ਗੋਰਖਨਾਥ ਮੰਦਿਰ ‘ਚ ਹੋਏ ਹਮਲੇ ਨੂੰ ਅੱਤਵਾਦੀ ਘਟਨਾ ਕਿਹਾ ਜਾ ਸਕਦਾ ਹੈ- ਯੂਪੀ ਸਰਕਾਰ

ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਯੂਕਰੇਨ-ਰੂਸ ਜੰਗ, ਪਾਕਿਸਤਾਨ ਦੀ ਸਿਆਸੀ ਹਲਚਲ ਅਤੇ ਦੇਸ-ਦੁਨੀਆਂ ਦੀਆਂ ਹੋਰ ਅਹਿਮ ਖ਼ਬਰਾਂ ਦੀ ਜਾਣਕਾਰੀ ਦੇ ਰਹੇ ਹਾਂ।

ਲਾਈਵ ਕਵਰੇਜ

ਜਸਪਾਲ ਸਿੰਘ and ਸੁਮਨਦੀਪ ਕੌਰ

  1. ਅੱਜ ਦਾ ਮੁੱਖ ਘਟਨਾਕ੍ਰਮ

    ਯੂਕਰੇਨ

    ਤਸਵੀਰ ਸਰੋਤ, Getty Images

    ਪਾਕਿਸਤਾਨ, ਯੂਕਰੇਨ ਤੇ ਦੇਸ-ਵਿਦੇਸ਼ ਦੇ ਹੋਰ ਅਹਿਮ ਘਟਨਾਕ੍ਰਮ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ, ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ:

    • ਪਾਕਿਸਤਾਨ ਵਿੱਚ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਮੰਗਲਵਾਰ ਦੁਪਹਿਰ 12 ਵਜੇ ਤੱਕ ਟਾਲ ਦਿੱਤੀ ਗਈ ਹੈ
    • ਇਮਰਾਨ ਖ਼ਾਨ ਨੇ ਕਿਹਾ ਕਿ ਬੇਸ਼ੱਕ ਉਹ ਚੋਣਾਂ ਹਾਰ ਜਾਣ ਪਰ ਉਨ੍ਹਾਂ ਲੋਕਾਂ ਨੂੰ ਟਿਕਟ ਦੇਣਗੇ, ਜੋ ਮੁਲਕ ਦਾ ਸੋਚਦੇ ਹਨ
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਦੇ ਹਮਲੇ ਨੂੰ ਨਸਲਕੁਸ਼ੀ ਕਰਾਰ ਦਿੱਤਾ ਹੈ।
    • ਯੂਕਰੇਨ ਦੀ ਰਾਜਧਾਨੀ ਕੀਵ ਨਜ਼ਦੀਕ ਸ਼ਹਿਰ ਬੂਚਾ ਵਿਖੇ ਨਾਗਰਿਕਾਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਨਿਖੇਧੀ ਹੋ ਰਹੀ ਹੈ
    • ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਆਖਿਆ ਹੈ ਕਿ ਇਹ ਸਬੂਤ ਹੈ ਕਿ ਰੂਸ ਵੱਲੋਂ ਜੰਗੀ ਅਪਰਾਧ ਕੀਤੇ ਜਾ ਰਹੇ ਹਨ।
    • ਸੰਯੁਕਤ ਰਾਸ਼ਟਰ ਮੁਤਾਬਕ ਤਕਰੀਬਨ 25 ਲੱਖ ਲੋਕ ਦੇਸ ਛੱਡ ਕੇ ਪੋਲੈਂਡ ਗਏ ਹਨ
    • ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਕਾਰਨ ਤਕਰੀਬਨ 1400 ਤੋਂ ਵੱਧ ਨਾਗਰਿਕਾਂ ਦੀ ਜਾਨ ਗਈ ਹੈ ਅਤੇ ਇਸ ਦੀ ਪੁਸ਼ਟੀ ਸੰਯੁਕਤ ਰਾਸ਼ਟਰ ਵੱਲੋਂ ਕੀਤੀ ਗਈ ਹੈ
  2. ਪਾਕਿਸਤਾਨ ‘ਚ ਸਿਆਸੀ ਸੰਕਟ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਮੰਗਲਵਾਰ ਤੱਕ ਟਲੀ

    ਪਾਕਿਸਤਾਨ

    ਤਸਵੀਰ ਸਰੋਤ, Getty Images

    ਪਾਕਿਸਤਾਨ ਵਿੱਚ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਮੰਗਲਵਾਰ ਦੁਪਹਿਰ 12 ਵਜੇ ਤੱਕ ਟਾਲ ਦਿੱਤੀ ਗਈ ਹੈ।

    ਸੋਮਵਾਰ ਨੂੰ ਇਮਰਾਨ ਸਰਕਾਰ ਖ਼ਿਲਾਫ਼ ਲਗਾਏ ਗਏ ਬੇਭਰੋਸਗੀ ਮਤੇ ਨੂੰ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਵੱਲੋਂ ਖਾਰਜ ਕਰਨ ਦੀ ਵੈਧਤਾ ‘ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਸੀ।

    ਪਰ ਮੰਗਲਵਾਰ ਨੂੰ 12 ਵਜੇ ਵਜੇ ਤੱਕ ਸੁਣਵਾਈ ਟਾਲ ਦਿੱਤੀ ਗਈ ਹੈ।

    ਪਾਕਿਸਤਾਨੀ ਅਖ਼ਬਾਰ ਡਾਨ ਦੀ ਵੈਬਸਾਈਟ ਮੁਤਾਬਕ ਪਾਕਿਸਤਾਨ ਦੇ ਮੁਖੀ ਜਸਟਿਸ ਉਮਰ ਅਤਾ ਬਾਂਦਿਆਲ ਨੇ ਕਿਹਾ ਹੈ ਕਿ ਕੋਰਟ ਇਸ ਮਾਮਲੇ ਵਿੱਚ ਅੱਜ ਕੋਈ ਵਾਜਿਬ ਆਦੇਸ਼ ਜਾਰੀ ਕਰੇਗਾ।

    ਇੱਕ ਵੱਡੀ ਬੈਂਚ ਵੱਲੋਂ ਮਾਮਲੇ ਦੀ ਸੁਣਵਾਈ ਲਈ ਮਨਜ਼ੂਰ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਟਿੱਪਣੀ ਕੀਤੀ।

    ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਪਟੀਸ਼ਨ ਪਾ ਕੇ ਕਿਹਾ ਸੀ ਕਿ ਮਾਮਲੇ ਦੀ ਸੁਣਵਾਈ ਲਈ ਸੁਪਰੀਮ ਕੋਰਟ ਨੇ ਸਾਰੇ 16 ਜੱਜਾਂ ਦੀ ਬੈਂਚ ਬਣਾਈ ਜਾਣੀ ਚਾਹੀਦੀ ਹੈ। ਪਰ ਮੰਗ ਖਾਰਜ ਕਰ ਦਿੱਤੀ ਗਈ ਸੀ।

  3. ਗੋਰਖਨਾਥ ਮੰਦਿਰ ‘ਚ ਹੋਏ ਹਮਲੇ ਨੂੰ ਅੱਤਵਾਦੀ ਘਟਨਾ ਕਿਹਾ ਜਾ ਸਕਦਾ ਹੈ- ਯੂਪੀ ਸਰਕਾਰ

    ਗੋਰਖਪੁਰ

    ਤਸਵੀਰ ਸਰੋਤ, ANI

    ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਗੋਰਖਨਾਥ ਮੰਦਿਰ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਜਵਾਨਾਂ ‘ਤੇ ਐਤਵਾਰ ਸ਼ਾਮੀਂ ਇੱਕ ਸ਼ਖ਼ਸ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ।

    ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਗੋਰਖਨਾਥ ਮੰਦਿਰ ਦੇ ਮਹੰਤ ਹਨ।

    ਲਖਨਊ ਤੋਂ ਬੀਬੀਸੀ ਪੱਤਰਕਾਰ ਅਨੰਤ ਝਣਾਣੇ ਦੀ ਰਿਪੋਰਟ ਮੁਤਾਬਕ, ਹਮਲਾ ਕਰਨ ਤੋਂ ਬਾਅਦ ਹਮਲਾਵਰ ਗੋਰਖਨਾਥ ਮੰਦਿਰ ਵਿੱਚ ਵੜ ਆਇਆ ਜਿੱਥੇ ਪੁਲਿਸਵਾਲਿਆਂ ਅਤੇ ਸਥਾਨਕ ਲੋਕਾਂ ਨੇ ਉਸ ‘ਤੇ ਕਾਬੂ ਪਾ ਕੇ ਹਿਰਾਸਤ ਵਿੱਚ ਲੈ ਲਿਆ।

    ਪ੍ਰੈੱਸ ਕਾਨਫਰੰਸ ਦੌਰਾਨ ਸੂਬੇ ਐਡੀਸ਼ਨਲ ਚੀਫ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਨੇ ਗੋਰਖਪੁਰ ਦੀ ਘਟਨਾ ਬਾਰੇ ਦੱਸਿਆ, “ਗੋਰਖਨਾਥ ਮੰਦਿਰ ਵਿੱਚ ਜਵਾਨਾਂ ‘ਤੇ ਕੀਤਾ ਗਿਆ ਹਮਲਾ ਹਮਲਾ ਗੰਭੀਰ ਮਾਮਲਾ ਹੈ, ਇਹ ਇੱਕ ਸਾਜਿਸ਼ ਦਾ ਹਿੱਸਾ ਹੈ ਅਤੇ ਇਸ ਨੂੰ ਇੱਕ ਅੱਤਵਾਦੀ ਘਟਨਾ ਕਿਹਾ ਜਾ ਸਕਦਾ ਹੈ।“

    ਇਸ ਮਾਮਲੇ ਵਿੱਚ ਪੁਲਿਸ ਦੋ ਮੁਕਦਮੇ ਦਰਜ ਕਰ ਕੇ ਜਾਂਚ ਕਰ ਰਹੀ ਹੈ।

  4. ਰੂਸ ਦੇ ਧਨਾਢ ਲੋਕ ਆਪਣਾ ‘ਕਾਲਾ ਧਨ’ ਕਿੱਥੇ ਲੁਕਾ ਕੇ ਰੱਖਦੇ ਹਨ

    ਅਮਰੀਕੀ ਥਿੰਕ ਟੈਂਕ ਅਟਲਾਂਟਿਕ ਕੌਂਸਲ ਮੁਤਾਬਕ ਰੂਸੀਆਂ ਕੋਲ ਵਿਦੇਸ਼ਾਂ ਵਿੱਚ ਇੱਕ ਲੱਖ ਕਰੋੜ ਡਾਲਰ ਲੁਕਿਆ ਪਿਆ ਹੈ, ਜਿਸ ਨੂੰ 'ਕਾਲਾ ਧਨ' ਆਖਿਆ ਜਾਂਦਾ ਹੈ।

    ਇਸ ਦੀ2020 ਦੀ ਰਿਪੋਰਟਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਇਸ ਰਕਮ ਦਾ ਇੱਕ ਚੌਥਾਈ ਹਿੱਸਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਸਦੇ ਨਜ਼ਦੀਕੀ ਸਹਿਯੋਗੀਆਂ ਯਾਨਿ ਰੂਸੀ ਧਨਾਢਾਂ ਵਜੋਂ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਵੱਲੋਂ ਕੰਟ੍ਰੋਲ ਕੀਤਾ ਜਾਂਦਾ ਹੈ। ਇਸ ਬਾਰੇ ਪੂਰੀ ਵਿਸਥਾਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

    ਰੂਸ ਦੇ ਧਨਾਢ ਲੋਕ

    ਤਸਵੀਰ ਸਰੋਤ, Getty Images

  5. ਬੇਸ਼ੱਕ ਮੈਂ ਚੋਣਾਂ ਹਾਰ ਜਾਵਾਂ ਪਰ ਮੈਂ ਉਨ੍ਹਾਂ ਲੋਕਾਂ ਨੂੰ ਟਿਕਟ ਦੇਵਾਂਗਾ, ਜੋ ਮੁਲਕ ਦਾ ਸੋਚਦੇ ਹਨ - ਇਮਰਾਨ ਖ਼ਾਨ

    ਇਮਰਾਨ ਖ਼ਾਨ

    ਤਸਵੀਰ ਸਰੋਤ, Getty Images

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਪਾਰਲੀਮੈਂਟ ਵਿੱਚ ਉਸ ਤਰ੍ਹਾਂ ਦੇ ਲੋਕ ਨਾ ਆਉਣ ਜੋ ਮੁਲਕ ਬਾਰੇ ਸੋਚਣ।

    ਉਨ੍ਹਾਂ ਨੇ ਕਿਹਾ, “ਮੈਂ ਆਪਣੇ 26 ਸਾਲਾਂ ਦੇ ਸਿਆਸੀ ਕਰੀਅਰ ਦੌਰਾਨ ਵੱਡਾ ਸਬਕ ਸਿੱਖਿਆ ਹੈ। ਅਸੀਂ ਅਗਾਮੀ ਚੋਣਾਂ ਲਈ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਅਸੀਂ ਟਿਕਟ ਦੇਣੀ ਹੈ ਉਨ੍ਹਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।“

    “ਇਨ੍ਹਾਂ ਚੋਣਾਂ ਵਿੱਚ ਅਸੀਂ ਸਬਕ ਸਿੱਖਿਆ ਹੈ, ਕਿ ਕਿੰਨਾਂ ਨੂੰ ਟਿਕਟ ਦੇਣੀ ਹੈ ਕਿਉਂਕਿ ਕੁਝ ਨਜ਼ਰੀਏ ਵਾਲੇ ਹਨ ਅਤੇ ਕੁਝ ਬਿਨਾਂ ਨਜ਼ਰੀਏ ਦੇ ਵੀ ਹਨ, ਇਸ ਲਈ ਟਿਕਟ ਬੜੀ ਸੋਚ ਸਮਝ ਕੇ ਦੇਣੀ ਹੈ।“

    “ਜਿਵੇਂ ਕਿ ਤੁਸੀਂ ਦੇਖਿਆ ਕਿ ਲੋਕਾਂ ਨੇ ਆਪਣੇ ਆਪ ਨੂੰ ਵੇਚਿਆ ਅਤੇ ਸਰਕਾਰ ਨੂੰ ਡੇਗਣ ਲਈ ਆਲਮੀ ਸਾਜਿਸ਼ ਦਾ ਹਿੱਸਾ ਬਣੇ, ਮੈਨੂੰ ਲੱਗਦਾ ਹੈ ਕਿ ਹੁਣ ਇਨ੍ਹਾਂ ਦਾ ਸਿਆਸੀ ਕਰੀਅਰ ਖ਼ਤਮ ਹੋ ਗਿਆ ਹੈ।“

    “ਬੇਸ਼ੱਕ ਮੈਂ ਚੋਣਾਂ ਹਾਰ ਜਾਵਾਂ ਪਰ ਮੈਂ ਉਨ੍ਹਾਂ ਲੋਕਾਂ ਨੂੰ ਟਿਕਟ ਦੇਵਾਂਗਾ, ਜੋ ਮੁਲਕ ਦਾ ਸੋਚਦੇ ਹਨ, ਮੈਂ ਆਪ ਇੰਟਰਵਿਊ ਲਵਾਂਗਾ।“

  6. ਰੂਸ-ਯੂਕਰੇਨ ਜੰਗ: ਹੁਣ ਤੱਕ ਦਾ ਅਹਿਮ ਘਟਨਾਕ੍ਰਮ

    ਰੂਸ -ਯੂਕਰੇਨ ਜੰਗ

    ਤਸਵੀਰ ਸਰੋਤ, EPA

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਨੂੰ ਇੱਕ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹੋਇਆ ਸੀ ਸੋਮਵਾਰ ਨੂੰ ਬੁਚਾ ਵਿਖੇ ਵਾਪਰੀਆਂ ਘਟਨਾਵਾਂ ਉੱਪਰ ਅੰਤਰਰਾਸ਼ਟਰੀ ਆਗੂਆਂ ਦਾ ਧਿਆਨ ਕੇਂਦਰਿਤ ਰਿਹਾ।

    • ਯੂਕਰੇਨ ਦੀ ਰਾਜਧਾਨੀ ਕੀਵ ਨਜ਼ਦੀਕ ਸ਼ਹਿਰ ਬੁਚਾ ਵਿਖੇ ਨਾਗਰਿਕਾਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਨਿਖੇਧੀ ਹੋ ਰਹੀ ਹੈ।
    • ਯੂਕਰੇਨ ਮੁਤਾਬਕ ਰਾਜਧਾਨੀ ਦੇ ਆਸ ਪਾਸ ਤਕਰੀਬਨ 400 ਲਾਸ਼ਾਂ ਮਿਲੀਆਂ ਹਨ ਅਤੇ ਇਹ ਜੰਗੀ ਅਪਰਾਧ ਹਨ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਦੇ ਹਮਲੇ ਨੂੰ ਨਸਲਕੁਸ਼ੀ ਕਰਾਰ ਦਿੱਤਾ ਹੈ। ਗਰੈਮੀ ਐਵਾਰਡਜ਼ ਵਿੱਚ ਉਨ੍ਹਾਂ ਦੇ ਰਿਕਾਰਡ ਸੰਬੋਧਨ ਵਿੱਚ ਵੀ ਕਲਾਕਾਰਾਂ ਨੂੰ ਇਸ ਬਾਰੇ ਚੁੱਪ ਨਾ ਰਹਿਣ ਦੀ ਅਪੀਲ ਕੀਤੀ ਹੈ।
    • ਰੂਸ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਗਿਆ ਹੈ।
    • ਫਰਾਂਸ ਦੇ ਰਾਸ਼ਟਰਪਤੀ ਮੁਤਾਬਕ ਇਹ ਜੰਗੀ ਅਪਰਾਧ ਹੈ।ਉਨ੍ਹਾਂ ਨੇ ਰੂਸ ਉਪਰ ਹੋਰ ਸਖ਼ਤ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ ਹੈ।
    • ਯੂਕੇ ਦੇ ਪ੍ਰਧਾਨ ਮੰਤਰੀ ਨੇ ਆਖਿਆ ਹੈ ਕਿ ਇਹ ਸਬੂਤ ਹੈ ਕਿ ਰੂਸ ਵੱਲੋਂ ਜੰਗੀ ਅਪਰਾਧ ਕੀਤੇ ਜਾ ਰਹੇ ਹਨ।
    • ਸੰਯੁਕਤ ਰਾਸ਼ਟਰ ਮੁਤਾਬਕ ਤਕਰੀਬਨ 25 ਲੱਖ ਲੋਕ ਦੇਸ ਛੱਡ ਕੇ ਪੋਲੈਂਡ ਗਏ ਹਨ।
    ਰੂਸ -ਯੂਕਰੇਨ ਜੰਗ

    ਤਸਵੀਰ ਸਰੋਤ, Getty Images

  7. ਰੂਸ ਦੇ ਹਮਲੇ ਨੂੰ ਰਾਸ਼ਟਰਪਤੀ ਜ਼ੇਲੇਂਸਕੀ ਨੇ ਮੁੜ ਦੱਸਿਆ ਕਤਲੇਆਮ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸੀ ਹਮਲੇ ਨੂੰ ਪੂਰੇ ‘’ਮੁਲਕ ’ਤੇ ਤਸ਼ਦੱਦ ਦੱਸਿਆ’’ ਹੈ।

    ਐਤਵਾਰ ਨੂੰ ਸੀਬੀਐੱਸ ਨਿਊਜ਼ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਦੇ ਲੋਕ ਰੂਸ ਦੇ ਅਧੀਨ ਨਹੀਂ ਹੋਣਾ ਚਾਹੁੰਦੇ ਅਤੇ ਇਸੇ ਕਾਰਨ ਉਨ੍ਹਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ।

    ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਜੋ ਰੂਸ ਕਰ ਰਿਹਾ ਹੈ ਉਸ ਨੂੰ ਕਤਲੇਆਮ ਕਿਹਾ ਜਾਵੇਗਾ? ਇਸਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ,’’ਬਿਲਕੁਲ, ਇਹ ਇੱਕ ਕਤਲੇਆਮ ਹੀ ਹੈ, ਇੱਕ ਮੁਲਕ ਅਤੇ ਉੱਥੋਂ ਦੇ ਲੋਕਾਂ ਦਾ ਸਫਾਇਆ ਕੀਤਾ ਜਾ ਰਿਹਾ ਹੈ।‘’

    ‘’ਅਸੀਂ ਯੂਕਰੇਨੀ ਨਾਗਰਿਕ ਹਾਂ, ਸਾਡੇ ਇੱਥੇ 100 ਤੋਂ ਵੱਧ ਮੁਲਕਾਂ ਦੇ ਨਾਗਰਿਕ ਰਹਿੰਦੇ ਹਨ, ਇਹ ਇਨ੍ਹਾਂ ਸਾਰੇ ਨਾਗਰਿਕਾਂ ਨੂੰ ਬਰਬਾਦ ਕਰਨ ਵਰਗਾ ਹੈ।‘’

    ਐਤਵਾਰ ਨੂੰ ਵੀਡੀਓ ਦੇ ਜ਼ਰੀਏ ਦੇਸ ਨੂੰ ਸੰਬੋਧਿਤ ਕਰਦੇ ਹੋਏ ਜੇਲੇਂਸਕੀ ਨੇ ਕਿਹਾ, ‘’ਸਾਡੀ ਜ਼ਮੀਨ ’ਤੇਕੀਤੇ ਗਏ ਹਰ ਜ਼ੁਲਮ ਦੀ ਜਾਂਚ ਹੋਵੇਗੀ। ਅਜਿਹੇ ਜ਼ੁਲਮ ਕਰਨ ਵਾਲਿਆਂ ਦੇ ਨਾਮ ਕਾਤਲਾਂ ਦੀ ਕਿਤਾਬ ਵਿੱਚ ਦਰਜ ਹੋਣਗੇ ਅਤੇ ਉਨ੍ਹਾਂ ਨੂੰ ਸਜਾ ਮਿਲੇਗੀ।‘’

    ਵਲੋਦੋਮੀਰ ਜ਼ੇਲੇਂਸਕੀ

    ਤਸਵੀਰ ਸਰੋਤ, Getty Images

  8. ਗ੍ਰੈਮੀ ਐਵਾਰਡਜ਼ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਦੀ ਸੰਗੀਤ ਜਗਤ ਨੂੰ ਅਪੀਲ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਇੱਕ ਰਿਕਾਰਡ ਕੀਤਾ ਸੰਬੋਧਨ 64ਵੇਂ ਗ੍ਰੈਮੀ ਐਵਾਰਡਸ ਵਿਖੇ ਜਾਰੀ ਕੀਤਾ ਗਿਆ।

    ਇਸ ਸੰਬੋਧਨ ਵਿੱਚ ਉਨ੍ਹਾਂ ਨੇ ਆਖਿਆ ਕਿ ਯੂਕਰੇਨ ਦੇ ਸੰਗੀਤਕਾਰ ਹਸਪਤਾਲ ਵਿੱਚ ਜ਼ਖ਼ਮੀ ਨਾਗਰਿਕਾਂ ਲਈ ਗਾ ਰਹੇ ਹਨ। ਕਈ ਵਾਰ ਉਨ੍ਹਾਂ ਲੋਕਾਂ ਲਈ ਗਾ ਰਹੇ ਹੁੰਦੇ ਹਨ, ਜੋ ਉਨ੍ਹਾਂ ਨੂੰ ਸੁਣ ਵੀ ਨਹੀਂ ਸਕਦੇ ਪਰ ਸੰਗੀਤ ਇੱਕ ਅਹਿਮ ਕੜੀ ਹੈ।

    ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਦਾ ਦੇਸ਼,ਆਜ਼ਾਦੀ,ਪਿਆਰ ਅਤੇ ਆਪਣੀ ਆਵਾਜ਼ ਲਈ ਲੜ ਰਿਹਾ ਹੈ ਪਰ ਰੂਸ ਦੇ ਬੰਬ ਉਨ੍ਹਾਂ ਦੀਆਂ ਗਲੀਆਂ ਵਿੱਚ ਸੰਨਾਟਾ ਭਰ ਰਹੇ ਹਨ।

    ਗ੍ਰੈਮੀ ਵਿੱਚ ਮੌਜੂਦ ਕਲਾਕਾਰਾਂ ਨੂੰ ਉਨ੍ਹਾਂ ਨੇ ਅਪੀਲ ਕੀਤੀ ਕਿ ਉਹ ਹਰ ਸੰਭਵ ਤਰੀਕੇ ਦੇ ਨਾਲ ਯੂਕਰੇਨ ਨੂੰ ਸਮਰਥਨ ਦੇਣ ਪਰ ਉਹ ਚੁੱਪ ਨਾ ਰਹਿਣ।

  9. ਯੂਕਰੇਨ ਵਿੱਚ 1400 ਤੋਂ ਵੱਧ ਨਾਗਰਿਕਾਂ ਦੀ ਮੌਤ -ਸੰਯੁਕਤ ਰਾਸ਼ਟਰ

    ਰੂਸ ਅਤੇ ਯੂਕਰੇਨ

    ਤਸਵੀਰ ਸਰੋਤ, Getty Images

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਕਾਰਨ ਤਕਰੀਬਨ 1400 ਤੋਂ ਵੱਧ ਨਾਗਰਿਕਾਂ ਦੀ ਜਾਨ ਗਈ ਹੈ ਅਤੇ ਇਸ ਦੀ ਪੁਸ਼ਟੀ ਸੰਯੁਕਤ ਰਾਸ਼ਟਰ ਵੱਲੋਂ ਕੀਤੀ ਗਈ ਹੈ।

    ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 2000 ਵੱਧ ਨਾਗਰਿਕ ਜ਼ਖ਼ਮੀ ਵੀ ਹੋਏ ਹਨ।

    ਸੰਯੁਕਤ ਰਾਸ਼ਟਰ ਮੁਤਾਬਕ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ।

    ਸੰਯੁਕਤ ਰਾਸ਼ਟਰ ਮੁਤਾਬਕ ਜ਼ਿਆਦਾ ਨੁਕਸਾਨ ਯੂਕਰੇਨ ਦੇ ਪੂਰਬੀ ਇਲਾਕਿਆਂ ਵਿੱਚ ਹੋਇਆ ਹੈ।

  10. ਪਾਕਿਸਤਾਨ ਦੇ ਕੇਅਰਟੇਕਰ ਪ੍ਰਧਾਨ ਮੰਤਰੀ ਚੁਣੇ ਜਾਣ ਤੱਕ ਇਮਰਾਨ ਖ਼ਾਨ ਰਹਿਣਗੇ ਪ੍ਰਧਾਨ ਮੰਤਰੀ

    ਇਮਰਾਨ ਖਾਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਇਮਰਾਨ ਖਾਨ

    ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਪਾਕਿਸਤਾਨ ਵਿੱਚ ਕੇਅਰਟੇਕਰ ਪ੍ਰਧਾਨ ਮੰਤਰੀ ਚੁਣੇ ਜਾਣ ਤੱਕ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਹਨ।

    ਪਾਕਿਸਤਾਨ ਵਿੱਚ ਕਾਰਜਕਾਰੀ ਪ੍ਰਧਾਨ ਮੰਤਰੀ ਸੰਵਿਧਾਨ ਦੀ ਧਾਰਾ 224 ਤਹਿਤ ਚੁਣਿਆ ਜਾਵੇਗਾ।

    ਜਦੋਂ ਤੱਕ ਇਹ ਨਿਯੁਕਤੀ ਨਹੀਂ ਹੋ ਜਾਂਦੀ, ਉਦੋਂ ਤੱਕ ਇਮਰਾਨ ਖਾਨ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਨਿਭਾਉਣਗੇ।

    ਐਤਵਾਰ ਦੇਰ ਸ਼ਾਮ ਰਾਸ਼ਟਰਪਤੀ ਨੇ ਦੇਸ਼ ਦੀ ਸੰਸਦ ਨੂੰ ਭੰਗ ਕਰ ਦਿੱਤਾ।

    ਸੰਸਦ ਵਿੱਚ ਇਮਰਾਨ ਖਾਨ ਦੇ ਖਿਲਾਫ਼ ਬੇਭਰੋਸਗੀ ਮਤੇ ਨੂੰ ਖਾਰਜ ਕਰ ਦਿੱਤਾ ਗਿਆ ਸੀ।

    ਇਮਰਾਨ ਖਾਨ ਨੇ ਅਸੈਂਬਲੀ ਭੰਗ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ ਜਿਸ ਨੂੰ ਬਾਅਦ ਵਿੱਚ ਭੰਗ ਕਰ ਦਿੱਤਾ ਗਿਆ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਬੁਚਾ ਵਿੱਚ 'ਕਤਲੇਆਮ' ਦੀ ਦੁਨੀਆ ਭਰ ਵਿੱਚ ਨਿਖੇਧੀ, ਰੂਸ ਨੇ ਇਲਜ਼ਾਮਾਂ ਨੂੰ ਨਕਾਰਿਆ

    ਬੁਚਾ ਕਤਲੇਆਮ

    ਯੂਕਰੇਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਰਾਜਧਾਨੀ ਕੀਵ ਨਜ਼ਦੀਕ ਸ਼ਹਿਰ ਬੁਚਾ ਵਿਖੇ ਨਾਗਰਿਕਾਂ ਦਾ ਕਤਲੇਆਮ ਕੀਤਾ ਹੋਇਆ ਹੈ।

    ਯੂਕਰੇਨ ਦੇ ਨੁਮਾਇੰਦਿਆਂ ਮੁਤਾਬਕ ਸ਼ਹਿਰ ਵਿੱਚ ਵੱਖ ਵੱਖ ਜਗ੍ਹਾ 'ਤੇ 410 ਲਾਸ਼ਾਂ ਮਿਲੀਆਂ ਹਨ।

    ਰੂਸ ਵੱਲੋਂ ਕਤਲੇਆਮ ਦੇ ਇਨ੍ਹਾਂ ਦਾਅਵਿਆਂ ਨੂੰ ਨਕਾਰਿਆ ਗਿਆ ਹੈ।

    ਦੁਨੀਆਂ ਭਰ ਦੇ ਆਗੂਆਂ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ।

    ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਖਿਆ ਹੈ ਕਿ ਇਹ ਘਟਨਾ ਸਬੂਤ ਹੈ ਕਿ ਰੂਸ ਜੰਗੀ ਅਪਰਾਧ ਕਰ ਰਿਹਾ ਹੈ।

    ਅਮਰੀਕਾ ਦੇ ਸਟੇਟ ਸੈਕਰੇਟਰੀ ਐਂਟਨੀ ਬਲਿੰਕਨ ਨੇ ਵੀ ਇਨ੍ਹਾਂ ਘਟਨਾਵਾਂ ਦੀ ਨਿਖੇਧੀ ਕੀਤੀ ਹੈ।

    ਫਰਾਂਸ ਦੇ ਰਾਸ਼ਟਰਪਤੀ ਮੁਤਾਬਕ ਸਾਹਮਣੇ ਆਈਆਂ ਤਸਵੀਰਾਂ ਬਰਦਾਸ਼ਤ ਤੋਂ ਬਾਹਰ ਹਨ ਜਦੋਂਕਿ ਜਰਮਨੀ ਦੇ ਵਾਈਸ ਚਾਂਸਲਰ ਮੁਤਾਬਕ ਇਹ ਭਿਆਨਕ ਜੰਗੀ ਅਪਰਾਧ ਹੈ।

  12. ਰੂਸ-ਯੂਕਰੇਨ ਜੰਗ: ਤਬਾਹੀ ਦਾ ਮੰਜ਼ਰ ਬਿਆਨ ਕਰਦੀਆਂ ਤਸਵੀਰਾਂ

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ। ਲੱਖਾਂ ਲੋਕ ਬੇਘਰ ਹੋਏ ਹਨ ਜਦੋਂਕਿ ਸੈਂਕੜਿਆਂ ਦੀ ਮੌਤ ਹੋਈ ਹੈ। ਜੰਗ ਦਾ ਮੰਜ਼ਰ ਦਰਸਾਉਂਦੀਆਂ ਯੂਕਰੇਨ ਤੋਂ ਕੁਝ ਤਸਵੀਰਾਂ।

    ਰੂਸ-ਯੂਕਰੇਨ ਜੰਗ

    ਤਸਵੀਰ ਸਰੋਤ, Getty Images

    ਰੂਸ-ਯੂਕਰੇਨ ਜੰਗ

    ਤਸਵੀਰ ਸਰੋਤ, Reuters

    ਰੂਸ-ਯੂਕਰੇਨ ਜੰਗ

    ਤਸਵੀਰ ਸਰੋਤ, Reuters

    ਰੂਸ-ਯੂਕਰੇਨ ਜੰਗ

    ਤਸਵੀਰ ਸਰੋਤ, Reuters

    ਰੂਸ-ਯੂਕਰੇਨ ਜੰਗ

    ਤਸਵੀਰ ਸਰੋਤ, Reuters

  13. ਹੁਣ ਤੱਕ ਦੇ ਅਹਿਮ ਘਟਨਾਕ੍ਰਮ

    • ਇਮਰਾਨ ਖ਼ਾਨ ਦੀ ਸਰਕਾਰ ਖਿਲਾਫ਼ ਨੈਸ਼ਨਲ ਅਸੈਂਬਲੀ ਵਿੱਚ ਪੇਸ਼ ਬੇਭਰੋਸਗੀ ਮਤਾ ਖਾਰਜ ਹੋ ਗਿਆ।
    • ਪਾਕਿਸਤਾਨ ਦੇ ਰਾਸ਼ਟਰਪਤੀ ਨੇ ਇਮਰਾਨ ਖ਼ਾਨ ਦੀ ਸਿਫ਼ਾਰਿਸ਼ ਉੱਤੇ ਨੈਸ਼ਨਲ ਅਸੈਂਬਲੀ ਭੰਗ ਕਰ ਦਿੱਤੀ।
    • ਪਾਕਿਸਤਾਨ ਦੇ ਵਿਰੋਧੀ ਧਿਰ ਨੇ ਮਤੇ ਦੇ ਖਾਰਜ ਹੋਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਤੇ ਕੋਰਟ ਜਾਣ ਦੀ ਗੱਲ ਆਖੀ।
    • ਸੁਪਰੀਮ ਕੋਰਟ ਨੇ ਇਸ ਪੂਰੇ ਮਸਲੇ ਦਾ ਨੋਟਿਸ ਲਿਆ ਤੇ ਅੱਜ ਇਸ ਮਾਮਲੇ ਵਿੱਚ ਸੁਣਵਾਈ ਹੋਵੇਗੀ
    ਪਾਕਿਸਤਾਨ ਨੈਸ਼ਨਲ ਅਸੈਂਬਲੀ

    ਤਸਵੀਰ ਸਰੋਤ, Getty Images

    ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਦੇ ਪੂਰਬੀ ਅਤੇ ਦੱਖਣੀ ਹਿੱਸੇ ਉੱਤੇ ਰੂਸ ਕਬਜ਼ਾ ਕਰਨਾ ਚਾਹੁੰਦਾ ਹੈ

    ਯੂਕਰੇਨ ਵਿੱਚ ਓਡੇਸਾ ਬੰਦਰਗਾਹ 'ਤੇ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ

    ਯੂਕਰੇਨ ਵੱਲੋਂ ਕਿਹਾ ਗਿਆ ਹੈ ਕਿ ਉਸ ਦੀਆਂ ਫੌਜਾਂ ਨੇ ਰਾਜਧਾਨੀ ਕੀਵ ਦੇ ਆਲੇ-ਦੁਆਲੇ ਵਾਲੇ ਪੂਰੇ ਖੇਤਰ ਨੂੰ ਮੁੜ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਰੂਸੀ ਫੌਜਾਂ ਕਈ ਪ੍ਰਮੁੱਖ ਕਸਬਿਆਂ ਤੋਂ ਪਿੱਛੇ ਵੱਲ ਨੂੰ ਹਟ ਗਈਆਂ ਹਨ।

    ਖ਼ਬਰ ਏਜੰਸੀ ਏਐੱਫਪੀ ਮੁਤਾਬਕ ਉਨ੍ਹਾਂ ਨੇ ਸ਼ਨੀਵਾਰ ਨੂੰ ਬੁਚਾ ਸ਼ਹਿਰ ਦੀ ਸਿਰਫ਼ ਇੱਕ ਗਲੀ ਵਿੱਚ ਘੱਟੋ-ਘੱਟ 20 ਲਾਸ਼ਾਂ ਦੇਖੀਆਂ ਹਨ।

    ਇਸ ਦੌਰਾਨ, ਕਸਬੇ ਦੇ ਮੇਅਰ ਨੇ ਕਿਹਾ ਕਿ ਬੁਚਾ ਵਿੱਚ 280 ਲੋਕਾਂ ਨੂੰ ਇੱਕ ਸਮੂਹਿਕ ਕਬਰ ਵਿੱਚ ਦਫ਼ਨਾਇਆ ਗਿਆ ਸੀ ਅਤੇ ਇਹ ਸ਼ਹਿਰ ਲਾਸ਼ਾਂ ਨਾਲ ਭਰਿਆ ਪਿਆ ਸੀ।

    ਯੂਕਰੇਨ-ਰੂਸ ਜੰਗ

    ਤਸਵੀਰ ਸਰੋਤ, Getty Images

  14. ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ

    ਬੀਬੀਸੀ ਪੰਜਾਬੀ ਦੇ ਅੱਜ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ। ਅੱਜ ਦਾ ਇਹ ਲਾਈਵ ਪੇਜ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ, ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਹਲਚਲ ਅਤੇ ਦੇਸ ਦੁਨੀਆਂ ਦੀਆਂ ਅਹਿਮ ਘਟਨਾਵਾਂ ਬਾਰੇ ਹੈ।

    3 ਅਪ੍ਰੈਲ ਦੀਆਂ ਅਹਿਮ ਘਟਨਾਵਾਂ ਜਾਨਣ ਲਈ ਤੁਸੀਂ ਇੱਥੇਕਲਿੱਕਕਰ ਸਕਦੇ ਹੋ।