚੇ ਨੂੰ ਇਲਾਕੇ ਦੇ ਲੋਕਾਂ ਨੇ ਸੁੱਚਾ ਸੂਰਮਾ ਕਹਿਣਾ ਸ਼ੁਰੂ ਕਰ ਦਿੱਤਾ ਸੀ।

ਗਊਆਂ ਬਚਾਉਣ ਵਾਲੀ ਘਟਨਾ ਤੋਂ ਬਾਅਦ ਫਰਾਰ ਹੋਇਆ ਸੁੱਚਾ ਸੂਰਮਾ ਕਿਸੇ ਮੁਖਬਰੀ ਕਾਰਨ ਪੁਲਿਸ ਨੇ ਫੜ ਲਿਆ।

ਘੁੱਕਰ, ਬੀਰੋ ਅਤੇ ਬੁੱਚੜਾਂ ਦੇ ਕਤਲ ਦੇ ਇਲਜ਼ਾਮ ਵਿੱਚ ਉਸ ਨੂੰ ਪਟਿਆਲਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।

ਸਮਾਓਂ ਦੇ ਸਰਪੰਚ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਭੋਲਾ ਸਿੰਘ ਸਮਾਓਂ ਨੇ ਕਿਹਾ ਕਿ ਸੁੱਚੇ ਵੱਲੋਂ ਗਊਆਂ ਛੁੱਡਾਉਣ ਅਤੇ ਫੌਜੀ ਅਫਸਰ ਦੇ ਬੱਚੇ ਬਚਾਉਣ ਵਾਲੇ ਕਾਰਨਾਮੇ ਤੋਂ ਪ੍ਰਭਾਵਿਤ ਹੋ ਕੇ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਸੁੱਚੇ ਨੂੰ ਸਖ਼ਤ ਚੇਤਾਵਨੀ ਦੇ ਕੇ ਬਰੀ ਕਰ ਦਿੱਤਾ ਸੀ।

ਗੁਰਮੇਜ ਸਿੰਘ ਸਮਾਓਂ ਨੇ ਦੱਸਿਆ ਕਿ ਬਰੀ ਹੋਣ ਤੋਂ ਬਾਅਦ ਸੁੱਚਾ ਪਿੰਡ ਵਿੱਚ ਖੇਤੀ ਕਰਨ ਲੱਗ ਗਿਆ ਸੀ।

ਨਾਨਕੇ ਜਾ ਕੇ ਦੋ ਹੋਰ ਕਤਲ ਅਤੇ ਜਨਤਕ ਫਾਂਸੀ

ਪਹਿਲੇ ਕੇਸਾਂ ਵਿੱਚ ਬਰੀ ਹੋ ਕੇ ਸੁੱਚਾ ਸੂਰਮਾ ਆਪਣੇ ਜੱਦੀ ਪਿੰਡ ਸਮਾਉਂ ਵਿਖੇ ਆਮ ਜ਼ਿੰਦਗੀ ਜਿਉਣ ਲੱਗ ਗਿਆ ਸੀ। ਇਸੇ ਦੌਰਾਨ ਉਸ ਦੇ ਨਾਨਕੇ ਪਿੰਡ ਗਹਿਰੀ ਭਾਗੀ ਤੋਂ ਮਾਮੇ ਦੇ ਪੋਤੇ ਸੰਤ ਸਿੰਘ ਨੇ ਦੱਸਿਆ ਕਿ ਉਸਦੀ ਮਾਂ ਰਾਜ ਕੌਰ ਪਿੰਡ ਵਿੱਚ ਹੀ ਬਦਮਾਸ਼ ਗੱਜਣ ਵੈਲੀ ਦੇ ਘਰ ਰਹਿਣ ਲੱਗ ਪਈ ਹੈ।

ਸੁੱਚੇ ਨੇ ਪਹਿਲਾਂ ਗੱਜਣ ਅਤੇ ਰਾਜ ਕੌਰ ਨੂੰ ਮੁੜ ਨਾ ਮਿਲਣ ਦੀ ਤਾੜਨਾ ਕੀਤੀ ਅਤੇ ਕੁਝ ਸਮੇਂ ਬਾਅਦ ਸੁੱਚੇ ਨੇ ਗੋਲੀਆਂ ਮਾਰ ਕੇ ਦੋਵਾਂ ਦਾ ਕਤਲ ਕਰ ਦਿੱਤਾ। ਇਸ ਕਤਲ ਉਪਰੰਤ ਸੁੱਚਾ ਫਿਰ ਫਰਾਰ ਹੋ ਗਿਆ ਸੀ। ਪੁਲਿਸ ਨੇ ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਖੇਤਰ ਵਿੱਚੋਂ ਗ੍ਰਿਫਤਾਰ ਕਰ ਲਿਆ ਸੀ।

ਸੁੱਚੇ ਨੂੰ ਗੱਜਣ ਅਤੇ ਰਾਜ ਕੌਰ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਸੰਨ 1907-08 ਵਿੱਚ ਉਸ ਸਮੇਂ ਦੀ ਹਕੂਮਤ ਨੇ ਸੁੱਚੇ ਨੂੰ ਉਸਦੇ ਨਾਨਕੇ ਪਿੰਡ ਗਹਿਰੀ ਭਾਗੀ ਵਿੱਚ ਜੰਡ ਦੇ ਦਰਖਤ ਨਾਲ ਫਾਹੇ ਲਾਇਆ ਸੀ।

ਭਾਗ ਸਿੰਘ ਉਰਫ ਭਾਗ ਵਿਚੋਲੇ ਦਾ ਕੀ ਬਣਿਆ

ਸ਼ੇਰ ਸਿੰਘ ਸਮਾਓਂ 91 ਸਾਲ ਦੇ ਹਨ ਅਤੇ ਭਾਗ ਸਿੰਘ ਦੀ ਅਗਲੀ ਪੀੜ੍ਹੀ ਵਿੱਚੋਂ ਹਨ। ਉਹ ਵੀ ਅਕਸਰ ਸੁੱਚਾ ਸੂਰਮਾ ਦੀ ਯਾਦਗਾਰ ‘ਤੇ ਆਉਂਦੇ ਜਾਂਦੇ ਰਹਿੰਦੇ ਹਨ।

ਭਾਗ ਸਿੰਘ ਮੁਤਾਬਕ, ‘ਉਨ੍ਹਾਂ ਦਾ ਬਾਬਾ ਭਾਗ ਸਿੰਘ ਕਹਿੰਦਾ ਹੁੰਦਾ ਸੀ ਕਿ ਬੀਰੋ ਬਹੁਤ ਸੁਨੱਖੀ ਔਰਤ ਸੀ”।

ਉਹ ਦੱਸਦੇ ਹਨ ਕਿ ਭਾਵੇਂ ਗੀਤਾਂ ਅਤੇ ਵਾਰਾਂ ਵਿੱਚ ਭਾਗ ਸਿੰਘ ਦਾ ਕਤਲ ਹੋਇਆ ਦੱਸਿਆ ਜਾਂਦਾ ਹੈ ਪਰ ਉਹ ਤਾਂ ਆਪਣੀ 90 ਸਾਲ ਦੀ ਉਮਰ ਭੋਗ ਕੇ 1965-66 ਲਾਗੇ ਮਰਿਆ ਸੀ।

ਸਮਾਓਂ ਵਿੱਚ ਸੁੱਚੇ ਦੀ ਯਾਦਗਾਰ ਕਿਵੇਂ ਬਣੀ

ਸਮਾਓਂ ਪਿੰਡ ਦਾ ਬੋਰਡ

ਤਸਵੀਰ ਸਰੋਤ, credit: Navkiran Singh/BBC

ਤਸਵੀਰ ਕੈਪਸ਼ਨ, ਸਮਾਓਂ ਪਿੰਡ ਦੀਆਂ ਹੋਰ ਵੀ ਕਈ ਹਸਤੀਆਂ ਮਸ਼ਹੂਰ ਹਨ

ਸੁੱਚੇ ਸੂਰਮੇ ਨੂੰ ਪਿੰਡ ਦੇ ਲੋਕ ਸਤਿਕਾਰ ਵਜੋਂ ‘ਬਾਬਾ ਸੁੱਚਾ ਸਿੰਘ ਸੂਰਮਾ’ ਕਹਿੰਦੇ ਹਨ। ਪਿੰਡ ਵਿੱਚ ਉਸਦੀ ਯਾਦਗਾਰ ਬਣੀ ਹੋਈ ਹੈ। ਕਰੀਬ 95 ਸਾਲਾ ਗੁਰਦਿਆਲ ਦਾਸ ਪਿਛਲੇ 45 ਸਾਲ ਤੋਂ ਸੁੱਚੇ ਦੀ ਯਾਦਗਾਰ ਵਿੱਚ ਰਹਿ ਰਹੇ ਹਨ।

ਉਨ੍ਹਾਂ ਦੱਸਿਆ ਕਿ ਸੁੱਚੇ ਸੂਰਮੇ ਦੀ ਯਾਦਗਾਰ ਸਭ ਤੋਂ ਪਹਿਲਾਂ ਉਸਦੇ ਮਾਮੇ ਦੇ ਪੋਤਰੇ ਸੰਤ ਸਿੰਘ, ਜਿਸ ਦੇ ਕਹਿਣ ‘ਤੇ ਸੁੱਚੇ ਨੇ ਰਾਜ ਕੌਰ ਤੇ ਗੱਜਣ ਵੈਲੀ ਕਤਲ ਕੀਤੇ ਸਨ, ਨੇ ਪਿੰਡ ਸਮਾਉਂ ਵਿੱਚ ਤਿਆਰ ਕਰਵਾਈ ਸੀ।

ਓਮ ਪ੍ਰਕਾਸ਼ ਗਾਸੋ

ਤਸਵੀਰ ਸਰੋਤ, credit: Navkiran Singh/BBC

ਤਸਵੀਰ ਕੈਪਸ਼ਨ, ਓਮ ਪ੍ਰਕਾਸ਼ ਗਾਸੋ

ਬਾਅਦ ਵਿੱਚ ਇਸ ਨੂੰ ਲੋਕਾਂ ਨੇ ਹੋਰ ਵਿਸਥਾਰ ਦੇ ਦਿੱਤਾ ਅਤੇ ਹੁਣ ਤਾਂ ਸੁੱਚੇ ਦਾ ਫੌਜੀ ਵਰਦੀ ਵਿੱਚ ਇਕ ਬੁੱਤ ਵੀ ਲੱਗਿਆ ਹੋਇਆ ਹੈ। ਸੁੱਚੇ ਸੂਰਮੇ ਦੀਆਂ ਦੋ ਹੀ ਨਿਸ਼ਾਨੀਆਂ ਇਸ ਯਾਦਗਾਰ ਉੱਤੇ ਮੌਜੂਦ ਹਨ ਜਿਨ੍ਹਾਂ ਵਿੱਚ ਇੱਕ ਫੌਜ ਸਮੇਂ ਦਾ ਉਹ ਝੋਲਾ (ਥੈਲਾ) ਹੈ ਜਿਸ ਵਿੱਚ ਉਸ ਸਮੇਂ ਰਾਊਂਦ ਪਾਏ ਜਾਂਦੇ ਸਨ ਅਤੇ ਦੂਜਾ ਉਸਦਾ ਚਿੱਟਾ ਚਾਦਰਾ ਹੈ।

ਗੁਰਮੇਜ ਸਿੰਘ ਸਮਾਓਂ ਦਾ ਘਰ ਇਸ ਯਾਦਗਾਰ ਦੇ ਨੇੜੇ ਹੈ ਉਹ ਕਹਿੰਦੇ ਹਰ ਸਾਲ ਇਸ ਯਾਦਗਾਰ ’ਤੇ ਸੁੱਚੇ ਸੂਰਮੇ ਦੀ ਯਾਦ ਵਿੱਚ ਮੇਲਾ ਲੱਗਦਾ ਹੈ। ਇਸਤੋਂ ਇਲਾਵਾਂ ਪਿੰਡ ਵਿੱਚ ਇੱਕ ਗੇਟ, ਨਰਸਿੰਗ ਕਾਲਜ ਅਤੇ ਇੱਕ ਗਊਸ਼ਾਲਾ ਸੁੱਚੇ ਸੂਰਮੇ ਦੇ ਨਾਮ ਉੱਤੇ ਬਣੇ ਹੋਏ ਹਨ।

ਸੁੱਚੇ ਦੀ ਫਾਂਸੀ ਤੋਂ ਬਾਅਦ ਉਸਦਾ ਭਰਾ ਨਰੈਣਾ ਪਿੰਡ ਵਿੱਚ ਹੀ ਰਿਹਾ ਤੇ ਬਜ਼ੁਰਗ ਹੋ ਕੇ 1960 ਦੇ ਕਰੀਬ ਫੌਤ ਹੋਇਆ ਸੀ।

ਪੰਜਾਬੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਨੇ ਸੁੱਚੇ ਸੂਰਮੇ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ “ਇੱਕ ਵਿਸ਼ਲੇਸ਼ਕ ਸੀ ਅਤੇ ਜੋ ਲੋਕ ਫਾਂਸੀਆਂ ਉੱਤੇ ਚੜ੍ਹਦੇ ਹਨ ਉਹ ਸਮਾਜ ਦੀ ਜਾਇਦਾਦ ਹੁੰਦੇ ਹਨ। ਅਜਿਹੇ ਲੋਕ ਆਪਣੇ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਬਦਇਖਲਾਕੀ ਹੋਵੇ, ਉਸਦੇ ਖਿਲਾਫ਼ ਖੜ੍ਹਦੇ ਹਨ ਤੇ ਲੋਕ ਪੱਖੀ ਲੜਾਈ ਲੜਦੇ ਹਨ।”

ਉਨ੍ਹਾਂ ਮੁਤਾਬਕ, “ ਸੁੱਚੇ ਸੂਰਮੇ ਵਰਗੀਆਂ ਕਹਾਣੀਆਂ ਇਸਦੀ ਧੜਕਣ ਬਣ ਜਾਂਦੀਆਂ ਹਨ।” ਇਸੇ ਕਰਕੇ ਅਜਿਹੇ ਕਿੱਸੇ ਲੋਕ ਮਨਾਂ ਵਿੱਚ ਧੜਕਦੇ ਰਹਿੰਦੇ ਹਨ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)