ਅਮਰੀਕਾ ਦੇ ਕਈ ਕਿਸਾਨਾਂ ਨੂੰ ਦੀਵਾਲੀਆ ਹੋਣ ਦਾ ਡਰ ਕਿਉਂ ਸਤਾ ਰਿਹਾ ਹੈ, ਟਰੰਪ ਵੱਲੋਂ ਲਾਏ ਟੈਰਿਫ ਕਿਵੇਂ ਮੁਸ਼ਕਲਾਂ ਵਧਾ ਰਹੇ ਹਨ

    • ਲੇਖਕ, ਲੂਕ ਮਿੰਟਜ਼
    • ਰੋਲ, ਬੀਬੀਸੀ ਪੱਤਰਕਾਰ
    • ਲੇਖਕ, ਐਨਾ ਜੋਨਜ਼
    • ਰੋਲ, ਕੌਰਨ-ਬੈਲਟ ਪੀਪਲ ਤੋਂ ਪੇਸ਼ਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਅਮਰੀਕਾ ਦੇ ਮਿਡਵੈਸਟ ਇਲਾਕੇ ਨੂੰ ਦੇਸ ਦੀ ਕੌਰਨ-ਬੈਲਟ ਜਾਂ ਮੱਕੀ-ਪੱਟੀ ਵੀ ਕਿਹਾ ਜਾਂਦਾ ਹੈ।

ਤਿੱਖੀ ਗਰਮੀ ਦਾ ਇੱਕ ਦਿਨ ਹੈ ਅਤੇ ਟਿਮ ਮੈਕਸਵੈੱਲ ਕਿਸਾਨੀ ਦੇ ਭਵਿੱਖ ਬਾਰੇ ਆਪਣੇ ਵਿਚਾਰ ਰੱਖ ਰਹੇ ਹਨ।

65 ਸਾਲਾ ,ਮੈਕਸਵੈੱਲ, ਮੁੱਛ ਫੁੱਟ ਉਮਰ ਤੋਂ ਹੀ ਇਨ੍ਹਾਂ ਖੇਤਾਂ ਨੂੰ ਆਪਣੇ ਪਸੀਨੇ ਨਾਲ ਸਿੰਜ ਰਹੇ ਹਨ। ਮਾਸਕੋ, ਆਇਓਵਾ ਵਿੱਚ ਉਨ੍ਹਾਂ ਦੇ ਖੇਤ ਅਤੇ ਇੱਕ ਸੂਰਾਂ ਦਾ ਵਾੜਾ ਹੈ। ਲੇਕਿਨ ਹੁਣ ਭਵਿੱਖ ਬਾਰੇ ਫਿਕਰਮੰਦ ਹਨ।

ਮੱਕੀ ਕੰਪਨੀ ਦੇ ਲੋਗੋ ਵਾਲੀ ਬੇਸਬਾਲ ਕੈਪ ਪਾਈ ਮੈਕਸਵੈੱਲ ਕਹਿੰਦੇ ਹਨ, "ਮੈਂ ਥੋੜ੍ਹਾ ਜਿਹਾ ਚਿੰਤਤ ਹਾਂ।"

ਉਨ੍ਹਾਂ ਨੂੰ ਚਿੰਤਾ ਹੈ ਕਿ ਅਮਰੀਕੀ ਕਿਸਾਨ ਹੁਣ ਆਪਣੀ ਜਿਨਸ ਕੌਮਾਂਤਰੀ ਮੰਡੀਆਂ ਵਿੱਚ ਉਸ ਤਰ੍ਹਾਂ ਨਹੀਂ ਵੇਚ ਸਕਦੇ, ਜਿਵੇਂ ਉਹ ਪਿਛਲੇ ਸਾਲਾਂ ਦੌਰਾਨ ਵੇਚ ਲੈਂਦੇ ਸਨ।

ਇਹ ਸਥਿਤੀ ਰਾਸ਼ਟਰਪਤੀ ਟਰੰਪ ਦੀਆਂ ਟੈਰਿਫ ਨੀਤੀਆਂ ਕਾਰਨ ਪੈਦਾ ਹੋਈ ਹੈ।

ਉਹ ਕਹਿੰਦੇ ਹਨ, "ਸਾਡੀਆਂ ਜਿਨਸਾਂ, ਫਸਲਾਂ ਅਤੇ ਮੌਸਮ ਬਹੁਤ ਵਧੀਆ ਹਨ ਲੇਕਿਨ ਫ਼ਿਲਹਾਲ ਬਜ਼ਾਰ ਤੋਂ ਸਾਨੂੰ ਮਿਲਣ ਵਾਲਾ ਲਾਭ ਥੋੜ੍ਹਾ ਹੈ। ਇਸ ਨਾਲ ਕੁਝ ਕਿਸਾਨਾਂ ਉੱਤੇ ਦਬਾਅ ਪਵੇਗਾ।"

ਇਹ ਚਿੰਤਾ ਇਕੱਲੇ ਮੈਕਸਵੈੱਲ ਦੀ ਨਹੀਂ ਹੈ। ਅਮਰੀਕਾ ਦੇ ਚੀਨ ਨਾਲ ਵਿਗੜੇ ਆਰਥਿਕ ਰਿਸ਼ਤਿਆਂ ਕਾਰਨ ਅਮਰੀਕੀ ਕਿਸਾਨ ਸੰਗਠਨਾਂ ਮੁਤਾਬਕ ਅਮਰੀਕੀ ਕਿਸਾਨ ਇਸ ਸਾਲ ਵਿਆਪਕ ਤੰਗੀ ਵਿੱਚੋਂ ਲੰਘ ਰਹੇ ਹਨ।

ਅਪ੍ਰੈਲ ਤੋਂ ਹੀ ਦੋਵਾਂ ਦੇਸਾਂ ਦਰਮਿਆਨ ਟਰੇਡ ਵਾਰ ਜਾਰੀ ਹੈ ਅਤੇ ਅਮਰੀਕੀ ਫਸਲਾਂ ਲਈ ਚੀਨੀ ਆਰਡਰਾਂ ਵਿੱਚ ਕਮੀ ਆਈ ਹੈ।

ਅਰਥ ਸ਼ਾਸਤਰੀਆਂ ਮੁਤਾਬਕ ਇਸ ਵਾਰ ਦੀ ਮਾਰ ਅਮਰੀਕੀ ਕਿਸਾਨਾਂ ਨੂੰ ਪਈ ਹੈ। ਬਲੂਮਬਰਗ ਵੱਲੋਂ ਜੁਲਾਈ ਵਿੱਚ ਇਕੱਠੇ ਕੀਤੇ ਗਏ ਡੇਟਾ ਮੁਤਾਬਕ ਛੋਟੇ ਕਾਰੋਬਾਰੀ ਕਿਸਾਨਾਂ ਵੱਲੋਂ ਲਾਈਆਂ ਦੀਵਾਲੀਆ ਹੋਣ ਦੀਆਂ ਅਰਜ਼ੀਆਂ ਦੀ ਸੰਖਿਆ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਜ਼ਿਆਦਾ ਹਨ।

ਇਸ ਸਾਰੇ ਆਰਥਿਕ ਦਰਦ ਦੇ ਚਲਦਿਆਂ, ਪੇਂਡੂ ਖੇਤਰ ਟਰੰਪ ਦੇ ਖਿਲਾਫ਼ ਲਾਮ-ਬੰਦ ਹੋ ਸਕਦੇ ਸਨ। ਲੇਕਿਨ ਅਜਿਹਾ ਹੋ ਰਿਹਾ ਨਜ਼ਰ ਨਹੀਂ ਆ ਰਿਹਾ।

ਪਿਛਲੇ ਸਾਲ ਹੋਈਆਂ ਚੋਣਾਂ ਵਿੱਚ ਜਦੋਂ ਰਾਸ਼ਟਰਪਤੀ ਟਰੰਪ ਕਮਲਾ ਹੈਰਿਸ ਤੋਂ 40 ਪੁਆਇੰਟ ਨਾਲ ਜੇਤੂ ਰਹੇ ਸਨ ਤਾਂ ਪੇਂਡੂ ਅਮਰੀਕੀ ਉਨ੍ਹਾਂ ਦਾ ਸਭ ਤੋਂ ਵਫ਼ਾਦਾਰ ਵੋਟਰ ਵਰਗ ਰਿਹਾ ਸੀ।

ਪਿਊ ਖੋਜ ਅਤੇ ਵਿਸ਼ਲੇਸ਼ਣ ਸੰਗਠਨ ਮੁਤਾਬਕ ਇਸ ਜਿੱਤ ਲਈ ਉਨ੍ਹਾਂ ਨੇ 2020 ਅਤੇ 2016 ਦੀ ਜਿੱਤ ਦੇ ਫਰਕ ਨੂੰ ਵੀ ਮਾਤ ਦੇ ਦਿੱਤੀ ਸੀ।

ਚੋਣ ਮਾਹਿਰਾਂ ਮੁਤਾਬਕ ਪੇਂਡੂ ਖੇਤਰਾਂ ਵਿੱਚ ਉਹ ਹਾਲੇ ਵੀ ਕਾਫ਼ੀ ਪਸੰਦ ਕੀਤੇ ਜਾਂਦੇ ਹਨ।

ਮੈਕਸਵੈੱਲ ਮੁਤਾਬਕ ਆਪਣੀਆਂ ਆਰਥਿਕ ਪਰੇਸ਼ਾਨੀਆਂ ਦੇ ਬਾਵਜੂਦ ਵੀ ਉਹ ਟਰੰਪ ਦੇ ਨਾਲ ਹਨ। ਉਹ ਕਹਿੰਦੇ ਹਨ, "ਸਾਡੇ ਰਾਸ਼ਟਰਪਤੀ ਨੇ ਸਾਨੂੰ ਦੱਸਿਆ ਕਿ ਟੈਰਿਫ਼ਾਂ ਨੂੰ ਠੀਕ ਕਰਨ ਵਿੱਚ ਕੁਝ ਸਮਾਂ ਲੱਗੇਗਾ।"

ਆਖਰ ਕਿਉਂ ਇੰਨੇ ਸਾਰੇ ਅਮਰੀਕੀ ਕਿਸਾਨ ਆਰਥਿਕ ਤੌਰ ਉੱਤੇ ਨਪੀੜੇ ਜਾਣ ਦੇ ਬਾਵਜੂਦ ਵੀ ਰਾਸ਼ਟਰਪਤੀ ਟਰੰਪ ਦੇ ਨਾਲ ਹਨ। ਜਦਕਿ ਇਸ ਤੰਗੀ ਦੀ ਵਜ੍ਹਾ ਟਰੰਪ ਦੀ ਵਿਸ਼ੇਸ਼ ਨੀਤੀ ਮੰਨੇ ਜਾਂਦੇ ਟੈਰਿਫ਼ ਹੀ ਹਨ?

ਕਿਸਾਨ, ਵਪਾਰ ਅਤੇ 'ਵਿੱਤੀ ਸੰਕਟ'

ਕਿਸਾਨ ਵਪਾਰ ਅਤੇ ਇਸ ਵਿੱਤੀ ਖ਼ਤਰੇ ਬਾਰੇ ਕੀ ਸੋਚਦੇ ਹਨ। ਇਸ ਸੰਬੰਧ ਵਿੱਚ ਜੇ ਤੁਸੀਂ ਪੇਂਡੂ ਅਮਰੀਕਾ ਦੀ ਰਾਇ ਜਾਨਣੀ ਚਾਹੁੰਦੇ ਹੋ ਤਾਂ, ਆਇਓਵਾ ਰਾਜ ਦਾ ਕ੍ਰਿਸ਼ੀ ਮੇਲਾ ਇੱਕ ਚੰਗੀ ਸ਼ੁਰੂਆਤ ਹੈ। ਇਹ ਮੇਲਾ 10 ਦਿਨ ਚਲਦਾ ਹੈ ਤੇ 10 ਲੱਖ ਤੋਂ ਜ਼ਿਆਦਾ ਲੋਕ ਆਉਂਦੇ ਹਨ।

ਇਸ ਮੇਲੇ ਵਿੱਚ, ਕੈਂਡੀਆਂ, ਹੌਟ ਡਾਗਸ, ਪੁਰਾਣੇ ਟਰੈਕਟਰਾਂ ਦੀ ਪ੍ਰਦਰਸ਼ਨੀ ਅਤੇ ਸਭ ਤੋਂ ਵੱਡੇ ਜੰਗਲੀ ਸੂਰ ਲਈ ਮੁਕਾਬਲਾ, ਅਤੇ ਤੀਲ੍ਹੇ ਵਾਲਾ ਹੌਟ ਡਾਗ ਵੀ ਹੁੰਦਾ ਹੈ, ਜਿਸ ਨੂੰ ਕੌਰਨ-ਡਾਗ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਦੇਖਣ ਨੂੰ ਛੱਲੀ ਵਰਗਾ ਲਗਦਾ ਹੈ। ਬੀਬੀਸੀ ਪਿਛਲੇ ਮਹੀਨੇ ਇਸ ਮੇਲੇ ਵਿੱਚ ਗਿਆ ਸੀ ਪਰ ਇਸ ਵਾਰ ਉੱਥੇ ਚਰਚਾ ਦਾ ਵਿਸ਼ਾ ਟੈਰਿਫ ਸਨ।

ਕਿਸਾਨ ਗਿਲ ਗੁਲਿਕਸਨ ਕਹਿੰਦੇ ਹਨ, "ਬਹੁਤ ਸਾਰੇ ਲੋਕਾਂ ਮੁਤਾਬਕ ਉਹ (ਟਰੰਪ) ਟੈਰਿਫ ਨੂੰ ਸੌਦੇਬਾਜ਼ੀ ਲਈ ਇੱਕ ਝੂਠ ਵਜੋਂ ਵਰਤ ਰਹੇ ਹਨ।"

ਗਿਲ ਦਾ ਦੱਖਣੀ ਡਕੋਟਾ ਵਿੱਚ ਇੱਕ ਖੇਤ ਹੈ, ਅਤੇ ਇੱਕ ਖੇਤੀਬਾੜੀ ਰਸਾਲੇ ਦਾ ਸੰਪਾਦਨ ਵੀ ਕਰਦੇ ਹਨ।

"ਲੇਕਿਨ ਮੈਂ ਕਹਿ ਸਕਦਾ ਹਾਂ, ਇਤਿਹਾਸ ਸਾਬਤ ਕਰਦਾ ਹੈ ਕਿ ਟੈਰਿਫ਼ਾਂ ਦਾ ਅੰਤ ਚੰਗਾ ਨਹੀਂ ਰਿਹਾ।"

ਅਪ੍ਰੈਲ ਵਿੱਚ ਲਿਬਰੇਸ਼ਨ ਦਿਹਾੜੇ ਵਜੋਂ ਮਨਾਏ ਗਏ ਦਿਨ ਟਰੰਪ ਨੇ ਜ਼ਿਆਦਾਤਰ ਦੁਨੀਆਂ ਉੱਤੇ ਬਹੁਤ ਉੱਚੇ ਟੈਰਿਫ਼ ਲਾਗੂ ਕੀਤੇ। ਇਸ ਵਿੱਚ ਚੀਨ ਉੱਤੇ ਲਾਏ ਗਏ 145% ਟੈਰਿਫ਼ ਵੀ ਸ਼ਾਮਲ ਸਨ।

ਬਦਲੇ ਵਿੱਚ ਚੀਨ ਨੇ ਵੀ ਅਮਰੀਕੀ ਵਸਤਾਂ ਉੱਤੇ 125% ਟੈਰਿਫ਼ ਲਾ ਦਿੱਤਾ। ਇਸ ਦੀ ਅਮਰੀਕੀ ਮਿਡਵੈਸਟ, ਦੇ ਕਿਸਾਨਾਂ ਉੱਤੇ ਤਕੜੀ ਮਾਰ ਪਈ। ਮਿਡਵੈਸਟ ਦੇ ਬਹੁਤੇ ਕਿਸਾਨ ਆਪਣੀ ਮੱਕੀ ਚੀਨ ਨੂੰ ਵੇਚਦੇ ਹਨ।

ਪਿਛਲੇ ਸਾਲ ਚੀਨੀ ਕੰਪਨੀਆਂ ਨੇ ਪਸ਼ੂਆਂ ਦੇ ਚਾਰੇ ਲਈ 12.7 ਬਿਲੀਅਨ ਡਾਲਰ ਦੀ ਸੋਇਆਬੀਨ ਅਮਰੀਕਾ ਤੋਂ ਖ਼ਰੀਦੀ।

ਸਤੰਬਰ ਮੱਕੀ ਦੀ ਵਾਢੀ ਦਾ ਸੀਜ਼ਨ ਹੁੰਦਾ ਹੈ। ਅਮਰੀਕੀ ਸੋਇਆਬੀਨ ਐਸੋਸੀਏਸ਼ਨ (ਏਐੱਸਏ) ਨੇ ਮੁਤਾਬਕ ਚੀਨ ਤੋਂ ਮਿਲਣ ਵਾਲੇ ਸੋਇਆਬੀਨ ਦੇ ਆਰਡਰ- ਸਾਲ ਦੇ ਇਸ ਸਮੇਂ ਤੱਕ ਮਿਲ ਜਾਣ ਵਾਲੇ ਔਸਤ ਆਰਡਰਾਂ ਤੋਂ ਬਹੁਤ ਥੋੜ੍ਹੇ ਹਨ।

ਕੋਰਨੈੱਲ ਯੂਨੀਵਰਸਿਟੀ ਵਿੱਚ ਖੇਤੀ ਆਰਥਿਕਤਾ ਦੇ ਪ੍ਰੋਫੈਸਰ ਕ੍ਰਿਸਟੋਫਰ ਵੁਲਫ ਮੁਤਾਬਕ, ਟੈਰਿਫ਼ ਆਪਣੇ ਐਲਾਨ ਦੇ ਸਮੇਂ ਤੋਂ ਹੀ ਨਾਟਕੀ ਰੂਪ ਵਿੱਚ ਉੱਪਰ-ਹੇਠਾਂ ਹੁੰਦੇ ਰਹੇ ਹਨ। ਇਹ ਬੇਯਕੀਨੀ ਕਿਸਾਨਾਂ ਲਈ ਕਠੋਰ ਸਾਬਤ ਹੋ ਰਹੀ ਹੈ।

"ਚੀਨ ਇੰਨਾ ਵੱਡਾ ਹੈ ਕਿ ਜਦੋਂ ਉਹ ਵਸਤਾਂ ਖ਼ਰੀਦਦੇ ਹਨ ਤਾਂ ਵੀ ਫਰਕ ਪੈਂਦਾ ਹੈ ਅਤੇ ਜਦੋਂ ਨਹੀਂ ਤਾਂ ਵੀ ਫਰਕ ਪੈਂਦਾ ਹੈ।"

ਕੈਨੇਡਾ ਨਾਲ ਵਪਾਰਕ ਝਗੜਿਆਂ ਦੇ ਕਾਰਨ ਉਸ ਨੇ ਪੋਟਾਸ਼ ਮਹਿੰਗਾ ਕਰ ਦਿੱਤਾ, ਜਿਸ ਕਾਰਨ ਖਾਦਾਂ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਹੋਇਆ। ਪੋਟਾਸ਼ ਕੈਨੇਡਾ ਤੋਂ ਮੰਗਾਇਆ ਜਾਣ ਵਾਲਾ ਇੱਕ ਲੂਣ ਹੈ ਜਿਸਦੀ ਵਰਤੋਂ ਅਮਰੀਕੀ ਕਿਸਾਨ ਖਾਦ ਵਜੋਂ ਕਰਦੇ ਹਨ।

ਮੋਨਟਾਨਾ ਤੋਂ ਸਾਬਕਾ ਡੈਮੋਕ੍ਰੇਟ ਸੈਨੇਟਰ, ਜੋਨ ਟੈਸਟਰ, ਜੋ ਕਿ ਤੀਜੀ ਪੀੜ੍ਹੀ ਦੇ ਕਿਸਾਨ ਵੀ ਹਨ। ਉਨ੍ਹਾਂ ਨੇ ਇਸੇ ਮਹੀਨੇ ਦੇ ਸ਼ੁਰੂ ਵਿੱਚ ਇੱਕ ਅਮਰੀਕੀ ਖ਼ਬਰ ਚੈਨਲ ਨੂੰ ਦੱਸਿਆ, "ਰਾਸ਼ਟਰਪਤੀ ਵੱਲੋਂ ਲਾਏ ਟੈਰਿਫ਼ਾਂ ਨੇ ਸਾਡੀ ਸਪਲਾਈ ਚੇਨ ਤੋੜ ਦਿੱਤੀ ਹੈ।... ਇਸ ਨੇ ਖੇਤੀ ਉਪਕਰਣ ਮਹਿੰਗੇ ਕਰ ਦਿੱਤੇ ਹਨ... ਅਤੇ ਟਰੇਡ ਅਤੇ ਟੈਰਿਫ਼ਾਂ ਦੇ ਕਾਰਨ ਬਹੁਤ ਸਾਰੇ ਗਾਹਕਾਂ ਨੇ ਅਮਰੀਕਾ ਨੂੰ ਛੱਡ ਦਿੱਤਾ ਹੈ।…"

ਉਨ੍ਹਾਂ ਨੇ ਅੱਗੇ ਕਿਹਾ, "ਨਵੇਂ ਕਿਸਾਨ, ਉਹ ਨੌਜਵਾਨ ਕਿਸਾਨ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਸਮੇਂ ਲਈ ਪੈਸੇ ਨਹੀਂ ਜੋੜੇ ਹਨ। ਉਨ੍ਹਾਂ ਨੂੰ ਮੁਸ਼ਕਿਲ ਹੋਵੇਗੀ ਅਤੇ ਉਨ੍ਹਾਂ ਵਿੱਚ ਕਈਆਂ ਦਾ ਦਿਵਾਲਾ ਨਿਕਲ ਜਾਵੇਗਾ।"

"ਅਤੇ ਜੇ ਇਹ ਇਸੇ ਤਰ੍ਹਾਂ ਚਲਦਾ ਰਿਹਾ, ਤਾਂ ਮੇਰੇ ਵਰਗੇ ਵੀ ਕਈ ਲੋਕ ਦੀਵਾਲੀਏ ਹੋ ਜਾਣਗੇ।"

ਅਮਰੀਕੀ ਕਿਸਾਨ ਪਹਿਲਾਂ ਹੀ ਤੰਗੀ ਦੇ ਸ਼ਿਕਾਰ ਹਨ।

ਚੈਰਿਟੀ ਸੰਸਥਾ ਨੈਸ਼ਨਲ ਰੂਰਲ ਹੈਲਥ ਐਸੋਸੀਏਸ਼ਨ ਦੇ ਇੱਕ ਖੋਜ ਪਰਚੇ ਮੁਤਾਬਕ, ਉਨ੍ਹਾਂ ਦੇ ਖ਼ੁਦਕੁਸ਼ੀ ਨਾਲ ਮਰਨ ਦੀ ਸੰਭਾਵਨਾ ਔਸਤ ਨਾਲੋਂ ਤਿੰਨ ਗੁਣਾਂ ਜ਼ਿਆਦਾ ਹੈ। ਸੰਸਥਾ ਨੇ ਟਰੰਪ ਦੇ ਕਾਰਜ ਕਾਲ ਤੋਂ ਪੂਰਬਲੇ ਸਮੇਂ ਦਾ ਵਿਸ਼ਲੇਸ਼ਣ ਵੀ ਕੀਤਾ ਹੈ।

ਵ੍ਹਾਈਟ ਹਾਊਸ ਨੂੰ ਲਿਖੇ ਇੱਕ ਪੱਤਰ ਵਿੱਚ, ਅਮਰੀਕੀ ਸੋਇਆਬੀਨ ਐਸੋਸੀਏਸ਼ਨ ਦੇ ਪ੍ਰਧਾਨ ਸਲੈਬ ਰਾਗਲੈਂਡ, ਨੇ ਖ਼ਤਰੇ ਦੀ ਖੇਤੀ ਖ਼ਤਰੇ ਦੀ ਕਗਾਰ ਬਾਰੇ ਚੇਤਾਵਨੀ ਦਿੱਤੀ ਹੈ।

"ਅਮਰੀਕਾ ਦੇ ਸੋਇਆਬੀਨ ਕਿਸਾਨ ਵਪਾਰਕ ਅਤੇ ਵਿੱਤੀ ਖ਼ਤਰੇ ਦੀ ਕਗਾਰ ਉੱਤੇ ਖੜ੍ਹੇ ਹਨ।"

ਟਰੰਪ: ਸਾਡੇ ਕਿਸਾਨਾਂ ਲਈ ਇਹ ਬਹੁਤ ਵਧੀਆ ਸਮਾਂ ਹੋਵੇਗਾ

ਰਾਸ਼ਟਰਪਤੀ ਟਰੰਪ ਦੇ ਹਮਾਇਤੀ ਦਾਅਵਾ ਕਰਦੇ ਹਨ ਕਿ ਟੈਰਿਫ਼ ਲੰਬੇ ਸਮੇਂ ਵਿੱਚ ਅਮਰੀਕੀ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਣਗੇ। ਇਹ ਚੀਨ ਵਰਗੇ ਦੇਸਾਂ ਨੂੰ ਅਮਰੀਕਾ ਨਾਲ ਨਵੇਂ ਖੇਤੀਬਾੜੀ ਸਮਝੌਤੇ ਲਈ ਮਜਬੂਰ ਕਰਨਗੇ।

ਹਮਾਇਤੀ ਕੁਝ ਹੋਰ ਵੀ ਨੁਕਤੇ ਦੱਸਦੇ ਹਨ, ਜਿਨ੍ਹਾਂ ਰਾਹੀਂ ਵ੍ਹਾਈਟ ਹਾਊਸ ਨੇ ਕਿਸਾਨਾਂ ਦੀ ਮਦਦ ਕੀਤੀ ਹੈ। ਟਰੰਪ ਦੇ ਟੈਕਸ ਅਤੇ ਖ਼ਰਚਾ ਬਿਲ ਰਾਹੀਂ, ਉਨ੍ਹਾਂ ਦੇ ਪ੍ਰਸ਼ਾਸਨ ਨੇ ਕਿਸਾਨਾਂ ਲਈ ਸਬਸਿਡੀਆਂ ਵਿੱਚ 60 ਬਿਲੀਅਨ ਡਾਲਰ ਅਤੇ ਸੰਘੀ ਫ਼ਸਲ ਬੀਮੇ ਲਈ ਰਾਸ਼ੀ ਵਿੱਚ ਵੀ ਵਾਧਾ ਕੀਤਾ ਹੈ।

ਅਪ੍ਰੈਲ 2025 ਵਿੱਚ, ਕਾਂਗਰਸ ਵਿੱਚ ਆਪਣੇ ਸਾਲਾਨਾ ਸੰਬੋਧਨ ਦੌਰਾਨ, ਰਾਸ਼ਟਰਪਤੀ ਟਰੰਪ ਨੇ ਕਿਸਾਨਾਂ ਨੂੰ ਟੈਰਿਫ ਦੇ ਬਾਅਦ "ਥੋੜ੍ਹੇ ਜਿਹੇ ਸਮਾਯੋਜਨ ਦੀ ਮਿਆਦ" ਬਾਰੇ ਚੇਤਾਵਨੀ ਦਿੱਤੀ ਸੀ।

ਉਨ੍ਹਾਂ ਨੇ ਕਿਹਾ, "ਸਾਡੇ ਕਿਸਾਨਾਂ ਲਈ ਇਹ ਬਹੁਤ ਵਧੀਆ ਸਮਾਂ ਹੋਵੇਗਾ... ਸਾਡੇ ਕਿਸਾਨਾਂ ਨੂੰ ਬਹੁਤ ਮਜ਼ਾ ਆਉਣ ਵਾਲਾ ਹੈ, ਮੈਂ ਤੁਹਾਨੂੰ ਪਿਆਰ ਕਰਦਾ ਹਾਂ।"

ਖੇਤੀਬਾੜੀ ਕਰ ਵਿਭਾਗ ਦੇ ਕਮਿਸ਼ਨਰ ਸਿਡ ਮਿਲਰ, ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਟਰੰਪ ਦੀ "ਮਹੱਤਵਪੂਰਨ ਸਮਰਥਨ" ਲਈ ਪ੍ਰਸੰਸਾ ਕੀਤੀ ਸੀ।

ਇਸੇ ਸਾਲ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ, "ਆਖਰਕਾਰ ਸਾਡੇ ਕੋਲ ਅਜਿਹਾ ਪ੍ਰਸ਼ਾਸਨ ਹੈ ਜੋ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਪਹਿਲ ਦੇ ਰਿਹਾ ਹੈ। ਉਹ ਕਿਸਾਨਾਂ ਦੀ ਵਕਾਲਤ ਕਰਦੇ ਹਨ, ਚੀਨ ਨੂੰ ਚੁਣੌਤੀ ਦਿੰਦੇ ਹਨ... ਅਤੇ ਯਕੀਨੀ ਬਣਾਉਂਦੇ ਹਨ ਕਿ ਅਮਰੀਕੀ ਕਿਸਾਨਾਂ ਨਾਲ ਸਹੀ ਵਿਹਾਰ ਹੋਵੇ।"

ਪਰਡਿਊ ਯੂਨੀਵਰਸਿਟੀ ਦੇ ਖੇਤੀਬਾੜੀ ਅਰਥ ਸ਼ਾਸਤਰ ਦੇ ਪ੍ਰੋਫੈਸਰ, ਮਾਈਕਲ ਲੈਂਗੇਮੀਅਰ ਦੇ ਮੁਤਾਬਕ, ਰਾਸ਼ਟਰਪਤੀ ਦੀ ਟੈਰਿਫ਼ ਰਣਨੀਤੀ ਆਖਰ ਨੂੰ ਕੰਮ ਕਰ ਵੀ ਸਕਦੀ ਹੈ।

ਲੇਕਿਨ ਉਨ੍ਹਾਂ ਨੂੰ ਚਿੰਤਾ ਹੈ ਕਿ ਇਹ ਬੇਯਕੀਨੀ ਦੂਰ ਰਸੀ ਨੁਕਸਾਨ ਪਹੁੰਚਾ ਰਹੀ ਹੈ। "ਤੁਹਾਡੇ ਕਾਰੋਬਾਰੀ ਹਿੱਸੇਦਾਰ ਨੂੰ ਨਹੀਂ ਪਤਾ ਕਿ ਅਗਲੇ ਸਾਲ ਤੁਹਾਡੀ ਕੀ ਸਥਿਤੀ ਹੋਵੇਗੀ। ਇੱਦਾਂ ਲੱਗ ਰਿਹਾ ਹੈ ਕਿ ਅਸੀਂ ਗੋਲ ਵਾਲੇ ਪੋਲ ਹਿਲਾ ਰਹੇ ਹਾਂ। ਜੋ ਕਿ ਇੱਕ ਸਮੱਸਿਆ ਹੈ।

‘ਟੈਰਿਫ ਸਾਨੂੰ ਦੁਬਾਰਾ ਮਹਾਨ ਬਣਾਉਣਗੇ’

ਅਮਰੀਕੀ ਸਿਆਸਤ ਦੀ ਪੁਰਾਣੀ ਕਹਾਵਤ ਹੈ ਕਿ ਜਿਹੜੇ ਸਿਆਸਤਦਾਨ ਲੋਕਾਂ ਦੇ ਵਿੱਤ ਨੂੰ ਨੁਕਸਾਨ ਪਹੁੰਚਾਉਂਦੇ ਲਗਦੇ ਹਨ, ਲੋਕ ਉਨ੍ਹਾਂ ਦੇ ਖਿਲਾਫ਼ ਹੋ ਜਾਂਦੇ ਹਨ।

ਫਿਰ ਵੀ ਜਿਨ੍ਹਾਂ ਪੇਂਡੂ ਅਮਰੀਕੀਆਂ ਨਾਲ ਅਸੀਂ ਗੱਲਬਾਤ ਕੀਤੀ, ਮਜ਼ਬੂਤੀ ਨਾਲ ਟਰੰਪ ਦੇ ਨਾਲ ਖੜ੍ਹੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ, ਉਨ੍ਹਾਂ ਨੂੰ ਪਿਛਲੇ ਇੱਕ ਸਾਲ ਦੌਰਾਨ ਪੇਂਡੂ ਵੋਟਰਾਂ ਦੀ ਹਮਾਇਤ ਵਿੱਚ ਕਿਸੇ ਸਾਰਥਕ ਤਬਦੀਲੀ ਦੇ ਸਬੂਤ ਨਹੀਂ ਮਿਲੇ।

ਪਿਊ ਦੇ ਪਿਛਲੇ ਮਹੀਨੇ ਦੇ ਇੱਕ ਸਰਵੇਖਣ ਮੁਤਾਬਕ 53% ਪੇਂਡੂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਕੰਮ-ਕਾਜ ਨਾਲ ਸਹਿਮਤ ਹਨ। ਇਹ ਅੰਕੜਾ ਸਮੁੱਚੇ ਦੇਸ ਦੇ 38% ਅੰਕੜੇ ਨਾਲੋਂ ਕਿਤੇ ਜ਼ਿਆਦਾ ਹੈ।

ਹਾਲਾਂਕਿ ਐਕਟੀ-ਵੋਟ ਦੇ ਇਸੇ ਮਹੀਨੇ ਦੇ ਇੱਕ ਸਰਵੇਖਣ ਵਿੱਚ ਦੇਖਿਆ ਗਿਆ ਕਿ ਪੇਂਡੂ ਵੋਟਰਾਂ ਵਿੱਚ ਟਰੰਪ ਨਾਲ ਸਹਿਮਤੀ ਅਗਸਤ ਦੀ 59% ਤੋਂ ਘਟ ਕੇ ਸਤੰਬਰ ਵਿੱਚ 54% ਹੋ ਗਈ ਹੈ। ਵਿਸ਼ਲੇਸ਼ਕ ਇਨ੍ਹਾਂ ਸਰਵੇਖਣਾਂ ਵਿੱਚ ਸ਼ਾਮਿਲ ਕੀਤੇ ਗਏ ਵੋਟਰਾਂ ਦੀ ਨਿਗੂਣੀ ਸੰਖਿਆ ਕਾਰਨ ਇਨ੍ਹਾਂ ਤਬਦੀਲੀਆਂ ਵੱਲ ਬਹੁਤਾ ਧਿਆਨ ਨਾ ਦੇਣ ਦੀ ਸਲਾਹ ਦਿੰਦੇ ਹਨ।

ਮਾਈਕਲ ਸ਼ੈਫਰਡ, ਮਿਸ਼ੀਗਨ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਹਨ, ਜੋ ਕਿ ਪੇਂਡੂ ਰਾਜਨੀਤੀ 'ਤੇ ਧਿਆਨ ਕੇਂਦਰਿਤ ਕਰਦੇ ਹਨ।

ਉਹ ਦੱਸਦੇ ਹਨ,"ਜੋ ਡੇਟਾ ਮੈਂ ਦੇਖਿਆ ਹੈ, ਉਹ ਦਰਸਾਉਂਦਾ ਹੈ ਕਿ ਪੇਂਡੂ ਅਮਰੀਕਾ ਵਿੱਚ ਟਰੰਪ ਨੂੰ ਅਜੇ ਵੀ ਵਿਆਪਕ ਹਮਾਇਤ ਹਾਸਲ ਹੈ।"

ਮੇਲੇ ਵਿੱਚ ਪਹੁੰਚੇ ਕੁਝ ਕਿਸਾਨਾਂ ਲਈ, ਇਸਦੀ ਵਿਆਖਿਆ ਬੜੀ ਸਰਲ ਹੈ: ਜਦੋਂ ਅਮਰੀਕੀ ਰਾਸ਼ਟਰਪਤੀ ਉਨ੍ਹਾਂ ਨੂੰ ਕਹਿੰਦੇ ਹਨ ਕਿ ਟੈਰਿਫ ਲੰਬੇ ਸਮੇਂ ਵਿੱਚ ਉਨ੍ਹਾਂ ਲਈ ਲਾਹੇਵੰਦ ਸਾਬਤ ਹੋਣਗੇ ਤਾਂ ਉਹ ਯਕੀਨ ਕਰ ਲੈਂਦੇ ਹਨ।

ਆਇਓਵਾ ਤੋਂ ਇੱਕ ਡੇਅਰੀ ਕਿਸਾਨ ਅਤੇ ਚੀਜ਼ ਉਤਪਾਦਕ, ਜੌਹਨ ਮੈਕਸਵੈਲ ਕਹਿੰਦੇ ਹਨ, "ਅਸੀਂ ਸੋਚਦੇ ਹਾਂ ਕਿ ਟੈਰਿਫ ਸਾਨੂੰ ਫਿਰ ਤੋਂ ਮਹਾਨ ਬਣਾਉਣਗੇ।"

"ਅਸੀਂ ਚੀਨ ਨੂੰ ਬਹੁਤ ਜ਼ਿਆਦਾ ਦੇ ਰਹੇ ਸੀ ਅਤੇ (ਪਹਿਲਾਂ) ਜਦੋਂ ਅਸੀਂ ਉਨ੍ਹਾਂ ਨੂੰ ਵੇਚਦੇ ਸੀ ਤਾਂ ਟੈਰਿਫ਼ ਭਰਦੇ ਸੀ। ਆਓ ਇਸ ਨੂੰ ਸਹੀ ਕਰੀਏ। ਜੋ ਹਾਲ ਇੱਕ ਲਈ ਹੈ, ਉਹੀ ਦੂਜੇ ਲਈ ਵੀ ਹੈ।"

ਕੁਝ ਨੂੰ ਇਹ ਵੀ ਉਮੀਦ ਹੋ ਸਕਦੀ ਹੈ ਕਿ ਸ਼ਾਇਦ ਟਰੰਪ ਕਿਸਾਨਾਂ ਨੂੰ ਕੋਈ ਰਾਹਤ ਦੇ ਦੇਣ। ਟਰੰਪ ਦੇ ਪਹਿਲੇ ਕਾਰਜ ਕਾਲ ਦੌਰਾਨ ਉਨ੍ਹਾਂ ਨੇ ਚੀਨ ਨਾਲ ਟੈਰਿਫ਼ ਝਗੜੇ ਦੇ ਦੌਰਾਨ ਕਿਸਾਨਾਂ ਨੂੰ 28 ਬਿਲੀਅਨ ਡਾਲਰ ਦੀ ਰਾਹਤ ਦਿੱਤੀ ਸੀ।

ਕੌਲਬੀ ਕਾਲਜ ਵਿੱਚ ਰਾਜਨੀਤੀ ਦੇ ਪ੍ਰੋਫੈਸਰ ਅਤੇ 'ਦਿ ਰੂਰਲ ਵੋਟਰ' ਦੇ ਲੇਖਕ ਨਿਕੋਲਸ ਜੈਕਬਸ ਮੁਤਾਬਕ ਇਸ ਤਰ੍ਹਾਂ ਦੀ ਚੋਣਵੀਂ ਇਲਜ਼ਾਮ-ਤਰਾਸ਼ੀ ਪਿੱਛੇ ਕੋਈ ਡੂੰਘਾ ਕਾਰਨ ਹੈ।

"ਕਿਸੇ ਬਾਹਰੀ ਵਿਅਕਤੀ ਲਈ ਇਹ ਪੁੱਛਣਾ ਅਸਾਨ ਹੈ ਕਿ ਅਸੀਂ ਅਜੇ ਤੱਕ ਵੀ ਇਸ ਬੰਦੇ ਨਾਲ ਕਿਉਂ ਖੜ੍ਹੇ ਹਾਂ? ਲੇਕਿਨ ਤੁਹਾਨੂੰ ਸਮਝਣਾ ਪਵੇਗਾ ਕਿ ਪੂਰੇ ਪੇਂਡੂ ਅਮਰੀਕਾ ਦਾ ਰਿਪਬਲੀਕਨਾਂ ਵੱਲ ਝੁਕਾਅ ਟਰੰਪ ਤੋਂ ਬਹੁਤ ਪਹਿਲਾਂ ਦਾ ਹੈ।"

ਉਹ ਕਹਿੰਦੇ ਹਨ ਕਿ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਜਦੋਂ ਸ਼ਹਿਰ ਵਿਸ਼ਵੀਕਰਨ ਅਤੇ ਤਕਨੀਕੀ ਬਦਲਾਅ ਤੋਂ ਲਾਭ ਉਠਾ ਰਹੇ ਸਨ ਤਾਂ ਪੇਂਡੂ ਅਮਰੀਕੀਆਂ ਨੇ ਅਲਹਿਦਗੀ ਅਤੇ ਪਿੱਛੇ ਰਹਿ ਗਏ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ।

ਫਿਰ ਸਾਂਝੇ ਦੁੱਖ ਅਤੇ ਸ਼ਹਿਰੀ ਲਿਬਰਲਾਂ ਦੇ ਵਿਰੋਧ ਵਿੱਚੋਂ ਪੇਂਡੂ ਪਛਾਣ ਦਾ ਵਿਕਾਸ ਹੋਇਆ। ਰਿਪਲਬੀਕਨ ਉਨ੍ਹਾਂ ਨੂੰ ਆਪਣੇ ਕੁਦਰਤੀ ਨਾਇਕਾਂ ਵਰਗੇ ਲੱਗੇ। ਜਦੋਂ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਡੈਮੋਕ੍ਰੇਟਸ, "ਇੱਕ ਉੱਚ ਵਰਗੀ, ਟੈਕਨੋਕ੍ਰੇਟਾਂ, ਅਤਿ ਪੜ੍ਹੇ-ਲਿਖੇ ਅਤੇ ਸ਼ਹਿਰੀਆਂ ਦੀ ਪਾਰਟੀ" ਬਣ ਗਈ।

ਆਇਓਵਾ ਦੇ ਡੇਵਨਪੋਰਟ ਤੋਂ ਇੱਕ ਡੇਅਰੀ ਕਿਸਾਨ ਜੋਆਨ ਮੈਕਸਵੈਲ ਕਹਿੰਦੇ ਹਨ ਕਿ ਉਨ੍ਹਾਂ ਦੇ ਇਲਾਕੇ ਨੂੰ ਅਕਸਰ ਅਜਿਹਾ ਇਲਾਕਾ ਸਮਝਿਆ ਜਾਂਦਾ ਹੈ ਜਿਸ ਤੋਂ "ਪੁਲ ਨਾਲ ਉੱਪਰੋਂ ਦੀ ਲੰਘ ਜਾਈਦਾ" ਹੈ।

"ਮੀਡੀਆ ਦੇ ਜ਼ਿਆਦਾਤਰ ਹਿੱਸੇ ਵੱਲੋਂ ਸਾਨੂੰ ਹਾਂਮੁਖੀ ਨਜ਼ਰੀਏ ਤੋਂ ਨਹੀਂ ਦੇਖਿਆ ਜਾਂਦਾ। ਸਾਨੂੰ ਬਦਕਿਸਮਤ, ਅਨਪੜ੍ਹ ਕਿਹਾ ਗਿਆ।" ਇੱਥੇ ਓਹ ਹਿਲੇਰੀ ਕਲਿੰਟਨ ਦੇ ਉਸ ਸੰਬੋਧਨ ਦਾ ਹਵਾਲਾ ਦਿੰਦੀ ਹੈ ਜਿੱਥੇ ਉਨ੍ਹਾਂ ਨੇ ਕਿਹਾ ਸੀ ਕਿ ਟਰੰਪ ਦੇ "ਅੱਧੇ ਸਮਰਥਕ ਤਾਂ ਬਦਕਿਸਮਤ ਹਨ।"

ਮੈਕਸਵੈਲ ਨੇ ਅੱਗੇ ਕਿਹਾ, "ਕਈ ਵਾਰ ਉਹ ਸਾਡਾ ਮਜ਼ਾਕ ਬਣਾਉਣ ਲਈ ਸਾਨੂੰ ਨਜ਼ਰ-ਅੰਦਾਜ਼ ਵੀ ਕਰਦੇ ਹਨ।"

ਮਿਸ਼ੀਗਨ ਯੂਨੀਵਰਸਿਟੀ ਦੇ ਪ੍ਰੋਫੈਸਰ ਸ਼ੈਫਰਡ ਦਾ ਮੰਨਣਾ ਹੈ ਕਿ, ਇੱਕ ਹੋਰ ਕਾਰਕ ਵੀ ਹੈ। ਉਨ੍ਹਾਂ ਦੀ ਨਜ਼ਰ ਵਿੱਚ ਅਮਰੀਕਾ ਦਾ ਧਰੁਵੀਕਰਨ ਹੋ ਚੁੱਕਿਆ ਹੈ। ਦੋਵਾਂ ਪਾਸਿਆਂ ਦੇ ਵੋਟਰ ਆਪੋ-ਆਪਣੇ ਖੇਮਿਆਂ ਵਿੱਚ ਪੱਕੇ ਹਨ। ਲੋਕ ਬਹੁਤ ਕੁਝ ਮਾਫ਼ ਕਰਨ ਲਈ ਤਿਆਰ ਹਨ, ਜੋ ਉਹ ਪਹਿਲਾਂ ਸ਼ਾਇਦ ਮਾਫ਼ ਨਾ ਕਰਦੇ, ਜਦੋਂ ਤੱਕ ਕਿ ਕੋਈ ਨੀਤੀ ਉਨ੍ਹਾਂ ਦੇ ਪਾਸੇ ਤੋਂ ਲਾਗੂ ਕੀਤੀ ਗਈ ਹੋਵੇ।

'ਅਸੀਂ ਉਸਨੂੰ ਇੱਕ ਮੌਕਾ ਦੇ ਰਹੇ ਹਾਂ - ਨਤੀਜੇ ਬਿਹਤਰ ਹੋਣਗੇ'

ਸ਼ੈਫਰਡ ਧਿਆਨ ਦਿਵਾਉਂਦੇ ਹਨ ਕਿ 'ਇਤਿਹਾਸ ਸਾਬਤ ਕਰਦਾ ਹੈ ਕਿ ਟੈਰਿਫ਼ਾਂ ਦਾ ਅੰਤ ਚੰਗਾ ਨਹੀਂ ਰਿਹਾ।'

ਇਸ ਲਈ ਉਹ ਮਹਾਨ ਮੰਦੀ ਅਤੇ 1930 ਦੇ ਦਹਾਕੇ ਦੀ "ਰੂਰਲ ਡਸਟ ਬਾਊਲ" ਦਾ ਉਦਾਹਰਣ ਦਿੰਦੇ ਹਨ, ਜਿਸ ਕਾਰਨ ਲੱਖਾਂ ਕਿਸਾਨਾਂ ਨੂੰ ਅਮਰੀਕੀ ਸ਼ਹਿਰਾਂ ਵੱਲ ਪਰਵਾਸ ਕਰਨਾ ਪਿਆ ਸੀ। ਨਤੀਜੇ ਵਜੋਂ ਦੂਰ-ਰਸੀ ਸਿਆਸੀ ਸਫਾ-ਬੰਦੀ ਹੋਈ ਹੈ। ਹਾਲਾਂਕਿ ਕੋਈ ਵੀ ਸਥਿਤੀ ਦੇ ਉਸ ਹੱਦ ਤੱਕ ਵਿਗੜਨ ਦੀ ਉਮੀਦ ਨਹੀਂ ਕਰ ਰਿਹਾ। ਲੇਕਿਨ 1980 ਦੇ ਦਹਾਕੇ ਦੇ ਕਿਸਾਨੀ ਸੰਕਟ ਤੋਂ ਵੀ ਹਜ਼ਾਰਾਂ ਕਿਸਾਨ ਪ੍ਰਭਾਵਿਤ ਹੋਏ ਸਨ।

ਮੇਲੇ ਵਿੱਚ ਹੀ ਮੈਕਸਵੈਲ ਜੋ ਕਿ ਆਇਓਵਾ ਦੇ ਇੱਕ ਡੇਅਰੀ ਕਿਸਾਨ ਹਨ, ਇਸ ਨੁਕਤੇ ਨੂੰ ਸਪਸ਼ਟ ਕਰਦੇ ਹਨ।

ਅਸੀਂ ਉਨ੍ਹਾਂ ਨੂੰ ਟੈਰਿਫਾਂ ਵਿੱਚੋਂ ਲੰਘਣ ਦਾ ਅਵਸਰ ਦੇ ਰਹੇ ਹਾਂ। ਲੇਕਿਨ ਚੰਗਾ ਹੋਵੇਗਾ ਕਿ ਇਸਦੇ ਚੰਗੇ ਨਤੀਜੇ ਨਿਕਲਣ। ਮੈਂ ਸਮਝਦੀ ਹਾਂ ਕਿ ਸਾਨੂੰ ਆਉਣ ਵਾਲੇ 18 ਜਾਂ ਕੁਝ ਘੱਟ ਮਹੀਨਿਆਂ ਵਿੱਚ ਕੁਝ ਨਜ਼ਰ ਆਵੇਗਾ।

"ਅਸੀਂ ਖ਼ਤਰੇ ਨੂੰ ਸਮਝਦੇ ਹਾਂ - ਅਤੇ ਇਸਦਾ ਫਲ ਚੰਗਾ ਹੋਣਾ ਚਾਹੀਦਾ ਹੈ।"

ਫਲੋਰੈਂਸ ਫ੍ਰੀਮੈਨ ਦੀ ਵਧੀਕ ਰਿਪੋਰਟਿੰਗ ਦੀ ਮਦਦ ਦੇ ਨਾਲ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)