ਕੇਜਰੀਵਾਲ ਦੇ ਘਰ ਦੇ ਬਾਹਰ ਭੰਨਤੋੜ ਮਾਮਲੇ ’ਚ ਹਾਈ ਕੋਰਟ ਨੇ ਪੁਲਿਸ ਤੋਂ ਰਿਪੋਰਟ ਮੰਗੀ

ਇਸ ਲਾਈਵ ਪੇਜ ਰਾਹੀਂ ਤੁਹਾਨੂੰ ਰੂਸ-ਯੂਕਰੇਨ ਜੰਗ, ਪਾਕਿਸਤਾਨ ਦੇ ਸਿਆਸੀ ਹਾਲਾਤ ਸਣੇ ਦੇਸ ਦੁਨੀਆਂ ਅਤੇ ਪੰਜਾਬ ਦੇ ਅਹਿਮ ਘਟਨਾਕ੍ਰਮ ਬਾਰੇ ਦੱਸਾਂਗੇ

ਲਾਈਵ ਕਵਰੇਜ

  1. ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨਾਲ ਜੁੜਨ ਲਈ ਧੰਨਵਾਦ

    ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਚਲਦਿਆਂ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ। ਇਸ ਲਾਈਵ ਪੇਜ ਰਾਹੀਂ ਤੁਹਾਡੇ ਨਾਲ ਜੰਗ, ਸ਼੍ਰੀ ਲੰਕਾ ਦੀ ਸਥਿਤੀ ਅਤੇ ਪੰਜਾਬ ਦੀਆਂ ਸਿਆਸੀ ਸਰਗਮੀਆਂ ਬਾਰੇ ਅੱਜ ਦੇ ਅਹਿਮ ਅਪਡੇਟ ਸਾਂਝੇ ਕੀਤੇ ਗਏ।

    ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਪੰਜਾਬ ਚੋਣਾਂ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਹੋਰ ਤਾਜ਼ਾ ਖ਼ਬਰਾਂ ਅਤੇ ਫੀਚਰ ਪੜ੍ਹਨ ਲਈ ਤੁਸੀਂ ਸਾਡੀ ਵੈਬਸਾਈਟ ਉੱਪਰ ਵੀ ਆ ਸਕਦੇ ਹੋ।

    ਭਲਕੇ ਇੱਕ ਨਵੇਂ ਲਾਈਵ ਪੇਜ ਨਾਲ ਤੁਹਾਡੇ ਮੁਖਾਤਿਬ ਹੋਵਾਂਗੇ।

    ਸਾਡੇ ਨਾਲ ਜੁੜਨ ਲਈ ਬਹੁਤ ਧੰਨਵਾਦ।

  2. ਅੱਜ ਦੇ ਅਹਿਮ ਘਟਨਾਕ੍ਰਮ

    ਯੂਕਰੇਨ

    ਤਸਵੀਰ ਸਰੋਤ, Russian Ministry of Emergency Situation

    ਜੇ ਤੁਸੀਂ ਸਾਡੇ ਨਾਲ ਹੁਣੇ-ਹੁਣੇ ਜੁੜੇ ਹੋ ਤਾਂ ਯੂਕਰੇਨ-ਰੂਸ ਜੰਗ, ਸ਼੍ਰੀ ਲੰਕਾ ਅਤੇ ਪੰਜਾਬ ਦਾ ਅੱਜ ਦਾ ਅਹਿਮ ਘਟਨਾਕ੍ਰਮ ਇਸ ਪ੍ਰਕਾਰ ਹੈ-

    • ਰੂਸ ਨੇ ਕਿਹਾ ਹੈ ਕਿ ਯੂਕਰੇਨੀ ਹੈਲੀਕਾਪਟਰਾਂ ਨੇ ਉਸਦੇ ਉੱਤਰੀ ਸ਼ਹਿਰ ਬੋਲਗਾਰਡ ਵਿੱਚ ਇੱਕ ਈਂਧਣ ਡਿਪੂ ਉੱਪਰ ਹਮਲਾ ਕੀਤਾ ਹੈ।
    • ਰੈਡ ਕਰਾਸ ਮੁਤਾਬਕ ਰੂਸ ਅਤੇ ਯੂਕਰੇਨ ਦੇ ਉੱਚ-ਪੱਧਰੀ ਅਧਿਕਾਰੀਆਂ ਨੇ ਮਾਰੀਓਪੋਲ ਵਿੱਚ ਨਾਗਰਿਕਾਂ ਨੂੰ ਕੱਢਣ ਦੀ ਇੱਕ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ।
    • ਮੰਨਿਆ ਜਾ ਰਿਹਾ ਹੈ ਕਿ ਰੈਡ ਕਰਾਸ ਦੀਆਂ ਤਿੰਨ ਗੱਡੀਆਂ ਸ਼ਹਿਰ ਵਿੱਚੋਂ 54 ਬੱਸਾਂ ਤੇ ਹੋਰ ਵਾਹਨਾਂ ਦੇ ਕਾਫ਼ਲੇ ਨੂੰ ਆਪਣੇ ਮਗਰ ਲਗਾ ਕੇ ਕੱਢਣ ਜਾਣਗੀਆਂ।
    • ਰੂਸੀ ਫ਼ੌਜਾਂ ਚਰਨਹੀਵ ਤੋਂ ਚਲੀਆਂ ਗਈਆਂ ਹਨ ਪਰ ਇਲਾਕਾ ਮੁਕੰਮਲ ਤੌਰ 'ਤੇ ਖਾਲੀ ਨਹੀਂ ਕੀਤਾ ਗਿਆ ਹੈ।
    • ਰੂਸ ਦੇ ਵਿਦੇਸ਼ ਮੰਤਰੀ ਸਰਗੇ ਲਾਵਰੋਵ ਆਪਣੀ ਸਰਕਾਰੀ ਫੇਰੀ ਉੱਪਰ ਭਾਰਤ ਪਹੁੰਚੇ ਹੋਏ ਹਨ।
    • ਰੂਸ ਆਪਣੇ ਤੇਲ ਦੇ ਵਿਦੇਸ਼ੀ ਖ਼ਰੀਦਾਰਾਂ ਉੱਪਰ ਰੂਸੀ ਮੁਦਰਾ ਵਿੱਚ ਭੁਗਤਾਨ ਕਰਨ ਲਈ ਦਬਾਅ ਪਾ ਰਿਹਾ ਹੈ।

    ਪੰਜਾਬ ਸਮੇਤ ਹੋਰ ਅਹਿਮ ਘਟਨਾਕ੍ਰਮ

    • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਭੰਨਤੋੜ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਪੁਲਿਸ ਤੋਂ ਜਾਂਚ ਦੀ ਲਿਫ਼ਾਫ਼ਾ ਬੰਦ ਸਟੇਟਸ ਰਿਪੋਰਟ ਤਲਬ ਕੀਤੀ ਹੈ।
    • ਸ਼੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ 50 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਵੀ ਹੋਇਆ ਹੈ।
    • ਪੰਜਾਬ ਵਿਧਾਨ ਸਭਾ ਵਿੱਚ ਚੰਡੀਗੜ੍ਹ ਮਸਲੇ ਉੱਤੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਮਤੇ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।
    • ਭਗਵੰਤ ਮਾਨ ਵੱਲੋਂ ਪੇਸ਼ ਕੀਤੇ ਗਏ ਮਤੇ ਦੀ ਭਾਜਪਾ ਦੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਮੁਖ਼ਾਲਫ਼ਤ ਕੀਤੀ।
    • ਪਾਕਿਸਤਾਨ ਦੇ ਮਸ਼ਹੂਰ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਨੇ ਇਮਰਾਨ ਖ਼ਾਨ ਸਰਕਾਰ ਦੀ ਵਕਾਲਤ ਕਰਦਿਆਂ ਸਰਕਾਰ ਨੂੰ ਆਪਣਾ ਕਾਰਜ ਪੂਰਾ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।
  3. ਯੂਕਰੇਨ ਨਾਲ ਅਮਨ ਵਾਰਤਾ ਵਿੱਚ ਗੱਲ ਅੱਗੇ ਵਧੀ ਹੈ- ਲਾਵਰੋਵ

    ਰੂਸੀ ਤੇ ਭਾਰਤੀ ਵਿਦੇਸ਼ ਮੰਤਰੀ

    ਤਸਵੀਰ ਸਰੋਤ, DrSJaishankar/twitter

    ਤਸਵੀਰ ਕੈਪਸ਼ਨ, ਰੂਸੀ ਵਿਦੇਸ਼ ਮੰਤਰੀ ਸਰਗੇ ਲਾਵਰੋਵ (ਖੱਬੇ) ਅਤੇ ਭਾਰਤੀ ਵਿਦੇਸ਼ ਮੰਤਰੀ ਡਾ਼ ਐਸ ਜੈ ਸ਼ੰਕਰ (ਸੱਜੇ) ਬੈਠਕ ਦੌਰਾਨ

    ਰੂਸੀ ਵਿਦੇਸ਼ ਮੰਤਰੀ ਸਰਗੇ ਲਾਵਰੋਵ ਭਾਰਤ ਦੇ ਸਰਕਾਰੀ ਦੌਰੇ ਤੇ ਹਨ। ਇਸ ਦੌਰਾਨ ਉਹ ਆਪਣੇ ਭਾਰਤੀ ਹਮਰੁਤਬਾ ਸੁਬਰਾਮਣੀਅਮ ਜੈਸ਼ੰਕਰ ਨਾਲ ਦੋਵਾਂ ਦੇਸਾਂ ਦੇ ਰਿਸ਼ਤੇ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ।

    ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਬੈਠਕ ਤੋਂ ਬਾਅਦ ਰੂਸੀ ਵਿਦੇਸ਼ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਯੂਕਰੇਨ ਨਾਲ ਜਾਰੀ ਅਮਨ-ਵਾਰਤਾ ਵਿੱਚ ਗੱਲਬਾਤ ਅੱਗੇ ਵਧੀ ਹੈ।

    ਉਨ੍ਹਾਂ ਨੇ ਕਿਹਾ ਕਿ ਰੂਸ ਯੂਕਰੇਨ ਵੱਲੋਂ ਗੁੱਟ-ਨਿਰਲੇਪ ਦੇਸ ਬਣਨ ਦੀ ਤਜਵੀਜ਼ ਬਾਰੇ ਵਿਚਾਰ ਕਰ ਰਿਹਾ ਹੈ।

    ਉਨ੍ਹਾਂ ਨੇ ਕਿਹਾ ਕਿ ਕ੍ਰੀਮੀਆ ਦੇ ਮਾਮਲੇ ਵਿੱਚ ਵੀ ਦੋਵਾਂ ਦੇਸਾਂ ਵਿਚਕਾਰ ਸਮਝ ਬਣ ਰਹੀ ਹੈ। ਕ੍ਰੀਮੀਆ ਉੱਪਰ ਰੂਸ ਨੇ ਸਾਲ 2014 ਵਿੱਚ ਕਬਜ਼ਾ ਕਰ ਲਿਆ ਸੀ।

    ਇਸ ਰਿਪੋਰਟ ਵਿੱਚ ਜਾਣੋ ਭਾਰਤ ਰੂਸ ਕੋਲੋਂ ਹੀ ਵਧੇਰੇ ਤੇਲ ਕਿਉਂ ਖਰੀਦਦਾ ਹੈ, ਅਤੇ ਕੁਝ ਹੋਰ ਅਹਿਮ ਸਵਾਲਾਂ ਦੇ ਜਵਾਬ

  4. ਕੇਜਰੀਵਾਲ ਦੇ ਘਰ ਦੇ ਬਾਹਰ ਭੰਨਤੋੜ ਮਾਮਲੇ ’ਚ ਹਾਈ ਕੋਰਟ ਨੇ ਰਿਪੋਰਟ ਮੰਗੀ

    ਦੱਲੀ ਹਾਈ ਕੋਰਟ

    ਤਸਵੀਰ ਸਰੋਤ, Getty Images

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਭੰਨਤੋੜ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਪੁਲਿਸ ਤੋਂ ਜਾਂਚ ਦੀ ਲਿਫ਼ਾਫ਼ਾ ਬੰਦ ਸਟੇਟਸ ਰਿਪੋਰਟ ਤਲਬ ਕੀਤੀ ਹੈ।

    ਅਦਾਲਤ ਨੇ ਕਿਹਾ ਹੈ ਕਿ ਬੇਕਾਬੂ ਭੀੜ ਨੇ ਇੱਕ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੌਕੇ ’ਤੇ ਮੌਜੂਦ ਪੁਲਿਸ ਫੋਰਸ ਇਸ ਨਾਲ ਨਜਿੱਠਣ ਲਈ ਕਾਫ਼ੀ ਨਹੀਂ ਸਨ।

    ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਰਦਵਾਜ ਨੇ ਇਸ ਮਾਮਲੇ ਵਿੱਚ ਅਪੀਲ ਦਾਇਰ ਕੀਤੀ ਸੀ। ਕਾਰਜਕਾਰੀ ਜਸਟਿਸ ਵਿਪਿਨ ਸਾਂਧੀ ਅਤੇ ਨਵੀਨ ਚਾਵਲਾ ਇਸ ਮਾਮਲੇ ਉੱਪਰ ਸੁਣਵਾਈ ਕਰ ਰਹੇ ਹਨ।

    ਅਦਾਲਤ ਨੇ ਆਪਣੀ ਟਿੱਪਣੀ ਵਿੱਚ ਕਿਹਾ, ‘’ਅਸੀਂ ਵੀਡੀਓ ਦੇਖਿਆ ਹੈ। ਇਹ ਬੇਕਾਬੂ ਭੀੜ ਸੀ। ਲੋਕਾਂ ਨੇ ਕਾਨੂੰਨ ਹੱਥ ਵਿੱਚ ਲੈਣ ਤੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਇਹ ਵੀ ਪਾਇਆ ਕਿ ਪੁਲਿਸ ਸ਼ਕਤੀ ਲੋੜੀਂਦੀ ਨਹੀਂ ਸੀ। ਉਨ੍ਹਾਂ ਨੇ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਸੰਖਿਆ ਥੋੜ੍ਹੀ ਸੀ। ਇਸ ਲਈ ਤੁਹਾਨੂੰ ਦੱਸਣਾ ਪਵੇਗਾ ਕਿ ਤੁਹਾਡੀ ਕੀ ਤਿਆਰੀ ਹੈ। ਇਸ ਘਟਨਾ ਬਾਰੇ ਕੀ ਤੁਹਾਨੂੰ ਪਤਾ ਸੀ। ਸਾਨੂੰ ਸਭ ਕੁਝ ਦੇਖਣਾ ਪਵੇਗਾ।‘’

    ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਭਾਜਪਾ ਵਰਕਰਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ। ਪੂਰਾ ਮਾਮਲਾ ਸਮਝਣ ਲਈ ਇਹ ਰਿਪੋਰਟ ਪੜ੍ਹੋ।

  5. ਮਾਰੀਓਪੋਲ ਵਿੱਚ ਮਦਦ ਦੀ ਉਡੀਕ ਦੀਆਂ ਕੁਝ ਤਸਵੀਰਾਂ

    ਯੂਕਰੇਨ
    ਤਸਵੀਰ ਕੈਪਸ਼ਨ, ਰੈਡ ਕਰਾਸ ਦੀਆਂ ਤਿੰਨ ਗੱਡੀਆਂ ਮਾਰੀਓਪੋਲ ਜਾ ਰਹੀਆਂ ਹਨ

    ਕੌਮਾਂਤਰੀ ਰੈਡਕਰਾਸ ਦੀਆਂ ਤਿੰਨ ਗੱਡੀਆਂ ਯੂਕਰੇਨ ਦੇ ਸ਼ਹਿਰ ਮਾਰੀਓਪੋਲ ਨਾਗਰਿਕਾਂ ਨੂੰ ਲੈਣ ਜਾ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜਦੋਂ ਇਹ ਵਾਪਸ ਆਉਣਗੀਆਂ ਤਾਂ ਇਨ੍ਹਾਂ ਦੇ ਪਿੱਛੇ ਯੂਕਰੇਨ ਦੀਆਂ 54 ਬੱਸਾਂ ਅਤੇ ਨਿੱਜੀ ਕਾਰਾਂ ਦਾ ਵੱਡਾ ਕਾਫ਼ਲਾ ਹੋਵੇਗਾ।

    ਮਾਰੀਓਪੋਲ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਮਾਰੀਓਪੋਲ ਦੇ ਮੇਅਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹੁਣ ਤੱਕ ਇੱਥੇ 210 ਬੱਚਿਆਂ ਸਮੇਤ 5000 ਜਾਨਾਂ ਜਾ ਚੁੱਕੀਆਂ ਹਨ
    ਮਾਰੀਓਪੋਲ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਸ਼ਹਿਰ ਦੀਆਂ ਬਹੁਤ ਸਾਰੀਆਂ ਇਮਾਰਤਾਂ ਅਤੇ ਗਲੀਆਂ ਅਜਿਹਾ ਹੀ ਮੰਜ਼ਰ ਪੇਸ਼ ਕਰਦੀਆਂ ਹਨ
    ਮਾਰੀਓਪੋਲ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਯੂਕਰੇਨ ਦਾ ਇਹ ਤਟੀ ਸ਼ਹਿਰ ਸ਼ੁਰੂ ਤੋਂ ਹੀ ਰੂਸੀ ਫ਼ੌਜਾਂ ਦੇ ਨਿਸ਼ਾਨੇ 'ਤੇ ਰਿਹਾ ਹੈ
  6. ਰੂਸ ਵਿੱਚ ਇੱਕ ਅਨਾਥ ਬੱਚੇ ਦੇ ਅਰਬਪਤੀ ਬਣਨ ਦੀ ਕਹਾਣੀ

    ਰੋਮਨ ਅਬਰਾਮੋਵਿਚ

    ਤਸਵੀਰ ਸਰੋਤ, Getty Images

    ਰੋਮਨ ਅਬਰਾਮੋਵਿਚ ਮਹਿਜ਼ ਤਿੰਨ ਸਾਲਾਂ ਦੇ ਸਨ ਜਦੋਂ ਉਹ ਅਨਾਥ ਹੋ ਗਏ ਪਰ ਫਿਰ ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਬਣ ਗਏ।

    ਰੂਸ ਦੇ ਵੱਡੇ ਕਾਰੋਬਾਰੀ ਅਬਰਾਮੋਵਿਚ ਦੇ ਵਲਾਦੀਮੀਰ ਪੁਤਿਨ ਨਾਲ ਬਹੁਤ ਖਾਸ ਸਬੰਧ ਹਨ ਅਤੇ ਇਸੇ ਕਾਰਨ ਹੁਣ ਉਨ੍ਹਾਂ ਦੇ ਕਾਰੋਬਾਰਾਂ ਅਤੇ ਸਾਖ 'ਤੇ ਵੀ ਪ੍ਰਭਾਵ ਪੈ ਰਿਹਾ ਹੈ।

    ਜਦੋਂ ਰੂਸੀ ਅਰਬਪਤੀ ਅਬਰਾਮੋਵਿਚ ਨੇ ਸਾਲ 2003 ਵਿੱਚ ਚੇਲਸੀਆ ਫੁੱਟਬਾਲ ਕਲੱਬ ਖਰੀਦਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ "ਮੈਨੂੰ ਯਕੀਨ ਹੈ ਕਿ ਲੋਕ ਤਿੰਨ ਜਾਂ ਚਾਰ ਦਿਨਾਂ ਲਈ ਮੇਰੇ 'ਤੇ ਧਿਆਨ ਦੇਣਗੇ ਪਰ ਫਿਰ ਇਹ ਖ਼ਤਮ ਹੋ ਜਾਵੇਗਾ। ਉਹ ਭੁੱਲ ਜਾਣਗੇ ਕਿ ਮੈਂ ਕੌਣ ਹਾਂ ਅਤੇ ਮੈਨੂੰ ਇਹ ਪਸੰਦ ਹੈ।''

    ਰੋਮਨ ਅਬਰਾਮੋਵਿਚ ਦੇ ਜੀਵਨ ਦੀ ਦਿਲਚਸ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

  7. ਸ਼੍ਰੀ ਲੰਕਾ ਤੋਂ ਹਿਜਰਤ ਕਰ ਭਾਰਤ ਆ ਰਹੇ ਲੋਕਾਂ ਦੇ ਹਵਾਲੇ ਨਾਲ ਸਮਝੋ ਉੱਥੇ ਹੋ ਕੀ ਰਿਹਾ ਹੈ

    ਵੀਡੀਓ ਕੈਪਸ਼ਨ, ਸ਼੍ਰੀ ਲੰਕਾ: ਮਹਿੰਗਾਈ ਦੀ ਮਾਰ ਕਾਰਨ ਸੁਆਣੀਆਂ ਲਈ ਘਰ ਚਲਾਉਣਾ ਹੋਇਆ ਦੁੱਭਰ

    ਸ਼੍ਰੀ ਲੰਕਾ ਵਿੱਚ ਆਰਥਿਕ ਸੰਕਟ ਹੁਣ ਮਨੁੱਖੀ ਸੰਕਟ ਵਿੱਚ ਬਦਲ ਰਿਹਾ ਹੈ।

    ਸ਼੍ਰੀ ਲੰਕਾ ਦੇ ਪਰਿਵਾਰਾਂ ਨੇ ਆਪਣਾ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਦੇ ਤਟਾਂ ਤੱਕ ਪਹੁੰਚ ਰਹੇ ਹਨ।

    ਉਨ੍ਹਾਂ ਦੇ ਇਸ ਕਦਮ ਦਾ ਕਾਰਨ ਹੈ ਸ਼੍ਰੀ ਲੰਕਾ ਵਿੱਚ ਜ਼ਰੂਰੀ ਚੀਜ਼ਾਂ ਦੀ ਭਾਰੀ ਕਿੱਲਤ ਅਤੇ ਵਧ ਰਹੀ ਮਹਿੰਗਾਈ।

    ਮੰਗਲਵਾਰ ਤੋਂ ਦਰਜਣਾਂ ਸ਼੍ਰੀ ਲੰਕਾਈ ਨਾਗਰਿਕ ਕਿਸ਼ਤੀਆਂ ਰਾਹੀਂ ਭਾਰਤ ਪਹੁੰਚ ਚੁੱਕੇ ਹਨ।

    ਦਰਅਸਲ ਸ਼੍ਰੀ ਲੰਕਾ ਇਸ ਵੇਲੇ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਹੈ ਅਤੇ ਇਸੇ ਕਾਰਨ ਉੱਥੇ ਇਹੋ ਜਿਹੇ ਹਾਲਾਤ ਪੈਦਾ ਹੋਏ ਹਨ।

    ਸ਼੍ਰੀ ਲੰਕਾ ਦੇ ਸੰਕਟ ਨੂੰ ਤਫ਼ਸੀਲ ਵਿੱਚ ਸਮਝਣ ਲਈ ਇਹ ਰਿਪੋਰਟ ਪੜ੍ਹੋ।

  8. ਸ਼੍ਰੀ ਲੰਕਾ 'ਚ ਰਾਤ ਨੂੰ ਰਾਸ਼ਟਰਪਤੀ ਦੇ ਘਰ ਵੱਲ ਮਾਰਚ, ਮੁਲਕ 'ਚ ਹਾਹਾਕਾਰ

    ਸ੍ਰੀਲੰਕਾ

    ਤਸਵੀਰ ਸਰੋਤ, Reuters

    ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀ ਲੰਕਾ ਵਿੱਚ ਵੀਰਵਾਰ ਦੀ ਰਾਤ ਨੂੰ ਵਿਰੋਧ ਪ੍ਰਦਰਸ਼ਨ ਅਤੇ ਝੜਪਾਂ ਹੋਈਆਂ, ਜਿਸ ਤੋਂ ਬਾਅਦ ਮੁਲਕ ਦੀ ਰਾਜਧਾਨੀ ਕੋਲੰਬੋ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।

    ਕੋਲੰਬੋ 'ਚ ਰਾਤ ਨੂੰ 5,000 ਤੋਂ ਵੱਧ ਲੋਕ ਸੜਕਾਂ ਉੱਤੇ ਉੱਤਰ ਆਏ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਘਰ ਵੱਲ ਰੈਲੀ ਕੱਢੀ।

    ਸ਼੍ਰੀਲੰਕਾ

    ਤਸਵੀਰ ਸਰੋਤ, EPA

    ਪੁਲਿਸ ਨੇ ਦੱਸਿਆ ਹੈ ਕਿ 50 ਤੋਂ ਵਧੇਰੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਵੀ ਹੋਇਆ ਹੈ।

    ਦਰਅਸਲ ਕਰਜ਼ੇ ਦੇ ਬੋਝ ਹੇਠਾਂ ਦੱਬਿਆ 2.2 ਕਰੋੜ ਦੀ ਆਬਾਦੀ ਵਾਲਾ ਇਹ ਦੇਸ਼ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਖਾਣੇ ਦੀਆਂ ਚੀਜ਼ਾਂ ਦੇ ਵੱਧਦੇ ਰੇਟ ਅਤੇ ਇਸ ਦੀ ਕਮੀ ਕਾਰਨ ਲੋਕ ਬੇਹਾਲ ਹਨ।

    ਸ਼੍ਰੀਲੰਕਾ ਦੀ ਇਸ ਆਰਥਿਕ ਹਾਲਤ ਲਈ ਕੋਵਿਡ-19 ਮਹਾਂਮਾਰੀ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਸ਼੍ਰੀ ਲੰਕਾ ਦੇ ਸੈਰ ਸਪਾਟੇ ਖ਼ੇਤਰ ਉੱਤੇ ਮਾੜਾ ਪ੍ਰਭਾਵ ਪਿਆ ਹੈ।

  9. ‘ਸਬਕਾ ਸਾਥ ਕਹਿਣ ਵਾਲਿਆਂ ਨਾ ਸਾਥ ਦਿੱਤਾ ਅਤੇ ਨਾ ਲਿਆ’

    ਭਗਵੰਤ ਮਾਨ

    ਤਸਵੀਰ ਸਰੋਤ, Punjab Govt.

    ਪੰਜਾਬ ਵਿਧਾਨ ਸਭਾ ਵਿੱਚ ਚੰਡੀਗੜ੍ਹ ਮਸਲੇ ਉੱਤੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਮਤੇ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।

    ਇਸ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।

    ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਅਖੀਰ ਵਿੱਚ ਸੰਬੋਧਿਤ ਕੀਤਾ ਅਤੇ ਕੇਂਦਰ ਸਰਕਾਰ ਉੱਤੇ ਵਿਤਕਰੇ ਦੇ ਦੋਸ਼ ਲਗਾਏ।

    ਉਨ੍ਹਾਂ ਹੇਠ ਲਿਖਿਆਂ ਗੱਲਾਂ ਕਹੀਆਂ...

    • ਸਬਕਾ ਸਾਥ ਸਬਕਾ ਵਿਕਾਸ ਕਹਿਣ ਵਾਲਿਆਂ ਨੇ ਨਾ ਸਾਥ ਦਿੱਤਾ ਤੇ ਨਾ ਸਾਥ ਲਿਆ
    • ਅਸੀਂ ਪੰਜਾਬ ਲਈ ਕਦੇ ਵੀ ਦੋਗਲੀ ਨੀਤੀ ਨਹੀਂ ਅਪਣਾਵਾਂਗੇ
    • ਪੰਜਾਬ, ਪੰਜਾਬੀਅਤ ਲਈ ਜੋ ਕੁਝ ਵੀ ਕਰਨਾ ਪਵੇਗਾ ਅਸੀਂ ਕਰਾਂਗੇ
    • ਪੰਜਾਬ ਲਈ ਵਿਧਾਨ ਸਭਾ ’ਚ, ਬਾਹਰ ਜਾਂ ਕਿਤੇ ਵੀ ਲੜਾਂਗੇ ਅਤੇ ਪੰਜਾਬ ਨੂੰ ਦੇਸ਼ ਦਾ ਸਿਰਮੌਰ ਸੂਬਾ ਬਣਾਉਣਾ ਸਾਡਾ ਮਕਸਦ ਹੈ
  10. ਹਰਸਿਮਰਤ ਬਾਦਲ ਤੇ ਗੁਰਜੀਤ ਔਜਲਾ ਦਾ ਚੰਡੀਗੜ੍ਹ ‘ਤੇ ਪੰਜਾਬ ਦੇ ਹੱਕ ਨੂੰ ਲੈ ਕੇ ਸੰਸਦ 'ਚ ਜ਼ੋਰਦਾਰ ਭਾਸ਼ਣ

    Skip YouTube post
    Google YouTube ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ। YouTube ਦੀ ਸਮੱਗਰੀ ਵਿੱਚ ਵਿਗਿਆਪਨ ਹੋ ਸਕਦਾ ਹੈ

    End of YouTube post

  11. ਕੇਂਦਰ ਸਰਕਾਰ 'ਤੇ ਵਰ੍ਹੇ ਡਾ. ਜੀਵਨ ਜੋਤ ਕੌਰ - ਕਿਹਾ 'ਸੋਚੀ ਸਮਝੀ ਸਾਜ਼ਿਸ਼'

    ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਵਿਧਾਇਕ ਡਾ. ਜੀਵਨ ਜੋਤ ਕੌਰ ਨੇ ਭਗਵੰਤ ਮਾਨ ਵੱਲੋਂ ਪੇਸ਼ ਕੀਤੇ ਮਤੇ ਮਗਰੋਂ ਕਿਹਾ, ''ਪੰਜਾਬ ਨਾਲ ਸੋਚੀ ਸਮਝੀ ਸਾਜ਼ਿਸ਼ ਤਹਿਤ ਕੰਮ ਕੀਤਾ ਜਾ ਰਿਹਾ ਹੈ। ਇਹ ਦੇਸ਼ ਦੇ ਸੰਵਿਧਾਨਿਕ ਢਾਂਚੇ ਦੀ ਸ਼ਾਨ ਦੇ ਖ਼ਿਲਾਫ਼ ਹੈ।''

    ਡਾ. ਜੀਵਨ ਜਯੋਤ ਕੌਰ

    ਤਸਵੀਰ ਸਰੋਤ, Punjab Govt.

  12. ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ਮਤੇ ਨੂੰ ਲੈ ਕੇ ਮਨਸ਼ਾ ਉੱਤੇ ਚੁੱਕੇ ਸਵਾਲ, ਕੀਤਾ ਵਾਕਆਊਟ

    ਅਸ਼ਵਨੀ ਸ਼ਰਮਾ

    ਤਸਵੀਰ ਸਰੋਤ, Punjab Govt.

    ਭਗਵੰਤ ਮਾਨ ਵੱਲੋਂ ਪੇਸ਼ ਕੀਤੇ ਗਏ ਮਤੇ ਦੀ ਭਾਜਪਾ ਦੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਮੁਖ਼ਾਲਫ਼ਤ ਕੀਤੀ। ਉਨ੍ਹਾਂ ਇਸ ਮਤੇ ਦੇ ਖ਼ਿਲਾਫ਼ ਭੁਗਤਦਿਆਂ ਵਿਧਾਨ ਸਭਾ ਤੋਂ ਵਾਕ ਆਊਟ ਕੀਤਾ।

    ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਮਤੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਮਨਸ਼ਾ ਠੀਕ ਨਹੀਂ ਲਗਦੀ।

    ਅਸ਼ਵਨੀ ਸ਼ਰਮਾ ਨੇ ਨਾਲ ਹੀ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਚੰਡੀਗੜ੍ਹ ਦੇ ਮੁਲਾਜ਼ਮਾਂ ਦੀ ਫ਼ਿਕਰ ਕਰਦੀ ਹੈ।

  13. ਭਾਈਵਾਲ ਸਰਕਾਰਾਂ ਅੱਜ ਚੁੱਪ ਬੈਠੀਆਂ ਹਨ– ਜੈ ਕ੍ਰਿਸ਼ਨ ਰੌੜੀ

    ਜੈ ਕ੍ਰਿਸ਼ਨ ਰੌੜੀ

    ਤਸਵੀਰ ਸਰੋਤ, Punjab Govt.

    ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਵਿਧਾਇਕ ਜੈ ਕ੍ਰਿਸ਼ਨ ਰੌੜੀ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਗਏ ਮਤੇ ਦੀ ਪ੍ਰੋੜਤਾ ਕੀਤੀ।

    ਉਨ੍ਹਾਂ ਕਿਹਾ,''ਅੱਜ ਸਾਨੂੰ ਆਪਣੀ ਰਾਜਧਾਨੀ ਲੈਣ ਲਈ ਲੜਾਈ ਲੜਨੀ ਪੈ ਰਹੀ ਹੈ। ਜਿਹੜੀਆਂ ਸਰਕਾਰਾਂ ਕੇਂਦਰ ਸਰਕਾਰ ਨਾਲ ਭਾਈਵਾਲ ਰਹੀਆਂ ਹਨ, ਉਹ ਅੱਜ ਚੁੱਪ ਬੈਠੀਆਂ ਹਨ। ਪੰਜਾਬ ਦੇ ਹੱਕਾਂ ਉੱਤੇ ਖ਼ੁਦ ਆਪਣਿਆਂ ਨੇ ਡਾਕੇ ਮਾਰੇ ਹਨ, ਇਸੇ ਲਈ ਕੇਂਦਰ ਸਰਕਾਰ ਦੀ ਅੱਖ ਸੂਬੇ ਉੱਤੇ ਹੈ।''

  14. ‘ਇਹ ਸਾਡਾ ਇਮਤਿਹਾਨ, ਲੋਕਾਂ ਦੀ ਗੱਲ ਕਰੀਏ’ – ਸੁਖਪਾਲ ਖਹਿਰਾ

    ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਮਤੇ ਦੇ ਹੱਕ ਵਿੱਚ ਖੜ੍ਹੇ ਹੋਏ ਹਨ।

    ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਕੂਕਾ ਅੰਦੋਲਨ ਤੱਕ ਪੰਜਾਬੀਆਂ ਨੇ ਹਮੇਸ਼ਾ ਅੱਗੇ ਹੋ ਕੇ ਲੜਾਈ ਲੜੀ ਹੈ। ਸਾਨੂੰ ਇਨਾਮ ਦੇਣ ਦੀ ਥਾਂ ਸਾਡੇ ਹੱਕਾਂ ਉੱਤੇ ਵਿਉਂਤਬੰਦੀ ਤਹਿਤ ਕੰਮ ਹੋ ਰਿਹਾ ਹੈ।

    ਚੰਡੀਗੜ੍ਹ ਮਸਲੇ ਉੱਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨਾਲ ਧੱਕਾ ਕਿਉਂ?

    ਉਨ੍ਹਾਂ ਕਿਹਾ ਕਿ ਹੁਣ ਅੱਗੇ ਸਾਡਾ ਇਮਤਿਹਾਨ ਹੈ ਅਤੇ ਲੋਕ ਤਾਂ ਹੀ ਸਰਾਹੁਣਗੇ ਜੇ ਅਸੀਂ ਲੋਕਾਂ ਦੀ ਗੱਲ ਕਰਾਂਗੇ।

    ਖਹਿਰਾ ਨੇ ਮੁੱਖ ਮੰਤਰੀ ਮਾਨ ਨੂੰ ਸੁਝਾਅ ਦਿੱਤਾ ਕਿ ਸਾਂਝੇ ਤੌਰ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣ।

    ਸੁਖਪਾਲ ਖਹਿਰਾ

    ਤਸਵੀਰ ਸਰੋਤ, Punjab Govt.

  15. ‘ਆਪ’ ਵਿਧਾਇਕਾ ਬਲਜਿੰਦਰ ਕੌਰ ਦਾ ਕੇਂਦਰ ‘ਤੇ ਨਿਸ਼ਾਨਾ

    ਬਲਜਿੰਦਰ ਕੌਰ

    ਤਸਵੀਰ ਸਰੋਤ, Punjab Govt.

    ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਕਾਰਨ ਕੇਂਦਰ ਦੀ ਘਬਰਾਹਟ ਅਤੇ ਬੌਖਲਾਹਟ ਨਜ਼ਰ ਆ ਰਹੀ ਹੈ।

    ਉਨ੍ਹਾਂ ਕਿਹਾ ਕਿ ਇਸੇ ਕਰਕੇ ਕੇਂਦਰ ਸਰਕਾਰ ਇਹ ਹਰਕਤਾਂ ਕਰ ਰਹੀ ਹੈ।

    ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬੀ ਹਮੇਸ਼ਾ ਔਖੇ ਵੇਲੇ ਇਕੱਠੇ ਹੋ ਕੇ ਦੇਸ਼ ਨੂੰ ਬਚਾਉਣ ਲਈ ਅੱਗੇ ਆਏ ਹਨ।

    ਉਨ੍ਹਾਂ ਕਿਹਾ ਕਿ ਸਮਝ ਨਹੀਂ ਆਉਂਦੀ ਕਿ ਪੰਜਾਬ ਪ੍ਰਤੀ ਅਜਿਹਾ ਵਤੀਰਾ ਕਿਉਂ ਰੱਖਿਆ ਜਾ ਰਿਹਾ ਹੈ।

  16. ਅਕਾਲੀ ਦਲ ਵੱਲੋਂ ਸੂਬਾ ਸਰਕਾਰ ਦਾ ਸਾਥ ਦੇਣ ਦਾ ਕੀਤਾ ਐਲਾਨ

    ਮਨਪ੍ਰੀਤ ਸਿੰਘ ਇਆਲੀ

    ਤਸਵੀਰ ਸਰੋਤ, Punjab Govt.

    ਅਕਾਲੀ ਦਲ ਦੇ ਐਮ.ਐੱਲ.ਏ. ਮਨਪ੍ਰੀਤ ਸਿੰਘ ਇਆਲੀ ਨੇ ਵੀ ਪੰਜਾਬ ਸਰਕਾਰ ਦੇ ਮਤੇ ਦੀ ਪ੍ਰੜੋਤਾ ਕੀਤੀ ।

    ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ।

    ਉਨ੍ਹਾਂ ਕਿਹਾ ਕਿ ਅਕਾਲੀ ਦਲ ਚੰਡੀਗੜ੍ਹ ਦੇ ਮੁੱਦੇ ‘ਤੇ ਸੂਬਾ ਸਰਕਾਰ ਨਾਲ ਖੜ੍ਹ ਕੇ ਲੜੇਗਾ।

  17. ‘ਆਪ’ ਤੇ ਕਾਂਗਰਸ ਵਿਚਾਲੇ ਤਕਰਾਰ

    ਪ੍ਰਤਾਪ ਸਿੰਘ ਬਾਜਵਾ

    ਤਸਵੀਰ ਸਰੋਤ, Punjab Govt.

    ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੂੰ 'ਆਪ' ਵੱਲੋਂ ਸਵਾਲ

    • ਕਾਂਗਰਸ ਨੇ ਆਪਣੀ ਸਰਕਾਰ ਵੇਲੇ ਕੀ ਕਦਮ ਚੁੱਕੇ - CM
    • ਕਾਂਗਰਸ ਨੇ ਕਦੇ ਭਾਜਪਾ ਦਾ ਵਿਰੋਧ ਨਹੀਂ ਕਾਤਾ– CM
    • ਹਰਪਾਲ ਚੀਮਾ ਦਾ ਤੰਜ, ਕਾਂਗਰਸ ਦਾ ਵਿਰੋਧੀ ਧਿਰ ਆਗੂ ਕਿੱਥੇ?
    • ਕੇਂਦਰ ਸਰਕਾਰ ਚੰਡੀਗੜ੍ਹ ਅਤੇ ਬੀਬੀਐਮਬੀ ਵਰਗੇ ਫੈਸਲੇ ਲੈ ਕੇ ਵਾਟਰ ਟੈਸਟ ਕਰ ਰਹੀ ਹੈ- ਪ੍ਰਤਾਪ ਸਿੰਘ ਬਾਜਵਾ

    ਪ੍ਰਤਾਪ ਸਿੰਘ ਬਾਜਵਾ ਨੇ ਵਿਸ਼ੇਸ਼ ਸੈਸ਼ਨ ਦੌਰਾਨ ਰਿਹਾ ਕਿ ਸਾਨੂੰ ਮਿਲ ਕੇ ਕੇਂਦਰ ਦੇ ਫ਼ੈਸਲੇ ਖ਼ਿਲਾਫ਼ ਲੜਾਈ ਲੜਨੀ ਪਵੇਗੀ।ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ ਮਤਾ ਲਿਆਉਣ ਨਾਲ ਕੁਝ ਨਹੀਂ ਹੋਵੇਗਾ।

    ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਹਰ ਕਦਮ ਉੱਤੇ ਪੰਜਾਬ ਸਰਕਾਰ ਦੇ ਨਾਲ ਹਨ।

  18. LIVE : ਚੰਡੀਗੜ੍ਹ ਮਸਲੇ 'ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ

  19. ਭਗਵੰਤ ਵੱਲੋਂ ਚੰਡੀਗੜ੍ਹ ਮਸਲੇ ‘ਤੇ ਮਤਾ ਪੇਸ਼

    ਭਗਵੰਤ ਮਾਨ

    ਤਸਵੀਰ ਸਰੋਤ, Punjab Govt.

    ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਮਸਲੇ ਉੱਤੇ ਮਤਾ ਪੇਸ਼ ਕੀਤਾ ਗਿਆ।

    ਮਤੇ ਵਿੱਚ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਮੰਗ ਕੀਤੀ ਗਈ ਹੈ।

    ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਨੌਕਰੀਆਂ ਦੇ ਅਨੁਪਾਤ 60:40ਦਾ ਜ਼ਿਕਰ ਕੀਤਾ।

    ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਸੰਘੀ ਢਾਂਚੇ ਦਾ ਸਨਮਾਨ ਕਰੇ।

    ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਤੇ ਦੀ ਪ੍ਰੋੜਤਾ ਕੀਤੀ। ਉਨ੍ਹਾਂ ਕਿਹਾ ਕਿ ‘3 ਕਾਲੇ ਕਾਨੂੰਨ ਬਣਾ ਕੇ ਕੇਂਦਰ ਸਰਕਾਰ’ ਨੇ ਕਿਸਾਨਾਂ ਉੱਪਰ ਹਮਲਾ ਕੀਤਾ ਜਿਸ ਦੇ ਖਿਲਾਫ਼ ਸੰਘਰਸ਼ ਵਿੱਚ ਕਰੀਬ 700 ਕਿਸਾਨਾਂ ਦੀ ਮੌਤ ਹੋ ਗਈ। ਪੰਜਾਬ ਦੇ ਪੇਂਡੂ ਵਿਕਾਸ ਫੰਡ ਰੋਕੇ ਗਏ ਹਨ।

  20. ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਚੰਡੀਗੜ੍ਹ ਮੁੱਦੇ 'ਤੇ ਮਤਾ ਪੇਸ਼

    ਭਗਵੰਤ ਮਾਨ

    ਤਸਵੀਰ ਸਰੋਤ, FB/Bhagwant Mann

    ਪੰਜਾਬ ਸਰਕਾਰ ਨੇ 16ਵੀਂ ਵਿਧਾਨ ਸਭਾ ਦਾ ਇਕ ਰੋਜ਼ਾ ਵਿਸ਼ੇਸ਼ ਸੈਸ਼ਨ ਅੱਜ ਸੱਦਿਆ ਹੈ।

    ਇਸ ਸੈਸ਼ਨ ਦੌਰਾਨ ਚੰਡੀਗੜ੍ਹ ਦਾ ਮੁੱਦਾ ਭਖਵਾਂ ਮੁੱਦਾ ਹੈ।

    ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਵਿਚੋਂ ਪੰਜਾਬ ਸਰਵਿਸ ਰੂਲਜ਼ ਹਟਾ ਕੇ ਕੇਂਦਰੀ ਸੇਵਾਵਾਂ ਨਿਯਮ ਲਾਗੂ ਕੀਤੇ ਹਨ ਅਤੇ ਇਸ ਦਾ ਨੋਟੀਫਿਕੇਸ਼ਨ ਬਾਕਾਇਦਾ ਜਾਰੀ ਕੀਤਾ ਗਿਆ ਹੈ।

    ਇਸ ਤੋਂ ਇਲਾਵਾ ਪੰਜਾਬ ਦੀ ਨਵੀਂ 'ਆਪ' ਸਰਕਾਰ ਇਸ ਵਿਧਾਨ ਸਭਾ ਇਜਲਾਸ 'ਚ ਦੋ-ਤਿੰਨ ਬਿੱਲ ਪੇਸ਼ ਕਰ ਸਕਦੀ ਹੈ।