ਸ਼ਾਹ ਹੁਸੈਨ ਜੀ ਦੀ ਰਚਨਾ, 'ਓਥੇ ਹੋਰ ਨ ਕਾਇ ਕਬੂਲ ਮੀਆਂ, ਗਲਿ ਨੇਂਹੁ ਦੀ'
ਸੂਫੀ ਕਵੀ ਸ਼ਾਹ ਹੁਸੈਨ ਜੀ ਦੀ ਰਚਨਾ ਨੂੰ ਪ੍ਰੋਫੈਸਰ ਮਦਨ ਗੋਪਾਲ ਸਿੰਘ ਨੇ ਬੀਬੀਸੀ ਪੰਜਾਬੀ ਲਈ ਖ਼ਾਸ ਤੌਰ ’ਤੇ ਕੰਪੋਜ਼ ਕੀਤਾ ਹੈ ਤੇ ਉਨ੍ਹਾਂ ਨੇ ਆਪਣੀ ਅਵਾਜ਼ ਦਿੱਤੀ ਹੈ। ਮਦਨ ਗੋਪਾਲ ਸਿੰਘ ਮਿਊਜ਼ਿਕ ਕੰਪੋਜ਼ਰ, ਗਾਇਕ, ਲੇਖਕ, ਅਦਾਕਾਰ, ਪ੍ਰੋਫ਼ੈਸਰ ਤੇ ਐਡਿਟਰ ਹਨ।
ਮਦਨ ਗੋਪਾਲ ਸਿੰਘ ਵੱਲੋਂ ਖ਼ਾਸ ਪੇਸ਼ਕਸ਼ ਬਾਰੇ ਇੱਕ ਨੋਟ:
ਦੋਸਤੋ ਬੀਬੀਸੀ ਪੰਜਾਬੀ ਦੇ ਤਮਾਮ ਸੁਣਨ ਵਾਲਿਆਂ ਨੂੰ ਮੇਰਾ, ਮਦਨ ਗੋਪਾਲ ਸਿੰਘ, ਦਾ ਪਿਆਰ ਭਰਿਆ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਆਪ ਸਭਨਾਂ ਨਾਲ ਇਨਾਂ ਨਿੱਕੇ-ਨਿੱਕੇ ਐਪੀਸੋਡਜ਼ ਰਾਹੀਂ ਪੁਰਾਤਨ ਪੰਜਾਬੀ ਸ਼ਾਇਰੀ ਦੇ ਮੁਕੱਦਸ ਅਤੇ ਹਰਮਨ ਪਿਆਰੇ ਕਲਾਮ ਸਾਂਝੇ ਕਰਾਂਗਾ। ਅਸੀਂ ਇਸ ਸੀਰੀਜ਼ ਦਾ ਆਗਾਜ਼ ਬਾਬਾ ਸ਼ੇਖ਼ ਫ਼ਰੀਦ, ਯਾਨਿ ਕਿ ਫ਼ਰੀਦ-ਅਲ-ਦੀਨ ਮਸਊਦ ਗੰਜ-ਇ-ਸ਼ਕਰ, ਹੁਰਾਂ ਦੇ ਇਕ ਸ਼ਬਦ “ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ” ਨਾਲ ਕੀਤਾ ਹੈ ਜਿਹੜਾ ਕਿ ਪੰਜਾਬ ਦੀ ਧਰਤੀ ਤੋਂ ਸਿਰਜੇ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਇੱਕ ਅਨਮੋਲ ਰਚਨਾ ਹੈ। ਇਸ ਵਾਰ ਅਸੀਂ ਤੁਹਾਡੇ ਲਈ ਸੂਫੀ ਕਵੀ ਸ਼ਾਹ ਹੁਸੈਨ ਜੀ ਦੀ ਹੇਠ ਲਿਖਤ ਰਚਨਾ ਲੈ ਕੇ ਆਏ ਹਾਂ।
ਓਥੇ ਹੋਰ ਨ ਕਾਇ ਕਬੂਲ ਮੀਆਂ,
ਗਲਿ ਨੇਂਹੁ ਦੀ ।1।ਰਹਾਉ।
ਇਕ ਲਾਇ ਬਿਭੂਤ ਬਹਿਨ ਲਾਇ ਤਾੜੀ,
ਇਕ ਨੰਗੇ ਫਿਰਦੇ ਵਿਚ ਉਜਾੜੀਂ,
ਕੋਈ ਦਰਦ ਨ ਛਾਤੀ ਤੇਂਹ ਦੀ ।1।
ਇਕ ਰਾਤੀਂ ਜਾਗਿਨ ਜ਼ਿਕਰ ਕਰੇਂਦੇ,
ਇਕ ਸਰਦੇ ਫ਼ਿਰਦੇ ਭੁਖ ਮਰੇਂਦੇ,
ਜਾਇ ਨਹੀਂ ਉਥੇ ਕੇਂਹ ਦੀ ।2।
ਇਕ ਪੜ੍ਹਦੇ ਨੀ ਹਰਫ਼ ਕੁਰਾਨਾਂ,
ਇਕ ਮਸਲੇ ਕਰਦੇ ਨਾਲ ਜ਼ਬਾਨਾਂ,
ਇਹ ਗਲਿ ਨ ਹਾਸੀ ਹੇਂਹ ਦੀ ।3।
ਕਾਮਲ ਦੇ ਦਰਵਾਜ਼ੇ ਜਾਵੈਂ,
ਖ਼ੈਰੁ ਨੇਹੁੰ ਦਾ ਮੰਗਿ ਲਿਆਵੈਂ,
ਤਾਂ ਖ਼ਬਰ ਪਵੀ ਤਿਸ ਥੇਂਹ ਦੀ ।4।
ਕਹੈ ਹੁਸੈਨ ਫ਼ਕੀਰ ਗਦਾਈ,
ਲੱਖਾਂ ਦੀ ਗਲਿ ਏਹਾ ਆਹੀ,
ਤਲਬੁ ਨੇਹੀਂ ਨੂੰ ਨੇਂਹ ਦੀ ।5।