ਏਅਰ ਇੰਡੀਆ: ਉਸ ਏਅਰਲਾਈਨ ਦੀ ਕਹਾਣੀ ਜਿਸ ਲਈ ਲਗਾਈ ਗਈ 18000 ਕਰੋੜ ਰੁਪਏ ਦੀ ਬੋਲੀ
ਪ੍ਰਕਾਸ਼ਿਤ
ਭਾਰਤ ਦੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਹੁਣ ਟਾਟਾ ਸਮੂਹ ਦੀ ਹੋਵੇਗੀ। ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਨਿਵੇਸ਼ ਅਤੇ ਜਨ ਸੰਪਤੀ ਪ੍ਰਬੰਧਨ ਵਿਭਾਗ ਦੇ ਸਕੱਤਰ ਤੁਹੀਨ ਕਾਂਤਾ ਨੇ ਦੱਸਿਆ ਕਿ "ਟਾਟਾ ਸਮੂਹ ਨੇ 18000 ਕਰੋੜ ਰੁਪਏ ਦੀ ਬੋਲੀ ਲਗਾਈ ਹੈ।"
ਕਾਂਤਾ ਮੁਤਾਬਕ ਏਅਰ ਇੰਡੀਆ ਨੂੰ 10 ਦਸੰਬਰ ਤੱਕ ਟਾਟਾ ਸਮੂਹ ਨੂੰ ਸੌਂਪ ਦਿੱਤਾ ਜਾਵੇਗਾ।
ਨਾਗਰਿਕ ਹਵਾਬਾਜ਼ੀ ਸਕੱਤਰ ਰਾਜੀਵ ਬੰਸਲ ਅਨੁਸਾਰ ਜੇਤੂ ਬੋਲੀ ਵਾਲੇ ਨੂੰ ਪਹਿਲੇ ਇੱਕ ਸਾਲ ਲਈ ਸਾਰੇ ਮੁਲਾਜ਼ਮਾਂ ਨੂੰ ਬਰਕਰਾਰ ਰੱਖਣਾ ਹੋਵੇਗਾ। ਇਸ ਤੋਂ ਬਾਅਦ ਟਾਟਾ ਸਮੂਹ ਦੇ ਕੋਲ ਸਵੈ-ਇੱਛੁਕ ਰਿਟਾਇਰਮੈਂਟ ਦੇਣ ਦਾ ਬਦਲ ਹੋਵੇਗਾ।
ਤੁਹੀਨ ਕਾਂਤਾ ਨੇ ਕਿਹਾ ਕਿ ਏਅਰ ਇੰਡੀਆ ਦੀ ਬੋਲੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਮੁਕਾਬਲੇ ਵਾਲੀ ਰਹੀ ਹੈ।