ਗਣਤੰਤਰ ਦਿਵਸ : ਪੰਜਾਬ ਦੀ ਝਾਕੀ ਸ਼ਾਮਲ ਨਾ ਕਰਨਾ ਪੰਜਾਬੀਆਂ ਨਾਲ ਧੋਖਾ- ਮਾਨ, ਜਾਣੋ ਕਿਵੇਂ ਹੁੰਦੀ ਹੈ ਚੋਣ
ਭਾਰਤ ਦੇ ਗਣਤੰਤਰ ਦਿਵਸ ਪਰੇਡ ਵਿਚੋਂ ਪੰਜਾਬ ਦੀ ਝਾਕੀ ਨੂੰ ਬਾਹਰ ਰੱਖੇ ਜਾਣ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਵਿਰੋਧ ਕੀਤਾ ਹੈ।
ਆਪਣੇ ਇੱਕ ਵੀਡੀਓ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ, ‘‘ਪੰਜਾਬ ਦੇ ਲੋਕਾਂ ਨੇ ਭਾਰਤ ਦੀ ਅਜ਼ਾਦੀ ਲਈ 90 ਫੀਸਦੀ ਕੁਰਬਾਨੀਆਂ ਕੀਤੀਆਂ ਹਨ, ਉਸ ਦੀ ਵਿਰਾਸਤ ਤੇ ਇਤਿਹਾਸ ਨੂੰ ਪੇਸ਼ ਕਰਨ ਵਾਲੀ ਝਾਕੀ ਨੂੰ ਪਰੇਡ ਤੋਂ ਬਾਹਰ ਰੱਖਣਾ ਕੇਂਦਰ ਸਰਕਾਰ ਦੀ ਗਲਤੀ ਅਤੇ ਪੰਜਾਬੀਆਂ ਨਾਲ ਧੋਖਾ ਹੈ।’’
ਕਈ ਦਿਨਾਂ ਦੇ ਮੁੰਬਈ ਦੌਰੇ ਤੋਂ ਬਾਅਦ ਪੰਜਾਬ ਪਰਤਦਿਆਂ ਹੀ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਜੋ ਕੀਤਾ ਹੈ, ਇਸ ਤੋਂ ਵੱਧ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਅਤੇ ਅਜਿਹਾ ਕਰਕੇ ਭਾਜਪਾ ਨੇ ਆਪਣੀ ਮਾਨਸਿਕਤਾ ਦਿਖਾ ਦਿੱਤੀ ਹੈ।

ਤਸਵੀਰ ਸਰੋਤ, Getty Images
ਭਗਵੰਤ ਮਾਨ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ''ਇਨ੍ਹਾਂ ਨੇ ਜਿਹੜੀ ਝਾਕੀ ਬਣਾ ਕੇ ਭੇਜੀ, ਉਹ ਪਿਛਲੇ ਸਾਲ ਵਾਲੀ ਭੇਜੀ ਹੈ।''
ਉਨ੍ਹਾਂ ਅੱਗੇ ਕਿਹਾ, ''ਤੁਹਾਡੀ ਝਾਕੀ ਰਿਜੈਕਟ ਹੋਈ ਹੈ, ਇਹ ਤਾਂ ਦੱਸੋ ਲੋਕਾਂ ਨੂੰ।''
ਸਿਰਸਾ ਨੇ ਸੀਐੱਮ ਮਾਨ ਨੂੰ ਸਵਾਲ ਕੀਤਾ ਕਿ ''ਤੁਸੀਂ ਦੋ ਵਾਰ ਸੰਸਦ ਮੈਂਬਰ ਰਹੇ, ਤੁਹਾਡੇ ਵੇਲੇ ਪੰਜ ਸਾਲ ਲਗਾਤਾਰ ਝਾਕੀ ਆਈ ਹੀ ਨਹੀਂ, ਤੁਸੀਂ ਕਿਉਂ ਨਹੀਂ ਬੋਲੇ।''

ਝਾਕੀਆਂ ਦੀ ਚੋਣ ਪ੍ਰਕਿਰਿਆ
- ਚੋਣ ਪ੍ਰਕਿਰਿਆ ਵਿੱਚ ਮਦਦ ਲਈ ਮਾਹਰਾਂ ਦੀ ਕਮੇਟੀ ਬਣਾਈ ਜਾਂਦੀ ਹੈ।
- ਜਿਸ ਵਿੱਚ ਚਿੱਤਰਕਲਾ, ਸੱਭਿਆਚਾਰ, ਮੂਰਤੀਕਲਾ, ਸੰਗੀਤ, ਵਾਸਤੂਕਲਾ, ਨਾਚ ਅਤੇ ਸੰਬੰਧਿਤ ਵਿਸ਼ਿਆਂ ਨੇ ਉੱਘੇ ਲੋਕ ਸ਼ਾਮਲ ਹੁੰਦੇ ਹਨ।
- ਚੋਣ ਪ੍ਰਕਿਰਿਆ ਵਿੱਚ ਝਾਕੀ ਦੀ ਥੀਮ, ਪੇਸ਼ਕਾਰੀ, ਸੁਹਜ ਅਤੇ ਤਕਨੀਕੀ ਤੱਤਾਂ 'ਤੇ ਧਿਆਨ ਦਿੱਤਾ ਜਾਂਦਾ ਹੈ।
- ਸੂਬਿਆਂ ਦੇ ਪ੍ਰਤੀਨਿਧੀਆਂ ਨਾਲ ਕਮੇਟੀ ਦੇ ਮੈਂਬਰਾਂ ਵੱਲੋਂ ਗੱਲਬਾਤ ਦੇ ਕਈ ਦੌਰ ਸ਼ਾਮਲ ਸਨ।

17 ਸੂਬੇ ਤੇ ਕੇਂਦਰ ਸ਼ਾਸਿਤ ਸੂਬਿਆਂ ਦੀਆਂ ਝਾਕੀਆਂ ਸ਼ਾਮਲ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ 26 ਜਨਵਰੀ, 2023 ਨੂੰ ਗਣਤੰਤਰ ਦਿਵਸ ਪਰੇਡ ਦੌਰਾਨ 23 ਝਾਕੀਆਂ ਸ਼ਾਮਲ ਹੋਣਗੀਆਂ।
ਜਿਨ੍ਹਾਂ ਵਿੱਚ 17 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਅਤੇ 6 ਵੱਖ-ਵੱਖ ਮੰਤਰਾਲਿਆਂ ਤੇ ਵਿਭਾਗਾਂ ਸਬੰਧਿਤ ਹਨ।
ਇਨ੍ਹਾਂ ਵਿੱਚ ਅਸਮ, ਅਰੁਣਾਂਚਲ ਪ੍ਰਦੇਸ਼, ਤ੍ਰਿਪੁਰਾ, ਪੱਛਮੀ ਬੰਗਾਲ, ਜੰਮੂ-ਕਸ਼ਮੀਰ, ਲੱਦਾਖ਼, ਦਾਦਰ-ਨਾਗਰ ਹਵੇਲੀ, ਦਮਨ ਤੇ ਦਿਓ, ਗੁਜਾਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਮਹਾਰਾਸ਼ਟਰਾ, ਆਂਧਰਾ ਪ੍ਰਦੇਸ਼, ਤਮਿਲ ਨਾਡੂ, ਕਰਨਾਟਕਾ ਅਤੇ ਕੇਰਲਾ ਦੀਆਂ ਝਾਕੀਆਂ ਸ਼ਾਮਿਲ ਹਨ।
ਰੱਖਿਆ ਮੰਤਰਾਲੇ ਦੇ ਬਿਆਨ ਮੁਤਾਬਕ, "ਇਹ ਝਾਕੀਆਂ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ, ਆਰਥਿਕ ਤਰੱਕੀ ਅਤੇ ਅੰਦਰੂਨੀ ਤੇ ਬਾਹਰੀ ਮਜ਼ਬੂਤ ਸੁਰੱਖਿਆ ਨੂੰ ਦਰਸਾਉਂਦੇ ਹੋਏ 26 ਜਨਵਰੀ, 2023 ਨੂੰ ਗਣਤੰਤਰ ਦਿਵਸ ਪਰੇਡ ਦੌਰਾਨ ਕਰਤਵਯ ਮਾਰਗ 'ਤੇ ਚੱਲਣਗੀਆਂ।"

ਤਸਵੀਰ ਸਰੋਤ, ANI
ਕਿਵੇਂ ਹੁੰਦੀ ਹੈ ਝਾਕੀਆਂ ਦੀ ਚੋਣ
ਝਾਕੀਆਂ ਨੂੰ ਸੱਦਾ ਦੇਣ ਲਈ ਸਤੰਬਰ 2022 ਵਿੱਚ ਰੱਖਿਆ ਮੰਤਰਾਲੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।
ਜਿਸ ਵਿੱਚ ਦੱਸਿਆ ਗਿਆ ਸੀ ਕਿ ਝਾਕੀਆਂ ਦੀ ਚੋਣ ਕਰਨ ਦੀ ਪ੍ਰਕਿਰਿਆ ਇੱਕ ਵਿਸਤ੍ਰਿਤ ਅਤੇ ਸਮਾਂ ਲੈਣ ਵਾਲੀ ਪ੍ਰਕਿਰਿਆ ਹੁੰਦੀ ਹੈ।
ਜਾਰੀ ਕੀਤੇ ਗਏ ਨੋਟਿਸ ਮੁਤਾਬਕ ਇਸ ਚੋਣ ਪ੍ਰਕਿਰਿਆ ਵਿੱਚ ਮਦਦ ਲਈ ਮਾਹਰਾਂ ਦੀ ਕਮੇਟੀ ਬਣਾਈ ਜਾਂਦੀ ਹੈ।
ਜਿਸ ਵਿੱਚ ਚਿੱਤਰਕਲਾ, ਸੱਭਿਆਚਾਰ, ਮੂਰਤੀਕਲਾ, ਸੰਗੀਤ, ਵਾਸਤੂਕਲਾ, ਨਾਚ ਅਤੇ ਸੰਬੰਧਿਤ ਵਿਸ਼ਿਆਂ ਨੇ ਉੱਘੇ ਲੋਕ ਸ਼ਾਮਲ ਹੁੰਦੇ ਹਨ।
ਚੋਣ ਪ੍ਰਕਿਰਿਆ ਵਿੱਚ ਵੱਖ-ਵੱਖ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਝਾਕੀ ਦੇ ਪ੍ਰਸਤਾਵਾਂ ਦੀ ਪੜਤਾਲ ਅਤੇ ਝਾਕੀ ਦੀ ਥੀਮ, ਪੇਸ਼ਕਾਰੀ, ਸੁਹਜ ਅਤੇ ਤਕਨੀਕੀ ਤੱਤਾਂ 'ਤੇ ਸੂਬਿਆਂ ਦੇ ਪ੍ਰਤੀਨਿਧੀਆਂ ਨਾਲ ਕਮੇਟੀ ਦੇ ਮੈਂਬਰਾਂ ਵੱਲੋਂ ਗੱਲਬਾਤ ਦੇ ਕਈ ਦੌਰ ਸ਼ਾਮਲ ਸਨ।

ਇਸ ਲਈ ਮੰਤਰਾਲੇ ਵੱਲੋਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ। ਜਿਸ 'ਤੇ ਤਹਿਤ ਇਸ ਸਾਲ ਗਣਤੰਤਰ ਦਿਵਸ ਦੀ ਝਾਕੀਆਂ ਹੇਠ ਲਿਖੇ ਮੁਤਾਬਕ ਹੋਣਗੀਆਂਭਾਰਤ@75- ਆਜ਼ਾਦੀ ਸੰਘਰਸ਼, ਵਿਚਾਰ@75, ਉਪਲਭਦੀਆਂ@75, ਐਕਸ਼ਨਸ@75 ਅਤੇ ਸੰਕਲਪ@75 ਵਿਸ਼ਿਆਂ ਉੱਪਰ ਹੋਣੀਆਂ ਚਾਹੀਦੀਆਂ ਹਨ।2023- ਕੌਮਾਂਤਰੀ ਮੋਟੇ ਆਨਾਜ ਦਾ ਸਾਲਨਾਰੀ ਸ਼ਕਤੀ
ਝਾਕੀਆਂ ਦੇ ਵਿਵਾਦ ਦਾ ਮੁੱਦਾ
ਗਣਤੰਤਰ ਦਿਵਸ ਦੀ ਪਰੇਡ ਵਿੱਚ ਸੂਬਿਆਂ ਦੀ ਝਾਕੀਆਂ ਸ਼ਾਮਲ ਨਾ ਹੋਣਾ ਅਕਸਰ ਵਿਵਾਦ ਦਾ ਵਿਸ਼ਾ ਬਣਦਾ ਰਹਿੰਦਾ ਹੈ।
ਸਾਲ 2012 ਵਿੱਚ ਜਦੋਂ ਪੱਛਮੀ ਬੰਗਾਲ ਦੀ ਝਾਕੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਤਾਂ ਉਦੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੀਐੱਮ ਮੋਦੀ ਨੂੰ ਚਿੱਠੀ ਲਿਖੀ ਸੀ।
ਦੋ ਪੰਨਿਆਂ ਦੀ ਲਿਖੀ ਚਿੱਠੀ ਵਿੱਚ ਉਸ ਵੇਲੇ ਉਨ੍ਹਾਂ ਨੇ ਇਸ ਨੂੰ ਬੰਗਾਲ ਦੇ ਲੋਕਾਂ ਦਾ ਅਪਮਾਨ ਅਤੇ ਅਜ਼ਾਦੀ ਦੀ ਲੜਾਈ ਵਿੱਚ ਉਨ੍ਹਾਂ ਦੇ ਯੋਗਦਾਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਅਸਵੀਕਾਰ ਕਰਨਾ ਦੱਸਿਆ ਹੈ।
ਪਰ ਇਨ੍ਹਾਂ ਦੇ ਜਵਾਬ ਕੇਂਦਰ ਸਰਕਾਰ ਦੀਆਂ ਆਪਣੀਆਂ ਦਲੀਲਾਂ ਹੁੰਦੀਆਂ ਹਨ।
ਇਸੇ ਤਰ੍ਹਾਂ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਆਪਣੀ ਚਿੱਠੀ ਵਿੱਚ ਲਿਖਿਆ ਸੀ,''ਤਾਮਿਲਨਾਡੂ ਦੇ ਝਾਕੀ ਨੂੰ ਮਨਜ਼ੂਰੀ ਨਾ ਮਿਲਣ ਨਾਲ ਤਾਮਿਲਨਾਡੂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ।”
“ਕਮੇਟੀ ਨੇ ਅਣਡਿੱਠ ਕਰਨਾ ਸਹੀ ਸਮਝਿਆ ਅਤੇ ਸੂਬੇ ਵੱਲੋਂ ਤਜਵੀਜ਼ ਸਾਰੇ ਸੱਤ ਦੇ ਸੱਤ ਡਿਜ਼ਾਈਨ ਸਿਰੇ ਤੋਂ ਰੱਦ ਕਰ ਦਿੱਤੇ। ਇਹ ਨਾਮੰਨਣਯੋਗ ਹੈ। ਇਹ ਇੱਥੋਂ ਦੇ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਝਾਕੀਆਂ ਨੂੰ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਲ ਨਾ ਕੀਤੇ ਜਾਣ ਦਾ ਮਸਲਾ ਕੋਈ ਨਵਾਂ ਨਹੀਂ ਹੈ।
ਇਹ ਹਰ ਸਾਲ ਚਰਚਾ ਵਿਚ ਆਉਂਦਾ ਹੈ ਅਤੇ ਖਾਸਕਰ ਉਨ੍ਹਾਂ ਸੂਬਿਆਂ ਵਲੋਂ ਰੋਸ ਜਾਹਰ ਕੀਤਾ ਜਾਂਦਾ ਹੈ, ਜਿੱਥੇ ਕੇਂਦਰ ਵਿਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਹੋਣ।














