You’re viewing a text-only version of this website that uses less data. View the main version of the website including all images and videos.

Take me to the main website

ਇਮਰਾਨ ਖ਼ਾਨ ਦੇ ਖਿਲਾਫ਼ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਪਾਸ, ਹੁਣ ਇਮਰਾਨ ਖ਼ਾਨ ਨੂੰ ਅਹੁਦਾ ਛੱਡਣਾ ਪਵੇਗਾ

ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਦੇ ਖਿਲਾਫ਼ ਪੇਸ਼ ਬੇਭਰੋਸਗੀ ਮਤੇ ਦੇ ਹੱਕ ਵਿੱਚ 174 ਵੋਟ ਪਏ

ਲਾਈਵ ਕਵਰੇਜ

  1. ਪੰਜਾਬ ਅਤੇ ਦੇਸ਼-ਦੁਨੀਆਂ ਦਾ ਅਹਿਮ ਘਟਨਾਕ੍ਰਮ

    ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਦੇ ਖਿਲਾਫ਼ ਪੇਸ਼ ਬੇਭਰੋਸਗੀ ਮਤਾ ਪਾਸ ਹੋ ਗਿਆ ਹੈ। ਹੁਣ ਇਮਰਾਨ ਖ਼ਾਨ ਨੂੰ ਆਪਣਾ ਅਹੁਦਾ ਛੱਡਣਾ ਪਵੇਗਾ। ਅਸੀਂ ਬੀਬੀਸੀ ਪੰਜਾਬੀ ਦਾ ਲਾਈਵ ਪੇਜ ਇੱਥੇ ਹੀ ਸਮਾਪਤ ਕਰ ਰਹੇ ਹਾਂ।

    ਪੇਸ਼ ਹੈ, ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਅੱਜ ਦਾ ਅਹਿਮ ਘਟਨਾਕ੍ਰਮ-

    • ਇਮਰਾਨ ਖ਼ਾਨ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਹਾਰ ਗਏ ਹਨ।
    • ਇਮਰਾਨ ਖ਼ਾਨ ਦੇ ਖਿਲਾਫ ਪੇਸ਼ ਬੇਭਰੋਸਗੀ ਮਤੇ ਦੇ ਹੱਕ ਵਿੱਚ 174 ਵੋਟਾਂ ਪਈਆਂ।
    • ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਐਲਾਨ ਦਿੱਤਾ ਗਿਆ ਹੈ।
    • ਭਰਤ ਭੂਸ਼ਣ ਆਸ਼ੂ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਹੋਣਗੇ।
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਕੁਝ ਸਮਾਂ ਦਿੱਤਾ ਜਾਵੇ, ਬਾਹਰਲੇ ਦੇਸ਼ਾਂ ਤੋਂ ਲੋਕ ਕੰਮ ਦੀ ਭਾਲ ਵਿੱਚ ਇੱਥੇ ਆਉਣਗੇ।
    • ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਇੱਕ ਕੈਨੇਡਾ ਪੜ੍ਹਦੇ ਵਿਦਿਆਰਥੀ ਦੇ ਗੋਲੀ ਮਾਰ ਕੇ ਕਤਲ ਤੋਂ ਬਾਅਦ ਪਰਿਵਾਰ ਨੇ ਡਕੈਤੀ ਦਾ ਸ਼ੱਕ ਜਤਾਇਆ ਹੈ।
    • ਗੁਰਦਾਸਪੁਰ ਦੇ ਸਰਹੱਦੀ ਕਸਬੇ ਦੋਰਾਂਗਲਾ ਵਿੱਚ ਸ਼ਨਿੱਚਰਵਾਰ ਨੂੰ ਦੁਪਹਿਰ ਇੱਕ ਧਾਰਮਿਕ ਸਮਾਗਮ ਵਿੱਚ ਹਿੰਦੂ ਦੇਵਤਿਆਂ ਦੀ ਕਥਿਤ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ।
  2. ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਬੇਭਰੋਸਗੀ ਮਤਾ ਹਾਰੇ

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਬੇਭਰੋਸਗੀ ਮਤਾ ਹਾਰ ਚੁੱਕੇ ਹਨ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਦੇ ਖਿਲਾਫ਼ ਪੇਸ਼ ਬੇਭਰੋਸਗੀ ਮਤੇ ਦੇ ਹੱਕ ਵਿੱਚ 174 ਵੋਟ ਪਏ।

  3. ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤੇ ਲਈ ਵੋਟਿੰਗ ਜਾਰੀ ਹੈ। ਫਿਲਹਾਲ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਛੱਡ ਦਿੱਤੀ ਹੈ।

  4. ਬੇਭਰੋਸਗੀ ਮਤੇ ਉੱਤੇ ਵੋਟਿੰਗ ਸ਼ੁਰੂ

    ਪਾਕਿਸਤਾਨ ਦੀ ਸੰਸਦ ਵਿੱਚ ਬੇਭਰੋਸਗੀ ਮਤੇ ਉੱਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸਪੀਕਰ ਅਸਦ ਕੈਸਰ ਦੇ ਅਸਤੀਫ਼ੇ ਤੋਂ ਬਾਅਦ ਸਰਦਾਰ ਅਯਾਜ਼ ਸਾਦਿਕ ਸਦਨ ਦੀ ਕਾਰਵਾਈ ਬਤੌਰ ਸਪੀਕਰ ਦੇਖ ਰਹੇ ਹਨ।

    ਪੀਟੀਆਈ ਪਾਰਟੀ ਦੇ ਮੈਂਬਰਾਂ ਨੇ ਸਦਨ ਤੋਂ ਵਾਕ ਆਊਟ ਕਰ ਦਿੱਤਾ ਹੈ।

  5. ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਕੀਤੀ ਸੁਪਰੀਮ ਕੋਰਟ ਤੱਕ ਪਹੁੰਚ

    ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਯਕੀਨੀ ਬਣਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ।

    ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਪਟੀਸ਼ਨ ਸੁਪਰੀਮ ਕੋਰਟ ਦੇ ਰਜਿਸਟਰਾਰ ਨੂੰ ਮਿਲ ਗਈ ਹੈ ਅਤੇ ਪਟੀਸ਼ਨ ਸੁਣਵਾਈ ਲਈ ਸਵੀਕਾਰ ਕਰ ਲਈ ਗਈ ਹੈ। ਚੀਫ਼ ਜਸਟਿਸ ਦੀ ਅਗਵਾਈ ਵਾਲੀ ਪੰਜ ਮੈਂਬਰੀ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ।

  6. ਜਨਤਾ ਇਸ ਤਰ੍ਹਾਂ ਦੇ ਬਦਲਾਅ ਦੇ ਹੱਕ 'ਚ ਨਹੀਂ - ਇਮਰਾਨ ਖ਼ਾਨ

    ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸੀਨੀਅਰ ਪੱਤਰਕਾਰਾਂ ਨਾਲ ਮੁਲਾਕਾਤ ਹੋਈ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਜਨਤਾ ਮੁਲਕ ਦੇ ਅੰਦਰ ਇਸ ਤਰ੍ਹਾਂ ਦੇ ਬਦਲਾਅ ਦੇ ਹੱਕ ਵਿੱਚ ਨਹੀਂ ਹੈ।

    ਸਰਕਾਰੀ ਟੀਵੀ ਅਨੁਸਾਰ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਹਰ ਹਫ਼ਤੇ ਆਵਾਮ ਵਿੱਚ ਜਾ ਕੇ ਮੀਟਿੰਗ ਕਰਨਗੇ।

    ਇਮਰਾਨ ਖ਼ਾਨ ਨੇ ਪੱਤਰਕਾਰਾਂ ਨਾਲ ਮੁਲਾਕਾਤ ਵਿੱਚ ਉਸ ਪੱਤਰ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਵਿਰੋਧੀ ਧਿਰ ਵਿਦੇਸ਼ੀਆਂ ਦੀ ਮਦਦ ਨਾਲ ਸਰਕਾਰ ਬਦਲਣਾ ਚਾਹੁੰਦੀ ਹੈ।

    ਇਮਰਾਨ ਖ਼ਾਨ ਨੇ ਕਿਹਾ ਕਿ ਆਲਾ ਅਫ਼ਸਰਾਂ ਨੂੰ ਇਸ ਚਿੱਠੀ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਚੀਫ ਜਸਟਿਸ ਨੂੰ ਵੀ ਚਿੱਠੀ ਬਾਰੇ ਜਾਣਕਾਰੀ ਦਿੱਤੀ ਗਈ ਹੈ।

    ਇਮਰਾਨ ਖ਼ਾਨ ਦਾ ਕਹਿਣਾ ਸੀ ਕਿ ਕੌਮਾਂਤਰੀ ਸਾਜ਼ਿਸ਼ ਨੂੰ ਕਿਸੇ ਵੀ ਸੂਰਤ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ।

    ਨੈਸ਼ਨਲ ਅਸੈਂਬਲੀ ਦੀ ਕਾਰਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਪਾਉਣ ਦਿੱਤੀ ਜਾਵੇਗੀ।

  7. ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ, ‘ਵੋਟਿੰਗ ਕਰਵਾਓ’

    ਪੀਪੀਪੀ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਟਵੀਟ ਕਰਦਿਆਂ ਲਿਖਿਆ ਕਿ ਇੱਕ ਘੰਟਾ ਬੀਤ ਗਿਆ ਅਤੇ ਵੀ ਵੋਟਿੰਗ ਨਹੀਂ ਹੋਈ।

    ਉਨ੍ਹਾਂ ਅੱਗੇ ਲਿਖਿਆ, ''ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਦੂਜੀ ਵਾਰ ਸੰਵਿਧਾਨ ਤੋੜਿਆ ਜਾ ਰਿਹਾ ਹੈ। ਅਸੀਂ ਸਵੇਰੇ 10 ਵਜੇ ਤੋਂ ਇੱਥੇ ਹਾਂ, ਸਵੇਰੇ 10:30 ਵਜੇ ਦੇ ਸੈਸ਼ਨ ਲਈ। ਅਜੇ ਵੀ ਏਜੰਡਾ ਸ਼ੁਰੂ ਨਹੀਂ ਹੋਇਆ ਹੈ।''

  8. ਇਸਲਾਮਾਬਾਦ ਹਾਈ ਕੋਰਟ ਦੀਆਂ ਤਾਜ਼ਾ ਤਸਵੀਰਾਂ

    ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਅਥਰ ਮਿਨਾਅਲਾਹ ਇਸ ਵੇਲੇ ਆਰਮੀ ਚੀਫ ਨੂੰ ਹਟਾਉਣ ਲਈ ਪਾਈ ਪਟੀਸ਼ਨ ਉੱਤੇ ਸੁਣਵਾਈ ਕਰ ਰਹੇ ਹਨ।

  9. ‘’ਪਿਆਰੇ ਪਾਕਿਸਤਾਨ, ਤੁਹਾਡਾ ਪ੍ਰਧਾਨ ਮੰਤਰੀ ਆਖਰੀ ਗੇਂਦ ਤੱਕ ਲੜੇਗਾ''

    ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਯਾਨੀ ਪੀਟੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਮਰਾਨ ਖ਼ਾਨ ਦਾ ਸੁਨੇਹਾ ਨਸ਼ਰ ਕੀਤਾ ਹੈ।

    ਇਮਰਾਨ ਨੇ ਇਸ ਸੁਨੇਹੇ ਵਿੱਚ ਲਿਖਿਆ ਹੈ, ‘’ਪਿਆਰੇ ਪਾਕਿਸਤਾਨ, ਤੁਹਾਡਾ ਪ੍ਰਧਾਨ ਮੰਤਰੀ ਆਖਰੀ ਗੇਂਦ ਤੱਕ ਇਹ ਪੱਕਾ ਕਰਨ ਲਈ ਲੜੇਗਾ ਕਿ ਵਿਦੇਸ਼ੀ ਸਾਜ਼ਿਸ਼ ਸਫ਼ਲ ਨਹੀਂ ਹੋਈ। ਤੁਸੀਂ ਆਪਣੇ ਪੀਐੱਮ ਨੂੰ ਸ਼ਕਤੀ ਦਿੱਤੀ ਹੈ ਅਤੇ ਉਹ ਮਾਫ਼ੀਆ ਖ਼ਿਲਾਫ਼ ਲੜੇਗਾ। ਸਾਡਾ ਸਾਥ ਦਿੰਦੇ ਰਹੋ।‘’

  10. ਸਿੱਧੂ ਵੱਲ਼ੋਂ ਪੰਜਾਬ ਕਾਂਗਰਸ ਦੀ ਨਵੀਂ ਟੀਮ ਨੂੰ ਵਧਾਈ

    ਪੰਜਾਬ ਕਾਂਗਰਸ ਦੀ ਨਵੀਂ ਟੀਮ ਦਾ ਐਲਾਨ ਹੁੰਦਿਆਂ ਹੀ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਨਵੀਂ ਟੀਮ ਨੂੰ ਵਧਾਈ ਦਿੱਤੀ ਹੈ।

    ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਰਾਜਾ ਵੜਿੰਗ, ਭਾਰਤ ਭੂਸ਼ਣ ਆਸ਼ੂ, ਪ੍ਰਤਾਪ ਸਿੰਘ ਬਾਜਵਾ ਅਤੇ ਰਾਜ ਕੁਮਾਰ ਚੱਬੇਵਾਲ ਨੂੰ ਵਧਾਈ ਦਿੱਤੀ ਹੈ।

    ਪ੍ਰਤਾਪ ਸਿੰਘ ਬਾਜਵਾ ਅਤੇ ਚੱਬੇਵਾਲ ਨੂੰ ਵਧਾਈ ਦਿੰਦਿਆਂ ਸਿੱਧੂ ਨੇ ਲਿਖਿਆ ਹੈ ਕਿ ਇਹ ਵਿਧਾਨ ਸਭਾ ਵਿੱਚ ਕਾਂਗਰਸ ਵੱਲੋਂ ਤਾਕਤ ਦੇ ਥੰਮ੍ਹ ਹੋਣਗੇ।

  11. ਪਾਕਿਸਤਾਨ ਵਿੱਚ ਹੁਣ ਕੀ-ਕੀ ਹੋ ਰਿਹਾ ਹੈ

    ਪਾਕਿਸਤਾਨ ਦਾ ਸੁਪਰੀਮ ਕੋਰਟ ਖੋਲ੍ਹ ਦਿੱਤਾ ਗਿਆ ਹੈ ਤੇ ਚੀਫ਼ ਜਸਟਿਸ ਉਮਰ ਅਤਾ ਬਾਂਡੀਆਲ ਸੁਪਰੀਮ ਕੋਰਟ ਪਹੁੰਚ ਚੁੱਕੇ ਹਨ।

    ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਹਾਈ ਕੋਰਟ ਨੂੰ ਖੋਲ੍ਹ ਦਿੱਤਾ ਗਿਆ ਹੈ।

    ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਸੁਰੱਖਿਆ ਮੁਲਾਜ਼ਮਾਂ ਤੇ ਸਟਾਫ਼ ਨੂੰ ਸੁਪਰੀਮ ਕੋਰਟ ਪਹੁੰਚਣ ਲਈ ਕਿਹਾ ਸੀ।

    ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਅਥਰ ਮਿਨਾਅਲਾਹ ਇਸ ਵੇਲੇ ਆਰਮੀ ਚੀਫ ਨੂੰ ਹਟਾਉਣ ਲਈ ਪਾਈ ਪਟੀਸ਼ਨ ਉੱਤੇ ਸੁਣਵਾਈ ਕਰ ਰਹੇ ਹਨ।

  12. ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਵਿੱਚ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ

    ਪੰਜਾਬ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਦਾ ਨਵਾਂ ਪ੍ਰਧਾਨ ਐਲਾਨ ਦਿੱਤਾ ਗਿਆ ਹੈ।

    ਭਰਤ ਭੂਸ਼ਣ ਆਸ਼ੂ ਨੂੰ ਪੰਜਾਬ ਕਾਂਗਰਸ ਦਾ ਵਰਕਿੰਗ ਪ੍ਰਧਾਨ ਬਣਾਇਆ ਗਿਆ ਹੈ।

    ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਬਣਾਇਆ ਗਿਆ ਹੈ।

  13. ਬੌਰਿਸ ਜੌਨਸਨ ਤੇ ਜੇਲੇਂਸਕੀ ਨੇ ਕੀਤੀ ਮੁਲਾਕਾਤ

    ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਕੀਵ ਵਿੱਚ ਮੁਲਾਕਾਤ ਕਰ ਰਹੇ ਹਨ।

    ਲੰਡਨ ਵਿੱਚ ਯੂਕਰੇਨ ਦੇ ਸਫਾਰਤਖ਼ਾਨੇ ਨੇ ਦੋਹਾਂ ਦੀ ਮੁਲਾਕਾਤ ਦੀ ਤਸਵੀਰ ਟਵੀਟ ਕੀਤੀ ਹੈ।

  14. ਪਾਕਿਸਤਾਨ ਦੀ ਸੰਸਦ ਵਿੱਚ ਅਜੇ ਤੱਕ ਨਹੀਂ ਹੋ ਸਕੀ ਵੋਟਿੰਗ

    ਪਾਕਿਸਤਾਨ ਦੀ ਸੰਸਦ ਵਿੱਚ ਇਮਰਾਨ ਖ਼ਾਨ ਦੀ ਹਕੂਮਤ ਦੇ ਖਿਲਾਫ ਵਿਰੋਧੀ ਧਿਰ ਵੱਲੋਂ ਲਿਆਏ ਗਏ ਗ਼ੈਰ-ਭਰੋਸਗੀ ਮਤੇ ਉੱਤੇ ਅਜੇ ਤੱਕ ਵੋਟਿੰਗ ਨਹੀਂ ਹੋ ਸਕੀ ਹੈ।

    ਇਸ ਤੋਂ ਪਹਿਲਾਂ ਸੰਸਦ ਵਿੱਚ ਇਮਰਾਨ ਖ਼ਾਨ ਦੇ ਹਮਾਇਤੀਆਂ ਤੇ ਵਿਰੋਧੀਆਂ ਵਿਚਾਲੇ ਝੜਪ ਵੇਖਣ ਨੂੰ ਮਿਲੀ, ਅਜਿਹੇ ਵਿੱਚ ਸਪੀਕਰ ਨੇ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਸੀ।

    ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੇ ਅੱਜ ਵੋਟਿੰਗ ਨਹੀਂ ਹੁੰਦੀ ਹੈ ਤਾਂ ਸੁਪਰੀਮ ਕੋਰਟ ਦੀ ਬੇਅਦਬੀ ਦਾ ਮਾਮਲਾ ਬਣ ਸਕਦਾ ਹੈ।

  15. ਫਾਜ਼ਿਲਕਾ ਵਿੱਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਕੀ ਬੋਲੇ

    ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿਹਾ ਕਿ ਅਜਿਹਾ ਹੱਲ ਕੱਢਿਆ ਜਾਵੇਗਾ ਕਿ ਕਿਸਾਨਾਂ ਨੂੰ ਆਪਣੇ ਹੀ ਖੇਤਾਂ ਵਿੱਚ ਪਛਾਣ-ਪੱਤਰ ਦਿਖਾ ਕੇ ਨਾ ਜਾਣਾ ਪਵੇ।

    ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਨੂੰ ਟੇਲ (ਪੂਛ) ਕਿਹਾ ਜਾਂਦਾ ਹੈ ਪਰ ਜੇ ਇਸ ਪਾਸੇ ਤੋਂ ਸ਼ੁਰੂ ਕਰ ਲਈਏ ਤਾਂ ਚੰਡੀਗੜ੍ਹ ਟੇਲ ਬਣ ਜਾਵੇਗਾ।

    ਪੰਜਾਬ ਪੁਲਿਸ ਦਾ ਹੌਂਸਲਾ ਕਿਸੇ ਵੀ ਤਰ੍ਹਾਂ ਡਿੱਗਣ ਨਹੀਂ ਦਿੱਤਾ ਜਾਵੇਗਾ। ਪੁਲਿਸ ਦੇ ਜਵਾਨਾਂ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਅਤੇ ਡੀਜੀਪੀ ਵੱਲੋਂ ਮੁਲਾਜ਼ਮਾਂ ਨੂੰ ਵਧਾਈ ਕਾਰਡ ਭੇਜੇ ਜਾਣਗੇ।

    ਹਰ ਜ਼ਿਲ੍ਹੇ ਵਿੱਚ ਇੱਕ ਸੀਐਮ ਵਿੱਡੋ ਬਣਾ ਦਿੱਤੀ ਜਾਵੇਗੀ। ਤੁਹਾਨੂੰ ਕੰਮ ਲਈ ਚੰਡੀਗੜ੍ਹ ਜਾਣ ਦੀ ਲੋੜ ਨਹੀਂ।

  16. ਇਮਰਾਨ ਖ਼ਾਨ ਖਿਲਾਫ਼ ਲਿਆਂਦੇ ਬੇਭਰੋਸਗੀ ਮਤੇ ਉੱਪਰ ਪਾਕਿਸਤਾਨ ਅਸੈਂਬਲੀ ਤੋਂ ਲਾਈਵ

    ਪਾਕਿਸਤਾਨ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਨੈਸ਼ਨਲ ਅਸੈਂਬਲੀ ਵਿੱਚ ਅੱਜ ਮੁੜ ਬੇਭਰੋਸਗੀ ਮਤੇ 'ਤੇ ਵੋਟਿੰਗ ਹੋ ਰਹੀ ਹੈ। ਇਹ ਮਤਾ ਇਮਰਾਨ ਖ਼ਾਨ ਨੂੰ ਹਟਾਉਣ ਦੇ ਲਈ ਲਿਆਂਦਾ ਗਿਆ ਹੈ। ਅਸੈਂਬਲੀ ਦਾ ਸੈਸ਼ਨ ਚੱਲ ਰਿਹਾ ਹੈ

  17. ਹੁਣ ਤੱਕ ਦੇ ਅਹਿਮ ਅਪਡੇਟਸ 'ਤੇ ਇੱਕ ਨਜ਼ਰ

    ਬੀਬੀਸੀ ਪੰਜਾਬੀ ਨਾਲ ਹੁਣੇ-ਹੁਣੇ ਜੁੜੇ ਪਾਠਕਾਂ ਦਾ ਸਵਾਗਤ ਹੈ।

    ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਹਲਚਲ ਅਤੇ ਰੂਸ ਯੂਕਰੇਨ ਦੀ ਜੰਗ ਸਮੇਤ ਦੇਸ਼ ਦੁਨੀਆ ਦੀਆਂ ਅਹਿਮ ਘਟਨਾਵਾਂ ਬਾਰੇ ਅਪਡੇਟ।

    • ਮੁਸਲਿਮ ਲੀਗ (ਨਵਾਜ਼) ਦੇ ਆਗੂ ਖ਼ਵਾਜਾ ਸਾਦ ਰਫ਼ੀਕ ਨੇ ਵੋਟਿੰਗ ਸੈਸ਼ਨ ਮੁਲਤਵੀ ਹੋਣ 'ਤੇ ਟਵੀਟ ਕੀਤਾ- "ਕਦੋਂ ਤੱਕ ਵੋਟਿੰਗ ਤੋਂ ਭੱਜੋਗੇ?"
    • ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖਿਲਾਫ਼ ਬੇਭਰੋਸਗੀ ਮਤੇ 'ਤੇ ਵੋਟਿੰਗ ਲਈ ਨੈਸ਼ਨਲ ਅਸੈਂਬਲੀ 'ਚ ਸ਼ੁਰੂ ਹੋਇਆ ਸੈਸ਼ਨ ਮੁਲਤਵੀ।
    • ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਕਿਹਾ ਹੈ ਕਿ ''ਮੈਂ ਇੱਕ ਦੇਸ਼ ਭਗਤ ਪਾਕਿਸਤਾਨੀ ਹਾਂ ਤੇ ਮੈਂ ਕੋਈ ਸੰਵਿਧਾਨ ਨਹੀਂ ਤੋੜਿਆ''।
    • ਨੈਸ਼ਨਲ ਅਸੈਂਬਲੀ ਦੇ ਸੈਸ਼ਨ 'ਚ ਵਿਰੋਧੀ ਧਿਰ ਦੇ ਮੈਂਬਰ ਸ਼ਾਹਬਾਜ਼ ਸ਼ਰੀਫ ਨੇ ਸਪੀਕਰ ਨੂੰ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਕਾਰਵਾਈ ਪੂਰੀ ਕਰਾਉਣ ਦੀ ਗੁਜ਼ਾਰਿਸ਼ ਕੀਤੀ।
    • ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਹੈ ਕਿ ਚੋਣਾਂ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹਨ।
    • ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਹ ਪਾਕਿਸਤਾਨ 'ਚ 'ਵਿਦੇਸ਼ੀ ਸਰਕਾਰ' ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਇਸਦੇ ਸਮਰਥਨ ਲਈ ਜਨਤਾ ਕੋਲ ਜਾਣਗੇ।
    • ਇਮਰਾਨ ਖ਼ਾਨ ਦੁਆਰਾ ਭਾਰਤ ਦੀ ਪ੍ਰਸ਼ੰਸਾ 'ਤੇ ਮਰੀਅਮ ਨਵਾਜ਼ ਨੇ ਕਿਹਾ- 'ਜੇ ਭਾਰਤ ਇੰਨਾ ਹੀ ਪਸੰਦ ਹੈ ਤਾਂ ਉੱਥੇ ਹੀ ਸ਼ਿਫਟ ਹੋ ਜਾਓ ਤੇ ਪਾਕਿਸਤਾਨ ਦੀ ਜਾਨ ਛੱਡੋ'।
    • ਯੂਕਰੇਨ ਦੀ ਸਰਕਾਰੀ ਰੇਲ ਕੰਪਨੀ ਨੇ ਕਿਹਾ ਹੈ ਕਿ ਰੂਸ ਵੱਲੋਂ ਇੱਕ ਰੇਲਵੇ ਸਟੇਸ਼ਨ ਉੱਪਰ ਰਾਕਟ ਹਮਲਾ ਹੋਇਆ ਹੈ।
    • ਰੂਸ ਨੇ ਯੂਕਰੇਨ ਵੱਲੋਂ ਰਾਕਟ ਹਮਲੇ ਪਿੱਛੇ ਉਸ ਦਾ ਹੱਥ ਹੋਣ ਦੇ ਇਲਜ਼ਾਮਾਂ ਨੂੰ ਭੜਕਾਊ ਕਹਿੰਦਿਆ ਆਪਣੀ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
    • ਭਾਰਤ ਸਰਕਾਰ ਨੇ 18 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਲਗਾਉਣ ਦੀ ਆਗਿਆ ਦੇ ਦਿੱਤੀ ਹੈ।
    • ਆਸਟਰੇਲੀਆ ਨੇ ਯੂਕਰੇਨ ਨੂੰ 142 ਮਿਲੀਅਨ ਡਾਲਰ ਦੀ ਫੌਜੀ ਅਤੇ ਮਨੁੱਖੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।
  18. 'ਕਦੋਂ ਤੱਕ ਵੋਟਿੰਗ ਭੱਜੋਗੇ' - ਖ਼ਵਾਜਾ ਸਾਦ ਰਫ਼ੀਕ

    ਪਾਕਿਸਤਾਨ ਨੈਸ਼ਨਲ ਅਸੈਂਬਲੀ ਦਾ ਸੈਸ਼ਨ 12.30 ਵਜੇ ਤੱਕ ਮੁਲਤਵੀ ਹੋਣ ਤੋਂ ਬਾਅਦ ਮੁਸਲਿਮ ਲੀਗ (ਨਵਾਜ਼) ਦੇ ਆਗੂ ਖ਼ਵਾਜਾ ਸਾਦ ਰਫ਼ੀਕ ਨੇ ਟਵੀਟ ਕੀਤਾ- "ਕਦੋਂ ਤੱਕ ਵੋਟਿੰਗ ਤੋਂ ਭੱਜੋਗੇ?"

    "ਬਿਨਾਂ ਵੋਟਿੰਗ ਦੇ ਸੈਸ਼ਨ ਨੂੰ ਮੁਲਤਵੀ ਕਰਨਾ ਗੈਰ-ਸੰਵਿਧਾਨਕ ਅਤੇ ਅਦਾਲਤ ਦਾ ਅਪਮਾਨ ਹੈ।''

    ਉਨ੍ਹਾਂ ਦਾ ਕਹਿਣਾ ਹੈ ਕਿ "ਵੋਟਿੰਗ ਅੱਜ ਕਰਨੀ ਪਵੇਗੀ। ਇਮਰਾਨ ਤਾਨਾਸ਼ਾਹੀ ਨਹੀਂ ਮੰਨਦੇ''।

  19. ਮੈਂ ਇੱਕ ਦੇਸ਼ ਭਗਤ ਪਾਕਿਸਤਾਨੀ ਹਾਂ, ਮੈਂ ਕੋਈ ਸੰਵਿਧਾਨ ਨਹੀਂ ਤੋੜਿਆ: ਡਿਪਟੀ ਸਪੀਕਰ ਕਾਸਿਮ ਸੂਰੀ

    ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਕਿਹਾ ਹੈ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਨਿਰਾਸ਼ ਹਨ।

    ਜੀਓ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ''ਮੈਂ ਇੱਕ ਦੇਸ਼ ਭਗਤ ਪਾਕਿਸਤਾਨੀ ਹਾਂ ਅਤੇ ਮੇਰੇ ਸਾਹਮਣੇ ਜਿਹੜੀਆਂ ਗੱਲਾਂ ਆਈਆਂ, ਸਾਜ਼ਿਸ਼ ਦੇ ਜੋ ਸਬੂਤ ਮੇਰੇ ਸਾਹਮਣੇ ਆਏ, ਮੈਂ ਉਨ੍ਹਾਂ ਮੁਤਾਬਕ ਫੈਸਲਾ ਕੀਤਾ''।

    ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਰੂਲਿੰਗ ਨੂੰ ਦੇਖਿਆ ਹੀ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ ਹੈ।

    ਅੱਗੇ ਗੱਲ ਕਰਦਿਆਂ ਕਾਸਿਮ ਸੂਰੀ ਨੇ ਕਿਹਾ, "ਪੂਰਾ ਦੇਸ਼ ਇਮਰਾਨ ਖ਼ਾਨ ਦੇ ਨਾਲ ਹੈ ਅਤੇ ਉਹ ਜਾਣਦਾ ਹੈ ਕਿ ਇਹ ਲੋਕ ਵਿਦੇਸ਼ੀ ਆਕਾਵਾਂ ਨਾਲ ਮਿਲ ਕੇ ਇਮਰਾਨ ਖ਼ਾਨ ਦੀ ਸਰਕਾਰ ਨੂੰ ਪੁੱਟ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਨ''।

  20. ਪਾਕਿਸਤਾਨ ਦੀ ਸਿਆਸੀ ਸਥਿਤੀ ਬਾਰੇ ਅਹਿਮ ਸਵਾਲਾਂ ਦੇ ਜਵਾਬ

    ਰਿਆਜ਼ ਸੋਹੇਲ

    ਬੀਬੀਸੀ ਪੱਤਰਕਾਰ ਕਰਾਚੀ (ਪਾਕਿਸਤਾਨ) ਤੋਂ

    ਪਾਕਿਸਤਾਨ ਦੇ ਸੰਸਦੀ ਇਤਿਹਾਸ ਵਿੱਚ ਅਜਿਹੇ ਪ੍ਰਧਾਨ ਮੰਤਰੀ ਵਿਰਲੇ ਹੀ ਆਏ ਹਨ ਜੋ ਭਰੋਸੇ ਦਾ ਮਤ ਹਾਸਲ ਕਰਨ ਵਿੱਚ ਨਾਕਾਮ ਰਹੇ ਹੋਣ।

    ਜਦੋਂ ਜਨਰਲ ਜ਼ਿਆ ਉਲ ਹੱਕ ਨੇ ਬਿਨਾਂ ਕਿਸੇ ਪਾਰਟੀ ਦੇ ਅਧਾਰ ਦੇ ਚੋਣਾਂ ਕਰਵਾਈਆਂ ਅਤੇ ਇੱਕ ਲੋਕਤੰਤਰੀ ਸਰਕਾਰ ਵਜੂਦ ਵਿੱਚ ਆਈ ਤਾਂ ਮੁਹੰਮਦ ਖਾਨ ਜੁਨੇਜੋ ਨੇ 1985 ਵਿੱਚ ਆਪਣਾ ਬਹੁਮਤ ਸਾਬਤ ਕਰਨ ਲਈ ਭਰੋਸੇ ਦਾ ਮਤ ਹਾਸਲ ਕੀਤਾ ਸੀ।

    ਮੁਹੰਮਦ ਖਾਨ ਜੁਨੇਜੋ ਤੋਂ ਬਾਅਦ ਆਉਣ ਵਾਲੀਆਂ ਸਰਕਾਰਾਂ ਵਿੱਚ ਬੇਨਜ਼ੀਰ ਭੁੱਟੋ, ਮੀਆਂ ਮੁਹੰਮਦ ਨਵਾਜ਼ ਸ਼ਰੀਫ਼, ਮੀਰ ਜ਼ਫ਼ਰਉਲ੍ਹਾ ਜਮਾਲੀ, ਚੌਧਰੀ ਸ਼ੁਜਾਤ ਹੁਸੈਨ, ਸ਼ੌਕਤ ਅਜ਼ੀਜ਼ ਅਤੇ ਯੂਸਫ਼ ਰਜ਼ਾ ਗਿਲਾਨੀ ਨੂੰ ਵੀ ਭਰੋਸੇ ਦੇ ਮਤੇ ਦੀ ਲੋੜ ਪਈ ਸੀ।

    ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਪਹਿਲਾਂ ਦੋ ਪ੍ਰਧਾਨ ਮੰਤਰੀਆਂ ਨੇ ਬੇਭਰੋਸਗੀ ਦਾ ਸਾਹਮਣਾ ਕਰਦੇ ਹੋਏ ਵਿਰੋਧੀ ਧਿਰ ਨੂੰ ਹਰਾਇਆ ਹੈ।

    ਤਾਜ਼ਾ ਸੂਰਤੇ ਹਾਲ ਵਿੱਚ ਸੁਪਰੀਮ ਕੋਰਟ ਨੇ ਪਾਕਿਸਤਾਨ ਦੀ ਰਾਸ਼ਟਰਪਤੀ ਵੱਲੋਂ ਭੰਗ ਕੀਤੀ ਨੈਸ਼ਨਲ ਅਸੈਂਬਲੀ ਨੂੰ ਮੁੜ ਬਹਾਲ ਕਰ ਦਿੱਤਾ ਸੀ। ਕੋਰਟ ਨੇ ਬੇਭਰੋਸਗੀ ਮਤੇ ਉੱਪਰ ਸ਼ਨਿੱਚਰਵਾਰ ਨੂੰ ਮੁੜ ਵੋਟਿੰਗ ਕਰਵਾਉਣ ਦੇ ਹੁਕਮ ਦਿੱਤੇ ਹਨ।

    ਅਸੈਂਬਲੀ ਵਿੱਚ ਵੋਟਿੰਗ ਕਿਵੇਂ ਹੋਵੇਗੀ? ਬੇਭਰੋਸਗੀ ਮਤਾ ਪਾਸ ਹੋਇਆ ਤਾਂ ਕੀ ਹੋਵੇਗਾ?

    ਆਓ ਕੁਝ ਬੁਨਿਆਦੀ ਸਵਾਲਾਂ ਦੇ ਜਵਾਬ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਇਸ ਰਿਪੋਰਟ ਰਾਹੀਂ