ਵਾਰਿਸ਼ ਸ਼ਾਹ ਦੀ ਰਚਨਾ- 'ਟਿੱਲੇ ਜਾਇਕੇ ਜੋਗੀ ਦੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫ਼ਕੀਰ ਸਾਈਂ'

ਵੀਡੀਓ ਕੈਪਸ਼ਨ, ਵਾਰਿਸ਼ ਸ਼ਾਹ ਦੀ ਰਚਨਾ- 'ਟਿੱਲੇ ਜਾਇਕੇ ਜੋਗੀ ਦੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫ਼ਕੀਰ ਸਾਈਂ'
ਪ੍ਰਕਾਸ਼ਿਤ

ਸੂਫੀ ਕਵੀ ਵਾਰਿਸ ਸ਼ਾਹ ਦੀ ਰਚਨਾ ਨੂੰ ਪ੍ਰੋਫੈਸਰ ਮਦਨ ਗੋਪਾਲ ਸਿੰਘ ਨੇ ਬੀਬੀਸੀ ਪੰਜਾਬੀ ਲਈ ਖ਼ਾਸ ਤੌਰ ’ਤੇ ਕੰਪੋਜ਼ ਕੀਤਾ ਹੈ ਤੇ ਉਨ੍ਹਾਂ ਨੇ ਆਪਣੀ ਅਵਾਜ਼ ਦਿੱਤੀ ਹੈ। ਮਦਨ ਗੋਪਾਲ ਸਿੰਘ ਮਿਊਜ਼ਿਕ ਕੰਪੋਜ਼ਰ, ਗਾਇਕ, ਲੇਖਕ, ਅਦਾਕਾਰ, ਪ੍ਰੋਫ਼ੈਸਰ ਤੇ ਐਡਿਟਰ ਹਨ।

ਮਦਨ ਗੋਪਾਲ ਸਿੰਘ ਵੱਲੋਂ ਖ਼ਾਸ ਪੇਸ਼ਕਸ਼ ਬਾਰੇ ਇੱਕ ਨੋਟ:

ਦੋਸਤੋ ਬੀਬੀਸੀ ਪੰਜਾਬੀ ਦੇ ਤਮਾਮ ਸੁਣਨ ਵਾਲਿਆਂ ਨੂੰ ਮੇਰਾ, ਮਦਨ ਗੋਪਾਲ ਸਿੰਘ, ਦਾ ਪਿਆਰ ਭਰਿਆ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਆਪ ਸਭਨਾਂ ਨਾਲ ਇਨਾਂ ਨਿੱਕੇ-ਨਿੱਕੇ ਐਪੀਸੋਡਜ਼ ਰਾਹੀਂ ਪੁਰਾਤਨ ਪੰਜਾਬੀ ਸ਼ਾਇਰੀ ਦੇ ਮੁਕੱਦਸ ਅਤੇ ਹਰਮਨ ਪਿਆਰੇ ਕਲਾਮ ਸਾਂਝੇ ਕਰਾਂਗਾ। ਅਸੀਂ ਇਸ ਸੀਰੀਜ਼ ਦਾ ਆਗਾਜ਼ ਬਾਬਾ ਸ਼ੇਖ਼ ਫ਼ਰੀਦ, ਯਾਨਿ ਕਿ ਫ਼ਰੀਦ-ਅਲ-ਦੀਨ ਮਸਊਦ ਗੰਜ-ਇ-ਸ਼ਕਰ, ਹੁਰਾਂ ਦੇ ਇਕ ਸ਼ਬਦ “ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ” ਨਾਲ ਕੀਤਾ ਹੈ ਜਿਹੜਾ ਕਿ ਪੰਜਾਬ ਦੀ ਧਰਤੀ ਤੋਂ ਸਿਰਜੇ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਇੱਕ ਅਨਮੋਲ ਰਚਨਾ ਹੈ। ਇਸ ਵਾਰ ਤੁਸੀਂ ਵਾਰਿਸ ਸ਼ਾਹ ਦੀ ਹੀਰ ਦੀਆਂ ਕੁਝ ਸਤਰਾਂ ਸੁਣ ਰਹੇ ਹੋ, ਜਿਸ ਵਿੱਚ ਟਿੱਲੇ ਜਾ ਕੇ ਜੋਗੀ ਨਾਲ ਰਾਂਝੇ ਦੀ ਗੱਲ ਬਾਤ ਪੇਸ਼ ਕੀਤੀ ਗਈ ਹੈ।

ਟਿੱਲੇ ਜਾਇਕੇ ਜੋਗੀ ਦੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫ਼ਕੀਰ ਸਾਈਂ ।

ਤੇਰੇ ਦਰਸ ਦੀਦਾਰ ਦੇ ਦੇਖਣੇ ਨੂੰ, ਆਇਆਂ ਦੇਸ ਪਰਦੇਸ ਮੈਂ ਚੀਰ ਸਾਈਂ ।

ਸਿਦਕ ਧਾਰ ਕੇ ਨਾਲ ਯਕੀਨ ਆਇਆ, ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈਂ ।

ਬਾਦਸ਼ਾਹ ਸੱਚਾ ਰੱਬ ਆਲਮਾਂ ਦਾ, ਫ਼ਕਰ ਓਸ ਦੇ ਹੈਣ ਵਜ਼ੀਰ ਸਾਈਂ ।

ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਦੁਧ ਬਾਝ ਨਾ ਹੋਵੇ ਹੈ ਖੀਰ ਸਾਈਂ ।

ਯਾਦ ਹੱਕ ਦੀ ਸਬਰ ਤਸਲੀਮ ਨਿਹਚਾ, ਤੁਸਾਂ ਜਗ ਦੇ ਨਾਲ ਕੀ ਸੀਰ ਸਾਈਂ ।

ਫ਼ਕਰ ਕੁਲ ਜਹਾਨ ਦਾ ਆਸਰਾ ਹੈ, ਤਾਬਿਹ ਫ਼ਕਰ ਦੀ ਪੀਰ ਤੇ ਮੀਰ ਸਾਈਂ ।

ਮੇਰਾ ਮਾਉਂ ਨਾ ਬਾਪ ਨਾ ਸਾਕ ਕੋਈ, ਚਾਚਾ ਤਾਇਆ ਨਾ ਭੈਣ ਨਾ ਵੀਰ ਸਾਈਂ ।

ਦੁਨੀਆਂ ਵਿੱਚ ਹਾਂ ਬਹੁਤ ਉਦਾਸ ਹੋਇਆ, ਪੈਰੋਂ ਸਾਡਿਉਂ ਲਾਹ ਜ਼ੰਜੀਰ ਸਾਈਂ ।

ਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸ ਥੇ, ਨਜ਼ਰ ਆਂਵਦਾ ਜ਼ਾਹਰਾ ਪੀਰ ਸਾਈਂ ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)