ਮੱਤੇਵਾੜਾ: 'ਪਹਿਲਾਂ ਵਿਰੋਧ, ਹੁਣ ਸਰਕਾਰ ’ਚ ਆ ਕੇ ਇੰਡਸਟਰੀ ਲਾਉਣਗੇ'
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦੇ ਮੱਤੇਵਾੜਾ ਜੰਗਲ ਦੀ ਚਰਚਾ ਇੱਕ ਵਾਰ ਫ਼ਿਰ ਭਖੀ ਹੋਈ ਹੈ। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਮੱਤੇਵਾੜਾ ਵਿੱਚ ਟੈਕਸਟਾਈਲ ਪਾਰਕ ਦਾ ਮੁੱਦਾ ਚੁੱਕਿਆ ਗਿਆ। ਸੂਬੇ ਦੇ ਮੁੱਖ ਮੰਤਰੀ ਵੱਲੋਂ ਇਸ ਸਬੰਧੀ ਵਿਧਾਨ ਸਭਾ ਵਿੱਚ ਟੈਕਸਟਾਈਲ ਪਾਰਕ ਲਈ ਬਕਾਇਦਾ ਜ਼ਮੀਨ ਦੇਣ ਦਾ ਐਲ਼ਾਨ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਵਿਰੋਧੀ ਧਿਰਾਂ ਤੋਂ ਲੈ ਕੇ ਕਈ ਸੰਸਥਾਵਾਂ ਵੀ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਮੁਹਿੰਮ ਚਲਾ ਰਹੀਆਂ ਹਨ। ਇਹੀ ਨਹੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੱਤੇਵਾੜਾ ਜੰਗਲ ਨੂੰ ਬਚਾਉਣ ਸਬੰਧੀ ਚਿੱਠੀ ਲਿਖੀ ਸੀ।
ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਤੋਂ ਲੈ ਕੇ ਸਤਲੁਜ ਮੱਤੇਵਾੜਾ ਅਤੇ ਬੁੱਢਾ ਦਰਿਆ ਦੀ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਨੇ ਵੀ ਇਸ ਉੱਤੇ ਪ੍ਰਤੀਕਰਮ ਦਿੱਤਾ।
ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਮੱਤੇਵਾੜਾ ਜੰਗਲ ਨੂੰ ਬਚਾਉਣ ਦੀ ਵਕਾਲਤ ਕੀਤੀ ਅਤੇ ਮਾਨ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਕਹਿੰਦੇ ਸੀ ਇੰਡਸਟਰੀ ਨਹੀਂ ਲੱਗਣ ਦੇਵਾਂਗੇ ਪਰ ਹੁਣ ਕਹਿੰਦੇ ਇੰਡਸਟਰੀ ਲਗਾਵਾਂਗੇ।
ਦੱਸ ਦਈਏ ਕਿ ਦੋ ਸਾਲ ਪਹਿਲਾਂ ਜੁਲਾਈ 2020 ਵਿੱਚ ਵੀ ਇਸੇ ਮੁੱਦੇ ਨੂੰ ਲੈ ਕੇ ਮੱਤੇਵਾੜਾ ਬਚਾਓ ਸਤਲੁਜ ਬਚਾਓ ਮੁਹਿੰਮ ਸ਼ੁਰੂ ਹੋਈ ਸੀ। ਸੋਸ਼ਲ ਮੀਡੀਆ ਉੱਤੇ ਕਈ ਸੰਸਥਾਵਾਂ ਸਣੇ ਲੋਕਾਂ ਦਾ ਕਹਿਣਾ ਸੀ ਕਿ ਲੁਧਿਆਣਾ ਵਾਸੀਆਂ ਨੂੰ ਸ਼ੁੱਧ ਆਕਸਜੀਨ ਦੇਣ ਦਾ ਕੰਮ ਮੱਤੇਵਾੜਾ ਦਾ ਜੰਗਲ ਕਰਦਾ ਹੈ।
(ਐਡਿਟ – ਦਿਤੀ ਬਾਜਪਾਈ)