ਜਲੰਧਰ ਜ਼ਿਮਨੀ ਚੋਣ ਤੇ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ

ਤਸਵੀਰ ਸਰੋਤ, Getty Images
ਜਲੰਧਰ ਦੀ ਜ਼ਿਮਨੀ ਚੋਣ ਅਤੇ ਕਰਨਾਟਕ ਵਿੱਚ ਵਿਧਾਨ ਸਭਾ ਲਈ ਅੱਜ ਵੋਟਾਂ ਪਈਆਂ।
ਜਲੰਧਰ ਵਿੱਚ ਕਰੀਬ 54 ਫੀਸਦ ਵੋਟਾਂ ਪਈਆਂ।
ਸੰਤੋਖ ਸਿੰਘ ਚੌਧਰੀ ਦਾ ਇਸੇ ਸਾਲ 14 ਜਨਵਰੀ 2023 ਨੂੰ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਅਚਾਨਕ ਸਿਹਤ ਵਿਗੜਨ ਮਗਰੋਂ ਦੇਹਾਂਤ ਹੋ ਗਿਆ ਸੀ ਜਿਸ ਕਾਰਨ ਇੱਥੇ ਜ਼ਿਮਨੀ ਚੋਣ ਹੋ ਰਹੀ ਹੈ।
ਜਲੰਧਰ ਚੋਣ ਮੈਦਾਨ ਵਿੱਚ ਕੁੱਲ 19 ਉਮੀਦਵਾਰ ਉਤਰੇ ਹਨ ਜਿਨ੍ਹਾਂ ਵਿੱਚੋਂ 15 ਮਰਦ ਅਤੇ 4 ਔਰਤਾਂ ਹਨ।

ਤਸਵੀਰ ਸਰੋਤ, Pradip Sharma/BBC
'ਆਪ' ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ
ਬੀਬੀਸੀ ਪੱਤਰਕਾਰ ਗਗਨਦੀਪ ਸਿੰਘ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ਜਲੰਧਰ ਦਿਹਾਤੀ ਪੁਲਿਸ ਨੇ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਜਲੰਧਰ ਲੋਕ ਸਭਾ ਹਲਕੇ 'ਚ ਮੌਜੂਦ ਹੋਣ ਕਾਰਨ ਗ੍ਰਿਫ਼ਤਾਰ ਕੀਤਾ।
ਹਾਲਾਂਕਿ, ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਵਿਧਾਇਕ ਦਲਬੀਰ ਸਿੰਘ ਖ਼ਿਲਾਫ਼ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਆਪਣੇ ਸਮਰਥਕਾਂ ਨਾਲ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਨੂੰ ਸ਼ਾਹਕੋਟ ਦੇ ਪਿੰਡ ਰੂਪੇਵਾਲ ਵਿਖੇ ਦੇਖਿਆ ਤਾਂ ਉਨ੍ਹਾਂ ਨੂੰ ਉਥੇ ਘੇਰ ਲਿਆ।
ਇਸ ਤੋਂ ਬਾਅਦ ਸ਼ਾਹਕੋਟ ਦੇ ਐੱਸਪੀ ਗੁਰਪ੍ਰੀਤ ਸਿੰਘ ਹੋਰ ਪੁਲਿਸ ਅਧਿਕਾਰੀਆਂ ਸਮੇਤ ਮੌਕੇ 'ਤੇ ਪਹੁੰਚੇ, ਜਿੱਥੇ ਲਾਡੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਦਲਬੀਰ ਸਿੰਘ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਪੁਲਿਸ ਨੇ ਵਿਧਾਇਕ ਦਲਬੀਰ ਸਿੰਘ ਨੂੰ ਸ਼ਾਹਕੋਟ ਥਾਣੇ ਲਿਆਂਦਾ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ।
ਹਰਦੇਵ ਸਿੰਘ ਲਾਡੀ ਨੇ ਬੀਬੀਸੀ ਨੂੰ ਦੱਸਿਆ ਕਿ ਬਲਬੀਰ ਸਿੰਘ ਕਥਿਤ ਤੌਰ 'ਤੇ ਵੋਟਰਾਂ ਨੂੰ ਡਰਾ ਧਮਕਾ ਰਿਹਾ ਸੀ ਅਤੇ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰ ਰਿਹਾ ਸੀ।
ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਜਲੰਧਰ ਉਪ ਚੋਣ 'ਚ ਵੋਟਿੰਗ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਇਆ।

ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ
ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ 'ਆਪ' ਦੇ ਬਾਹਰੀ ਵਰਕਰਾਂ ਦੀ ਮੌਜੂਦਗੀ ਦੀ ਸ਼ਿਕਾਇਤ ਦਰਜ ਕਰਵਾਈ।
ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਲਈ ਪ੍ਰਚਾਰ ਦਾ ਸਮਾਂ 8 ਮਈ ਨੂੰ ਖ਼ਤਮ ਹੋ ਗਿਆ ਸੀ ਪਰ ‘ਆਪ’ ਦੇ ਆਗੂ ਤੇ ਵਰਕਰ, ਜੋ ਕਿ ਜਲੰਧਰ ਲੋਕ ਸਭਾ ਹਲਕੇ ਦੇ ਅਸਲ ਵਸਨੀਕ ਨਹੀਂ ਹਨ ਅਤੇ ਚੋਣ ਪ੍ਰਚਾਰ ਲਈ ਹਲਕੇ ਤੋਂ ਬਾਹਰੋਂ ਆਏ ਸਨ, ਅਜੇ ਵੀ ਲਗਭਗ ਹਰ ਪਿੰਡ ਅਤੇ ਵਾਰਡ ਵਿੱਚ ਮੌਜੂਦ ਹਨ। ।
ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ 'ਆਪ' ਵਿਧਾਇਕ ਮਦਨ ਲਾਲ ਬਾਘਾ, ਲੁਧਿਆਣਾ (ਉੱਤਰੀ) ਦੇ ਵਿਧਾਇਕ ਦਲਜੀਤ ਸਿੰਘ ਭੋਲਾ, ਲੁਧਿਆਣਾ (ਪੂਰਬੀ) ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ, ਅੰਮ੍ਰਿਤਸਰ ਪੱਛਮੀ ਦੇ ਜਸਬੀਰ ਸਿੰਘ ਸੰਧੂ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਸੀ ਉਹ ਜਲੰਧਰ 'ਚ ਮੌਜੂਦ ਰਹਿ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹਨ ਤੇ ਸਾਰੇ ਬੂਥਾਂ 'ਤੇ ਚੋਣ ਪ੍ਰਚਾਰ ਕਰ ਰਹੇ ਹਨ।
ਕੌਣ ਹਨ ਉਮੀਦਵਾਰ

ਕਾਂਗਰਸ ਪਾਰਟੀ ਨੇ ਇਸ ਵਾਰ ਵੀ ਚੌਧਰੀ ਪਰਿਵਾਰ ਉੱਤੇ ਹੀ ਭਰੋਸਾ ਪ੍ਰਗਟਾਇਆ ਹੈ ਅਤੇ ਪਾਰਟੀ ਨੇ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਸ ਤੋਂ ਇਲਾਵਾ ਭਾਜਪਾ ਨੇ ਇੰਦਰ ਇਕਬਾਲ ਅਟਵਾਲ ਨੂੰ, ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਨੇ ਡਾ. ਸੁਖਵਿੰਦਰ ਸੁੱਖੀ ਨੂੰ ਅਤੇ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਵਜੋਂ ਖੜ੍ਹਾ ਕੀਤਾ ਹੈ।
ਇਸ ਤੋਂ ਪਹਿਲਾਂ ਜਲੰਧਰ ਲੋਕ ਸਭਾ ਤੋਂ ਸਾਲ 2019 ਅਤੇ 2014 ਵਿੱਚ ਕਾਂਗਰਸ ਦੇ ਮਰਹੂਮ ਆਗੂ ਸੰਤੋਖ ਚੌਧਰੀ ਜਿੱਤੇ ਸਨ।


ਕੁੱਲ ਵਿਧਾਨ ਸਭਾ ਹਲਕੇ: 9; ਰਾਖਵੇਂ: 4
- ਫਿਲੌਰ (ਐੱਸਸੀ)
- ਨਕੋਦਰ
- ਸ਼ਾਹਕੋਟ
- ਕਰਤਾਰਪੁਰ (ਐੱਸਸੀ)
- ਜਲੰਧਰ ਪੱਛਮੀ (ਐੱਸਸੀ)
- ਜਲੰਧਰ ਕੇਂਦਰੀ
- ਜਲੰਧਰ ਉੱਤਰੀ
- ਜਲੰਧਰ ਛਾਉਣੀ
- ਆਦਮਪੁਰ (ਐੱਸਸੀ)


ਤਸਵੀਰ ਸਰੋਤ, Pradeep Sharma/BBC
ਜਲੰਧਰ ਵਿੱਚ ਦਲਿਤ ਭਾਈਚਾਰੇ ਦੀ ਵੱਡੀ ਗਿਣਤੀ
ਪੰਜਾਬ ਵਿੱਚ ਦਲਿਤ ਭਾਈਚਾਰੇ ਦੀ ਆਬਾਦੀ ਲਗਭਗ 32 ਫੀਸਦ ਹੈ, ਜੋ ਸਾਰੇ ਸੂਬਿਆਂ ਵਿੱਚੋਂ ਫੀਸਦ ਦੇ ਹਿਸਾਬ ਨਾਲ ਸਭ ਤੋਂ ਵੱਧ ਹੈ। ਜ਼ਿਆਦਾਤਰ ਅਨੁਸੂਚਿਤ ਜਾਤੀਆਂ ਦੀ ਅਬਾਦੀ ਦੁਆਬੇ ਵਿੱਚ ਕੇਂਦਰਿਤ ਹੈ, ਜੋ ਕਿ ਆਬਾਦੀ ਦਾ 45 ਫ਼ੀਸਦ ਹੈ।

ਐੱਸਸੀ ਵੋਟ ਬੈਂਕ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿਆਸੀ ਜਥੇਬੰਦੀਆਂ ਜ਼ਿਮਨੀ ਚੋਣ ਲਈ ਆਪਣੀਆਂ ਮੁਹਿੰਮਾਂ ਦੌਰਾਨ ਦਲਿਤਾਂ ਦੇ ਮੁੱਦਿਆਂ ਦਾ ਪ੍ਰਮੁੱਖਤਾ ਨਾਲ ਜ਼ਿਕਰ ਕਰਨਾ ਨਹੀਂ ਭੁੱਲੀਆਂ ਹਨ।
ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਂਤੀਦੂਤ ਇਹ ਮੰਨਦੇ ਹਨ ਕਿ ਕਿਉਂਕਿ ਜਲੰਧਰ ਇੱਕ ਰਾਖਵੀਂ ਸੀਟ ਹੈ ਇਸ ਲਈ ਇੱਥੇ ਜਾਤ ਇੱਕ ਵੱਡਾ ਮੁੱਦਾ ਹੈ।
ਉਹ ਕਹਿੰਦੇ ਹਨ, “ਇਸ ਸੀਟ ਵਿੱਚ ਰਵਿਦਾਸੀ ਭਾਈਚਾਰਾ ਦਾ ਜ਼ੋਰ ਹੈ। ਦੂਜੇ ਨੰਬਰ ਉੱਤੇ ਗਿਣਤੀ ਵਿੱਚ ਮਜ਼ਹਬੀ ਸਿੱਖ ਹਨ।”
ਡੇਰਿਆਂ ਦਾ ਪ੍ਰਭਾਵ

ਤਸਵੀਰ ਸਰੋਤ, Pradeep Sharma/BBC
ਸੰਸਦੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਭਗ 100 ਦੇ ਕਰੀਬ ਵੱਡੇ ਅਤੇ ਛੋਟੇ ‘ਡੇਰੇ’ ਸਥਿਤ ਹਨ। ਪ੍ਰਮੁੱਖ ਡੇਰਿਆਂ ਵਿੱਚ ਡੇਰਾ ਸੱਚਖੰਡ ਬੱਲਾਂ ਸ਼ਾਮਲ ਹੈ।
ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਮਗਰੋਂ ਭਾਵੇਂ ਕਿਸੇ ਦੀ ਸਰਕਾਰ ਬਣਨੀ ਜਾਂ ਡਿਗਣੀ ਨਾ ਹੋਵੇ ਪਰ ਇਸ ਨੂੰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਵਾਰਮ-ਅਪ’ ਜਾਂ ਤਿਆਰੀ ਵਜੋਂ ਜ਼ਰੂਰ ਵੇਖਿਆ ਜਾ ਰਿਹਾ ਹੈ।
ਕਰਨਾਟਕ ’ਚ ਵੀ ਪੈ ਰਹੀਆਂ ਹਨ ਵੋਟਾਂ
ਦੱਖਣੀ ਭਾਰਤ ਦੇ ਅਹਿਮ ਸੂਬੇ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਅੱਜ ਵੋਟਾਂ ਪੈ ਰਹੀਆਂ ਹਨ।
ਖ਼ਬਰ ਏਜੰਸੀ ਏਐਨਆਈ ਮੁਤਾਬਕ, ਦੁਪਹਿਰ 1 ਵਜੇ ਤੱਕ ਕਰਨਾਟਕ ਵਿੱਚ 37.25 ਫੀਸਦੀ ਵੋਟਾਂ ਪੈ ਗਈਆਂ ਹਨ।
ਕਰਨਾਟਕ ਦੇ ਚੋਣ ਨਤੀਜੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਕਈ ਹੋਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਅਹਿਮ ਹੋਣਗੇ।
ਸੂਬੇ ਦੀ ਕੁੱਲ ਆਬਾਦੀ ਦੀ ਜੇਕਰ ਗੱਲ ਕਰੀਏ ਤਾਂ ਇਹ 5.3 ਕਰੋੜ ਹੈ, ਜੋ ਸਿਆਸੀ ਪਾਰਟੀਆਂ ਦੀ ਕਿਸਮਤ ਤੈਅ ਕਰੇਗੀ।

ਕਰਨਾਟਕ ਵਿੱਚ 1985 ਤੋਂ ਬਾਅਦ ਕੋਈ ਵੀ ਸੱਤਾਧਾਰੀ ਪਾਰਟੀ ਸੱਤਾ 'ਚ ਵਾਪਸੀ ਨਹੀਂ ਕਰ ਸਕੀ ਹੈ।
224 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬਹੁਮਤ ਲਈ 113 ਦਾ ਅੰਕੜਾ ਸਰਕਾਰ ਬਣਾਉਣ ਲਈ ਚਾਹੀਦਾ ਹੈ।
ਕਰਨਾਟਾਕ ਦੱਖਣੀ ਭਾਰਤ ਦਾ ਇਕੱਲਾ ਸੂਬਾ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ ਹੈ।

ਚੋਣ ਕਮਿਸ਼ਨ ਨੇ ਇਸ ਵਾਰ ਪਾਰਟੀਆਂ ਨੂੰ ਹਦਾਇਤ ਦਿੱਤੀ ਸੀ ਕਿ ਚੋਣ ਵਾਲੇ ਦਿਨ ਕਿਸੇ ਵੀ ਤਰੀਕੇ ਦਾ ਕੋਈ ਵੀ ਇਸ਼ਤਿਹਾਰ ਅਖ਼ਬਾਰਾਂ ਵਿੱਚ ਨਹੀਂ ਦੇਣਾ ਹੈ।












