ਗੁਜਰਾਤ ਤੋਂ ਪੰਜਾਬ ਇੰਝ ਕੱਪੜਿਆਂ ਦੇ ਥਾਨ ਵਿੱਚ ਹੈਰੋਇਨ ਲੈ ਕੇ ਆਉਣ ਦੀ ਕੋਸ਼ਿਸ਼ ਸੀ
ਪੰਜਾਬ ਪੁਲਿਸ ਨੇ ਗੁਜਰਾਤ ਪੁਲਿਸ ਨਾਲ ਮਿਲ ਕੇ ਡਰੱਗਜ਼ ਦੀ ਇੱਕ ਵੱਡੀ ਰਿਕਵਰੀ ਕਰਨ ਦਾ ਦਾਅਵਾ ਕੀਤਾ ਹੈ। ਪੰਜਾਬ ਪੁਲਿਸ ਮੁਤਾਬਕ ਉਨ੍ਹਾਂ ਨੇ ਇੱਕ ਜੁਆਇੰਟ ਆਪ੍ਰੇਸ਼ਨ ਤਹਿਤ ਗੁਜਰਾਤ ਪੁਲਿਸ ਅਤੇ ਐਂਟੀ-ਟੈਰੇਰਿਸਟ ਸਕੁਏਡ ਗੁਜਰਾਤ ਨਾਲ ਮਿਲ ਕੇ 75 ਕਿਲੋ ਹੈਰੋਈਨ ਬਰਾਮਦ ਕੀਤੀ ਹੈ।
ਪੰਜਾਬ ਪੁਲਿਸ ਮੁਤਾਬਕ ਹੈਰੋਇਨ ਦੇ ਇਸ ਕੰਸਾਈਨਮੈਂਟ ਨੂੰ ਪੰਜਾਬ ਦੇ ਮਲੇਰਕੋਟਲੇ ਦੇ ਇੱਕ ਇੰਪੋਰਟਰ ਵੱਲੋਂ ਬੁੱਕ ਕੀਤਾ ਗਿਆ ਸੀ ਅਤੇ ਇਸ ਬਾਬਤ ਜਾਂਚ ਵੀ ਜਾਰੀ ਹੈ।
ਪੰਜਾਬ ਪੁਲਿਸ ਮੁਤਾਬਕ ਇਸ ਕੰਸਾਈਨਮੈਂਟ ਨਾਲ ਲੁਧਿਆਣਾ ਅਤੇ ਮਲੇਰਕੋਟਲਾ ਦੇ ਕੁਝ ਸ਼ੱਕੀ ਵਿਅਕਤੀਆਂ ਨਾਲ ਤਾਰ ਜੁੜਦੇ ਨਜ਼ਰ ਆਏ ਹਨ। ਪੁਲਿਸ ਵੱਲ਼ੋਂ ਉਨ੍ਹਾਂ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ।
ਉਧਰ ਗੁਜਰਾਤ ਦੇ ਡੀਜੀਪੀ ਆਸ਼ੀਸ਼ ਭਾਟੀਆ ਨੇ ਮੁੰਦਰਾ ਪੋਰਟ ਤੋਂ ਰਿਕਵਰ ਹੋਈ ਹੈਰੋਇਨ ਬਾਰੇ ਤਫ਼ਸੀਲ ਵਿੱਚ ਦੱਸਿਆ ਕਿ ਹਜ਼ਾਰਾਂ ਕਿੱਲ਼ੋਂ ਕੱਪੜੇ ਨੂੰ ਜਿਸ ਰੌਡ ਉੱਤੇ ਲਪੇਟਿਆ ਜਾਂਦਾ ਹੈ ਉਨ੍ਹਾਂ ਅੰਦਰ ਹੈਰੋਇਨ ਨੂੰ ਲੁਕੋਇਆ ਗਿਆ ਸੀ।
ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਸੋਮਵਾਰ ਨੂੰ ਵੀ ਪੰਜਾਬ ਪੁਲਿਸ ਵੱਲ਼ੋਂ ਦੱਸਿਆ ਗਿਆ ਸੀ ਕਿ ਲੰਘੇ ਕੁਝ ਦਿਨਾਂ ਵਿੱਚ ਐਨਡੀਪੀਐਸ ਐਕਟ ਤਹਿਤ 559 ਐਫ.ਆਈ.ਆਰਜ਼ ਦਰਜ ਕਰਕੇ 676 ਨਸ਼ਾ ਤਸਕਰਾਂ/ਸਪਲਾਈਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
(ਐਡਿਟ – ਸਦਫ਼ ਖ਼ਾਨ)