You’re viewing a text-only version of this website that uses less data. View the main version of the website including all images and videos.

Take me to the main website

ਜ਼ੇਲੇਂਸਕੀ ਨੇ ਕਿਹਾ ਪੁਤਿਨ ਨਾਲ ਗੱਲਬਾਤ 'ਜੰਗ ਰੋਕਣ ਦਾ ਇੱਕੋ ਇੱਕ ਤਰੀਕਾ', ਪੁਤਿਨ ਨੇ ਕਿਹਾ ਰੂਸ ਦਾ 'ਮਿਲਟਰੀ ਅਪਰੇਸ਼ਨ ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ ਹੈ'

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਅੱਠਵਾਂ ਦਿਨ ਹੈ, ਜਾਣੋ ਕੀ ਹਨ ਹਾਲਾਤ

ਲਾਈਵ ਕਵਰੇਜ

  1. ਯੂਕਰੇਨ 'ਤੇ ਹਮਲੇ ਖਿਲਾਫ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ

    ਯੂਕਰੇਨ ਦੇ ਹਮਲੇ ਦਾ ਵਿਰੋਧ ਕਰ ਰਹੇ ਰੂਸੀ ਪ੍ਰਦਰਸ਼ਨਕਾਰੀ ਇੱਕ ਵਾਰ ਫਿਰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਗ੍ਰਹਿ (ਜੱਦੀ) ਸ਼ਹਿਰ ਸੇਂਟ ਪੀਟਰਸਬਰਗ ਦੀਆਂ ਸੜਕਾਂ 'ਤੇ ਉਤਰ ਆਏ ਹਨ।

    ਪਿਛਲੇ ਦਿਨਾਂ ਵਾਂਗ ਹੀ ਇਸ ਵਾਰ ਵੀ ਉਨ੍ਹਾਂ ਨੂੰ ਭਾਰੀ ਪੁਲਿਸ ਬਲ ਦਾ ਸਾਹਮਣਾ ਕਰਨਾ ਪਿਆ। ਦੰਗਾ ਵਿਰੋਧੀ ਪੁਲਿਸ ਅਫਸਰਾਂ ਨੇ ਹਿੰਸਕ ਤੌਰ 'ਤੇ ਪ੍ਰਦਰਸ਼ਨਕਾਰੀਆਂ ਨੂੰ ਤਿਤਰ-ਬਿਤਰ ਕੀਤਾ ਅਤੇ ਦਰਜਨਾਂ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ।

    ਪਿਛਲੇ ਕੁਝ ਦਿਨਾਂ ਵਿੱਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵੇਖੋ ਵਿਰੋਧ ਪ੍ਰਦਰਸ਼ਨ ਦੀਆਂ ਕੁਝ ਤਸਵੀਰਾਂ...

  2. ਯੂਕਰੇਨ ਰੂਸ ਜੰਗ: ਪੁਤਿਨ ਦੀ ਚਿਤਾਵਨੀ ਤੋਂ ਬਾਅਦ ਪ੍ਰਮਾਣੂ ਹਮਲੇ ਦਾ ਕਿੰਨਾ ਖ਼ਤਰਾ

    ਯੂਕਰੇਨ ਉੱਪਰ ਕੀਤੇ ਜਾ ਰਹੇ ਰੂਸ ਦੇ ਹਮਲਿਆਂ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਫ਼ੌਜ ਨੂੰ 'ਸਪੈਸ਼ਲ ਅਲਰਟ' 'ਤੇ ਰਹਿਣ ਦੇ ਆਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਪ੍ਰਮਾਣੂ ਹਥਿਆਰ ਵੀ ਸ਼ਾਮਿਲ ਹਨ।

    ਆਖ਼ਿਰ ਇਸ ਦਾ ਮਤਲਬ ਕੀ ਹੈ? ਪੱਛਮੀ ਦੇਸ਼ਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਇਹ ਸਾਫ ਨਹੀਂ ਹੈ।

    ਬਰਤਾਨਵੀ ਮਾਹਿਰਾਂ ਮੁਤਾਬਕ ਵਲਾਦੀਮੀਰ ਪੁਤਿਨ ਨੇ ਜਿਸ ਭਾਸ਼ਾ ਦਾ ਇਸਤੇਮਾਲ ਕੀਤਾ ਹੈ, ਉਸ ਤੋਂ ਸਾਫ਼- ਸਾਫ਼ ਪਤਾ ਨਹੀਂ ਲੱਗਦਾ। ਪੁਤਿਨ ਦੀ ਚਿਤਾਵਨੀ ਤੋਂ ਬਾਅਦ ਪ੍ਰਮਾਣੂ ਹਮਲੇ ਦਾ ਖ਼ਤਰਾ ਕਿੰਨਾ ਹੈ, ਪੜ੍ਹੋ ਇਹ ਖਾਸ ਰਿਪੋਰਟ

  3. ਭਾਰਤ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਏ ਜਾਣ ਦੇ ਰੂਸੀ ਦਾਅਵਿਆਂ ਨੂੰ ਕੀਤਾ ਖਾਰਿਜ

    ਭਾਰਤ ਸਰਕਾਰ ਨੇ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਉਣ ਦੇ ਰੂਸ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।

    ਰੂਸ ਨੇ ਕਿਹਾ ਸੀ ਕਿ ਯੂਕਰੇਨ ਦੀਆਂ ਹਥਿਆਰਬੰਦ ਫੌਜਾਂ ਵਿਦਿਆਰਥੀਆਂ ਨੂੰ "ਮਨੁੱਖੀ ਢਾਲ" ਵਜੋਂ ਇਸਤੇਮਾਲ ਕਰ ਰਹੀਆਂ ਹਨ ਅਤੇ "ਉਨ੍ਹਾਂ ਨੂੰ ਰੂਸੀ ਖੇਤਰ ਵਿੱਚ ਪਹੁੰਚਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ"।

    ਬੁੱਧਵਾਰ ਨੂੰ ਰੂਸ ਨੇ ਯੂਕਰੇਨ 'ਤੇ ਭਾਰਤੀਆਂ ਨੂੰ ਬੰਧਕ ਬਣਾਉਣ ਦਾ ਆਰੋਪ ਲਗਾਇਆ ਸੀ, ਜਦਕਿ ਯੂਕਰੇਨ ਨੇ ਇਸ ਆਰੋਪ ਨੂੰ ਖਾਰਿਜ ਕਰਦੇ ਹੋਏ ਰੂਸ 'ਤੇ ਪਲਟਵਾਰ ਕੀਤਾ ਸੀ।

    ਹਾਲਾਂਕਿ, ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਕੋਲ ਯੂਕਰੇਨ ਵਿੱਚ ਕਿਸੇ ਵੀ ਭਾਰਤੀ ਵਿਦਿਆਰਥੀ ਨੂੰ ਬੰਧਕ ਬਣਾਏ ਜਾਣ ਦੀ ਕੋਈ ਖ਼ਬਰ ਨਹੀਂ ਹੈ।

    ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਯੂਕਰੇਨ ਦੇ ਅਧਿਕਾਰੀਆਂ ਵੱਲੋਂ ਸਮਰਥਨ ਦੀ ਬੇਨਤੀ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਜ਼ਾਰਾਂ ਭਾਰਤੀ ਵਿਦਿਆਰਥੀ ਅਜੇ ਵੀ ਖਾਰਕਿਵ ਵਿੱਚ ਫਸੇ ਹੋਏ ਹਨ।

  4. ਹੁਣ ਤੱਕ 10 ਲੱਖ ਲੋਕ ਯੂਕਰੇਨ ਛੱਡ ਚੁੱਕੇ ਹਨ: ਸੰਯੁਕਤ ਰਾਸ਼ਟਰ

    ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਹੁਣ ਤੱਕ 10 ਲੱਖ ਲੋਕ ਯੂਕਰੇਨ ਛੱਡ ਕੇ ਗੁਆਂਢੀ ਦੇਸ਼ਾਂ ਵਿੱਚ ਜਾ ਚੁੱਕੇ ਹਨ।

    ਯੂਕਰੇਨ 'ਤੇ ਲੰਘੇ ਵੀਰਵਾਰ ਨੂੰ ਰੂਸੀ ਹਮਲਾ ਸ਼ੁਰੂ ਹੋਇਆ ਸੀ ਅਤੇ ਉਸ ਤੋਂ ਬਾਅਦ, ਲੋਕਾਂ ਦੁਆਰਾ ਇਹ ਕੂਚ ਸਿਰਫ਼ ਸੱਤ ਦਿਨਾਂ ਵਿਚਕਾਰ ਹੋਇਆ ਹੈ।

    ਬੀਬੀਸੀ ਦੇ ਲੇਵਿਸ ਗੁਡਾਲ ਨੇ ਦੱਸਿਆ, "2015 ਦੇ ਸ਼ਰਨਾਰਥੀ ਸੰਕਟ ਵਿੱਚ 13 ਲੱਖ ਲੋਕ ਸ਼ਾਮਲ ਸਨ। ਯੂਕਰੇਨ ਤੋਂ ਇੱਕ ਹਫ਼ਤੇ ਵਿੱਚ ਸਾਹਮਣੇ ਆਈ ਸੰਖਿਆ ਲਗਭਗ ਇਸ ਨੂੰ ਪਾਰ ਕਰਨ ਨੇੜੇ ਹੈ।"

    ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਫਿਲਿਪੋ ਗ੍ਰਾਂਡੀ ਨੇ ਟਵਿੱਟਰ 'ਤੇ ਇੱਕ ਬਿਆਨ ਵਿੱਚ,"ਬੰਦੂਕਾਂ ਨੂੰ ਸ਼ਾਂਤ ਕਰਨ ਦੀ ਬੇਨਤੀ'' ਕੀਤੀ, ਤਾਂ ਜੋ ਦੇਸ਼ ਵਿੱਚ ਰਹਿ ਰਹੇ ਲੱਖਾਂ ਲੋਕਾਂ ਨੂੰ ''ਜੀਵਨ ਰੱਖਿਅਕ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ"।

    ਏਜੰਸੀ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸੰਘਰਸ਼ ਕਾਰਨ ਲਗਭਗ 12 ਲੱਖ ਅੰਦਰੂਨੀ ਤੌਰ 'ਤੇ ਵਿਸਥਾਪਿਤ ਹੋ ਸਕਦੇ ਹਨ, ਜਿਨ੍ਹਾਂ ਨੂੰ ਰਾਹਤ ਦੀ ਲੋੜ ਪਏਗੀ।

  5. ਬੇਲਾਰੂਸ ਦੇ ਰਾਜਦੂਤ ਦਾ ਦਾਅਵਾ- ਭਾਰਤੀ ਵਿਦਿਆਰਥੀਆਂ ਨੂੰ ਕੁੱਟਿਆ ਗਿਆ, ਵਾਪਸ ਯੂਕਰੇਨ ਭੇਜਿਆ ਗਿਆ

    ਬੇਲਾਰੂਸ ਨੇ ਦਾਅਵਾ ਕੀਤਾ ਹੈ ਕਿ ਪੋਲੈਂਡ ਨਾਲ ਲੱਗਦੀ ਸਰਹੱਦ 'ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਲਗਭਗ 100 ਭਾਰਤੀ ਵਿਦਿਆਰਥੀਆਂ ਨੂੰ ਕੁੱਟਿਆ ਅਤੇ ਉਨ੍ਹਾਂ ਨੂੰ ਵਾਪਸ ਯੂਕਰੇਨ ਭੇਜ ਦਿੱਤਾ।

    ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਰੋਮਾਨੀਆ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਜਗ੍ਹਾ ਦਿੱਤੀ ਗਈ ਹੈ।

    ਸੰਯੁਕਤ ਰਾਸ਼ਟਰ 'ਚ ਬੇਲਾਰੂਸ ਦੇ ਰਾਜਦੂਤ ਵੈਲੇਨਟਿਨ ਰਾਇਬਾਕੋਵ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ 'ਚ ਆਪਣੇ ਬਿਆਨ ਦੌਰਾਨ ਇਹ ਜਾਣਕਾਰੀ ਦਿੱਤੀ ਹੈ।

    ਰਾਇਬਾਕੋਵ ਨੇ ਕਿਹਾ, “ਪੋਲੈਂਡ ਦੇ ਸਰਹੱਦੀ ਗਾਰਡਾਂ ਨੇ 26 ਫਰਵਰੀ ਨੂੰ ਲਗਭਗ 100 ਭਾਰਤੀ ਵਿਦਿਆਰਥੀਆਂ ਦੇ ਇੱਕ ਸਮੂਹ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਵਾਪਸ ਯੂਕਰੇਨ ਭੇਜ ਦਿੱਤਾ। ਜਿਨ੍ਹਾਂ ਨੂੰ ਰੋਮਾਨੀਆ ਦੇ ਸ਼ਰਨਾਰਥੀ ਕੈਂਪ ਵਿੱਚ ਰੱਖਿਆ ਗਿਆ ਹੈ।''

    ਸੰਯੁਕਤ ਰਾਸ਼ਟਰ ਵਿੱਚ ਯੂਕਰੇਨ ਦੇ ਰਾਜਦੂਤ ਸਰਗੇਈ ਕਿਸਲਿਟਸਿਆ ਨੇ ਕਿਹਾ ਕਿ ਰੂਸੀ ਹਮਲੇ ਕਾਰਨ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਅਤੇ ਇੱਕ ਚੀਨੀ ਨਾਗਰਿਕ ਜ਼ਖ਼ਮੀ ਹੋ ਗਿਆ ਹੈ।

    ਉਨ੍ਹਾਂ ਕਿਹਾ, ''ਯੂਕਰੇਨ ਇਨ੍ਹਾਂ ਹਾਦਸਿਆਂ 'ਤੇ ਡੂੰਘਾ ਦੁੱਖ ਪ੍ਰਗਟ ਕਰਦਾ ਹੈ। ਅਸੀਂ ਭਾਰਤ ਵਿੱਚ ਉਸ ਵਿਦਿਆਰਥੀ ਦੇ ਪੀੜਤ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।"

    ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਮੰਗਲਵਾਰ ਨੂੰ ਕਿਹਾ ਕਿ ਲਗਭਗ 8,000 ਭਾਰਤੀ (ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਹਨ) ਯੂਕਰੇਨ ਵਿੱਚ ਫਸੇ ਹੋਏ ਹਨ।

    ਭਾਰਤ, ਯੂਕਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ, ਹੰਗਰੀ ਅਤੇ ਪੋਲੈਂਡ ਦੇ ਰਸਤੇ ਆਪਣੇ ਨਾਗਰਿਕਾਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ।

  6. 208 ਹੋਰ ਨਾਗਰਿਕਾਂ ਦੀ ਹੋਈ ਵਤਨ ਵਾਪਸੀ

    ਭਾਰਤੀ ਹਵਾਈ ਫੌਜ ਦਾ C-17 ਏਅਰਕਰਾਫਟ 208 ਭਾਰਤੀਆਂ ਨੂੰ ਯੂਕਰੇਨ ਤੋਂ ਲੈ ਕੇ ਭਾਰਤ ਪਹੁੰਚਿਆ ਹੈ।

    ਗਾਜੀਪੁਰ ਦੇ ਹਿੰਡਨ ਏਅਰਬੇਸ ’ਤੇ ਕੇਂਦਰੀ ਰਾਜਰੱਖਿਆ ਮੰਤਰੀ ਅਜੇ ਭੱਟ ਨੇ ਵਾਪਿਸ ਪਰਤੇ ਲੋਕਾਂ ਦਾ ਸਵਾਗਤ ਕੀਤਾ।

  7. ਯੂਕਰੇਨ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਐਮਰਜੈਂਸੀ ਹਾਟਲਾਈਨ ਕੀਤੀ ਸ਼ੁਰੂ

    ਪਿਛਲੇ ਕੁਝ ਦਿਨਾਂ ਦੌਰਾਨ ਯੂਕਰੇਨ ਵਿੱਚ ਰਹਿ ਰਹੇ ਵਿਦੇਸ਼ੀ ਲੋਕਾਂ, ਖਾਸ ਤੌਰ 'ਤੇ ਅਫਰੀਕੀ ਅਤੇ ਏਸ਼ੀਆਈ ਵਿਦਿਆਰਥੀਆਂ ਨੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਕਿ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਰਹੱਦ ਤੋਂ ਵਾਪਸ ਮੋੜਿਆ ਜਾ ਰਿਹਾ ਹੈ।

    ਹੁਣ ਯੂਕਰੇਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹੇ ਵਿਦਿਆਰਥੀ ਜੋ ਕਿ ਦੇਸ਼ ਛੱਡ ਕੇ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਇੱਕ ਐਮਰਜੈਂਸੀ ਹਾਟਲਾਈਨ (ਨੰਬਰ) ਸ਼ੁਰੂ ਕੀਤੀ ਹੈ।

    ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਹੱਦੀ ਚੌਕੀਆਂ 24 ਘੰਟੇ ਕੰਮ ਕਰ ਰਹੀਆਂ ਹਨ ਅਤੇ ਸਾਰੇ ਦੇਸ਼ਾਂ ਦੇ ਲੋਕਾਂ ਲਈ "ਪਹਿਲਾਂ ਆਓ ਪਹਿਲਾਂ ਪਾਓ" ਦੇ ਆਧਾਰ 'ਤੇ ਕੰਮ ਕੀਤਾ ਜਾਵੇਗਾ।

  8. ਰਾਜਧਾਨੀ ਕੀਵ ਵਿੱਚ ਸੁਣੇ ਗਏ ਚਾਰ ਵੱਡੇ ਧਮਾਕੇ

    ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਚਾਰ ਵੱਡੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ।

    ਸ਼ਹਿਰ ਦੇ ਕੇਂਦਰੀ ਇਲਾਕੇ 'ਚ ਦੋ ਜ਼ਬਰਦਸਤ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਇੱਕ ਮੈਟਰੋ ਸਟੇਸ਼ਨ ਨੇੜੇ ਵੀ ਦੋ ਵੱਡੇ ਧਮਾਕੇ ਸੁਣੇ ਗਏ।

    ਸ਼ਹਿਰ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਵਾਲੀ ਸਾਇਰਨ ਵੱਜ ਰਹੇ ਹਨ।

    ਟਵਿੱਟਰ 'ਤੇ ਓਪਨ ਸੋਰਸ ਇੰਟੈਲੀਜੈਂਸ ਸ਼ੇਅਰ ਕਰਨ ਵਾਲੇ ਅਕਾਉਂਟ ਓਸ਼ਨਿਟ ਟੈਕਨੀਕਲ ਨੇ ਧਮਾਕੇ ਦਾ ਵੀਡੀਓ ਜਾਰੀ ਕੀਤਾ ਹੈ। ਹਾਲਾਂਕਿ ਬੀਬੀਸੀ ਨੇ ਸੁਤੰਤਰ ਤੌਰ 'ਤੇ ਇਸ ਫੁਟੇਜ ਦੀ ਪੁਸ਼ਟੀ ਨਹੀਂ ਕੀਤੀ ਹੈ।

  9. ਰੂਸ-ਯੂਕਰੇਨ ਜੰਗ: ਹੁਣ ਤੱਕ ਦੇ ਅਹਿਮ ਘਟਨਾਕ੍ਰਮ

    ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਸਬੰਧੀ ਦਫਤਰ ਅਨੁਸਾਰ ਯੂਕਰੇਨ ਉੱਤੇ ਰੂਸੀ ਹਮਲੇ ਦੇ ਪਹਿਲੇ ਪੰਜ ਦਿਨਾਂ ਵਿੱਚ 227 ਨਾਗਰਿਕ ਮਾਰੇ ਗਏ ਸਨ ਅਤੇ 525 ਜ਼ਖਮੀ ਹੋਏ ਹਨ।

    ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਮੁੱਖ ਵਕੀਲ ਨੇ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਨੇ ਯੂਕਰੇਨ ਦੇ ਹਮਲੇ ਦੌਰਾਨ, ਰੂਸ ਦੁਆਰਾ ਸੰਭਾਵਿਤ ਯੁੱਧ ਅਪਰਾਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    ਯੂਕਰੇਨ ਵਿੱਚ ਇਲਾਜ ਅਧੀਨ ਇੱਕ ਭਾਰਤੀ ਵਿਦਿਆਰਥੀ ਚੰਦਨ ਜਿੰਦਲ ਦੀ ਮੌਤ ਹੋ ਗਈ। ਚੰਦਨ ਪੰਜਾਬ ਦੇ ਬਰਨਾਲਾ ਦੇ ਵਸਨੀਕ ਸਨ।

    ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਖ਼ਿਲਾਫ਼ ਮਤਾ ਪਾਸ, ਭਾਰਤ ਨੇ ਨਹੀਂ ਕੀਤਾ ਵੋਟ।

    ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਫੋਨ 'ਤੇ ਗੱਲ ਹੋਈ ਹੈ। ਖਾਰਕੀਵ ਵਰਗੇ ਇਲਾਕਿਆਂ 'ਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਬਾਰੇ ਚਰਚਾ ਵੀ ਕੀਤੀ ਗਈ।

    ਯੂਕਰੇਨ ਦੇ ਦੱਖਣੀ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਜੰਗ ਜਾਰੀ ਹੈ।

    ਸੰਯੁਕਤ ਰਾਸ਼ਟਰ ਮੁਤਾਬਕ ਤਕਰੀਬਨ ਸੱਤ ਲੱਖ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ।

    ਰੂਸੀ ਮੀਡੀਆ ਮੁਤਾਬਕ ਉਨ੍ਹਾਂ ਦਾ ਦੇਸ਼ ਬੈਠਕ ਅਤੇ ਗੱਲਬਾਤ ਲਈ ਤਿਆਰ ਹੈ।

  10. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਯੂਕਰੇਨ 'ਤੇ ਰੂਸ ਦਾ ਹਮਲਾ ਅੱਠਵੇਂ ਦਿਨ ਵੀ ਜਾਰੀ ਹੈ। ਇਸ ਪੇਜ ਰਾਹੀਂ ਅਸੀਂ ਤੁਹਾਡੇ ਤੱਕ ਇਸ ਜੰਗ ਬਾਰੇ ਅਹਿਮ ਜਾਣਕਾਰੀ ਪਹੁੰਚਾ ਰਹੇ ਹਾਂ।

    ਤੁਸੀਂ ਇਸ ਸਬੰਧ 2 ਮਾਰਚ ਦੀਆਂ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰ ਸਕਦੇ ਹੋ

    ਫਿਲਹਾਲ ਅਸੀਂ ਲਾਈਵ ਪੇਜ ਦੀ ਸ਼ੁਰੂਆਤ ਪ੍ਰਿਅੰਕਾ ਧੀਮਾਨ ਅਤੇ ਅਨੁਰੀਤ ਸ਼ਰਮਾ ਵੱਲੋਂ ਕੀਤੀ ਗਈ ਹੈ।