ਕਿਸਾਨਾਂ ਦਾ ਧਰਨਾ ਖ਼ਤਮ: 'ਜੇ ਕੋਈ ਹੱਲ ਨਹੀਂ ਨਿਕਲਿਆ ਤਾਂ ਘਿਓ ਕੱਢਣ ਲਈ ਉਂਗਲ ਟੇਢੀ ਕਰਨੀ ਪਵੇਗੀ'

26 ਨਵੰਬਰ ਤੋਂ ਪੰਜਾਬ-ਚੰਡੀਗੜ੍ਹ ਬਾਰਡਰ ਉੱਤੇ ਲਾਇਆ ਧਰਨਾ ਕਿਸਾਨਾਂ ਨੇ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ।
26 ਨਵੰਬਰ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਤਿੰਨ ਦਿਨਾਂ ਲਈ ਪੰਜਾਬ-ਚੰਡੀਗੜ੍ਹ ਦੇ ਬਾਰਡਰ 'ਤੇ ਧਰਨਾ ਲਗਾਇਆ ਹੋਇਆ ਸੀ, ਜਿਸ ਨੂੰ ਹੁਣ ਸਮਾਪਤ ਕਰ ਦਿੱਤਾ ਗਿਆ ਹੈ।

19 ਦਸੰਬਰ ਨੂੰ ਪੰਜਾਬ ਸਰਕਾਰ ਨਾਲ ਮੀਟਿੰਗ

ਕਿਸਾਨ ਆਗੂ ਦਰਸ਼ਨ ਪਾਲ ਨੇ ਦੱਸਿਆ ਕਿ ਸਵੇਰੇ 10 ਵਜੇ ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਖੁੱਢੀਆਂ ਵੱਲ਼ੋਂ ਗੱਲਬਾਤ ਦਾ ਸੱਦਾ ਆਇਆ ਸੀ।
ਦਰਸ਼ਨ ਪਾਲ ਮੁਤਾਬਕ 19 ਦਸਬੰਰ ਨੂੰ ਪੰਜਾਬ ਸਰਕਾਰ ਇੱਕ ਮੀਟਿੰਗ ਹੋਵੇਗੀ।
ਉਨ੍ਹਾਂ ਦੱਸਿਆ ਕਿ ਰਾਜਪਾਲ ਨੂੰ ਵੀ ਕੇਂਦਰ ਲਈ ਇੱਕ ਖ਼ਤ ਦਿੱਤਾ ਗਿਆ ਹੈ ਅਤੇ ਐੱਮਐੱਸਪੀ ਸਣੇ ਕਈ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਹੈ।
ਦਰਸ਼ਨ ਪਾਲ ਮੁਤਾਬਕ ਪੰਜਾਬ ਸਰਕਾਰ ਕੋਲ ਮੰਗਾਂ ਕੋਈ ਬਹੁਤੀਆਂ ਵੱਡੀਆਂ ਨਹੀਂ ਹਨ।
ਉਨ੍ਹਾਂ ਕਿਹਾ, ‘‘ਜੇ ਕੋਈ ਹੱਲ ਨਹੀਂ ਨਿਕਲਦਾ ਤਾਂ ਅਸੀਂ ਕਿਹਾ ਹੈ ਕਿ ਘਿਓ ਕੱਢਣ ਲਈ ਉਂਗਲ ਟੇਢੀ ਕਰਨ ਪਊਗੀ।’’
ਧਰਨੇ 'ਤੇ ਆਏ ਕਿਸਾਨਾਂ ਨੇ ਕੀ ਕਿਹਾ ਸੀ
ਏਅਰਪੋਰਟ ਰੋਡ 'ਤੇ ਲੱਗੇ ਧਰਨੇ ਉੱਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਦਲਜੀਤ ਸਿੰਘ ਚਲਾਕੀ ਨੇ ਦੱਸਿਆ ਸੀ, "ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਇੱਕ ਸਾਲ ਤੋਂ ਵੱਧ ਸਮਾਂ ਧਰਨੇ ਉੱਤੇ ਬੈਠੇ ਸਨ ਪਰ ਸਰਕਾਰ ਨੇ ਬਾਕੀ ਮੰਗਾ ਪੂਰੀਆਂ ਕਰਨ ਦਾ ਭਰੋਸਾ ਦੇ ਕੇ ਧਰਨਾ ਚੁੱਕਵਾ ਦਿੱਤਾ ਸੀ।"
ਉਨ੍ਹਾਂ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲ ਕਰਦਿਆਂ ਦੱਸਿਆ ਸੀ ਕਿ ਕਿਸਾਨਾਂ ਦੀ ਮੁੱਖ ਮੰਗ ਐੱਮਐੱਸਪੀ ਹੈ, ਉਨ੍ਹਾਂ ਕਿਹਾ ਸੀ ਕਿ ਕਿਸਾਨਾਂ ਨੂੰ ਇਸ ਦੀ ਸਖ਼ਤ ਜ਼ਰੂਰਤ ਹੈ।
"ਦਿੱਲੀ ਵਿਖੇ ਧਰਨੇ ਦੌਰਾਨ ਜਿਨ੍ਹਾਂ ਕਿਸਾਨਾਂ ਦੀ ਮੌਤ ਹੋਈ ਉਨ੍ਹਾਂ ਨੂੰ ਵੀ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਕਿਸਾਨਾਂ ਉੱਤੇ ਕੀਤੇ ਗਏ ਪਰਚੇ ਰੱਦ ਕੀਤੇ ਜਾਣੇ ਚਾਹੀਦੇ ਹਨ।"
ਉਨ੍ਹਾਂ ਕਿਹਾ ਸੀ ਕਿ ਉਹ ਪੂਰੀ ਤਿਆਰੀ ਨਾਲ ਆਏ ਸਨ।
ਜਿੱਥੇ ਪੰਜਾਬ ਤੋਂ ਆਏ ਕਿਸਾਨ ਮੋਹਾਲੀ ਵਿੱਚ ਬੈਠੇ ਸਨ, ਹਰਿਆਣਾ ਤੋਂ ਆਏ ਕਿਸਾਨ ਪੰਚਕੁਲਾ ਵਿਖੇ ਧਰਨੇ 'ਤੇ ਬੈਠੇ ਸਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਚੰਡੀਗੜ੍ਹ ਦੇ ਅੰਦਰ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ, "ਇੱਥੇ ਧਰਨੇ ਦੇ ਦਿਨ ਤਿੰਨ ਤੋਂ ਵਧਾਏ ਜਾ ਸਕਦੇ ਹਨ, ਪਰ ਧਰਨੇ ਦੀ ਸਟੇਜ ਇੱਥੇ ਹੀ ਰਹੇਗੀ।"
ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਰਸਤਿਆਂ ਉੱਤੇ ਬੈਰੀਕੇਡਿੰਗ

ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।
ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਦੇ ਲਈ ਪੂਰੀਆਂ ਤਿਆਰੀਆਂ ਕਰਨਾ ਦਾ ਦਾਅਵਾ ਕੀਤਾ ਸੀ।
ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਰਸਤਿਆਂ ਉਤੇ ਬੈਰੀਕੇਡਿੰਗ ਕਰ ਦਿੱਤੀ ਗਈ ਸੀ।
ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਤੋਂ ਅਰਧ ਸੈਨਿਕ ਬਲਾਂ ਦੇ ਦਸਤੇ ਚੰਡੀਗੜ ਦੀ ਸਰੱਹਦ ਉਤੇ ਤੈਨਾਤ ਕੀਤੇ ਗਏ ਸਨ।
ਕੀ ਹਨ ਕਿਸਾਨਾਂ ਦੀਆਂ ਮੰਗਾਂ

ਕਿਸਾਨਾਂ ਦੀਆਂ ਮੰਗਾਂ ਵਿੱਚ ਕੇਂਦਰ ਸਰਕਾਰ ਨਾਲ ਬਕਾਇਆ ਮੰਗਾਂ ਤੋਂ ਇਲਾਵਾ ਪੰਜਾਬ ਸਰਕਾਰ ਕੋਲੋਂ ਇਹ ਮੰਗਾਂ ਸ਼ਾਮਲ ਹਨ:-
- ਫ਼ਸਲਾਂ ਉੱਤੇ ਐੱਮਐੱਸਪੀ ਦੀ ਗਰੰਟੀ
- ਹੜਾਂ ਅਤੇ ਗੜੇਮਾਰੀ ਨਾਲ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ
- ਚਿਪ ਵਾਲੇ ਮੀਟਰ ਨਾ ਲਾਏ ਜਾਣ
- ਕਿਸਾਨ ਅੰਦਲੋਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਮਿਲਣ
- ਸਬਜ਼ੀਆਂ 'ਤੇ ਐੱਮਐੱਸਪੀ ਮਿਲੇ
- ਮੱਕੀ ਅਤੇ ਮੂੰਗੀ ਦੀ ਖਰੀਦ ਹੋਵੇ
- ਪਰਾਲ਼ੀ ਸਾੜਨ ਸਬੰਧੀ ਕਿਸਾਨਾਂ ਖਿਲਾਫ਼ ਦਰਜ ਕੀਤੇ ਗਏ ਕੇਸ ਰੱਦ ਹੋਣ
ਆਵਾਜਾਈ ਪ੍ਰਭਾਵਿਤ

ਕਿਸਾਨਾਂ ਦੇ ਅੰਦੋਲਨ ਕਾਰਨ ਚੰਡੀਗੜ੍ਹ ਵਿੱਚ ਕਈ ਸੜਕਾਂ ਬੰਦ ਰਹੀਆਂਂ। ਇਸ ਦੇ ਲਈ ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਸੀ।
ਮੁੱਖ ਤੌਰ ’ਤੇ ਟ੍ਰਿਬਿਊਨ ਚੌਕ ਤੋਂ ਏਅਰਪੋਰਟ ਵੱਲ ਜਾਣ ਵਾਲੀ ਸੜਕ ਅਤੇ ਪੰਚਕੂਲਾ ਤੋਂ ਚੰਡੀਗੜ੍ਹ ਵੱਲ ਜਾਣ ਵਾਲੀ ਕੇਂਦਰੀ ਸੜਕ ’ਤੇ ਵਿਘਨ ਪਿਆ।
ਪੁਲਿਸ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਉੱਤੇ ਆਵਾਜਾਈ ਦੇ ਰੂਟ ਬਦਲੇ ਗਏ ਸਨ।
ਪੁਲਿਸ ਨੇ ਆਮ ਲੋਕਾਂ ਨੂੰ ਚੋਣਵੇਂ ਰਸਤਿਆਂ ’ਤੇ ਨਾ ਜਾਣ ਦੀ ਸਲਾਹ ਦਿੱਤੀ ਸੀ।













