ਸੁਖਬੀਰ ਬਾਦਲ ਦਾ ਆਪਣੇ ਹੀ ਹਲਕੇ 'ਚ ਮੁੜ ਤਿੱਖਾ ਵਿਰੋਧ, ਪੁਲਿਸ ਪਹਿਰੇ ਵਿੱਚ ਹੋਈ ਮੀਟਿੰਗ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਲਗਾਤਾਰ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਵੱਲੋਂ 100 ਦਿਨ 100 ਹਲਕਾ ਤਹਿਤ ਬੈਠਕਾਂ ਕੀਤੀਆਂ ਜਾ ਰਹੀਆਂ ਹਨ।
ਅੱਜ ਜ਼ਿਲ੍ਹਾ ਮੁਕਤਸਰ ਸਾਹਿਬ ਅਧੀਨ ਪੈਂਦੇ ਗਿੱਦੜਬਾਹਾ ਵਿਖੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਨਾ ਸੀ। ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ।
ਇਸ ਮੌਕੇ ਪੁਲੀਸ ਤਾਇਨਾਤ ਕਰ ਦਿੱਤੀ ਗਈ ਅਤੇ ਮੀਟਿੰਗ ਵਾਲੀ ਥਾਂ ’ਤੇ ਬੈਰੀਕੇਡਿੰਗ ਕੀਤੀ ਗਈ। ਸਿਰਫ਼ ਅਕਾਲੀ ਵਰਕਰਾਂ ਨੂੰ ਹੀ ਅੱਗੇ ਜਾਣ ਦਿੱਤਾ ਗਿਆ।
ਫਿਰ ਕਿਸਾਨ ਜਥੇਬੰਦੀਆਂ ਨੇ ਆਪਣਾ ਪ੍ਰੋਗਰਾਮ ਬਦਲ ਕੇ ਪਿੰਡ ਦੋਦਾ ਵਿਖੇ ਰੱਖ ਲਿਆ ਜਿੱਥੇ ਸੁਖਬੀਰ ਬਾਦਲ ਨੇ ਦੂਜੀ ਮੀਟਿੰਗ ਨੂੰ ਸੰਬੋਧਨ ਕਰਨਾ ਸੀ। ਕਿਸਾਨ ਲਗਾਤਾਰ ਦੋ ਘੰਟੇ ਤੱਕ ਨਾਅਰੇਬਾਜ਼ੀ ਕਰਦੇ ਰਹੇ ਤੇ ਸੁਖਬੀਰ ਬਾਦਲ ਤੋਂ ਸਵਾਲ ਪੁੱਛਣ ਦੀ ਜ਼ਿੱਦ ਕਰਨ ਲੱਗੇ। ਕਿਸਾਨ ਆਗੂ ਸੁਖਬੀਰ ਬਾਦਲ ਨੂੰ ਸਵਾਲ ਪ੍ਰੈੱਸ ਦੀ ਹਾਜ਼ਰੀ ਵਿੱਚ ਹੀ ਪੁੱਛਣਾ ਚਾਹੁੰਦੇ ਸਨ।
ਤਣਾਅਪੂਰਨ ਮਾਹੌਲ ਦੇਖ ਕੇ ਕਿਸਾਨਾਂ ਨਾਲ ਬਿਨਾਂ ਗੱਲਬਾਤ ਕੀਤੇ ਸੁਖਬੀਰ ਉੱਥੋਂ ਚਲੇ ਗਏ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਸਦਫ਼ ਖ਼ਾਨ