You’re viewing a text-only version of this website that uses less data. View the main version of the website including all images and videos.
ਕੈਨੇਡਾ: ਸਿਆਸੀ ਸੰਕਟ ਦਰਮਿਆਨ ਜਸਟਿਨ ਟਰੂਡੋ ਕੋਲ ਹੁਣ ਅੱਗੇ ਕਿਹੜੇ 4 ਰਾਹ ਬਚੇ,ਜਗਮੀਤ ਸਿੰਘ ਨੇ ਫਿਰ ਦਿੱਤੀ ਚੇਤਾਵਨੀ
- ਲੇਖਕ, ਨਦੀਨ ਯੂਸਫ਼
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਵਿੱਖ ਉਨ੍ਹਾਂ ਦੇ ਸਭ ਤੋਂ ਸੀਨੀਅਰ ਕੈਬਨਿਟ ਮੈਂਬਰ ਕ੍ਰਿਸਟੀਆ ਫ੍ਰੀਲੈਂਡ ਦੇ ਅਚਾਨਕ ਅਸਤੀਫ਼ੇ ਤੋਂ ਬਾਅਦ ਅਨਿਸ਼ਚਿਤਤਾ ਵਿੱਚ ਚਲਾ ਗਿਆ ਜਾਪਦਾ ਹੈ।
ਕ੍ਰਿਸਟੀਆ ਫ੍ਰੀਲੈਂਡ ਜਿਨ੍ਹਾਂ ਨੂੰ ਕਦੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀ ਮੰਨਿਆ ਜਾਂਦਾ ਸੀ।
ਕ੍ਰਿਸਟੀਆ ਫ੍ਰੀਲੈਂਡ ਨੇ ਸੋਮਵਾਰ ਨੂੰ ਟਰੂਡੋ ਨੂੰ ਇੱਕ ਖੁੱਲ੍ਹੇ ਪੱਤਰ ਜ਼ਰੀਏ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਪੱਤਰ ਵਿੱਚ ਉਨ੍ਹਾਂ ਨੇ ਖਰਚਿਆਂ ਦਾ ਜ਼ਿਕਰ ਕੀਤਾ ਸੀ ਅਤੇ ਨਾਲ ਹੀ "ਕੈਨੇਡਾ ਲਈ ਅੱਗੇ ਵਧਣ ਦੇ ਸਭ ਤੋਂ ਵਧੀਆ ਮਾਰਗ" ਨੂੰ ਲੈ ਕੇ ਟਰੂਡੋ ਨਾਲ ਅਸਹਿਮਤੀ ਬਾਰੇ ਦੱਸਿਆ ਸੀ।
ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਅਸਹਿਮਤੀਆਂ ਨੂੰ ਆਉਣ ਵਾਲੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਦੀਆਂ ਚੀਜ਼ਾਂ ʼਤੇ ਲਗਾਏ ਜਾਣ ਵਾਲੇ ਟੈਰਿਫ ਦੀ ਧਮਕੀ ਨਾਲ ਦਰਸਾਇਆ ਗਿਆ ਹੈ।
ਇਸ ਬਾਰੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਟੈਰਿਫ ਕੈਨੇਡਾ ਨੂੰ ਇੱਕ ਵਿਨਾਸ਼ਕਾਰੀ ਝਟਕਾ ਲੱਗ ਸਕਦਾ ਹੈ।
ਭਾਵੇਂ ਹੁਣ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਅਮਰੀਕਾ-ਕੈਨੇਡਾ ਸਰਹੱਦ ਉੱਤੇ ਨਵੇਂ ਨਿਯਮ ਲਾਗੂ ਕੀਤੇ ਜਾਣਗੇ ।
ਇਸ ਦੇ ਤਹਿਤ ਅਮਰੀਕੀ ਸਰਹੱਦ ਉੱਤੇ ਨਿਗਰਾਨੀ ਮਜਬੂਤ ਕੀਤੀ ਜਾਵੇਗੀ। ਕੈਨੇਡਾ ਦੇ ਮੰਤਰੀ ਡੌਮੀਨਿਕ ਲੀਬਲੈਂਸ ਨੇ ਕਿਹਾ ਕਿ, "ਨਵੇਂ ਨਿਯਮਾਂ ਨਾਲ ਬਾਰਡਰ ਉੱਤੇ ਨਜਾਇਜ਼ ਡਰੱਗਜ਼ ਅਤੇ ਗੈਰਕਾਨੂੰਨੀ ਪਰਵਾਸ ਨੂੰ ਨਕੇਲ ਪਾਈ ਜਾਏਗੀ।"
ਪਰ ਇਸ ਸਭ ਦੇ ਦਰਮਿਆਨ ਹੁਣ ਸੰਸਦ ਹਿਲ ʼਤੇ ਸਵਾਲ ਪੁੱਛੇ ਜਾ ਰਹੇ ਹਨ, ਜਿਸ ਵਿੱਚ ਉਨ੍ਹਾਂ ਦੀ ਆਪਣੀ ਲਿਬਰਲ ਪਾਰਟੀ ਦੇ ਕੁਝ ਮੈਂਬਰ ਵੀ ਸ਼ਾਮਲ ਹਨ ਕਿ ਕੀ ਉਹ ਇਸ ਮਹੱਤਵਪੂਰਨ ਮੋੜ ʼਤੇ ਅਗਵਾਈ ਕਰਨ ਵਿੱਚ ਸਮਰੱਥ ਹਨ।
ਪਰ ਹੁਣ ਸਵਾਲ ਇਹ ਕਿ ਜਸਟਿਨ ਟਰੂਡੋ ਕੋਲ ਇਸ ਮੋੜ 'ਤੇ ਅੱਗੇ ਵਧਣ ਲਈ ਕਿਹੜੇ ਬਦਲ ਹਨ।
ਅਸਤੀਫ਼ੇ ਦੀ ਮੰਗ ʼਤੇ ਧਿਆਨ ਦੇਣ
ਟਰੂਡੋ 2013 ਤੋਂ ਕੈਨੇਡਾ ਦੀ ਲਿਬਰਲ ਪਾਰਟੀ ਦੇ ਆਗੂ ਹਨ ਅਤੇ 2015 ਤੋਂ ਸਿਰਫ਼ 9 ਸਾਲਾਂ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਹਨ।
ਪਾਰਟੀ ਦੇ ਸੰਵਿਧਾਨ ਤਹਿਤ, ਆਗੂ ਕਿਸੇ ਵੀ ਸਮੇਂ ਆਪਣਾ ਅਸਤੀਫ਼ਾ ਦੇ ਸਕਦਾ ਹੈ। ਜੇਕਰ ਇਹ ਤੁਰੰਤ ਪ੍ਰਭਾਵੀ ਹੁੰਦਾ ਹੈ, ਤਾਂ ਇੱਕ ਅੰਤਰਿਮ ਆਗੂ ਉਦੋਂ ਤੱਕ ਨਿਯੁਕਤ ਕੀਤਾ ਜਾਂਦਾ ਹੈ ਜਦੋਂ ਤੱਕ ਪਾਰਟੀ ਦੇ ਮੈਂਬਰ ਇੱਕ ਨਵੇਂ ਸਥਾਈ ਆਗੂ ਲਈ ਬੈਠਕ ਕਰ ਕੇ ਵੋਟਾਂ ਨਹੀਂ ਪਾ ਲੈਂਦੇ।
ਟਰੂਡੋ ਨਵੇਂ ਆਗੂ ਦੀ ਚੋਣ ਹੋਣ ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣ ਦੀ ਚੋਣ ਵੀ ਕਰ ਸਕਦੇ ਹਨ।
ਇੱਕ ਵਾਰ ਜਦੋਂ ਨਵੇਂ ਆਗੂ ਦੀ ਨਿਯੁਕਤੀ ਹੋ ਜਾਂਦੀ ਹੈ ਤਾਂ ਟਰੂਡੋ ਨੂੰ ਆਪਣੀਆਂ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਨੂੰ ਤਿਆਗ ਕੇ ਉਨ੍ਹਾਂ ਨੂੰ ਆਪਣੇ ਉੱਤਰਾਧਿਕਾਰੀ ਨੂੰ ਸੌਂਪਣਾ ਪਵੇਗਾ।
ਹੌਸਲਾ ਰੱਖਣ ਅਤੇ ਸਿਆਸੀ ਤੂਫ਼ਾਨ ਦਾ ਸਾਹਮਣਾ ਕਰਨ
ਟਰੂਡੋ ਨੇ ਅਜੇ ਤੱਕ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਕਿਸੇ ਵੀ ਸਮੇਂ ਅਸਤੀਫ਼ਾ ਦੇ ਸਕਦੇ ਹਨ।
ਕਈ ਰਿਪੋਰਟਾਂ ਮੁਤਾਬਕ, ਫ੍ਰੀਲੈਂਡ ਦੇ ਜਾਣ ਤੋਂ ਬਾਅਦ ਆਪਣੇ ਕੌਕਸ ਨਾਲ ਇੱਕ ਐਮਰਜੈਂਸੀ ਮੀਟਿੰਗ ਵਿੱਚ ਟਰੂਡੋ ਨੇ ਪਾਰਲੀਮੈਂਟ ਦੇ ਲਿਬਰਲ ਮੈਂਬਰਾਂ (ਲੋਕ ਸਭਾ ਮੈਂਬਰ) ਨੂੰ ਕਿਹਾ ਕਿ ਉਹ ਸੋਚਣ ਲਈ ਸਮਾਂ ਲੈਣਗੇ।
ਇਸ ਮੀਟਿੰਗ ਵਿੱਚ ਉਨ੍ਹਾਂ ਦੀ ਪਾਰਟੀ ਦੇ ਉਹ ਮੈਂਬਰ ਵੀ ਸ਼ਾਮਲ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਅਹੁਦਾ ਛੱਡਣ ਲਈ ਕਿਹਾ ਸੀ।
ਇਸ ਤੋਂ ਇਲਾਵਾ ਮੰਗਲਵਾਰ ਨੂੰ ਹੌਲੀਡੇਅ ਭਾਸ਼ਣ ਵਿੱਚ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਸਿਆਸਤ "ਵੱਡੀਆਂ ਚੁਣੌਤੀਆਂ" ਦੇ ਨਾਲ ਭਰਪੂਰ ਹੈ ਪਰ "ਮੁਸ਼ਕਲ ਸਮੇਂ ਵਿੱਚ ਇਹ ਰੁਕਣ ਦਾ ਸਮਾਂ ਨਹੀਂ ਹੈ ਬਲਕਿ ਇਹ ਅਭਿਲਾਸ਼ੀ, ਦਲੇਰ ਬਣਨ ਦਾ ਸਮਾਂ ਹੈ।"
ਜਸਟਿਨ ਟਰੂਡੋ ਘੱਟਦੀ ਪ੍ਰਵਾਨਗੀ ਦੀ ਰੇਟਿੰਗ ਅਤੇ ਲਿਬਰਲ ਪਾਰਟੀ ਲਈ ਸੁਰੱਖਿਅਤ ਮੰਨੀਆਂ ਜਾਂਦੀਆਂ ਸੀਟਾਂ 'ਤੇ ਚੋਣ ਹਾਰਨ ਦੀ ਲੜੀ ਨੇ ਉਨ੍ਹਾਂ ਦੀ ਪਾਰਟੀ ਲਈ ਵੱਡੀਆਂ ਮੁਸੀਬਤਾਂ ਦੇ ਸੰਕੇਤ ਦਿੱਤੇ ਹਨ।
ਅਕਤੂਬਰ ਵਿੱਚ ਉਨ੍ਹਾਂ ਨੂੰ ਛੋਟੇ ਜਿਹੇ ਕੌਕਸ ਵਿਦਰੋਹ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਵਿੱਚ 24 ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਬਾਹਰ ਜਾਣ ਲਈ ਇੱਕ ਚਿੱਠੀ ʼਤੇ ਦਸਤਖ਼ਤ ਕੀਤੇ।
ਵੋਟਾਂ ਤੋਂ ਪਤਾ ਲੱਗ ਰਿਹਾ ਸੀ ਕਿ ਜੇਕਰ ਕੈਨੇਡਾ ਦੀਆਂ ਸੰਘੀ ਚੋਣਾਂ ਅੱਜ ਹੋ ਜਾਣ ਤਾਂ ਫ਼ੈਸਲਾ ਵਿਰੋਧੀ ਧਿਰ ਦੇ ਪੱਖ ਵਿੱਚ ਹੀ ਭੁਗਤੇਗਾ।
ਟਰੂਡੋ ਇਨ੍ਹਾਂ ਮੁਸੀਬਤਾਂ ਦੇ ਬਾਵਜੂਦ ਡਟੇ ਰਹੇ ਅਤੇ ਅਗਲੀਆਂ ਚੋਣਾਂ ਵਿੱਚ ਲਿਬਰਲ ਲੀਡਰ ਵਜੋਂ ਦੁਬਾਰਾ ਚੋਣ ਲੜਨ ਦੀ ਸਹੁੰ ਚੁੱਕੀ।
ਸੀਬੀਸੀ ਨਿਊਜ਼ ਮੁਤਾਬਕ, 153 ਵਿੱਚੋਂ ਸਿਰਫ਼ 13 ਲਿਬਰਲ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਖੁੱਲ੍ਹੇਆਮ ਅਹੁਦਾ ਛੱਡਣ ਲਈ ਕਿਹਾ ਅਤੇ ਇਨ੍ਹਾਂ ਵਿੱਚੋਂ ਕਰੀਬ ਅੱਧੇ ਖ਼ੁਦ ਦੁਬਾਰਾ ਚੋਣ ਨਹੀਂ ਲੜ ਰਹੇ।
ਪਾਰਟੀ ਦੇ ਸੰਵਿਧਾਨ ਤਹਿਤ ਆਗੂ ਦੀ ਸਥਿਤੀ ਨੂੰ ਚੋਣਾਂ ਹਾਰਨ ਤੋਂ ਬਾਅਦ ਮੈਂਬਰਾਂ ਵੱਲੋਂ ਰਸਮੀਂ ਤੌਰ ʼਤੇ ਵੋਟਾਂ ਲਈ ਰੱਖਿਆ ਜਾ ਸਕਦਾ ਹੈ।
ਬੇਭਰੋਸਗੀ ਮਤੇ ਨਾਲ ਨਜਿੱਠਣਾ
ਓਪੀਨੀਅਨ ਪੋਲਾਂ ਵਿੱਚ ਦੋਹਰੇ ਅੰਕਾਂ ਨਾਲ ਮੋਹਰੀ, ਕੰਜ਼ਰਵੇਟਿਵਜ਼ ਨੇ ਹਾਊਸ ਆਫ ਕਾਮਨਜ਼ ਵਿੱਚ ਬੇਭਰੋਸਗੀ ਮਤੇ ਦੀ ਇੱਕ ਲੜੀ ਪੇਸ਼ ਕਰ ਕੇ ਚੋਣ ਨੂੰ ਗਤੀ ਦੇਣ ਲਈ ਕਈ ਮਹੀਨਿਆਂ ਤੱਕ ਯਤਨ ਕੀਤੇ।
ਜੇਕਰ ਸਰਕਾਰ ਸਦਨ ਵਿੱਚ ਬੇਭਰੋਸਗੀ ਮਤਾ ਜਾਂ ਵੋਟਾਂ ਵਿੱਚ ਹਾਰ ਜਾਂਦੀ ਹੈ ਤਾਂ ਅਸਤੀਫ਼ਾ ਦੇਣ ਅਤੇ ਸੰਸਦ ਨੂੰ ਭੰਗ ਕਰਨ ਆਸ ਕੀਤੀ ਜਾਂਦੀ ਹੈ, ਜਿਸ ਨਾਲ ਸੰਘ ਚੋਣਾਂ ਸ਼ੁਰੂ ਹੋ ਜਾਂਦੀਆਂ ਹਨ।
ਸਰਕਾਰ ਨੂੰ ਬੇਭਰੋਸਗੀ ਮਤੇ ਲਈ ਸੰਸਦ ਦੇ 338 ਮੈਂਬਰਾਂ ਦੇ ਬਹੁਮਤ ਦੇ ਸਮਰਥਨ ਦੀ ਲੋੜ ਹੈ। ਲਿਬਰਲ ਇਸ ਤੋਂ 17 ਸੀਟਾਂ ਪਿੱਛੇ ਹਨ।
ਐੱਨਡੀਪੀ ਜਾਂ ਬਲਾਕ ਕਿਊਬੇਕੋਇਸ ਵੱਲੋਂ ਲਿਬਰਲਸ ਦਾ ਸਮਰਥਨ ਕਰਨ ਤੋਂ ਬਾਅਦ ਕੰਜ਼ਰਵੇਟਿਵ ਕੋਸ਼ਿਸ਼ਾਂ ਅਸਫ਼ਲ ਹੋ ਗਈਆਂ, ਬਦਲੇ ਵਿੱਚ ਉਨ੍ਹਾਂ ਨੇ ਆਪਣੀ-ਆਪਣੀ ਸਿਆਸੀ ਪਹਿਲ ਨੂੰ ਅੱਗੇ ਵਧਾਉਣ ਲਈ ਸਮਰਥਨ ਦਿੱਤਾ।
ਫਿਲਹਾਲ ਛੁੱਟੀਆਂ ਲਈ ਸੰਸਦ ਮੁਲਤਵੀ ਹੋਣ ਦੇ ਨਾਲ ਫਿਲਹਾਲ ਟਰੂਡੋ ʼਤੇ ਘੱਟੋ-ਘੱਟ ਜਨਵਰੀ ਦੇ ਅੰਤ ਤੱਕ ਬੇਭਰੋਸਗੀ ਮਤੇ ਦਾ ਖ਼ਤਰਾ ਨਹੀਂ ਰਿਹਾ।
ਹਾਲਾਂਕਿ, ਐੱਨਡੀਪੀ ਆਗੂ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਇੱਕ ਵਾਰ ਟਰੂਡੇ ਦੇ ਅਸਤੀਫ਼ੇ ਦੀ ਮੰਗ ਕੀਤੀ।
ਉਨ੍ਹਾਂ ਨੇ ਆਪਣੇ ਐਕਸ ਹੈਂਡਲ ʼਤੇ ਲਿਖਿਆ, "ਇਹ ਸਮਾਂ ਟਰੂਡੋ ਦੇ ਅਸਤੀਫ਼ੇ ਦਾ ਹੈ। ਜਦੋਂ ਕੈਨੇਡਾ ਦੇ ਨਾਗਰਿਕਾਂ ਨੂੰ ਲੋੜ ਹੈ ਕਿ ਉਨ੍ਹਾਂ ਦਾ ਪ੍ਰਧਾਨ ਮੰਤਰੀ ਉਨ੍ਹਾਂ ਲਈ ਲੜੇ, ਉਦੋਂ ਲਿਬਰਲਜ਼ ਆਪਸ ਵਿੱਚ ਲੜ ਰਹੇ ਹਨ।"
ਇਸ ਤੋਂ ਇਲਾਵਾ ਐੱਨਡੀਪੀ ਆਗੂ ਨੇ ਸੀਬੀਸੀ ਨੂੰ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਵੇਂ ਸਾਲ ਵਿੱਚ ਆਪਣੇ ਅਹੁਦੇ ʼਤੇ ਕਾਇਮ ਰਹੇ ਤਾਂ ਉਨ੍ਹਾਂ ਦੀ ਪਾਰਟੀ ਦੇ ਆਗੂ ਬੇਭਰੋਸਗੀ ਮਤੇ ਦੇ ਹੱਕ ਵਿੱਚ ਵੋਟ ਕਰਨਗੇ।
ਬੇਭਰੋਸਗੀ ਵੋਟ ਤੋਂ ਬਚਣ ਲਈ ਸੰਸਦ ਨੂੰ ਮੁਅੱਤਲ ਕਰਨਾ
ਟਰੂਡੋ ਕੋਲ ਬੇਭਰੋਸਗੀ ਵੋਟ ਤੋਂ ਬਚਣ ਦਾ ਇੱਕ ਤਰੀਕਾ ਸੰਸਦ ਨੂੰ ਮੁਅੱਤਲ ਕਰਨਾ ਹੈ, ਲਾਜ਼ਮੀ ਤੌਰ ʼਤੇ ਇੱਕ ਮੁਅੱਤਲੀ ਜੋ ਸੰਸਦ ਨੂੰ ਭੰਗ ਕੀਤੇ ਬਿਨਾਂ, ਬਹਿਸਾਂ ਅਤੇ ਵੋਟਾਂ ਸਮੇਤ ਸਾਰੀਆਂ ਕਾਰਵਾਈਆਂ ਨੂੰ ਰੋਕ ਦੇਵੇਗੀ।
ਸੰਸਦੀ ਪ੍ਰਕਿਰਿਆ ਦਾ ਇੱਕ ਰੁਟੀਨ ਹਿੱਸਾ ਹੋਣ ਦੇ ਬਾਵਜੂਦ, ਇਸ ਦੀ ਵਰਤੋਂ ਸਰਕਾਰਾਂ ਕਈ ਵਾਰ ਸਮੇਂ ਨੂੰ ਖਰੀਦਣ ਲਈ ਵੀ ਕਰਦੀਆਂ ਹਨ।
ਹਾਲ ਫਿਲਹਾਲ ਵਿੱਚ ਸੰਸਦ ਨੂੰ ਟਰੂਡੋ ਨੇ ਅਗਸਤ 2020 ਵਿੱਚ ਮੁਅੱਤਲ ਕੀਤਾ ਸੀ, ਜਦੋਂ ਉਨ੍ਹਾਂ ਦੀ ਸਰਕਾਰ ਇੱਕ ਚੈਰਿਟੀ ਨਾਲ ਇਕਰਾਰਨਾਮੇ ਨੂੰ ਸੰਭਾਲਣ ਨੂੰ ਲੈ ਕੇ ਇੱਕ ਨੈਤਿਕ ਘੁਟਾਲੇ ਦਾ ਸਾਹਮਣਾ ਕਰ ਰਹੀ ਸੀ।
ਇਸ ਦੀ ਵਰਤੋਂ ਟਰੂਡੋ ਨੇ ਪਹਿਲੇ, ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਅਵਿਸ਼ਵਾਸ ਦੇ ਮਤੇ ਤੋਂ ਬਚਣ ਲਈ ਵੀ ਕੀਤੀ ਗਈ ਸੀ।
ਉਨ੍ਹਾਂ ਨੇ ਦਸੰਬਰ 2008 ਵਿੱਚ ਸੰਸਦ ਨੂੰ ਮੁਅੱਤਲ ਕਰ ਦਿੱਤਾ ਸੀ ਜਦੋਂ ਸੰਘੀ ਵਿਰੋਧੀ ਪਾਰਟੀਆਂ ਨੇ ਗੱਠਜੋੜ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਸੰਸਦ ਨੂੰ ਜਨਵਰੀ 2009 ਵਿੱਚ ਚਾਲੂ ਕੀਤਾ ਗਿਆ, ਉਦੋਂ ਤੱਕ ਗਠਜੋੜ ਟੁੱਟ ਗਿਆ ਸੀ ਅਤੇ ਇਸ ਕਾਰਨ ਹਾਰਪਰ ਆਪਣੇ ਅਹੁਦੇ ʼਤੇ ਬਣੇ ਰਹੇ ਸਨ।
ਟਰੂਡੋ ਜੋ ਵੀ ਫ਼ੈਸਲਾ ਲੈਣ ਪਰ ਆਉਣ ਵਾਲੇ ਮਹੀਨਿਆਂ ਵਿੱਚ ਚੋਣਾਂ ਦਾ ਹੋਣਾ ਤੈਅ ਹੈ।
ਕੈਨੇਡਾ ਨੂੰ ਅਕਤੂਬਰ ਤੋਂ ਪਹਿਲਾਂ ਆਪਣੀਆਂ ਅਗਲੀਆਂ ਚੋਣਾਂ ਕਰਵਾਉਣੀਆਂ ਪੈਣਗੀਆਂ ਅਤੇ ਅਖ਼ੀਰ ਵੋਟਰ ਹੀ ਉਨ੍ਹਾਂ ਦੇ ਅਗਲੇ ਭਵਿੱਖ ਨੂੰ ਤੈਅ ਕਰਨਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ