ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤ, ਜਾਣੋ ਉਹ ਕਿਸਾਨੀ ਦੇ ਮੁੱਦੇ 'ਤੇ ਕਿਵੇਂ ਖੁੱਲ੍ਹ ਕੇ ਬੋਲਦੇ ਸਨ

ਤਸਵੀਰ ਸਰੋਤ, Getty Images
ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦੇਹਾਂਤ ਹੋ ਗਿਆ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਉਨ੍ਹਾਂ ਨੇ ਅੱਜ ਦੁਪਹਿਰ 1.10 ਵਜੇ ਆਖਰੀ ਸਾਹ ਲਏ।
ਉਹ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਪੀੜਤ ਸਨ। 11 ਮਈ ਨੂੰ ਹਾਲਤ ਜ਼ਿਆਦਾ ਵਿਗੜਨ 'ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।
ਸੱਤਿਆਪਾਲ ਮਲਿਕ ਦਾ ਪਿਛੋਕੜ
ਬੀਬੀਸੀ ਸਹਿਯੋਗੀ ਸਤ ਸਿੰਘ ਦੀ ਸਾਲ 2021 ਵਿੱਚ ਛਪੀ ਰਿਪੋਰਟ ਦੇ ਮੁਤਾਬਕ, ਸੱਤਿਆਪਾਲ ਮਲਿਕ ਉੱਤਰ ਪ੍ਰਦੇਸ਼ ਦੇ ਬਾਗ਼ਪਤ ਜ਼ਿਲ੍ਹੇ ਦੇ ਹਿਸਵਾੜਾ ਪਿੰਡ ਦੇ ਕਿਰਸਾਨੀ ਭਾਈਚਾਰੇ ਨਾਲ ਸਬੰਧਤ ਸਨ।
ਉਹ ਕਾਫ਼ੀ ਸਮੇਂ ਤੋਂ ਕਿਰਸਾਨੀ ਮੁੱਦੇ 'ਤੇ ਬੇਬਾਕ ਬੋਲਦੇ ਆਏ ਸਨ ਅਤੇ ਇੱਥੋਂ ਤੱਕ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਵੀ ਕੀਤੀ।

ਤਸਵੀਰ ਸਰੋਤ, Getty Images
ਮਲਿਕ ਉੱਤਰ ਪ੍ਰਦੇਸ਼ ਦੇ ਜਾਟ ਭਾਈਚਾਰੇ ਵਿੱਚੋਂ ਸਨ, ਉਹ ਉਸ ਵੇਲੇ ਭਾਜਪਾ ਲਈ ਸੰਕਟ ਮੋਚਨ ਬਣੇ ਸਨ ਜਦੋਂ ਨਰਿੰਦਰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਆਰਟੀਕਲ 370 ਨੂੰ ਰੱਦ ਕੀਤਾ ਸੀ।
ਉਹ ਮਲਿਕ ਹੀ ਸਨ, ਜਿਨ੍ਹਾਂ ਨੂੰ 23 ਅਗਸਤ 2018 ਵਿੱਚ ਤਤਕਾਲੀ ਜੰਮੂ-ਕਸ਼ਮੀਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ - ਅੱਤਵਾਦ ਪ੍ਰਭਾਵਿਤ ਸੂਬੇ ਦਾ ਸਿਆਸੀ ਪਿਛੋਕੜ ਵਾਲਾ ਪਹਿਲਾ ਵਿਅਕਤੀ (ਫਰਸਟ ਪਰਸਨ)।
ਮਲਿਕ, 30 ਸਤੰਬਰ 2017 ਨੂੰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਿੱਚ ਬਿਹਾਰ ਦੇ ਰਾਜਪਾਲ ਬਣੇ। ਉਹ 2004 ਵਿੱਚ ਮਰਹੂਮ ਅਟਲ ਬਿਹਾਰੀ ਵਾਜਪਈ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਉਸ ਵੇਲੇ ਉਹ ਓਡੀਸ਼ਾ ਦੇ ਰਾਜਪਾਲ ਬਣੇ, ਫਿਰ 3 ਨਵੰਬਰ 2019 ਨੂੰ ਗੋਆ (ਰਾਜਪਾਲ ਬਣ ਕੇ) ਗਏ ਅਤੇ ਫਿਰ 18 ਅਗਸਤ 2020 ਨੂੰ ਮੇਘਾਲਿਆ ਦੇ ਰਾਜਪਾਲ ਬਣੇ।
ਪਿਛਲੇ ਤਿੰਨ ਦਹਾਕਿਆਂ ਤੋਂ ਸੱਤਿਆਪਾਲ ਮਲਿਕ ਦੇ ਵਫ਼ਾਦਾਰ ਰਹੇ ਰਾਜ ਸਿੰਘ ਹੁੱਡਾ ਨੇ ਦੱਸਿਆ ਕਿ ਮਲਿਕ ਨੂੰ ਚੋਣਾਵੀਂ ਸਿਆਸਤ 'ਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਲੈ ਕੇ ਆਏ ਸਨ।
ਹੁੱਡਾ ਨੇ ਦੱਸਿਆ, "ਮਲਿਕ ਮੇਰਠ ਕਾਲਜ ਵਿੱਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਸਨ ਅਤੇ ਚੌਧਰੀ ਚਰਨ ਸਿੰਘ ਮੁੱਖ ਮਹਿਮਾਨ ਵਜੋਂ ਆਏ ਸਨ।"
''ਮਲਿਕ ਦੇ ਭਾਸ਼ਣ ਤੋਂ ਪ੍ਰਭਾਵਿਤ ਹੋਏ ਚੌਧਰੀ ਚਰਨ ਸਿੰਘ ਉਨ੍ਹਾਂ ਨੂੰ ਆਪਣੇ ਨਾਲ ਆਪਣੀ ਕਾਰ ਵਿੱਚ ਲੈ ਗਏ ਸਨ ਅਤੇ ਬਾਅਦ ਵਿੱਚ 26 ਸਾਲਾ ਮਲਿਕ ਨੂੰ ਸਭ ਤੋਂ ਘੱਟ ਉਮਰ ਵਾਲਾ ਯੂਪੀ ਦਾ ਵਿਧਾਇਕ ਬਣਾਇਆ।"
ਮਲਿਕ ਨੇ ਮੇਰਠ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ।
ਰਾਜ ਸਿੰਘ ਹੁੱਡਾ ਨੇ ਦੱਸਿਆ ਕਿ ਮਲਿਕ, ਚੌਧਰੀ ਚਰਨ ਸਿੰਘ ਦਾ ਹਮੇਸ਼ਾ ਬਹੁਤ ਸਨਮਾਨ ਕਰਦੇ ਸਨ ਅਤੇ ਉਨ੍ਹਾਂ ਦੀ ਕਿਸਾਨਾਂ ਵਾਲੀ ਸ਼ੈਲੀ ਵਾਲੀ (ਕਿਸਾਨੀ ਸ਼ੈਲੀ ਵਾਲੀ) ਸਿਆਸਤ ਤੋਂ ਬਹੁਤ ਪ੍ਰਭਾਵਿਤ ਸਨ।
ਸਿਆਸੀ ਕਰੀਅਰ

ਤਸਵੀਰ ਸਰੋਤ, Sat singh/bbc
ਮਲਿਕ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਚੌਧਰੀ ਚਰਨ ਸਿੰਘ ਦੇ ਭਾਰਤੀ ਕ੍ਰਾਂਤੀ ਦਲ ਨਾਲ ਕੀਤੀ ਸੀ ਅਤੇ ਬਾਅਦ ਵਿੱਚ ਉਹ 1970 ਵਿੱਚ ਭਾਰਤੀ ਲੋਕ ਦਲ ਵਿੱਚ ਸ਼ਾਮਲ ਹੋ ਗਏ।
ਉਹ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਧਾਇਕ ਬਣਨ ਲਈ ਗਏ ਸਨ ਅਤੇ 1980 ਵਿੱਚ ਲੋਕ ਦਲ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਗਏ।
1984 ਵਿੱਚ ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਮੁੜ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ।
ਉਨ੍ਹਾਂ ਨੇ ਸਮਾਜਵਾਦੀ ਪਾਰਟੀ ਤੋਂ ਚੋਣਾਂ ਵੀ ਲੜੀਆਂ ਪਰ ਉਹ ਹਾਰ ਗਏ।
ਇੱਕ ਵਾਰ ਉਨ੍ਹਾਂ ਨੇ ਆਪਣੇ ਗੁਰੂ (ਚੌਧਰੀ ਚਰਨ ਸਿੰਘ) ਦੇ ਪੁੱਤਰ ਅਜੀਤ ਸਿੰਘ ਖ਼ਿਲਾਫ਼ ਵੀ ਚੋਣ ਲੜੀ ਪਰ ਹਾਰ ਗਏ।
ਉਨ੍ਹਾਂ ਦੇ ਵਫ਼ਾਦਾਰਾਂ ਦਾ ਕਹਿਣਾ ਹੈ ਕਿ ਸੱਤਿਆਪਾਲ ਮਲਿਕ ਆਪਣੀ ਸਿਆਸੀ ਸੂਝ-ਬੂਝ ਲਈ ਜਾਣੇ ਜਾਂਦੇ ਸਨ।
ਸਿਆਸੀ ਭਾਈਚਾਰੇ ਵਿੱਚ ਉਹ ਹਮੇਸ਼ਾ ਆਪਣੇ ਸਾਥੀਆਂ ਤੋਂ ਪਹਿਲਾਂ ਜਾਣ ਜਾਂਦੇ ਸਨ ਕਿ ਕਿਹੜਾ ਜਹਾਜ਼ ਪਾਰ ਲੱਗਣ ਵਾਲਾ ਹੈ ਤੇ ਕਿਹੜਾ ਡੁੱਬਣ ਵਾਲਾ ਹੈ।
ਸਿਆਸਤ ਵਿੱਚ ਆਪਣੀ ਬੁੱਧੀਮਤਾ ਨੂੰ ਸਾਬਿਤ ਕਰਨ ਲਈ ਉਹ ਕਦੇ ਵੀ ਸਮੇਂ ਤੋਂ ਅੱਗੇ ਦੇ ਫੈਸਲੇ ਲੈਣ ਵਿੱਚ ਪਿੱਛੇ ਨਹੀਂ ਹਟੇ ਅਤੇ ਇਸੇ ਕਾਰਨ ਉਨ੍ਹਾਂ ਦੇ ਪਾਰਟੀ ਅਤੇ ਸੂਬੇ ਦੀਆਂ ਸੀਮਾਵਾਂ ਤੋਂ ਬਾਹਰ ਵੀ ਬਹੁਤ ਦੋਸਤ ਰਹੇ।
ਜਿੱਥੇ ਆਮ ਸਿਆਸੀ ਆਗੂਆਂ ਨੂੰ ਵਿਰੋਧੀਆਂ ਨਾਲ ਸਬੰਧ ਸੁਧਾਰਨਾ ਔਖਾ ਲੱਗਦਾ ਹੈ, ਉੱਥੇ ਹੀ ਮਲਿਕ ਆਪਣੀ ਮਿੱਠੀ ਜ਼ੁਬਾਨ ਨਾਲ ਸਾਰਿਆਂ ਨੂੰ ਮੋਹ ਲੈਂਦੇ ਸਨ।

ਤਸਵੀਰ ਸਰੋਤ, Sat singh/bbc
1975 ਦੀ ਐਮਰਜੈਂਸੀ ਦੇ ਦਿਨਾਂ ਤੋਂ ਸੱਤਿਆਪਾਲ ਮਲਿਕ ਦੇ ਪੁਰਾਣੇ ਵਫ਼ਾਦਾਰ ਰਹੇ ਜੈਪਾਲ ਸਿੰਘ ਕਹਿੰਦੇ ਹਨ, "ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਦੋਸਤ ਕਿਵੇਂ ਬਣਾਉਣੇ ਹਨ। ਕੋਈ ਫਰਕ ਨਹੀਂ ਪੈਂਦਾ ਹੈ ਜੇ ਤੁਸੀਂ ਉਨ੍ਹਾਂ ਨੂੰ ਪਹਿਲੀ ਵਾਰ ਮਿਲ ਰਹੇ ਹੋ, ਉਹ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਕਰਨਗੇ, ਜਿਵੇਂ ਤੁਹਾਨੂੰ ਉਹ ਲੰਬੇ ਸਮੇਂ ਤੋਂ ਜਾਣਦੇ ਹੋਣ।"
ਜੈਪਾਲ ਸਿੰਘ ਦੱਸਦੇ ਹਨ ਕਿ ਸੂਬੇ ਵਿੱਚ ਮਲਿਕ ਨੂੰ ਪਹਿਲੀ ਵਾਰ ਪਛਾਣ ਸਾਲ 1978 ਵਿੱਚ ਮਿਲੀ ਜਦੋਂ ਉਨ੍ਹਾਂ ਨੇ ਚਰਚਿਤ ਮਾਇਆ ਤਿਆਗੀ ਕਾਂਡ ਵਿੱਚ ਲਗਾਤਾਰ ਅੰਦੋਲਨ ਚਲਾਇਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












