You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ ਰੂਸ ਜੰਗ: ਯੂਕਰੇਨ ਵੱਲੋਂ ਦਾਅਵਾ, ‘ਮਾਰਿਓਪੋਲ ’ਚ ਰਸਾਇਣ ਹਮਲਾ ਹੋਇਆ’

ਬੀਬੀਸੀ ਨਿਊਜ਼ ਪੰਜਾਬੀ ਦੇ ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਪਾਕਿਸਤਾਨ ਦੀ ਸਿਆਸੀ ਹਲਚਲ ਅਤੇ ਰੂਸ-ਯੂਕਰੇਨ ਜੰਗ ਬਾਰੇ ਅਹਿਮ ਅਪਡੇਟਸ ਦੇ ਰਹੇ ਹਾਂ।

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ, ਅਸੀਂ ਅੱਜ ਦਾ ਲਾਈਵ ਪੇਜ ਨੂੰ ਵਿਰਾਮ ਦੇ ਰਹੇ ਹਾਂ। ਅੱਜ ਦਾ ਮੁੱਖ ਘਟਨਾਕ੍ਰਮ ਇਸ ਤਰ੍ਹਾਂ ਹੈ-

    • ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਸਬਵੇ ਸਟੇਸ਼ਨ ’ਤੇ ਗੋਲੀਬਾਰੀ ਦੌਰਾਨ ਹੁਣ ਤੱਕ ਘੱਟੋ-ਘੱਟ 16 ਲੋਕ ਜ਼ਖਮੀ ਹੋ ਗਏ ਹਨ।
    • ਯੂਕਰੇਨ ਦੇ ਪ੍ਰੌਸੀਕਿਊਟਰ-ਜਨਰਲ ਦੇ ਦਫ਼ਤਰ ਨੇ ਟੈਲੀਗ੍ਰਾਮ 'ਤੇ ਕਿਹਾ ਹੈ ਕਿ ਰੂਸੀ ਹਮਲੇ ਦੌਰਾਨ ਯੂਕਰੇਨ ਵਿੱਚ ਘੱਟੋ-ਘੱਟ 186 ਬੱਚੇ ਮਾਰੇ ਗਏ ਹਨ ਅਤੇ 344 ਜ਼ਖਮੀ ਹੋਏ ਹਨ।
    • ਯੂਕਰੇਨ ਦੇ ਮਾਰਿਓਪੋਲ ਵਿੱਚ ਸ਼ਹਿਰ ਦੇ ਡਿਪਟੀ ਮੇਅਰ ਸੇਰਹੀ ਓਰਲੋਵਨੇ ਫ਼ੋਨ 'ਤੇ ਦੱਸਿਆ ਕਿ ਸਿਟੀ ਕੌਂਸਲ ਨੇ ਤਸਦੀਕ ਕੀਤੀ ਹੈ ਕਿ ਇੱਕ ਰੂਸੀ ਡਰੋਨ ਵੱਲੋਂ "ਰਸਾਇਣਕ ਜ਼ਹਿਰ" ਸੁੱਟਿਆ ਗਿਆ ਹੈ।
    • ਅਮਰੀਕਾ ਅਧਾਰਿਤ ਖੋਜਾਰਥੀਆਂ ਮੁਤਾਬਕ ਫਰਵਰੀ ਵਿੱਚ ਯੂਕਰੇਨ ਉੱਤੇ ਰੂਸ ਦੇ ਹਮਲੇ ਮਗਰੋਂ 600 ਤੋਂ ਵੱਧ ਕੰਪਨੀਆਂ ਨੇ ਰੂਸ ਵਿੱਚ ਜਾਂ ਤਾਂ ਆਪਣਾ ਕੰਮ ਰੋਕ ਦਿੱਤਾ ਹੈ ਜਾਂ ਫ਼ਿਰ ਘਟਾਇਆ।
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਹੈ
    • ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਅਹੁਦਾ ਸੰਭਾਲਣ ਉੱਤੇ ਵਧਾਈ ਦਿੱਤੀ।
  2. 'ਨਾ ਮੈਂ ਆਪਣਾ ਮੁਲਕ ਛੱਡ ਕੇ ਕਿਤੇ ਜਾਵਾਂਗੀ ਤੇ ਨਾ ਹੀ ਮੇਰੇ ਬੱਚੇ'

  3. ਯੂਕਰੇਨ ਰੂਸ ਦੀ ਲੜਾਈ ਦੇ ਹਵਾਲੇ ਨਾਲ ਸਮਝੋ ਜੰਗੀ ਅਪਰਾਧ ਕੀ ਹੁੰਦੇ ਹਨ

  4. ਜੰਗ ‘ਚ 186 ਬੱਚਿਆਂ ਦੀ ਮੌਤ- ਯੂਕਰੇਨ

    ਯੂਕਰੇਨ ਦੇ ਪ੍ਰੌਸੀਕਿਊਟਰ-ਜਨਰਲ ਦੇ ਦਫ਼ਤਰ ਨੇ ਟੈਲੀਗ੍ਰਾਮ 'ਤੇ ਕਿਹਾ ਹੈ ਕਿ ਰੂਸੀ ਹਮਲੇ ਦੌਰਾਨ ਯੂਕਰੇਨ ਵਿੱਚ ਘੱਟੋ-ਘੱਟ 186 ਬੱਚੇ ਮਾਰੇ ਗਏ ਹਨ ਅਤੇ 344 ਜ਼ਖਮੀ ਹੋਏ ਹਨ।

    ਯੂਕਰੇਨ ਦਾ ਕਹਿਣਾ ਹੈ ਕਿ ਸਭ ਤੋਂ ਵੱਧ 113 ਮੌਤਾਂ ਦੋਨੇਤਸਕ ਦੇ ਪੂਰਬੀ ਖੇਤਰ ਵਿੱਚ ਦਰਜ ਕੀਤੀਆਂ ਗਈਆਂ ਹਨ।

    ਯੂਕਰੇਨ ਦਾ ਇਹ ਵੀ ਕਹਿਣਾ ਹੈ ਕਿ ਗੋਲਾਬਾਰੀ ਨਾਲ 938 ਵਿਦਿਅਕ ਸੰਸਥਾਵਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਨ੍ਹਾਂ ਵਿੱਚ 87 ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।

    ਸੰਯੁਕਤ ਰਾਸ਼ਟਰ ਦੀ ਬੱਚਿਆਂ ਦੀ ਏਜੰਸੀ ਯੂਨੀਸੇਫ ਨੇ ਕਿਹਾ ਹੈ ਕਿ ਰੂਸ ਦੇ ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ਦੇ ਲਗਭਗ ਦੋ ਤਿਹਾਈ ਬੱਚੇ, ਕਰੀਬ 4.8 ਮਿਲੀਅਨ, ਆਪਣੇ ਘਰ ਛੱਡ ਕੇ ਭੱਜ ਗਏ ਹਨ।

  5. ਮਾਰਿਓਪੋਲ ਵਿੱਚ ਰਸਾਇਣ ਹਮਲੇ ਦਾ ਦਾਅਵਾ ਕੀਤਾ ਗਿਆ

    ਲਵੀਵ ਤੋਂ ਬੀਬੀਸੀ ਰਿਪੋਰਟ ਟੋਬੀ ਲੁਕਹਰਸਟ ਅਤੇ ਮਾਰੀਆਨਾ ਮੈਗਲੀਚ ਦੀ ਰਿਪੋਰਟ ਮੁਤਾਬਕ ਰੂਸੀ ਫੌਜ ਵੱਲੋਂ ਘੇਰਾਬੰਦੀ ਕੀਤੇ ਗਏ ਯੂਕਰੇਨ ਦੇ ਸ਼ਹਿਰ ਸੰਭਾਵੀ ਰਸਾਇਣਕ ਹਮਲੇ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ।

    ਸ਼ਹਿਰ ਦੇ ਡਿਪਟੀ ਮੇਅਰ ਸੇਰਹੀ ਓਰਲੋਵਨੇ ਫ਼ੋਨ 'ਤੇ ਦੱਸਿਆ ਕਿ ਸਿਟੀ ਕੌਂਸਲ ਨੇ ਤਸਦੀਕ ਕੀਤੀ ਹੈ ਕਿ ਇੱਕ ਰੂਸੀ ਡਰੋਨ ਵੱਲੋਂ "ਰਸਾਇਣਕ ਜ਼ਹਿਰ" ਸੁੱਟਿਆ ਗਿਆ ਹੈ।

    ਉਨ੍ਹਾਂ ਦਾ ਕਹਿਣਾ ਹੈ, ““ਅਸੀਂ ਵਿਸਥਾਰ ਨਾਲ ਜਾਣਕਾਰੀ ਨਹੀਂ ਦੇ ਸਕਦੇ, ਪਰ ਸਾਨੂੰ ਫੌਜ ਤੋਂ ਪੁਸ਼ਟੀ ਹੋਈ ਹੈ ਕਿ ਅਜਿਹਾ ਹੋਇਆ ਹੈ।”

    ਇਹ ਦੋਸ਼ ਕਿ ਮਾਰਿਓਪੋਲ ਵਿੱਚ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ।

    ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਸੈਨਿਕ ਪ੍ਰਭਾਵਿਤ ਹੋਏ ਹਨ, ਪਰ ਬਟਾਲੀਅਨ ਨੇ ਕਿਹਾ ਕਿ ਉਸ ਦੇ ਲੜਾਕਿਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਸਮੇਤ ਮਾਮੂਲੀ ਸੱਟਾਂ ਲੱਗੀਆਂ ਹਨ।

  6. ਰੂਸ ਤੋਂ 600 ਕੰਪਨੀਆਂ ਨੇ ਕੰਮ ਰੋਕਿਆ - ਰਿਸਰਚਰ

    ਅਮਰੀਕਾ ਅਧਾਰਿਤ ਖੋਜਾਰਥੀਆਂ ਮੁਤਾਬਕ ਫਰਵਰੀ ਵਿੱਚ ਯੂਕਰੇਨ ਉੱਤੇ ਰੂਸ ਦੇ ਹਮਲੇ ਮਗਰੋਂ 600 ਤੋਂ ਵੱਧ ਕੰਪਨੀਆਂ ਨੇ ਰੂਸ ਵਿੱਚ ਜਾਂ ਤਾਂ ਆਪਣਾ ਕੰਮ ਰੋਕ ਦਿੱਤਾ ਹੈ ਜਾਂ ਫ਼ਿਰ ਘਟਾਇਆ ਹੈ।

    ਅਮਰੀਕਾ ਦੀ ਯੇਲ ਯੂਨੀਵਰਸਿਟੀ ਦੀ ਟੀਮ ਨੇ 1000 ਤੋਂ ਵੱਧ ਵੱਡੀਆਂ ਕੰਪਨੀਆਂ ਦੇ ਜਵਾਬਾਂ ਦਾ ਮੁਲਾਂਕਣ ਕੀਤਾ ਹੈ। ਟੀਮ ਮੁਤਾਬਕ ਬਹੁਤ ਸਾਰੀਆਂ ਕੰਪਨੀਆਂ ਦੇ ਕੰਮ ਰੋਕਣ ਦੇ ਨਾਲ-ਨਾਲ ਕਈ ਪੱਛਮੀ ਕੰਪਨੀਆਂ ਹਾਲੇ ਵੀ ਆਪਣਾ ਕੰਮ ਪਹਿਲਾਂ ਵਾਂਗ ਜਾਰੀ ਰੱਖ ਰਹੀਆਂ ਹਨ।

    ਰੂਸ ਵਿੱਚ ਕੰਮ ਰੋਕਣ ਜਾਂ ਘਟਾਉਣ ਵਾਲੀਆਂ ਕੰਪਨੀਆਂ ਵਿੱਚ ਨੈੱਟਫਲਿੱਕਸ ਵੀ ਸ਼ਾਮਲ ਹੈ। ਦੂਜੇ ਪਾਸੇ ਏਮੀਰੇਟ ਏਅਰਲਾਈਨਜ਼ ਵਰਗੀਆਂ ਕੰਪਨੀਆਂ ਆਪਣਾ ਕੰਮ ਪਹਿਲਾਂ ਵਾਂਗ ਚਲਾ ਰਹੀਆਂ ਹਨ।

  7. ਰਾਸ਼ਟਰਪਤੀ ਨੂੰ ਮਿਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਹੈ।

    ਇਸ ਤੋਂ ਬਾਅਦ ਉਹ ਦੇਸ਼ ਦੇ ਉੱਪ ਰਾਸ਼ਟਰਪਤੀ ਵੇਂਕਇਆ ਨਾਇਡੂ ਨੂੰ ਵੀ ਮਿਲਣਗੇ।

  8. ਰਾਜਨਾਥ ਸਿੰਘ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵਧਾਈ

    ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਅਹੁਦਾ ਸੰਭਾਲਨ ਉੱਤੇ ਵਧਾਈ ਦਿੱਤੀ ਹੈ।

    ਰਾਜਨਾਥ ਸਿੰਘ ਨੇ ਵਧਾਈ ਦੇ ਨਾਲ-ਨਾਲ ਸ਼ਾਹਬਾਜ਼ ਸ਼ਰੀਫ਼ ਨੂੰ ਇੱਕ ਸਲਾਹ ਵੀ ਦਿੱਤੀ ਹੈ।

    ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਰਾਜਨਾਥ ਸਿੰਘ ਨੇ ਕਿਹਾ, ''ਮੈਂ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹ ਅੱਤਵਾਦ ਉੱਤੇ ਲਗਾਮ ਕੱਸਣ, ਉਨ੍ਹਾਂ ਨੂੰ ਵਧਾਈ ਹੋਵੇ।''

  9. ਮਾਰੀਓਪੋਲ 'ਚ 10 ਹਜ਼ਾਰ ਨਾਗਰਿਕਾਂ ਦੀ ਮੌਤ ਹੋਈ - ਮੇਅਰ

    ਯੂਕਰੇਨ ਦੇ ਸ਼ਹਿਰ ਮਾਰੀਓਪੋਲ ਦੇ ਮੇਅਰ ਨੇ ਖ਼ਬਰ ਏਜੰਸੀ ਅਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਹੈ ਕਿ ਜੰਗ ਦੀ ਸ਼ੁਰੂਆਤ ਤੋਂ ਬਾਅਦ ਦੱਖਣੀ ਬੰਦਰਗਾਹ 'ਤੇ ਘੱਟੋ-ਘੱਟ 10 ਹਜ਼ਾਰ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।

    ਮੇਅਰ ਵਡਿਮ ਬੋਏਚੇਂਕੋ ਨੇ ਸੋਮਵਾਰ ਨੂੰ ਕਿਹਾ ਕਿ ਲਾਸ਼ਾਂ ਨੂੰ "ਗਲੀਆਂ ਵਿੱਚ ਕਾਰਪੇਟ ਵਾਂਗ ਵਿਛਾਇਆ ਗਿਆ ਸੀ"। ਮੇਅਰ ਯੂਕਰੇਨ ਵਿੱਚ ਕਿਸੇ ਅਣਦੱਸੀ ਥਾਂ ਤੋਂ ਬੋਲ ਰਹੇ ਸੀ।

    ਉਨ੍ਹਾਂ ਕਿਹਾ ਕਿ ਹਾਲੇ ਵੀ ਮਾਰੀਓਪੋਲ ਵਿੱਚ 1 ਲੱਖ 20 ਹਜ਼ਾਰ ਨਾਗਰਿਕਾ ਹਨ ਅਤੇ ਉਨ੍ਹਾਂ ਨੂੰ ਤੁਰੰਤ ਖਾਣੇ, ਪਾਣੀ ਅਤੇ ਦਵਾਈਆਂ ਦੀ ਲੋੜ ਹੈ।

    ਮੇਅਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਈ ਰਿਪੋਰਟ ਹਾਸਿਲ ਹੋਈਆਂ ਹਨ ਕਿ ਰੂਸੀ ਲਾਸ਼ਾਂ ਨੂੰ ਇਕੱਠਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇੱਕ ਸ਼ਾਪਿੰਗ ਸੈਂਟਰ 'ਚ ਫਰਿੱਜਾਂ ਵਿੱਚ ਸਟੋਰ ਕਰ ਰਹੇ ਹਨ।

    ਉਨ੍ਹਾਂ ਅੱਗੇ ਕਿਹਾ, ''ਟਰੱਕਾਂ ਦੇ ਰੂਪ ਵਿੱਚ ਮੋਬਾਈਲ ਸ਼ਮਸ਼ਾਨ ਘਾਟ ਆ ਚੁੱਕੇ ਹਨ, ਤੁਸੀਂ ਇਨ੍ਹਾਂ ਨੂੰ ਖੋਲ੍ਹਦੇ ਹੋ ਤਾਂ ਅੰਦਰ ਇੱਕ ਪਾਈਪ ਹੈ ਅਤੇ ਇਹ ਲਾਸ਼ਾਂ ਸਾੜੀਆਂ ਜਾ ਰਹੀਆਂ ਹਨ।''

    ਖ਼ਬਰ ਏਜੰਸੀ ਨੂੰ ਜੋ ਗੱਲਾਂ ਵੱਖ-ਵੱਖ ਸਰੋਤਾਂ ਦੇ ਆਧਾਰ ਉੱਤੇ ਮੇਅਰ ਨੇ ਦੱਸੀਆਂ ਹਨ, ਉਨ੍ਹਾਂ ਦਾਅਵਿਆਂ ਦੀ ਬੀਬੀਸੀ ਤਸਦੀਕ ਨਹੀਂ ਕਰ ਸਕਿਆ।

  10. ਰੂਸ ਨਾਲ ਊਰਜਾ ਸੌਦਿਆਂ ਦੇ ਸਵਾਲ 'ਤੇ ਵਿਦੇਸ਼ ਮੰਤਰੀ ਨੇ ਕਿਉਂ ਕੀਤਾ ਯੂਰਪ ਦਾ ਜ਼ਿਕਰ

    ਅਮਰੀਕਾ ਦੇ ਨਾਲ ਟੂ ਪਲੱਸ ਟੂ ਗੱਲਬਾਤ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਰੂਸ ਨਾਲ ਭਾਰਤ ਦੇ ਊਰਜਾ ਸੌਦਿਆਂ ਉੱਤੇ ਗੱਲ ਕਰਨ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕਿ ਯੂਰਪ ਦਾ ਹੁਣ ਵੀ ਰੂਸ ਨਾਲ ਕਿੰਨਾ ਕਾਰੋਬਾਰ ਹੈ।

    ਐਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਟੂ ਪਲੱਸ ਟੂ ਵਾਰਤਾ ਲਈ ਅਮਰੀਕਾ ਗਏ ਹਨ।

    ਇੱਥੇ ਉਨ੍ਹਾਂ ਕਿਹਾ, ''ਜੇ ਤੁਸੀਂ ਰੂਸ ਨਾਲ (ਭਾਰਤ ਦੀ) ਊਰਜਾ ਖਰੀਦ ਦੇਖ ਰਹੇ ਹੋ, ਤਾਂ ਮੇਰਾ ਸੁਝਾਅ ਹੈ ਕਿ ਤੁਹਾਡਾ ਧਿਆਨ ਯੂਰਪ ਉੱਤੇ ਹੋਣਾ ਚਾਹੀਦਾ ਹੈ। ਅਸੀਂ ਉਨੀਂ ਊਰਜਾ ਖਰੀਦ ਰਹੇ ਹਾਂ ਜਿੰਨੀ ਸਾਡੀ ਊਰਜਾ ਸੁਰੱਖਿਆ ਦੇ ਲਿਹਾਜ਼ ਨਾਲ ਜ਼ਰੂਰੀ ਹੈ। ਪਰ ਅੰਕੜਿਆਂ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੈ ਕਿ ਅਸੀਂ ਜਿੰਨੀ ਇੱਕ ਮਹੀਨੇ ਵਿੱਚ ਖ਼ਰੀਦ ਰਹੇ ਹਾਂ ਉਹ ਯੂਰਪ ਵੱਲੋਂ ਦੁਪਹਿਰ ਤੱਕ ਖ਼ਰੀਦੀ ਗਈ ਊਰਜਾ ਤੋਂ ਘੱਟ ਹੈ।''

  11. ਹੁਣ ਤੱਕ ਦਾ ਅਹਿਮ ਘਟਨਾਕ੍ਰਮ

    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਲੋਕ ਪੂਰਬੀ ਹਿੱਸੇ ਵਿੱਚ ਰੂਸ ਦੀ ਵੱਡੀ ਮੁਹਿੰਮ ਲਈ ਤਿਆਰ ਰਹਿਣ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਰੂਸੀ ਫੌਜਾਂ 'ਤੇ ਤਸ਼ੱਦਦ ਕਰਨ ਅਤੇ ਕਾਇਰਤਾ ਦਾ ਵੀ ਇਲਜ਼ਾਮ ਲਗਾਇਆ।
    • ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਮਾਰੀਓਪਲ ਵਿੱਚ ਰੂਸੀ ਹਮਲੇ ਵਿੱਚ ਹਜ਼ਾਰਾਂ ਲਕਾਂ ਦੀ ਜਾਨ ਗਈ ਹੈ।
    • ਅਮਰੀਕਾ ਨੇ ਕਿਹਾ ਰੂਸ ਤੋਂ ਤੇਲ ਖਰੀਦ ਕੇ ਭਾਰਤ ਕਿਸੇ ਪਾਬੰਦੀ ਦੀ ਉਲੰਘਣਾ ਨਹੀਂ ਕਰ ਰਿਹਾ।
    • ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅਹੁਦੇ ਦੀ ਸਹੁੰ ਚੁੱਕ ਲਈ ਹੈ।
    • ਇਮਰਾਨ ਖ਼ਾਨ ਸਣੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੈਂਬਰਾਂ ਨੇ ਨੈਸ਼ਨਲ ਅਸੈਂਬਲੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਅਤੇ ਪ੍ਰਧਾਨ ਮੰਤਰੀ ਦੀ ਚੋਣ ਦਾ ਬਾਇਕਾਟ ਕੀਤਾ।
  12. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

    ਬੀਬੀਸੀ ਪੰਜਾਬੀ ਦੇ ਅੱਜ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ।

    ਅੱਜ ਦਾ ਇਹ ਲਾਈਵ ਪੇਜ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੇ ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਹਲਚਲ ਦੀਆਂ ਅਹਿਮ ਘਟਨਾਵਾਂ ਬਾਰੇ ਹੈ।

    11 ਅਪ੍ਰੈਲ ਦੀਆਂ ਅਹਿਮ ਘਟਨਾਵਾਂ ਜਾਨਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।