You’re viewing a text-only version of this website that uses less data. View the main version of the website including all images and videos.

Take me to the main website

ਪਾਕਿਸਤਾਨ: ਸ਼ਾਹਬਾਜ਼ ਸ਼ਰੀਫ਼ ਬਣੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ

ਬੀਬੀਸੀ ਨਿਊਜ਼ ਪੰਜਾਬੀ ਦੇ ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਪਾਕਿਸਤਾਨ ਦੀ ਸਿਆਸੀ ਹਲਚਲ ਅਤੇ ਰੂਸ-ਯੂਕਰੇਨ ਜੰਗ ਬਾਰੇ ਅਹਿਮ ਅਪਡੇਟਸ ਦੇ ਰਹੇ ਹਾਂ।

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ, ਅਸੀਂ ਅੱਜ ਦਾ ਲਾਈਵ ਪੇਜ ਨੂੰ ਵਿਰਾਮ ਦੇ ਰਹੇ ਹਾਂ। ਅੱਜ ਦਾ ਮੁੱਖ ਘਟਨਾਕ੍ਰਮ ਇਸ ਤਰ੍ਹਾਂ ਹੈ-

    • ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅਹੁਦੇ ਦੀ ਸਹੁੰ ਚੁੱਕ ਲਈ ਹੈ।
    • ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਬੇਟੇ ਹਮਜ਼ਾ ਦੇ ਖ਼ਿਲਾਫ਼ ਚੱਲ ਰਹੇ ਹਾਈ ਪ੍ਰੋਫਾਈਲ ਕੇਸ ਦੀ ਸੁਣਵਾਈ 27 ਅਪ੍ਰੈਲ ਤੱਕ ਟਾਲ ਦਿੱਤੀ ਗਈ ਹੈ। ਇਸ ਦੇ ਨਾਲ ਹੀ 27 ਤਾਰੀਖ਼ ਤੱਕ ਦੀ ਹੀ ਅਗਾਊਂ ਜ਼ਮਾਨਤ ਵੀ ਦਿੱਤੀ ਗਈ ਹੈ।
    • ਇਮਰਾਨ ਖ਼ਾਨ ਸਣੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੈਂਬਰਾਂ ਨੇ ਨੈਸ਼ਨਲ ਅਸੈਂਬਲੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਅਤੇ ਪ੍ਰਧਾਨ ਮੰਤਰੀ ਦੀ ਚੋਣ ਦਾ ਬਾਇਕਾਟ ਕੀਤਾ
    • ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪਾਰਟੀ ਦੀ ਅਨੁਸ਼ਾਸਨ ਕਮੇਟੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਜਵਾਬ ਦੇਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ
    • ਯੂਕਰੇਨੀ ਫੌਜ ਨੇ ਕਿਹਾ ਕਿ ਰੂਸ ਦੁਆਰਾ ਮੋਲਡੋਵਾ ਵਿੱਚ 'ਭੜਕਾਊ ਕਾਰਵਾਈਆਂ' ਕਰਨ ਦੀ ਸੰਭਾਵਨਾ ਹੈ।
    • ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਅੱਗੇ ਦੇ ਕੰਮ ਬਾਰੇ ਚਰਚਾ ਕੀਤੀ।
    • ਪੰਜਾਬ ਦੇ ਡੀਜੀਪੀ ਵੀਕੇ ਭੰਵਰਾ ਨੇ ਕਿਹਾ, ਪੰਜਾਬ 'ਚ 2021 ਵਿੱਚ 158 ਕਤਲ ਹੋਏ, ਜਿਨ੍ਹਾਂ ਵਿੱਚੋਂ ਛੇ 'ਚ ਸਿੱਧੇ ਅਸਿੱਧੇ ਤੌਰ 'ਤੇ ਗੈਂਗਸਟਰ ਸ਼ਾਮਿਲ ਹਨ।
  2. ਸ਼ਾਹਬਾਜ਼ ਸ਼ਰੀਫ਼ ਨੇ ਚੁੱਕੀ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ

    ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅਹੁਦੇ ਦੀ ਸਹੁੰ ਚੁੱਕ ਲਈ ਹੈ।

    ਉਨ੍ਹਾਂ ਨੂੰ ਕਾਰਜਕਾਰੀ ਰਾਸ਼ਟਰਪਤੀ ਸਾਦਿਕ ਸੰਜਾਰਾਨੀ ਨੇ ਸਹੁੰ ਚੁਕਾਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਤਬੀਅਤ ਨਾਸਾਜ਼ ਹੈ ਤੇ ਉਹ ਅਸਹਿਜ ਮਹਿਸੂਸ ਕਰ ਰਹੇ ਹਨ।

  3. ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਕੀ-ਕੀ ਬੋਲੇ ਸ਼ਾਹਬਾਜ਼ ਸ਼ਰੀਫ਼

    ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਸ਼ਾਹਬਾਜ਼ ਸ਼ਰੀਫ਼ ਨੂੰ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਹੈ। ਉਨ੍ਹਾਂ ਨੇ ਅਸੈਂਬਲੀ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਸੀ ਕਿ ਬੇਭਰੋਸਗੀ ਮਤਾ ਸਫ਼ਲ ਰਿਹਾ ਅਤੇ ਸੱਚ ਦੀ ਜਿੱਤ ਅਤੇ, ਝੂਠ ਦੀ ਹਾਰ ਹੋਈ।

    ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ, “ਸਾਰਿਆਂ ਦੀਆਂ ਦੁਆਵਾਂ ਨੇ ਪਾਕਿਸਤਾਨ ਨੂੰ ਬਚਾ ਲਿਆ ਹੈ। ਅੱਜ ਦਾ ਦਿਨ ਪੂਰੀ ਪਾਕਿਸਤਾਨੀ ਕੌਮ ਲਈ ਅਜ਼ੀਮ ਦਿਨ ਹੈ ਅਤੇ ਸਦਨ ਨੇ ਅੱਜ ਇੱਕ ਚੁਣੇ ਹੋਏ ਪ੍ਰਧਾਨ ਮੰਤਰੀ ਨੂੰ ਰਸਤਾ ਦਿਖਾਇਆ ਹੈ।“

    “ਇਸ ਦਿਨ ਨੂੰ ਯਾਦਗਾਰ ਦਿਨ ਵਜੋਂ ਮਨਾਉਣਾ ਚਾਹੀਦਾ। ਪਾਕਿਸਤਾਨੀ ਰੁਪਈਆ ਵੀ 8 ਰੁਪਏ ਮਜ਼ਬੂਤ ਹੋਇਆ ਹੈ, 190 ਤੋਂ ਵਾਪਿਸ 182 ਆ ਗਿਆ ਹੈ।“

  4. ਪਾਕਿਸਤਾਨ: ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਬੇਟੇ ਹਮਜ਼ਾ ਦੇ ਹਵਾਲਾ ਕੇਸ ‘ਤੇ ਸੁਣਵਾਈ 27 ਅਪ੍ਰੈਲ ਨੂੰ

    ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਚੁਣ ਲਏ ਗਏ ਹਨ।

    ਇਸ ਤੋਂ ਪਹਿਲਾਂ ਪਾਕਿਸਤਾਨ ਦੀ ਇੱਕ ਅਦਾਲਤ ਨੇ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਬੇਟੇ ਹਮਜ਼ਾ ਨੂੰ ਰਾਹਤ ਦਿੱਤੀ ਸੀ।

    ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਬੇਟੇ ਹਮਜ਼ਾ ਦੇ ਖ਼ਿਲਾਫ਼ ਚੱਲ ਰਹੇ ਹਾਈ ਪ੍ਰੋਫਾਈਲ ਕੇਸ ਦੀ ਸੁਣਵਾਈ 27 ਅਪ੍ਰੈਲ ਤੱਕ ਟਾਲ ਦਿੱਤੀ ਗਈ ਹੈ। ਇਸ ਦੇ ਨਾਲ ਹੀ 27 ਤਾਰੀਖ਼ ਤੱਕ ਦੀ ਹੀ ਅਗਾਊਂ ਜ਼ਮਾਨਤ ਵੀ ਦਿੱਤੀ ਗਈ ਹੈ।

    ਨਿਊਜ਼ ਏਜੰਸੀ ਪੀਟੀਆਈ ਨੂੰ ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਾਹਬਾਜ਼ ਸ਼ਰੀਫ਼ ਨੇ ਖ਼ੁਦ ਨੂੰ ਵਿਅਕਤੀਗਤ ਪੇਸ਼ੀ ਤੋਂ ਛੋਟ ਦਿੱਤੇ ਜਾਣ ਨੂੰ ਲੈ ਕੇ ਪਟੀਸ਼ਨ ਪਾਈ ਸੀ।

    ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਲਈ ਅਤੇ ਆਪਣੇ ਬੇਟੇ ਹਮਜ਼ਾ ਲਈ ਅਗਾਊਂ ਜ਼ਮਾਨਤ ਨੂੰ 27 ਅਪ੍ਰੈਲ ਤੱਕ ਵਧਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਫੈਡਰਲ ਇੰਵੈਸਟੀਗੇਸ਼ਨ ਏਜੰਸੀ (ਐੱਫਆਈਏ) ਦੀ ਵਿਸ਼ੇਸ਼ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ।

    ਇਹ ਮਾਮਲਾ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਹੈ। ਐੱਫਆਈਏ ਨੇ ਨਵੰਬਰ 2020 ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਐਂਟੀ ਮਨੀ ਲਾਂਡਰਿੰਗ ਐਕਟ ਦੀਆਂ ਧਾਰਾਵਾਂ ਵਿੱਚ ਸ਼ਾਹਬਾਜ਼ ਅਤੇ ਉਨ੍ਹਾਂ ਦੇ ਬੇਟਿਆਂ ਹਮਜ਼ਾ ਤੇ ਸੁਲੇਮਾਨ ਖ਼ਿਲਾਫ਼ ਕੇਸ ਦਰਜ ਕੀਤਾ ਸੀ।

    ਸੁਲੇਮਾਨ ਫਰਾਰ ਹਨ ਅਤੇ ਬ੍ਰਿਟੇਨ ਵਿੱਚ ਰਹਿ ਰਹੇ ਹਨ।

  5. ਪਾਕਿਸਤਾਨ:ਇਮਰਾਨ ਖ਼ਾਨ ਦੀ ਪਾਰਟੀ ਦਾ ਨੈਸ਼ਨਲ ਅਸੈਂਬਲੀ ਤੋਂ ਅਸਤੀਫਾ ਦੇ ਐਲਾਨ

    ਇਮਰਾਨ ਖ਼ਾਨ ਸਣੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੈਂਬਰਾਂ ਨੇ ਨੈਸ਼ਨਲ ਅਸੈਂਬਲੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ।

    ਇਸ ਦੇ ਨਾਲ ਹੀ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਦੀ ਚੋਣ ਦਾ ਬਾਇਕਾਟ ਕਰਦੇ ਹਨ।

    ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਸਦੀ ਦਲ ਦੀ ਬੈਠਕ ਵਿੱਚ ਕਿਹਾ, “ਅਸੀਂ ਉਨ੍ਹਾਂ ਦੇ ਨਾਲ ਕਦੇ ਵੀ ਵਿਧਾਨ ਸਭਾ ਵਿੱਚ ਨਹੀਂ ਬੈਠ ਸਕਦੇ।“

    ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆ ਨੈਸ਼ਨਲ ਅਸੈਂਬਲੀ ਵਿੱਚ ਪੀਟੀਆਈ ਨੇਤਾ ਅਤੇ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ, “ਅਸੀਂ ਅਸਤੀਫ਼ਾ ਦਿਆਂਗੇ ਅਤੇ ਆਜ਼ਾਦੀ ਦੀ ਲੜਾਈ ਲੜਨਗੇ।“

  6. ਕਾਂਗਰਸ ਵੱਲੋਂ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ

    ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪਾਰਟੀ ਦੀ ਅਨੁਸ਼ਾਸਨ ਕਮੇਟੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

    ਸੁਨੀਲ ਜਾਖੜ ਨੂੰ ਜਵਾਬ ਦੇਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ।

    ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਵੱਲੋਂ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਪਾਰਟੀ ਦੇ ਆਗੂਆਂ ਲਈ ਕਥਿਤ ਤੌਰ 'ਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ।

    ਬਾਅਦ ਵਿੱਚ ਸੁਨੀਲ ਜਾਖੜ ਵੱਲੋਂ ਸੋਸ਼ਲ ਮੀਡੀਆ ਰਾਹੀਂ ਮੁਆਫੀ ਵੀ ਮੰਗੀ ਗਈ ਸੀ ਪਰ ਪਾਰਟੀ ਦੀ ਅਨੁਸ਼ਾਸਨ ਕਮੇਟੀ ਨੇ ਸੋਮਵਾਰ ਨੂੰ ਇਸ ਬਾਰੇ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ।

    ਉਨ੍ਹਾਂ ਦੇ ਨਾਲ- ਨਾਲ ਇੱਕ ਹੋਰ ਕਾਂਗਰਸੀ ਆਗੂ ਕੇ ਥੌਮਸ ਨੂੰ ਵੀ ਅਨੁਸ਼ਾਸਨ ਕਮੇਟੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

  7. ਰੂਸ ਦੁਆਰਾ ਮੋਲਡੋਵਾ ਵਿੱਚ 'ਭੜਕਾਊ ਕਾਰਵਾਈਆਂ' ਕਰਨ ਦੀ ਸੰਭਾਵਨਾ - ਯੂਕਰੇਨੀ ਫੌਜ

    ਯੂਕਰੇਨ ਦੀ ਫੌਜ ਨੇ ਆਪਣੇ ਰੋਜ਼ਾਨਾ ਅਪਡੇਟ ਵਿੱਚ ਕਿਹਾ ਹੈ ਕਿ ਰੂਸੀ ਬਲ ਦੇਸ਼ ਵਿੱਚ ਮਾਲ (ਸਮਾਨ) ਦੇ ਪ੍ਰਵਾਹ ਵਿੱਚ ਰੁਕਾਵਟ ਪਾਉਣ ਲਈ ਆਵਾਜਾਈ ਦੇ ਬੁਨਿਆਦੀ ਢਾਂਚੇ 'ਤੇ ਹਮਲੇ ਜਾਰੀ ਰੱਖਣਗੇ।

    ਯੂਕਰੇਨੀ ਫੌਜ ਦੇ ਅਪਡੇਟ ਦੀਆਂ ਮੁੱਖ ਗੱਲਾਂ:

    ਯੂਕਰੇਨ ਦੀ ਸੈਨਾ ਦਾ ਕਹਿਣਾ ਹੈ ਕਿ ਸੰਭਾਵਨਾ ਹੈ ਕਿ ਰੂਸ ਮੋਲਡੋਵਾ ਵਿੱਚ 'ਭੜਕਾਊ ਕਾਰਵਾਈਆਂ' ਕਰੇ

    ਰੂਸੀ ਸੈਨਿਕਾਂ ਨੇ ਖਾਰਕਿਵ ਵਿੱਚ ਅੰਸ਼ਕ ਨਾਕਾਬੰਦੀ ਜਾਰੀ ਰੱਖੀ ਹੋਈ ਹੈ ਅਤੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਗੋਲਾਬਾਰੀ ਵੀ ਜਾਰੀ ਹੈ।

    ਘੇਰਾਬੰਦੀ ਵਾਲੇ ਬੰਦਰਗਾਹ ਸ਼ਹਿਰ ਮਾਰੀਓਪੁਲ ਵਿੱਚ ਰੂਸੀ ਬਲਾਂ ਨੇ ਦੇਸ਼ ਦੇ ਸਭ ਤੋਂ ਵੱਡੇ ਲੋਹੇ ਅਤੇ ਸਟੀਲ ਦੇ ਪਲਾਂਟਾਂ ਵਿੱਚੋਂ ਇੱਕ- ਅਜ਼ੋਵਸਟਲ ਪਲਾਂਟ 'ਤੇ ਹਮਲਾ ਜਾਰੀ ਰੱਖਿਆ ਹੈ।

    ਪਿਛਲੇ 24 ਘੰਟਿਆਂ ਵਿੱਚ, ਯੂਕਰੇਨੀ ਬਲਾਂ ਨੇ ਦੋਨੇਤਸਕ ਅਤੇ ਲੁਹਾਨਸਕ ਖੇਤਰਾਂ ਵਿੱਚ ਦੁਸ਼ਮਣ ਦੇ ਚਾਰ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ।

    ਉਨ੍ਹਾਂ ਨੇ ਪੰਜ ਟੈਂਕਾਂ, ਅੱਠ ਬਖਤਰਬੰਦ ਯੂਨਿਟਾਂ, ਛੇ ਵਾਹਨਾਂ ਅਤੇ ਦੁਸ਼ਮਣ ਦੇ ਅੱਠ ਤੋਪਖਾਨਿਆਂ ਨੂੰ ਵੀ ਤਬਾਹ ਕਰ ਦਿੱਤਾ ਹੈ।

    ਇੱਕ ਵੱਖਰੇ ਅਪਡੇਟ ਵਿੱਚ, ਯੂਕਰੇਨ ਦੀ ਫੌਜ ਨੇ ਕਿਹਾ ਕਿ ਰੂਸੀ ਬਲਾਂ ਨੇ 24 ਫਰਵਰੀ ਤੋਂ ਲੜਾਈ ਵਿੱਚ ਆਪਣੇ ਲਗਭਗ 19,500 ਸੈਨਿਕ ਗੁਆ ਦਿੱਤੇ ਹਨ।

    ਬੀਬੀਸੀ ਨੇ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ।

  8. ਹੁਣ ਤੱਕ ਦੇ ਅਹਿਮ ਅਪਡੇਟਸ

    ਬੀਬੀਸੀ ਪੰਜਾਬੀ ਨਾਲ ਹੁਣੇ-ਹੁਣੇ ਜੁੜੇ ਪਾਠਕਾਂ ਦਾ ਸਵਾਗਤ ਹੈ।

    ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਪਾਕਿਸਤਾਨ ਦੀ ਸਿਆਸਤ ਅਤੇ ਰੂਸ ਯੂਕਰੇਨ ਜੰਗ ਸਮੇਤ ਦੇਸ਼ ਦੁਨੀਆ ਦੀਆਂ ਅਹਿਮ ਘਟਨਾਵਾਂ ਦੇ ਅਪਡੇਟਸ।

    • ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ 'ਤੇ ਅੱਜ ਹੋਵੇਗਾ ਫੈਸਲਾ। ਪੀਐੱਮਐੱਲ-ਐੱਨ ਪ੍ਰਧਾਨ ਸ਼ਾਹਬਾਜ਼ ਸ਼ਰੀਫ ਤੇ ਪੀਟੀਆਈ ਉਪ ਚੇਅਰਮੈਨ ਸ਼ਾਹ ਮਹਿਮੂਦ ਕੁਰੈਸ਼ੀ ਦੇ ਨਾਮਜ਼ਦਗੀ ਪੱਤਰ ਸਵੀਕਾਰ ਕੀਤੇ ਗਏ ਹਨ।
    • ਝਾਰਖੰਡ ਦੇ ਦੇਵਘਰ 'ਚ ਰੋਪਵੇਅ ਟਰਾਲੀਆਂ ਦੀ ਟੱਕਰ 'ਚ ਇੱਕ ਦੀ ਮੌਤ, 48 ਲੋਕ ਹਵਾ 'ਚ ਫਸੇ। ਬਚਾਅ ਕਾਰਜ ਜਾਰੀ।
    • ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਅੱਗੇ ਦੇ ਕੰਮ ਬਾਰੇ ਚਰਚਾ ਕੀਤੀ।
    • ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਵੜਿੰਗ ਨੇ ਕਿਹਾ ਕਿ ਥੋੜ੍ਹੇ ਦਿਨਾਂ ਦੀ ਸਰਕਾਰ 'ਚ ਜੋ ਪੰਜਾਬ 'ਚ ਹਾਲਤ ਬਣੇ, ਇਸ ਤਰ੍ਹਾਂ ਪੰਜਾਬ ਦਾ ਬਹੁਤ ਨੁਕਸਾਨ ਹੋਵੇਗਾ।
    • ਪੰਜਾਬ ਦੇ ਡੀਜੀਪੀ ਵੀਕੇ ਭੰਵਰਾ ਨੇ ਕਿਹਾ, ਪੰਜਾਬ 'ਚ 2021 ਵਿੱਚ 158 ਕਤਲ ਹੋਏ, ਜਿਨ੍ਹਾਂ ਵਿੱਚੋਂ ਛੇ 'ਚ ਸਿੱਧੇ ਅਸਿੱਧੇ ਤੌਰ 'ਤੇ ਗੈਂਗਸਟਰ ਸ਼ਾਮਿਲ ਹਨ।
    • ਡੀਜੀਪੀ ਨੇ ਕਿਹਾ, ਛੇ ਮਾਮਲਿਆਂ 'ਚ 24 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਤੇ ਪੰਜਾਬ ਸਰਕਾਰ ਨੇ ਗੈਂਗਸਟਰਾਂ ਨਾਲ ਸਬੰਧਤ ਵਾਰਦਾਤਾਂ ਨੂੰ ਖ਼ਤਮ ਕਰਨ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਨਿਰਮਾਣ ਕੀਤਾ ਹੈ।
    • ਕਾਂਗਰਸ 'ਚੋਂ ਛੁੱਟੀ ਹੋਣ 'ਤੇ ਸੁਰਜੀਤ ਧੀਮਾਨ ਨੇ ਲੱਡੂ ਵੰਡ ਕੇ ਮਨਾਇਆ ਜਸ਼ਨ, ਕਿਹਾ - ਹਾਈਕਮਾਨ ਦੇਣ ਅਸਤੀਫਾ
    • ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਰੂਸ ਆਪਣੀ 'ਕਾਇਰਾਂ ਵਾਲੀ ਗਲਤੀ' ਮੰਨਣ ਤੋਂ ਡਰ ਰਿਹਾ ਹੈ।
    • ਪੋਪ ਫਰਾਂਸਿਸ ਨੇ ਈਸਟਰ ਦੇ ਮੱਦੇਨਜ਼ਰ ਯੁੱਧਬੰਦੀ ਕਰਨ ਦੀ ਅਪੀਲ ਕੀਤੀ ਹੈ।
    • ਬ੍ਰਿਟੇਨ ਦੇ ਮਿਲਟਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਰੰਗਰੂਟਾਂ ਦੀ ਭਰਤੀ ਕਰ ਰਿਹਾ ਹੈ।
    • ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਅੱਜ ਤੋਂ ਸੱਤਾ ਦੇ ਬਦਲਾਅ ਲਈ ਵਿਦੇਸ਼ੀ ਸਾਜਿਸ਼ ਦੇ ਖਿਲਾਫ਼ ਅਜ਼ਾਦੀ ਦਾ ਸੰਘਰਸ਼ ਸ਼ੁਰੂ ਹੋ ਰਿਹਾ ਹੈ।
  9. ਪਾਕਿਸਤਾਨ 'ਚ ਅੱਜ ਹੋਵੇਗਾ ਨਵੇਂ ਪ੍ਰਧਾਨ ਮੰਤਰੀ 'ਤੇ ਫੈਸਲਾ

    ਸ਼ਨੀਵਾਰ ਦੇਰ ਰਾਤ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਬੇਭਰੋਸਗੀ ਮਤਾ ਹਾਰਨ ਤੋਂ ਬਾਅਦ ਇਮਰਾਨ ਖਾਨ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਰਹੇ।

    ਹੁਣ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ 'ਤੇ ਫੈਸਲਾ ਹੋਣਾ ਹੈ ਅਤੇ ਇਸਦੇ ਲਈ ਅੱਜ ਦੁਪਹਿਰ 2 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ।

    ਪਾਕਿਸਤਾਨ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਪ੍ਰਧਾਨ ਮੰਤਰੀ ਅਹੁਦੇ ਲਈ ਪੀਐੱਮਐੱਲ-ਐੱਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਅਤੇ ਪੀਟੀਆਈ ਦੇ ਉਪ ਚੇਅਰਮੈਨ ਸ਼ਾਹ ਮਹਿਮੂਦ ਕੁਰੈਸ਼ੀ ਦੇ ਨਾਮਜ਼ਦਗੀ ਪੱਤਰ ਸਵੀਕਾਰ ਕੀਤੇ ਗਏ ਹਨ।

  10. ਝਾਰਖੰਡ ਦੇ ਦੇਵਘਰ 'ਚ ਰੋਪਵੇਅ ਟਰਾਲੀਆਂ ਦੀ ਟੱਕਰ 'ਚ ਇੱਕ ਦੀ ਮੌਤ, 48 ਲੋਕ ਹਵਾ 'ਚ ਫਸੇ

    ਝਾਰਖੰਡ ਦੇ ਦੇਵਘਰ ਦੇ ਤ੍ਰਿਕੁਟ ਵਿੱਚ ਦੋ ਰੋਪਵੇਅ ਟਰਾਲੀਆਂ ਦੀ ਟੱਕਰ ਵਿੱਚ ਘੱਟੋ-ਘੱਟ ਇੱਕ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 12 ਹੋਰ ਰੋਪਵੇਅ ਟਰਾਲੀਆਂ 'ਚ ਬੈਠੇ 48 ਲੋਕ ਹਾਦਸੇ ਦੇ 20 ਘੰਟੇ ਬਾਅਦ ਵੀ ਹਵਾ ਵਿੱਚ ਹੀ ਫਸੇ ਹੋਏ ਹਨ।

    ਸਮਾਚਾਰ ਏਜੰਸੀ ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਾਦਸਾ ਐਤਵਾਰ ਸ਼ਾਮ 4.30 ਵਜੇ ਵਾਪਰਿਆ ਸੀ, ਜਿਸ ਵਿੱਚ 10 ਸੈਲਾਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਰਾਤ ਨੂੰ ਇਲਾਜ ਦੌਰਾਨ ਮੌਤ ਹੋ ਗਈ।

    ਫਸੇ ਹੋਏ ਸੈਲਾਨੀਆਂ ਨੂੰ ਸੁਰੱਖਿਅਤ ਬਚਾਉਣ ਲਈ ਦੋ ਹੈਲੀਕਾਪਟਰ ਭੇਜੇ ਗਏ ਹਨ।

    ਪੀਟੀਆਈ ਨੇ ਦੇਵਘਰ ਦੇ ਡਿਪਟੀ ਕਮਿਸ਼ਨਰ ਮੰਜੂਨਾਥ ਭਜੰਤਰੀ ਦੇ ਹਵਾਲੇ ਨਾਲ ਕਿਹਾ, "ਸੈਲਾਨੀਆਂ ਨੂੰ ਸੁਰੱਖਿਅਤ ਢੰਗ ਨਾਲ ਏਅਰਲਿਫਟ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਤਵਾਰ ਰਾਤ ਤੋਂ ਕੰਮ ਕਰ ਰਹੀ ਐਨਡੀਆਰਐਫ ਦੀ ਟੀਮ ਨੇ ਹੁਣ ਤੱਕ 11 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਹੈ। ਸਥਾਨਕ ਲੋਕ ਵੀ ਬਚਾਅ ਕਾਰਜ 'ਚ ਮਦਦ ਕਰ ਰਹੇ ਹਨ। ਹਾਦਸੇ 'ਚ 10 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ, ਜਿਨ੍ਹਾਂ 'ਚੋਂ ਇੱਕ ਨੇ ਦਮ ਤੋੜ ਦਿੱਤਾ।''

    ਹਾਦਸੇ ਦਾ ਕਾਰਨ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਫਿਲਹਾਲ ਪੂਰਾ ਪ੍ਰਸ਼ਾਸਨ ਬਚਾਅ ਕਾਰਜ 'ਚ ਲੱਗਾ ਹੋਇਆ ਹੈ। ਇਸਦੇ ਪੂਰਾ ਹੋਣ 'ਤੇ ਜਾਂਚ ਕੀਤੀ ਜਾਵੇਗੀ। ਪਹਿਲੀ ਨਜ਼ਰ 'ਚ ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਵਾਪਰਿਆ ਹੈ।

    ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਰੋਪਵੇਅ ਦਾ ਸੰਚਾਲਨ ਇੱਕ ਨਿੱਜੀ ਕੰਪਨੀ ਕਰ ਰਹੀ ਹੈ।

  11. 'ਥੋੜ੍ਹੇ ਦਿਨਾਂ ਦੀ ਸਰਕਾਰ 'ਚ ਜੋ ਪੰਜਾਬ 'ਚ ਹਾਲਤ ਬਣੇ, ਇਸ ਤਰ੍ਹਾਂ ਪੰਜਾਬ ਦਾ ਬਹੁਤ ਨੁਕਸਾਨ ਹੋਵੇਗਾ' - ਰਾਜਾ ਵੜਿੰਗ

    ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ 'ਤੇ ਦੱਸਿਆ ਕਿ ਜਨਤਾ ਦੀ ਭਲਾਈ ਅਤੇ ਅੱਗੇ ਕੰਮ ਕਰਨ ਬਾਰੇ ਚਰਚਾ ਹੋਈ।

    ਉਨ੍ਹਾਂ ਕਿਹਾ, ''ਜੋ ਰਾਹੁਲ ਗਾਂਧੀ ਦਾ ਸੁਪਨਾ ਹੈ ਅਤੇ ਕਾਂਗਰਸ ਪਾਰਟੀ ਜੋ ਚਾਹੁੰਦੀ ਰਹੀ ਹੈ ਕਿ ਪਾਰਟੀ ਦੀ ਅਪਰੋਚ ਬਿਲਕੁਲ ਗ੍ਰਾਊਂਡ ਲੈਵਲ ਤੱਕ ਹੋਣੀ ਚਾਹੀਦੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਮਿਲ ਕੇ ਇਸ ਸੋਚ ਨੂੰ ਅਸਲ 'ਚ ਕਰ ਕੇ ਦਿਖਾਈਏ ਅਤੇ ਨਵਾਂ ਇੱਕ ਮਾਡਲ ਬਣੇ।''

    ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦਾ ਤਜ਼ਰਬਾ ਉਨ੍ਹਾਂ ਦੇ ਬਹੁਤ ਕੰਮ ਆਵੇਗਾ। ਇਸਦੇ ਨਾਲ ਅਨੁਭਵੀ ਸਾਥੀਆਂ ਨਾਲ ਬਹੁਤ ਮਦਦ ਮਿਲੇਗੀ।

    ਉਨ੍ਹਾਂ ਕਿਹਾ ਕਿ ਇਹ ਥੋੜ੍ਹੇ ਦਿਨਾਂ ਦੀ ਸਰਕਾਰ 'ਚ ਜੋ ਪੰਜਾਬ 'ਚ ਹਾਲਤ ਬਣੇ ਹਨ, ਇਸ ਤਰ੍ਹਾਂ ਪੰਜਾਬ ਦਾ ਬਹੁਤ ਨੁਕਸਾਨ ਹੋ ਜਾਵੇਗਾ।

    ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਨ ਵਿੱਚ '84 ਵਾਲਾ ਡਰ ਪੈਦਾ ਹੋ ਸਕਦਾ ਹੈ। ਮੁਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਉਹ ਪੰਜਾਬ 'ਚ ਸਮਾਂ ਬਿਤਾਉਣ, ਉਹ ਜ਼ਿਆਦਾ ਬਿਹਤਰ ਰਹੇਗਾ।

  12. 2021 ਵਿੱਚ ਪੰਜਾਬ ਵਿੱਚ ਹੋਏ 158 ਕਤਲ-ਪੰਜਾਬ ਡੀਜੀਪੀ

    ਪੰਜਾਬ ਦੇ ਡੀਜੀਪੀ ਵੀਕੇ ਭੰਵਰਾ ਨੇ ਸੋਮਵਾਰ ਨੂੰ ਸੂਬੇ ਵਿੱਚ ਗੈਂਗਸਟਰਾਂ ਅਤੇ ਕਾਨੂੰਨ ਵਿਵਸਥਾ ਸਬੰਧੀ ਪ੍ਰੈੱਸ ਕਾਨਫਰੰਸ ਕੀਤੀ।

    ਪੰਜਾਬ ਦੇ ਡੀਜੀਪੀ ਵੀਕੇ ਭੰਵਰਾ ਨੇ ਆਖਿਆ ਪੰਜਾਬ ਵਿੱਚ 2021 ਵਿੱਚ 158 ਕਤਲ ਹੋਏ ਹਨ ਜਿਨ੍ਹਾਂ ਵਿੱਚੋਂ ਛੇ ਅਜਿਹੇ ਕੇਸਾਂ ਵਿੱਚ ਸਿੱਧੇ ਅਸਿੱਧੇ ਤੌਰ 'ਤੇ ਗੈਂਗਸਟਰ ਸ਼ਾਮਿਲ ਹਨ।

    24 ਲੋਕਾਂ ਨੂੰ ਇਨ੍ਹਾਂ ਛੇ ਹਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਆਖਿਆ ਕਿ ਚਾਰ ਵਾਰਦਾਤਾਂ ਹੋਣ ਤੋਂ ਪਹਿਲਾਂ ਪੁਲਿਸ ਨੇ ਐਕਸ਼ਨ ਵੀ ਲਿਆ ਹੈ।

    545 ਗੈਂਗਸਟਰਾਂ ਨੂੰ ਏ,ਬੀ,ਸੀ ਕੈਟੇਗਰੀ ਵਿੱਚ ਵੰਡਿਆ ਗਿਆ ਹੈ। 515 ਗੈਂਗਸਟਰ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਨਾਲ ਸਬੰਧਤ ਵਾਰਦਾਤਾਂ ਨੂੰ ਖ਼ਤਮ ਕਰਨ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਨਿਰਮਾਣ ਵੀ ਕੀਤਾ ਗਿਆ ਹੈ।

    ਡੀਜੀਪੀ ਨੇ ਆਖਿਆ ਕਿ ਇਸ ਟਾਸਕ ਫੋਰਸ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਬੈਠਕ ਵੀ ਹੋ ਚੁੱਕੀ ਹੈ।

  13. ਸੁਰਜੀਤ ਧੀਮਾਨ ਦੀ ਕਾਂਗਰਸ 'ਚੋਂ ਛੁੱਟੀ, ਧੀਮਾਨ ਨੇ ਲੱਡੂ ਵੰਡ ਕੇ ਮਨਾਇਆ ਜਸ਼ਨ

    ਸੁਰਜੀਤ ਧੀਮਾਨ ਨੂੰ ਕਾਂਗਰਸ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਧੀਮਾਨ ਨੇ ਪਾਰਟੀ 'ਚੋਂ ਕੱਢੇ ਜਾਣ 'ਤੇ ਲੱਡੂ ਵੰਡ ਕੇ ਜਸ਼ਨ ਮਨਾਇਆ ਹੈ।

    ਉਨ੍ਹਾਂ ਨੇ ਵੜਿੰਗ 'ਤੇ ਟਿਕਟਾਂ ਵੇਚਣਾ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਨਾਲ ਖੜ੍ਹੇ ਹਨ ਅਤੇ ਪਾਰਟੀ ਨੇ ਸਿੱਧੂ ਨੂੰ ਕੰਮ ਨਹੀਂ ਕਰਨ ਦਿੱਤਾ।

    ਧੀਮਾਨ ਨੇ ਕਿਹਾ ਕਿ ਜੇ ਸਿੱਧੂ ਨੂੰ ਕੰਮ ਕਰਨ ਦਿੱਤਾ ਹੁੰਦਾ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ।

    ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਕਾਂਗਰਸ ਹਾਈਕਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ।

  14. ਰੂਸ ਆਪਣੀ 'ਕਾਇਰਾਂ ਵਾਲੀ ਗਲਤੀ' ਮੰਨਣ ਤੋਂ ਡਰ ਰਿਹਾ ਹੈ - ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੇਰ ਰਾਤ ਫੇਸਬੁੱਕ ਰਾਹੀਂ ਦੇਸ਼ ਦੇ ਲੋਕਾਂ ਨੂੰ ਕਿਹਾ ਕਿ ਉਹ ਪੂਰਬੀ ਹਿੱਸੇ ਵਿੱਚ ਰੂਸ ਦੀ ਵੱਡੀ ਮੁਹਿੰਮ ਲਈ ਤਿਆਰ ਰਹਿਣ। ਆਪਣੇ ਇਸ ਸੰਬੋਧਨ ਦੌਰਾਨ ਉਨ੍ਹਾਂ ਨੇ ਰੂਸੀ ਫੌਜਾਂ 'ਤੇ ਤਸ਼ੱਦਦ ਕਰਨ ਅਤੇ ਕਾਇਰਤਾ ਦਾ ਵੀ ਇਲਜ਼ਾਮ ਲਗਾਇਆ।

    ਉਨ੍ਹਾਂ ਕਿਹਾ, "ਉਹ ਸਾਡੇ ਵਿਰੁੱਧ ਪਹਿਲਾਂ ਨਾਲੋਂ ਜ਼ਿਆਦਾ ਮਿਜ਼ਾਈਲਾਂ ਦਾਗ ਸਕਦੇ ਹਨ ਅਤੇ ਹਵਾਈ ਹਮਲੇ ਕਰ ਸਕਦੇ ਹਨ। ਪਰ ਅਸੀਂ ਇਸ ਲਈ ਤਿਆਰੀ ਕਰ ਰਹੇ ਹਾਂ।"

    ਯੂਕਰੇਨ ਵਿੱਚ ਆਮ ਨਾਗਰਿਕਾਂ ਦੀ ਮੌਤ ਲਈ ਰੂਸ ਦੁਆਰਾ ਕੀਵ ਨੂੰ ਜ਼ਿੰਮੇਵਾਰ ਠਹਿਰਾਏ ਜਾਣ 'ਤੇ ਜ਼ੇਲੇਂਸਕੀ ਨੇ ਕਿਹਾ ਕਿ ਇਹ ਮਾਸਕੋ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ।

    ਉਨ੍ਹਾਂ ਕਿਹਾ, "ਉਹ ਬੂਚਾ ਵਿੱਚ ਹੋਈਆਂ ਹੱਤਿਆਵਾਂ ਬਾਰੇ ਕਹਿ ਰਹੇ ਹਨ ਕਿ ਇਹ ਉਨ੍ਹਾਂ ਨੇ ਨਹੀਂ ਸਗੋਂ ਅਸੀਂ ਕੀਤਾ ਹੈ। ਤੁਸੀਂ ਜਾਣਦੇ ਹੋ ਅਜਿਹਾ ਕਿਉਂ? ਕਿਉਂਕਿ ਇਹ ਕਾਇਰਤਾ ਹੈ।"

    ਜ਼ੇਲੇਂਸਕੀ ਨੇ ਅੱਗੇ ਕਿਹਾ, "ਉਹ ਇਹ ਸਵੀਕਾਰ ਕਰਨ ਤੋਂ ਡਰਦੇ ਹਨ ਕਿ ਯੂਕਰੇਨ ਨੂੰ ਲੈ ਕੇ ਰੂਸ ਦੀ ਨੀਤੀ ਦਹਾਕਿਆਂ ਤੋਂ ਗਲਤ ਰਹੀ ਹੈ। ਆਪਣੀ ਗਲਤੀ ਨੂੰ ਨਾ ਮੰਨਣ ਲਈ, ਰੂਸ ਨਵੀਆਂ ਗਲਤੀਆਂ ਕਰ ਰਿਹਾ ਹੈ। ਆਪਣੀਆਂ ਬੇਮਤਲਬ ਇੱਛਾਵਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਜੰਗ ਸ਼ੁਰੂ ਕਰ ਦਿੱਤੀ ਹੈ।"

    ਉਨ੍ਹਾਂ ਕਿਹਾ, "ਇਹ ਸਭ ਕਾਇਰਤਾ ਕਾਰਨ ਹੀ ਵਾਪਰਦਾ ਹੈ। ਜਦੋਂ ਕਾਇਰਤਾ ਵਧਦੀ ਹੈ ਤਾਂ ਇਹ ਤਬਾਹੀ ਵਿੱਚ ਬਦਲ ਜਾਂਦੀ ਹੈ। ਜਦੋਂ ਲੋਕਾਂ ਵਿੱਚ ਆਪਣੀਆਂ ਗ਼ਲਤੀਆਂ ਮੰਨਣ, ਮੁਆਫ਼ੀ ਮੰਗਣ, ਹਕੀਕਤ ਦੇ ਅਨੁਸਾਰ ਢਲਣ ਅਤੇ ਸਿੱਖਣ ਦੀ ਹਿੰਮਤ ਨਹੀਂ ਹੁੰਦੀ, ਤਾਂ ਉਹ ਦੈਤ ਬਣ ਜਾਂਦੇ ਹਨ, ਅਤੇ ਜਦੋਂ ਦੁਨੀਆਂ ਇਨ੍ਹਾਂ ਨੂੰ ਅਣਗੌਲਿਆ ਕਰਦੀ ਹੈ ਤਾਂ ਇਹ ਦੈਤ ਦੁਨੀਆ ਨੂੰ ਆਪਣੇ ਅਨੁਕੂਲ ਬਣਾਉਣ ਲੱਗਦੇ ਹਨ।"

    "ਯੂਕਰੇਨ ਇਹ ਸਭ ਰੋਕੇਗਾ।"

  15. ਹੁਣ ਤੱਕ ਦਾ ਅਹਿਮ ਘਟਨਾਕ੍ਰਮ

    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੇਰ ਰਾਤ ਆਪਣੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੂਸ ਦੇ ਹਮਲੇ ਦਾ ਨਿਸ਼ਾਨਾ ਇੱਕਲਾ ਯੂਕਰੇਨ ਨਹੀਂ ਹੈ ਸਗੋਂ ਪੂਰਾ ਯੂਰਪ ਹੈ।
    • ਪੋਪ ਫਰਾਂਸਿਸ ਨੇ ਈਸਟਰ ਦੇ ਮੱਦੇਨਜ਼ਰ ਯੁੱਧਬੰਦੀ ਕਰਨ ਦੀ ਅਪੀਲ ਕੀਤੀ ਹੈ।
    • ਬ੍ਰਿਟੇਨ ਦੇ ਮਿਲਟਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਰੰਗਰੂਟਾਂ ਦੀ ਭਰਤੀ ਕਰ ਰਿਹਾ ਹੈ।
    • ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਅੱਜ ਤੋਂ ਸੱਤਾ ਦੇ ਬਦਲਾਅ ਲਈ ਵਿਦੇਸ਼ੀ ਸਾਜਿਸ਼ ਦੇ ਖਿਲਾਫ਼ ਅਜ਼ਾਦੀ ਦਾ ਸੰਘਰਸ਼ ਸ਼ੁਰੂ ਹੋ ਰਿਹਾ ਹੈ।
    • ਪਾਕਿਸਤਾਨ ਵਿੱਚ ਸੰਯੁਕਤ ਵਿਰੋਧੀ ਧਿਰ ਨੇ ਸਦਨ ਦੇ ਨਵੇਂ ਆਗੂ ਸਬੰਧੀ ਇੱਕ ਬੈਠਕ ਕੀਤੀ ਗਈ।
  16. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

    ਬੀਬੀਸੀ ਪੰਜਾਬੀ ਦੇ ਅੱਜ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ।

    ਅੱਜ ਦਾ ਇਹ ਲਾਈਵ ਪੇਜ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੇ ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਹਲਚਲ ਦੀਆਂ ਅਹਿਮ ਘਟਨਾਵਾਂ ਬਾਰੇ ਹੈ।

    9 ਅਪ੍ਰੈਲ ਦੀਆਂ ਅਹਿਮ ਘਟਨਾਵਾਂ ਜਾਨਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।