You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ ਵਿਚ 364 ਆਮ ਲੋਕਾਂ ਦੇ ਮਰਨ ਤੇ 15 ਲੱਖ ਦੇ ਮੁਲਕ ਛੱਡ ਕੇ ਭੱਜਣ ਦੀ ਪੁਸ਼ਟੀ, ਪੁਤਿਨ ਦਾ ਕੌਣ ਹੋ ਸਕਦਾ ਹੈ ਅਗਲਾ ਨਿਸ਼ਾਨਾ

ਯੂਕਰੇਨ ਰੂਸ ਵਿਚਾਲੇ ਗੋਲੀਬੰਦੀ ਦੀ ਉਲੰਘਣਾ ਹੋ ਚੁੱਕੀ ਹੈ ਤੇ ਕਈ ਨਾਗਰਿਕਾਂ ਨੇ ਦੇਸ ਛੱਡਣ ਨੂੰ ਅਜੇ ਮੁਲਤਵੀ ਕਰ ਦਿੱਤਾ ਹੈ।

ਲਾਈਵ ਕਵਰੇਜ

  1. ਯੂਕਰੇਨ ਸੰਕਟ ਭਾਰਤ ਲਈ ਰੂਸ ਨਾਲ ਸਬੰਧ ਵਧਾਉਣ ਦਾ ਮੌਕਾ - ਰੂਸੀ ਰਾਜਦੂਤ

    ਭਾਰਤ ਵਿੱਚ ਰੂਸ ਦੇ ਰਾਜਦੂਤ ਡੇਨਿਸ ਅਲਿਪੋਵ ਨੇ ਕਿਹਾ ਹੈ ਕਿ ਯੂਕਰੇਨ ਵਿੱਚ ਮੌਜੂਦਾ ਸੰਕਟ ਦਾ ਅਸਰ ਭਾਰਤ-ਰੂਸ ਸਬੰਧਾਂ ਸਮੇਤ ਪੂਰੀ ਦੁਨੀਆ 'ਤੇ ਪਏਗਾ। ਉਨ੍ਹਾਂ ਕਿਹਾ ਕਿ ਇਹ ਪ੍ਰਭਾਵ ਕਿੰਨਾ ਹੋਵੇਗਾ, ਇਸ ਦੀ ਅਜੇ ਕਲਪਨਾ ਨਹੀਂ ਕੀਤੀ ਜਾ ਸਕਦੀ।

    ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਸ਼ਨੀਵਾਰ ਨੂੰ ਡੇਨਿਸ ਨੇ ਇਹ ਵੀ ਕਿਹਾ ਕਿ ਰੂਸ ਦੇ ਪੱਛਮੀ ਸਹਿਯੋਗੀ ਦੇਸ਼ਾਂ ਨੇ ਉਸਦਾ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ 'ਚ ਭਾਰਤ ਇਸ ਸਥਿਤੀ ਦਾ ਫਾਇਦਾ ਉਠਾ ਕੇ ਰੂਸ ਨਾਲ ਆਪਣੇ ਆਰਥਿਕ ਸਬੰਧ ਮਜ਼ਬੂਤ ​​ਕਰ ਸਕਦਾ ਹੈ।

    ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਨੇ ਭਾਰਤੀ ਕੰਪਨੀਆਂ ਨੂੰ ਰੂਸ ਵਿੱਚ ਵਿਸਤਾਰ ਕਰਨ ਦਾ "ਮੌਕਾ" ਦਿੱਤਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਨੂੰ ਰੂਸ ਨਾਲ ਆਪਣੇ ਆਰਥਿਕ ਸਹਿਯੋਗ 'ਤੇ ਡੂੰਘਾਈ ਨਾਲ ਵਿਚਾਰ ਕਰਨਾ ਚਾਹੀਦਾ ਹੈ।

    ਭਾਰਤ ਅਤੇ ਰੂਸ ਦੇ ਸਬੰਧਾਂ 'ਤੇ ਉਨ੍ਹਾਂ ਕਿਹਾ, "ਦੋਵਾਂ ਦੇਸ਼ਾਂ ਦੇ ਸਬੰਧ ਆਪਸੀ ਹਿੱਤਾਂ ਨਾਲ ਜੁੜੇ ਹੋਏ ਹਨ ਅਤੇ ਰਣਨੀਤਕ ਮਹੱਤਵ ਰੱਖਦੇ ਹਨ।"

    ਭਾਰਤ ਵਿੱਚ ਰੂਸ ਦੇ ਦੂਤਾਵਾਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਡੇਨਿਸ ਅਲਿਪੋਵ ਦਾ ਇਹ ਬਿਆਨ ਵੀ ਸ਼ਾਮਲ ਹੈ।

  2. ਰੂਸ - ਯੂਕਰੇਨ ਜੰਗ: ਹੁਣ ਤੱਕ ਦੇ ਅਹਿਮ ਘਟਨਾਕ੍ਰਮ

    ਬੀਬੀਸੀ ਪੰਜਾਬੀ ਨਾਲ ਹੁਣੇ-ਹੁਣੇ ਜੁੜੇ ਪਾਠਕਾਂ ਦਾ ਸਵਾਗਤ ਹੈ।

    ਰੂਸ ਅਤੇ ਯੂਕਰੇਨ ਵਿਚਕਾਰ ਜੰਗ 11ਵੇਂ ਦਿਨ ਵੀ ਜਾਰੀ ਹੈ। ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਰੂਸ - ਯੂਕਰੇਨ ਜੰਗ ਸਬੰਧੀ ਸਾਰੀਆਂ ਮਹੱਤਵਪੂਰਨ ਅਪਡੇਟਸ ਦੇ ਰਹੇ ਹਾਂ।

    ਹੁਣ ਤੱਕ ਦਾ ਅਹਿਮ ਘਟਨਾਕ੍ਰਮ:

    • ਭਾਰਤ ਵਿੱਚ ਰੂਸ ਦੇ ਰਾਜਦੂਤ ਡੇਨਿਸ ਅਲਿਪੋਵ ਨੇ ਕਿਹਾ ਕਿ ਯੂਕਰੇਨ ਸੰਕਟ ਭਾਰਤ ਲਈ ਰੂਸ ਨਾਲ ਸਬੰਧ ਵਧਾਉਣ ਦਾ ਮੌਕਾ ਹੈ।
    • ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ 'ਤੇ ਦਬਾਅ ਬਣਾਈ ਰੱਖਣ ਲਈ ਛੇ-ਨੁਕਾਤੀ ਯੋਜਨਾ ਬਣਾਈ ਹੈ।
    • ਸੰਯੁਕਤ ਰਾਸ਼ਟਰ ਨੇ ਯੂਕਰੇਨ ਛੱਡ ਕੇ ਜਾ ਰਹੇ ਲੋਕਾਂ ਸਬੰਧੀ ਕਿਹਾ ਇਹ "ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਸ਼ਰਨਾਰਥੀ ਸੰਕਟ" ਹੈ।
    • ਵਾਸ਼ਿੰਗਟਨ ਡੀਸੀ 'ਚ ਯੂਕਰੇਨੀ ਦੂਤਾਵਾਸ ਦੇ ਇੱਕ ਪ੍ਰਤੀਨਿਧੀ ਨੇ ਵਾਇਸ ਆਫ ਅਮਰੀਕਾ ਨਿਊਜ਼ ਸਰਵਿਸ ਨੂੰ ਦੱਸਿਆ ਕਿ ਲਗਭਗ 3,000 ਅਮਰੀਕੀ ਯੂਕਰੇਨ ਵਿੱਚ ਲੜਨ ਲਈ ਸਵੈ ਇੱਛਾ ਨਾਲ ਤਿਆਰ ਹਨ।
    • ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਅਮਰੀਕੀ ਕਾਂਗਰਸ ਤੋਂ ਹੋਰ ਫੰਡ ਦੇਣ ਦੀ ਮੰਗ ਕੀਤੀ।
    • ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਰੂਸ ਦੀ ਹਰ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ।
    • ਮਾਰੀਉਪੋਲ ਦੇ ਮੇਅਰ ਦਾ ਕਹਿਣਾ ਹੈ ਕਿ ਰੂਸੀ ਬਲਾਂ ਨੇ ਸ਼ਹਿਰ ਵਿੱਚ ਗੋਲਾਬਾਰੀ ਤੇਜ਼ ਕਰ ਦਿੱਤੀ ਹੈ।
    • ਜ਼ਖਮੀਆਂ ਦੀ ਵਧਦੀ ਗਿਣਤੀ ਵਿਚਕਾਰ, ਯੂਕਰੇਨ ਦੇ ਹਸਪਤਾਲਾਂ ਨੂੰ ਸਪਲਾਈ ਦੀ ਕਮੀ ਦੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
    • ਦੁਨੀਆ ਭਰ ਦੇ ਸ਼ਹਿਰਾਂ ਵਿੱਚ ਲੋਕਾਂ ਨੇ ਯੂਕਰੇਨ ਲਈ ਆਪਣਾ ਸਮਰਥਨ ਦਿਖਾਉਣ ਲਈ ਵਿਰੋਧ ਪ੍ਰਦਰਸ਼ਨ ਕੀਤੇ।
  3. ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਸ਼ਰਨਾਰਥੀ ਸੰਕਟ - ਸੰਯੁਕਤ ਰਾਸ਼ਟਰ

    ਯੂਕਰੇਨ 'ਤੇ ਰੂਸ ਦੇ ਹਮਲੇ ਵਿਚਕਾਰ 10 ਲੱਖ ਤੋਂ ਵੱਧ ਲੋਕ ਪਹਿਲਾਂ ਹੀ ਦੇਸ਼ ਛੱਡ ਚੁੱਕੇ ਹਨ ਅਤੇ ਬਹੁਤ ਸਾਰੇ ਹੁਣ ਵੀ ਦੇਸ਼ ਛੱਡਣ ਦੀ ਕੋਸ਼ਿਸ਼ ਵਿੱਚ ਹਨ।

    ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੇ ਮੁਖੀ ਫਿਲਿਪੋ ਗ੍ਰਾਂਡੀ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਹਫਤੇ ਦੇ ਅੰਤ ਤੱਕ ਕੁੱਲ ਅੰਕੜਾ 15 ਲੱਖ ਤੋਂ ਉੱਪਰ ਹੋਣ ਦੀ ਉਮੀਦ ਹੈ।

    ਉਨ੍ਹਾਂ ਨੇ ਇਸਨੂੰ "ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਸ਼ਰਨਾਰਥੀ ਸੰਕਟ" ਕਿਹਾ।

    ਸੰਯੁਕਤ ਰਾਸ਼ਟਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਇਸ ਵੇਲੇ 13 ਲੱਖ 60 ਹਜ਼ਾਰ ਯੂਕਰੇਨੀ ਸ਼ਰਨਾਰਥੀ ਹਨ - ਉਨ੍ਹਾਂ ਵਿੱਚੋਂ ਅੱਧੇ ਤੋਂ ਵੱਧ, ਲਗਭਗ 760,000 ਪੋਲੈਂਡ ਜਾ ਚੁੱਕੇ ਹਨ ਜਦਕਿ 157,000 ਹੰਗਰੀ 'ਚ ਹਨ।

  4. ਯੂਕਰੇਨ-ਰੂਸ ਦੀ ਦੁਸ਼ਮਣੀ ਦੀ ਵਜ੍ਹਾ ਅਤੇ ਪਿਛੋਕੜ ਬਾਰੇ ਜਾਣੋ

    ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਪੱਛਮੀ ਮੁਲਕਾਂ ਅਤੇ ਰੂਸ ਦੇ ਵਿਚਾਲੇ ਯੂਕਰੇਨ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ।

    ਆਓ ਸਮਝੀਏ ਰੂਸ ਅਤੇ ਯੂਕਰੇਨ ਦੇ ਝਗੜੇ ਦੀ ਵਜ੍ਹਾ ਅਤੇ ਪਿਛੋਕੜ, ਇਸ ਵੀਡੀਓ ਰਾਹੀਂ

  5. ਪੁਤਿਨ ਨੂੰ ਰੋਕਣ ਲਈ ਬੋਰਿਸ ਜੌਨਸਨ ਦੀ ਛੇ-ਨੁਕਾਤੀ ਯੋਜਨਾ

    ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵਿਸ਼ਵ ਦੇ ਆਗੂਆਂ ਨੂੰ ਕਿਹਾ ਹੈ ਕਿ ਯੂਕਰੇਨ ਉੱਤੇ ਰੂਸ ਦੇ "ਭਿਆਨਕ" ਹਮਲੇ ਨੂੰ ਅਸਫਲ ਬਣਾਉਣ ਲਈ ਨਵੇਂ ਸਿਰੇ ਤੋਂ ਯਤਨ ਕੀਤੇ ਜਾਣ।

    ਰੂਸ ਦੇ ਰਾਸ਼ਟਰਪਤੀ ਪੁਤਿਨ 'ਤੇ ਦਬਾਅ ਬਣਾਏ ਰੱਖਣ ਲਈ ਉਨ੍ਹਾਂ ਨੇ ਛੇ-ਨੁਕਾਤੀ ਯੋਜਨਾ ਬਣਾਈ ਹੈ:

    • ਵਿਸ਼ਵ ਆਗੂਆਂ ਨੂੰ ਯੂਕਰੇਨ ਲਈ ਇੱਕ "ਅੰਤਰਰਾਸ਼ਟਰੀ ਮਾਨਵਤਾਵਾਦੀ ਗੱਠਜੋੜ" ਬਣਾਉਣਾ ਚਾਹੀਦਾ ਹੈ।
    • ਉਨ੍ਹਾਂ ਨੂੰ "ਆਪਣੀ ਸਵੈ-ਰੱਖਿਆ ਦੀਆਂ ਕੋਸ਼ਿਸ਼ਾਂ ਵਿੱਚ" ਯੂਕਰੇਨ ਦਾ ਸਮਰਥਨ ਕਰਨਾ ਚਾਹੀਦਾ ਹੈ।
    • ਰੂਸ 'ਤੇ ਆਰਥਿਕ ਦਬਾਅ ਵਧਾਇਆ ਜਾਣਾ ਚਾਹੀਦਾ ਹੈ।
    • ਅੰਤਰਰਾਸ਼ਟਰੀ ਭਾਈਚਾਰੇ ਨੂੰ ਰੂਸ ਦੁਆਰਾ ਯੂਕਰੇਨ ਵਿੱਚ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦੇ "ਸਧਾਰਨ ਹੋਣ" ਦਾ ਵਿਰੋਧ ਕਰਨਾ ਚਾਹੀਦਾ ਹੈ।
    • ਯੁੱਧ ਦੇ ਕੂਟਨੀਤਕ ਸੰਕਲਪਾਂ ਦੇ ਅਨੁਸਾਰ ਚੱਲਦਾ ਚਾਹੀਦਾ ਹੈ, ਪਰ ਸਿਰਫ ਯੂਕਰੇਨ ਦੀ ਜਾਇਜ਼ ਸਰਕਾਰ ਦੀ ਪੂਰੀ ਭਾਗੀਦਾਰੀ ਨਾਲ।
    • ਨਾਟੋ ਦੇਸ਼ਾਂ ਦਰਮਿਆਨ "ਸੁਰੱਖਿਆ ਅਤੇ ਤੇ ਹੋਰ ਇੰਤਜ਼ਾਮਾਂ ਨੂੰ ਮਜ਼ਬੂਤ ​​ਕਰਨ ਲਈ ਤੇਜ਼ ਮੁਹਿੰਮ" ਹੋਣੀ ਚਾਹੀਦੀ ਹੈ।

    ਜੌਹਨਸਨ ਵੱਲੋਂ ਸੋਮਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਡੱਚ ਪ੍ਰਧਾਨ ਮੰਤਰੀ ਮਾਰਕ ਰੁਟੇ ਨਾਲ ਬੈਠਕ ਵਿੱਚ ਆਪਣਾ ਸੰਦੇਸ਼ ਦੇਣ ਦੀ ਉਮੀਦ ਹੈ।

  6. ਲਗਭਗ 3,000 ਅਮਰੀਕੀ ਯੂਕਰੇਨ ਵਿੱਚ ਲੜਨ ਲਈ ਸਵੈ ਇੱਛਾ ਨਾਲ ਤਿਆਰ: ਵੀਓਏ

    ਵਾਸ਼ਿੰਗਟਨ ਡੀਸੀ ਵਿੱਚ ਯੂਕਰੇਨੀ ਦੂਤਾਵਾਸ ਦੇ ਇੱਕ ਪ੍ਰਤੀਨਿਧੀ ਨੇ ਵਾਇਸ ਆਫ ਅਮਰੀਕਾ ਨਿਊਜ਼ ਸਰਵਿਸ ਨੂੰ ਦੱਸਿਆ ਕਿ ਲਗਭਗ 3,000 ਅਮਰੀਕੀਆਂ ਨੇ ਰੂਸ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਯੂਕਰੇਨ ਦੁਆਰਾ ਵਿਦੇਸ਼ੀ ਵਲੰਟੀਅਰਾਂ ਲਈ ਦਿੱਤੇ ਗਏ ਸੱਦੇ ਦਾ ਜਵਾਬ ਦਿੱਤਾ ਹੈ।

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਹੋਰ ਸੀਨੀਅਰ ਯੂਕਰੇਨੀ ਅਧਿਕਾਰੀਆਂ ਨੇ ਯੁੱਧ ਲੜਨ ਵਿੱਚ ਮਦਦ ਲਈ ਵਿਦੇਸ਼ੀ ਵਲੰਟੀਅਰਾਂ ਦੀ ਇੱਕ "ਅੰਤਰਰਾਸ਼ਟਰੀ ਫੌਜ" ਦੇ ਗਠਨ ਦੀ ਮੰਗ ਕੀਤੀ ਹੈ।

    ਕੁਝ ਦਿਨ ਪਹਿਲਾਂ, ਰਾਸ਼ਟਰਪਤੀ ਜ਼ੇਲੇਂਸਕੀ ਨੇ ਅਨੁਮਾਨ ਲਗਾਇਆ ਸੀ ਕਿ ਲਗਭਗ 16,000 ਵਿਦੇਸ਼ੀ ਯੂਕਰੇਨ ਵਿੱਚ ਲੜਾਈ ਵਿੱਚ ਮਦਦ ਕਰਨ ਲਈ ਸਵੈਇੱਛੁਕ ਸਨ।

  7. ਯੂਕਰੇਨ ਰੂਸ ਜੰਗ: ਪੰਜਾਬ ਤੇ ਹਰਿਆਣਾ ਸਣੇ ਭਾਰਤ ਦੇ ਵਿਦਿਆਰਥੀ ਡਾਕਟਰੀ ਲਈ ਯੂਕਰੇਨ ਹੀ ਕਿਉਂ ਜਾਂਦੇ ਹਨ

    ਭਾਰਤ 'ਚ ਮੈਡੀਕਲ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ 'ਚ ਰੂਸ ਅਤੇ ਯੂਕਰੇਨ ਨੂੰ ਲੈ ਕੇ ਕਾਫੀ ਚਰਚਾ ਹੈ।

    ਯੂਕਰੇਨ 'ਚ ਲਗਭਗ 10 ਹਜ਼ਾਰ ਮੈਡੀਕਲ ਸੀਟਾਂ ਲਈ ਸਾਲ 'ਚ ਦੋ ਵਾਰ - ਸਤੰਬਰ ਅਤੇ ਜਨਵਰੀ ਮਹੀਨੇ ਦਾਖਲਾ ਖੁੱਲ੍ਹਦਾ ਹੈ।

    ਇੱਥੋਂ ਦੀਆਂ ਮੈਡੀਕਲ ਯੂਨੀਵਰਸਿਟੀਆਂ ਹਰ ਸਾਲ ਹਜ਼ਾਰਾਂ ਹੀ ਭਾਰਤੀ ਵਿਦਿਆਰਥੀਆਂ ਦੇ ਡਾਕਟਰ ਬਣਨ ਦਾ ਸੁਪਨਾ ਸਾਕਾਰ ਕਰਦੀਆਂ ਹਨ।

    ਭਾਰਤ ਦੇ ਵਿਦਿਆਰਥੀ ਡਾਕਟਰੀ ਲਈ ਯੂਕਰੇਨ ਹੀ ਕਿਉਂ ਜਾਂਦੇ ਹਨ, ਪੜ੍ਹੋ ਇਸ ਖਾਸ ਰਿਪੋਰਟ 'ਚ

  8. ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਰੂਸ ਦੀ ਹਰ ਯਾਤਰਾ ਤੋਂ ਬਚਣ ਦੀ ਕੀਤੀ ਅਪੀਲ

    ਕੈਨੇਡਾ ਦਾ ਵਿਦੇਸ਼ ਮੰਤਰਾਲੇ ਨੇ ਕੈਨੇਡੀਅਨਾਂ ਨੂੰ ਰੂਸ ਦੀ ਹਰ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ ਅਤੇ ਉੱਥੇ ਕੈਨੇਡੀਅਨ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ "ਜਦੋਂ ਵਪਾਰਕ ਸਾਧਨ ਅਜੇ ਵੀ ਉਪਲੱਬਧ ਹਨ ਤਾਂ ਉਹ ਉੱਥੋਂ ਚਲੇ ਜਾਣ"।

    ਮੰਤਰਾਲੇ ਨੇ ਨਾਗਰਿਕਾਂ ਨੂੰ ਕਿਹਾ ਕਿ ਜੇ ਉਹ ਉੱਥੇ ਹੀ ਰੁਕਦੇ ਹਨ, ਤਾਂ ਉਨ੍ਹਾਂ ਨੂੰ "ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਘਾਟ" ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ "ਹੋ ਸਕਦਾ ਹੈ ਕਿ ਭੁਗਤਾਨ ਜਾਂ ਪੈਸੇ ਕਢਾਉਣ ਲਈ ਤੁਸੀਂ ਆਪਣੇ ਬੈਂਕਿੰਗ ਕਾਰਡਾਂ ਦਾ ਇਸਤੇਮਾਲ ਵੀ ਨਾ ਕਰ ਸਕੋ''।

    ਚੇਤਾਵਨੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਲੋਕ ਰੂਸ ਵਿਚ ਰਹਿੰਦੇ ਹਨ, ਉਨ੍ਹਾਂ ਨੂੰ "ਦੇਸ਼ ਛੱਡਣ ਵਿੱਚ ਮਦਦ ਲਈ ਕੈਨੇਡਾ ਸਰਕਾਰ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ"।

    ਇਸ ਤੋਂ ਪਹਿਲਾਂ, ਯੂਐੱਸ ਅਤੇ ਯੂਕੇ ਵੱਲੋਂ ਵੀ ਆਪਣੇ ਨਾਗਰਿਕਾਂ ਲਈ ਅਜਿਹੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ।

  9. ਯੂਕਰੇਨ ਦੇ ਹਸਪਤਾਲਾਂ 'ਚ ਗੰਭੀਰ ਹੁੰਦੀ ਜਾ ਰਹੀ ਹੈ ਸਥਿਤੀ

    ਮੈਡਿਸਨਜ਼ ਸਾਂਸ ਫਰੰਟੀਅਰਜ਼ ਦੇ ਐਮਰਜੈਂਸੀ ਕੋਆਰਡੀਨੇਟਰ ਐਲੇਕਸ ਵੇਡ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਯੂਕਰੇਨ ਦੇ ਹਸਪਤਾਲਾਂ ਨੂੰ ਸਪਲਾਈ ਦੀ ਕਮੀ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜ਼ਖਮੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

    ਵੇਡ ਨੇ ਬੀਬੀਸੀ ਦੇ ਨਿਊਜ਼ਆਵਰ 'ਤੇ ਕਿਹਾ, "ਸਥਿਤੀ ਬਹੁਤ ਹੀ ਚਿੰਤਾਜਨਕ ਹੈ ਅਤੇ ਨਿਸ਼ਚਿਤ ਤੌਰ 'ਤੇ ਦਿਨੋਂ ਦਿਨ ਹੋਰ ਚਿੰਤਾਜਨਕ ਹੁੰਦੀ ਜਾ ਰਹੀ ਹੈ।'' ਉਨ੍ਹਾਂ ਕਿਹਾ ਕਿ ਮਰੀਜ਼ਾਂ ਦਾ ਇਲਾਜ ਕਰਨ ਲਈ ਹਸਪਤਾਲਾਂ ਨੂੰ ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਨ੍ਹਾਂ 'ਚ ਕਮੀ ਆ ਰਹੀ ਹੈ।

    ਰੂਸੀ ਹਮਲੇ ਦੇ ਵਧਣ ਕਾਰਨ ਕਿਤੇ-ਕਿਤੇ ਡਾਕਟਰੀ ਸਹਾਇਤਾ ਨੂੰ ਰੋਕ ਦਿੱਤਾ ਗਿਆ ਹੈ। ਜਦਕਿ ਕੁਝ ਕਸਬਿਆਂ, ਜਿਵੇਂ ਕਿ ਬੰਦਰਗਾਹ ਵਾਲਾ ਸ਼ਹਿਰ ਮਾਰੀਉਪੋਲ, ਨੂੰ ਬਿਜਲੀ ਅਤੇ ਐਮਐਸਐਫ ਵਰਗੀਆਂ ਸਹਾਇਤਾ ਏਜੰਸੀਆਂ ਤੋਂ ਮਦਦ ਲੈਣ ਵਿੱਚ ਦਿੱਕਤਾਂ ਆ ਰਹੀਆਂ ਹਨ।

  10. ਰੂਸ - ਯੂਕਰੇਨ ਜੰਗ: ਹੁਣ ਤੱਕ ਦਾ ਅਹਿਮ ਘਟਨਾਕ੍ਰਮ

    • ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਅਮਰੀਕੀ ਕਾਂਗਰਸ ਤੋਂ ਹੋਰ ਹਥਿਆਰ ਦੇਣ ਦੀ ਮੰਗ ਕੀਤੀ।
    • ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਂਗਰਸ ਤੋਂ ਯੂਕਰੇਨ ਲਈ ਵਧੇਰੇ ਫੰਡਿੰਗ ਦੀ ਮੰਗ ਕੀਤੀ।
    • ਦੁਨੀਆ ਭਰ ਦੇ ਸ਼ਹਿਰਾਂ ਵਿੱਚ ਲੋਕਾਂ ਨੇ ਯੂਕਰੇਨ ਲਈ ਆਪਣਾ ਸਮਰਥਨ ਦਿਖਾਉਣ ਲਈ ਵਿਰੋਧ ਪ੍ਰਦਰਸ਼ਨ ਕੀਤੇ।
    • ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਰੂਸ ਦੀ ਹਰ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ।
    • ਮਾਰੀਉਪੋਲ ਦੇ ਮੇਅਰ ਦਾ ਕਹਿਣਾ ਹੈ ਕਿ ਰੂਸੀ ਬਲਾਂ ਨੇ ਸ਼ਹਿਰ ਵਿੱਚ ਗੋਲਾਬਾਰੀ ਤੇਜ਼ ਕਰ ਦਿੱਤੀ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸੁਰੱਖਿਆ, ਵਿੱਤੀ ਸਹਾਇਤਾ ਅਤੇ ਰੂਸ ਖਿਅਫ਼ ਪਾਬੰਦੀਆਂ ਦੇ ਮੁੱਦੇ 'ਤੇ ਗੱਲਬਾਤ ਕੀਤੀ।
    • ਰੂਸ ਦੇ ਕਬਜ਼ੇ ਵਾਲੇ ਖੇਰਸਨ ਵਿੱਚ ਲੋਕ ਰੂਸੀ ਹਮਲੇ ਦਾ ਵਿਰੋਧ ਕਰ ਰਹੇ ਹਨ।
    • ਜ਼ਖਮੀਆਂ ਦੀ ਵਧਦੀ ਗਿਣਤੀ ਵਿਚਕਾਰ, ਯੂਕਰੇਨ ਦੇ ਹਸਪਤਾਲਾਂ ਨੂੰ ਸਪਲਾਈ ਦੀ ਕਮੀ ਦੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
    • ਐਲੋਨ ਮਸਕ ਯੂਕਰੇਨ ਨੂੰ ਹੋਰ ਸਟਾਰਲਿੰਕ ਟਰਮੀਨਲਾਂ ਦੀ ਸਪਲਾਈ ਕਰਨਗੇ।
  11. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ 11ਵਾਂ ਦਿਨ ਹੈ। ਇਸ ਪੇਜ ਰਾਹੀਂ ਅਸੀਂ ਤੁਹਾਡੇ ਨਾਲ ਇਸ ਨਾਲ ਜੁੜੀਆਂ ਅਹਿਮ ਗਤੀਵਿਧੀਆਂ ਸਾਂਝੀਆਂ ਕਰਾਂਗੇ।

    5 ਮਾਰਚ ਦੇ ਅਪਡੇਟਸ ਲਈ ਇੱਥੇ ਕਲਿੱਕ ਕਰੋ