ਰੂਸ ਦੇ ਵਿਦੇਸ਼ ਮੰਤਰੀ ਸਰਗੇ ਲੈਵਰੋਵ ਦੋ ਦਿਨਾਂ ਭਾਰਤ ਦੌਰੇ 'ਤੇ ਆ ਰਹੇ ਹਨ। ਵਿਦੇਸ਼ ਮੰਤਰਾਲੇ ਮੁਤਾਬਕ ਯੂਕਰੇਨ ਉੱਪਰ 24 ਫ਼ਰਵਰੀ ਨੂੰ ਹਮਲੇ ਤੋਂ ਬਾਅਦ ਰੂਸ ਅਤੇ ਭਾਰਤ ਦਰਮਿਆਨ ਇਹ ਪਹਿਲੀ ਉੱਚ ਪੱਧਰੀ ਬੈਠਕ ਹੋਣ ਜਾ ਰਹੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਉੱਪਰ ਲਿਖਿਆ ਗਿਆ ਹੈ,''ਰੂਸੀ ਫੈਡਰੇਸ਼ਨ ਦੇ ਵਿਦੇਸ਼ ਮੰਤਰੀ ਸਰਗੇ ਲਾਵਰੋਵ 31 ਮਾਰਚ ਤੋਂ ਪਹਿਲੀ ਮਾਰਚ, 2022 ਤੱਕ ਭਾਰਤ ਦੀ ਸਰਕਾਰੀ ਫੇਰੀ ਉੱਪਰ ਹੋਣਗੇ।''
ਲਾਵਰੋਵ ਦਾ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਬ੍ਰਿਟਿਸ਼ ਵਿਦੇਸ਼ ਮੰਤਰੀ ਲਿਜ਼ ਟ੍ਰਸ ਅਤੇ ਅਮਰੀਕਾ ਵਿੱਚ ਕੌਮਾਂਤਰੀ ਅਰਥਚਾਰੇ ਦੇ ਉਪ ਸਲਾਹਕਾਰ (ਡਿਪਟੀ ਐਨਐਚਐਸ) ਦਲੀਪ ਸਿੰਘ ਵੀ ਭਾਰਤ ਦੌਰੇ ਦੌਰਾਨ ਦਿੱਲੀ ਵਿੱਚ ਹੋਣਗੇ। ਲਿਜ਼ ਟ੍ਰਸ 31 ਮਾਰਚ ਨੂੰ ਭਾਰਤ ਆ ਰਹੇ ਹਨ।ਜਦਕਿ ਦਲੀਪ ਸਿੰਘ 30 ਮਾਰਚ ਨੂੰ ਆ ਰਹੇ ਹਨ। ਇਸ ਤੋਂ ਇਲਾਵਾ ਜਰਮਨੀ ਦੇ ਵਿਦੇਸ਼ ਅਤੇ ਰੱਖਿਆ ਨੀਤੀ ਸਲਾਹਕਾਰ ਜੇਮਜ਼ ਪਲੇਟਨਰ ਵੀ ਭਾਰਤ ਵਿੱਚ ਹੋਣਗੇ।
ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ ਲਾਵਰੋਵ ਦੇ ਭਾਰਤ ਦੌਰੇ ਦਾ ਮਰਕਜ਼ ਰੂਸ ਤੋਂ ਰਿਆਤੀ ਦਰਾਂ ਉੱਪਰ ਪੈਟਰੋਲ ਦੀ ਖ਼ਰੀਦ ਰਹਿ ਸਕਦੀ ਹੈ। ਰੂਸੀ ਵਿਦੇਸ਼ ਮੰਤਰੀ ਦਜੇ ਦੌਰੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਭਾਰਤ ਦੇ ਦਰਮਿਆਨ ਰੁਪਏ ਅਤੇ ਰੂਬਲ ਵਿੱਚ ਭੁਗਤਾਨ ਉੱਪਰ ਵੀ ਗੱਲਬਾਤ ਹੋ ਸਕਦੀ ਹੈ। ਪੱਛਮੀ ਦੇਸਾਂ ਦੀਆਂ ਪਾਬੰਦੀਆਂ ਤੋਂ ਬਾਅਦ ਰੂਸ ਰੂਬਲ ਵਿੱਚ ਭੁਗਤਾਨ ਕਰਨ ਉੱਪਰ ਜ਼ੋਰ ਪਾ ਰਿਹਾ ਹੈ।
ਗੱਲਬਾਤ ਦੌਰ ਭਾਰਤ-ਰੂਸ ਤੋਂ ਐਸ-400 ਮਿਜ਼ਾਈਲ ਸਿਸਟਮ ਅਤੇ ਦੂਜੇ ਸੈਨਿਕ ਸਾਜ਼ੋ-ਸਮਾਨ ਦੀ ਸਮੇਂ ਸਿਰ ਡਲਿਵਰੀ ਕਰਨ ਉੱਪਰ ਜ਼ੋਰ ਦੇ ਸਕਦਾ ਹੈ।
ਇਸ ਤੋਂ ਪਹਿਲਾਂ ਲਾਵਰੋਵ ਉਨ੍ਹਾਂ ਦੇਸਾਂ ਦੇ ਵਿਦੇਸ਼ ਮੰਤਰੀਆਂ ਨਾਲ ਬੈਠਕ ਵਿੱਚ ਹਿੱਸਾ ਲੈਣ ਚੀਨ ਪਹੁੰਚੇ ਸਨ, ਜਿਨ੍ਹਾਂ ਦੀ ਹੱਦਾਂ ਅਫ਼ਗਾਨਿਸਤਾਨ ਨਾਲ ਲਗਦੀਆਂ ਹਨ।
ਚੀਨੀ ਵਿਦੇਸ਼ ਮੰਤਰੀ ਪਿਛਲੇ ਹਫ਼ਤੇ ਹੀ ਭਾਰਤ ਆਏ ਸਨ।