ਰੂਸ ਵਿੱਚ ਜੰਗ ਵਿਰੋਧੀ ਮੁਜ਼ਾਹਰੇ ਤੇ ਹਿਰਾਸਤਾਂ
ਸਾਬਕਾ ਸੋਵੀਅਤ ਰੂਸ ਦੀ ਰਾਜਧਾਨੀ ਸੇਂਟ ਪੀਟਰਜ਼ਬਰਗ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਯੂਕਰੇਨ ਉੱਪਰ ਹਮਲੇ ਦਾ ਵਿਰੋਧ ਕਰਨ ਲਈ ਇੱਕਠੀ ਹੋਈ।
ਖ਼ਬਰ ਏਜੰਸੀ ਏਐਫ਼ਪੀ ਮੁਤਾਬਕ 1000 ਦੇ ਕਰੀਬ ਲੋਕਾਂ ਨੂੰ ਨਕਾਬਪੋਸ਼ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।
You’re viewing a text-only version of this website that uses less data. View the main version of the website including all images and videos.
ਰੂਸ ਨੇ ਵੀਰਵਾਰ ਨੂੰ ਯੂਕਰੇਨ 'ਤੇ ਹਮਲਾ ਕਰ ਦਿੱਤਾ। ਯੂਕਰੇਨ ਦੇ ਰਾਸ਼ਟਰਪਤੀ ਮੁਤਾਬਕ ਹਮਲੇ ਦੇ ਪਹਿਲੇ ਦਿਨ ਯੂਕਰੇਨ ਦੇ 137 ਲੋਕਾਂ ਦੀ ਮੌਤ ਹੋ ਗਈ ਹੈ।
ਸਾਬਕਾ ਸੋਵੀਅਤ ਰੂਸ ਦੀ ਰਾਜਧਾਨੀ ਸੇਂਟ ਪੀਟਰਜ਼ਬਰਗ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਯੂਕਰੇਨ ਉੱਪਰ ਹਮਲੇ ਦਾ ਵਿਰੋਧ ਕਰਨ ਲਈ ਇੱਕਠੀ ਹੋਈ।
ਖ਼ਬਰ ਏਜੰਸੀ ਏਐਫ਼ਪੀ ਮੁਤਾਬਕ 1000 ਦੇ ਕਰੀਬ ਲੋਕਾਂ ਨੂੰ ਨਕਾਬਪੋਸ਼ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਗੱਲ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜ਼ੇਲੈਂਸਕੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਪੁਤਿਨ ਨੂੰ ਫ਼ੋਨ ਕਰ ਰਹੇ ਹਨ ਪਰ ਗੱਲ ਨਹੀਂ ਹੋ ਰਹੀ।
ਇਸ ਲਈ ਉਨ੍ਹਾਂ ਦਾ ਸੁਨੇਹਾ ਦੇਣ ਲਈ ਪੁਤਿਨ ਨੂੰ ਫ਼ੋਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੁਤਿਨ ਨਾਲ ਉਨ੍ਹਾਂ ਦੀ ਗੱਲਬਾਤ ''ਸਪਸ਼ਟ, ਸਿੱਧੀ ਅਤੇ ਫ਼ੌਰੀ'' ਸੀ।
ਇਹ ਜਾਣਕਾਰੀ ਉਨ੍ਹਾਂ ਨੇ ਯੂਰਪੀ ਯੂਨੀਅਨ ਦੇ ਬੇਲਾਰੂਸ ਵਿੱਚ ਇੱਕ ਸਮਿੱਟ ਤੋਂ ਬਾਅਦ ਪੱਤਰਕਾਰਾਂ ਨੂੰ ਦਿੱਤੀ।
ਦੂਜੇ ਪਾਸੇ, ਯੂਰਪੀਅਨ ਸੰਘ ਨੇ ਰੂਸ ਵਿਰੁੱਧ ਨਵੀਆਂ ਅਤੇ ਬਹੁਤ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਹੈ।
ਯੂਰਪੀਅਨ ਯੂਨੀਅਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੀਏਨ ਮੁਤਾਬਕ ਇਹ ਪਾਬੰਦੀਆਂ ਬਹੁਤ ਵਿਆਪਕ ਹਨ, ਜਿਨ੍ਹਾਂ ਵਿੱਚ ਵਿੱਤੀ ਖੇਤਰ, ਊਰਜਾ, ਟਰਾਂਸਪੋਰਟ ਅਤੇ ਰੂਸੀ ਸਰਕਾਰ ਨਾਲ ਜੁੜੇ ਕੁਲੀਨ ਵਰਗ ਦੇ ਵੀਜ਼ੇ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਾਬੰਦੀਆਂ, ਰੂਸ ਦੀਆਂ ਤੇਲ ਰਿਫਾਇਨਰੀਆਂ ਲਈ ਤਕਨਾਲੋਜੀ ਅਤੇ ਜਹਾਜ਼ਾਂ ਲਈ ਸਪੇਅਰ ਪਾਰਟਸ ਖਰੀਦਣਾ ਅਸੰਭਵ ਬਣਾ ਦੇਣਗੀਆਂ।
ਯੂਕਰੇਨ ਦੇ ਰਾਸ਼ਟਰਪਤੀ ਵੋਲਾਦੀਮੀਰ ਜ਼ੇਲੈਂਸਕੀ ਨੇ ਯੂਰਪੀ ਯੂਨੀਅਨ ਦੇ ਯੂਰਪੀ ਕਾਊਂਸਲ ਦੀ ਹੰਗਾਮੀ ਬੈਠਕ ਵਿੱਚ ਸ਼ਾਮਲ ਹੋਣ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਦੀ ਰੂਸ ਦੇ ਖਿਲਾਫ਼ ਮਦਦ ਕਰਨ।
ਉਨ੍ਹਾਂ ਨੇ ਪੱਛਮ ਤੋਂ ਮੰਗ ਕੀਤੀ ਹੈ ਕਿ ਰੂਸ ਖਿਲਾਫ਼ ਤੁਰੰਤ ਸਖਤ ਪਾਬੰਦੀਆਂ ਲਾਗੂ ਕੀਤੀਆਂ ਜਾਣ। ਰੂਸ ਨੂੰ SWIFT ਤੋਂ ਬਾਹਰ ਕੀਤਾ ਜਾਵੇ। ਤੇਲ ਅਤੇ ਕੁਦਰਤੀ ਗੈਸ ਦੇ ਕਾਰੋਬਾਰ ਉੱਪਰ ਆਰਜੀ ਰੋਕ ਲਗਾਈ ਜਾਵੇ। ਯੂਕਰੇਨੀ ਫ਼ੌਜ ਦੀ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਮਦਦ ਕੀਤੀ ਜਾਵੇ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਤੋਂ ਪੀਸ ਕੀਪਿੰਗ ਆਪਰੇਸ਼ਨ ਵਿੱਚ ਮਦਦ ਲਈ ਵੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਗਿਲਾ ਕੀਤਾ, ''ਸਾਡੇ ਲੋਕ ਯੂਕਰੇਨ ਅਤੇ ਯੂਰਪ ਦੀ ਅਜ਼ਾਦੀ ਲਈ ਮਰ ਰਹੇ ਹਨ। ਅਸੀਂ ਲੰਬੇ ਸਮੇਂ ਤੋਂ ਬੂਹੇ ਖੁੱਲ੍ਹੇ ਰੱਖ ਕੇ ਉਡੀਕ ਕਰ ਰਹੇ ਸੀ। ਅਸੀਂ ਨਾਟੋ ਦੀ ਮੈਂਬਰੀ ਦੀ ਮੰਗ ਕੀਤੀ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ।''
ਸ਼ੁੱਕਰਵਾਰ ਨੂੰ ਏਸ਼ੀਆ ਦੀਆਂ ਸ਼ੇਅਰ ਮਾਰਕਿਟਾਂ ਉੱਛਾਲ ਨਾਲ ਖੁੱਲ੍ਹੀਆਂ। ਇਸ ਨੂੰ ਅਮਰੀਕੀ ਬਜ਼ਾਰਾਂ ਵਿੱਚ ਰੂਸ ਉੱਪਰ ਲੱਗੀਆਂ ਕੌਮਾਂਤਰੀ ਪਾਬੰਦੀਆਂ ਦੇ ਦੌਰ ਤੋਂ ਬਾਅਦ ਆਏ ਉਛਾਲ ਦਾ ਨਤੀਜਾ ਕਿਹਾ ਜਾ ਰਿਹਾ ਹੈ।
ਟੋਕੀਓ ਦੀ ਨਿੱਕਅਈ 255 ਸੂਚਕਆਂਕ ਸ਼ੁੱਕਰਵਾਰ ਸਵੇਰ 0.9% ਉੱਪਰ ਖੁੱਲ੍ਹਿਆ ਜਦਕਿ ਹੋਰ ਸੂਚਕਆਂਕ ਵਿੱਚ ਹਰਿਆਲੀ ਦੇਖੀ ਗਈ। ਦੱਖਣੀ ਕੋਰੀਆ ਕੋਸਪੀ ਮਾਰਕਿਟ 1.6% ਅਤੇ ਸਿਡਨੀ ਦੇ S&P/ASX 200 0.3% ਨਾਲ ਉੱਪਰ ਖੁੱਲ੍ਹੀ।
ਵੀਰਵਾਰ ਨੂੰ ਯੂਕਰੇਨ ਉੱਪਰ ਰੂਸ ਦੇ ਹਮਲੇ ਕਾਰਨ ਵਿਸ਼ਵੀ ਬਾਜ਼ਾਰਾਂ ਨੇ ਇੱਕ ਵੱਡੀ ਡੁਬਕੀ ਲਗਾਈ ਸੀ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਉੱਛਾਲ ਆਇਆ ਤੇ ਇਹ 100 ਅਮਰੀਕੀ ਡਾਲਰ ਫੀ ਬੈਰਲ ਦੇ ਹਿਸਾਬ ਨਾਲ ਵਧੀਆਂ ਪਰ ਹੁਣ ਇਨ੍ਹਾਂ ਵਿੱਚ ਵੀ ਠਹਿਰਾਅ ਆ ਗਿਆ ਹੈ।
ਕੱਚੇ ਤੇਲ ਅਤੇ ਕੁਦਰਤੀ ਗੈਸ ਦਾ ਰੂਸ ਦੁਨੀਆਂ ਦਾ ਵੱਡਾ ਨਿਰਿਆਤਕ ਹੈ। ਹਾਲਾਂਕਿ ਰੂਸ ਦੇ ਕੁੱਲ ਤੇਲ ਤੇ ਗੈਸ ਨਿਰਿਆਤ ਦਾ 14% ਇੱਕਲੇ ਚੀਨ ਨੂੰ ਹੀ ਜਾਂਦਾ ਹੈ।
ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਸਰਕਾਰ ਦਾ ਤਖ਼ਤਾ ਪਲਟ ਕਰਨ ਦੀ ਕੋਸ਼ਿਸ਼ ਕਰਨਗੇ।
ਅਮਰੀਕੀ ਬਰਾਡਕਾਸਟਰ ਏਬੀਸੀ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ ਉੱਪਰ ਉੱਤਰ, ਪੁੂਰਬ ਤੇ ਦੱਖਣੀ ਸਰਹੱਦਾਂ ਰਾਹੀਂ ਬਹੁ-ਦਿਸ਼ਾਈ ਹਮਲਾ ਕਰਨ ਦੇ ਨਾਲ ਹੀ ਕੀਵ ਅਤੇ ਯੂਕਰੇਨ ਵਿੱਚ ਹੋਰ ਪ੍ਰਮੁੱਖ ਸ਼ਹਿਰਾਂ ਉੱਪਰ ਹਮਲਾ ਕਰਨਾ ਰੂਸ ਦੀ ਯੋਜਨਾ ਦਾ ਹਿੱਸਾ ਸੀ।
ਉਨ੍ਹਾਂ ਨੇ ਕਿਹਾ ਕਿ ਰੂਸ ਦੇ ਯੂਕਰੇਨ ਤੋਂ ਅੱਗੇ ਵੀ ਹਮਲਾ ਕਰਨ ਦੀ ਸੰਭਾਵਨਾ ਹੈ ਪਰ ਅਮਰੀਕਾ ਆਪਣੇ ਨਾਟੋ ਸਹਿਯੋਗੀਆਂ ਦੀ ਰਾਖੀ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ, ''ਨਾਟੋ ਦੇ ਕਿਸੇ ਇੱਕ ਵੀ ਮੈਂਬਰ ਉੱਪਰ ਹਮਲਾ ਨਾਟੋ ਦੇ ਸਾਰੇ ਮੈਂਬਰਾਂ ਉੱਪਰ ਹਮਲਾ ਹੋਵੇਗਾ।''
ਪਿਛਲੇ ਕੁਝ ਦਿਨਾਂ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੁਝ ਅਜਿਹੇ ਅਹਿਮ ਫ਼ੈਸਲੇ ਲਏ ਹਨ, ਜਿਨ੍ਹਾਂ ਦਾ ਅਸਰ ਨਾ ਸਿਰਫ਼ ਯੂਕਰੇਨ ਉੱਪਰ ਪਵੇਗਾ ਸਗੋਂ ਸਮੁੱਚੀ ਦੁਨੀਆਂ ਉੱਪਰ ਵੀ ਪੈਣਾ ਤੈਅ ਹੈ।
ਆਖ਼ਰ ਉਨ੍ਹਾਂ ਨੇ ਇਹ ਫ਼ੈਸਲੇ ਕਿਸ ਦੀ ਸਲਾਹ 'ਤੇ ਲਏ? ਕੁਝ ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਕਿਤੇ ਰੂਸ ਦੀਆਂ ਤਾਜ਼ਾ ਫ਼ੌਜੀ ਸਰਗਰਮੀਆਂ ਰੂਸ ਦੇ ਕੁਝ ਮੰਤਰੀਆਂ ਅਤੇ ਸੁਰੱਖਿਆ ਏਜੰਸੀਆਂ ਦੇ ਮੁਖੀਆਂ ਦੇ ਇੱਕ ਗਰੁੱਪ ਜਿਸ ਨੂੰ ''ਸਿਲੋਵਿਕੀ'' ਕਿਹਾ ਜਾਂਦਾ ਹੈ, ਦੇ ਪ੍ਰਭਾਵ ਦਾ ਨਤੀਜਾ ਤਾਂ ਨਹੀਂ ਹਨ?
ਇਸ ਰਿਪੋਰਟ ਵਿੱਚ ਪੜ੍ਹੋ ਉਹ ਕੌਣ ਲੋਕ ਹਨ ਜਿਨ੍ਹਾਂ ਦੀ ਰਾਸ਼ਟਰਪਤੀ ਪੁਤਿਨ ਸੁਣਦੇ ਹਨ।
ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਫੌਜੀ ਬਲਾਂ ਨੇ ਚਰਨੋਬਲ ਪਰਮਾਣੂ ਪਾਵਰ ਪਲਾਂਟ ਦਾ ਨਿਯੰਤਰਣ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਰਾਸ਼ਟਰਪਤੀ ਦੇ ਸਲਾਹਕਾਰ ਮਾਈਖਾਈਲੋ ਪੋਡੋਲੀਕ ਨੇ ਕਿਹਾ ਕਿ ਵੀਰਵਾਰ ਨੂੰ ਹੋਇਆ "ਬਿਲਕੁਲ ਵਿਅਰਥ ਹਮਲਾ ਅੱਜ ਯੂਰਪ ਵਿੱਚ ਸਭ ਤੋਂ ਗੰਭੀਰ ਖ਼ਤਰਿਆਂ ਵਿੱਚੋਂ ਇੱਕ" ਹੈ।
1986 ਵਿੱਚ ਚਰਨੋਬਲ ਵਿਖੇ ਹੋਇਆ ਇੱਕ ਪਰਮਾਣੂ ਧਮਾਕਾ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਭੈੜੀਆਂ ਤਬਾਹੀਆਂ 'ਚੋਂ ਇੱਕ ਸੀ, ਜਿਸ 'ਚ ਜਾਨ ਅਤੇ ਮਾਲ ਦੋਵਾਂ ਦਾ ਨੁਕਸਾਨ ਹੋਇਆ ਸੀ।
ਯੂਕਰੇਨ ਦੇ ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਨੇ ਆਪਣਾ ਹਮਲਾ ਜਾਰੀ ਰੱਖਿਆ ਤਾਂ ਅਜਿਹੀ ਤਬਾਹੀ ਦੁਬਾਰਾ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵਿੱਟਰ 'ਤੇ ਵੀ ਲਿਖਿਆ ਸੀ, "ਸਾਡੀ ਰੱਖਿਆ ਕਰਨ ਵਾਲੇ ਆਪਣੀਆਂ ਜਾਨਾਂ ਦੇ ਰਹੇ ਹਨ ਤਾਂ ਜੋ 1986 ਦੀ ਤ੍ਰਾਸਦੀ ਨੂੰ ਦੁਹਰਾਇਆ ਨਾ ਜਾਵੇ।"
ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਕਈ ਧਮਾਕਿਆਂ ਦੀਆਂ ਖਬਰਾਂ ਆ ਰਹੀਆਂ ਹਨ।
ਸ਼ਹਿਰ ਵਿੱਚ ਮੌਜੂਦ ਸੀਐੱਨਐੱਨ ਦੀ ਇੱਕ ਟੀਮ ਨੇ ਜਾਣਕਾਰੀ ਦਿੱਤੀ ਕਿ ਸ਼ੁੱਕਰਵਾਰ ਨੂੰ ਤੜਕੇ ਮੱਧ ਕੀਵ ਵਿੱਚ ਦੋ ਵੱਡੇ ਧਮਾਕੇ ਅਤੇ ਦੂਰੀ 'ਤੇ ਤੀਜਾ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ।
ਯੂਕਰੇਨ ਦੀ ਯੂਨਿਅਨ ਖ਼ਬਰ ਏਜੰਸੀ ਦੀ ਰਿਪੋਰਟ ਮੁਤਾਬਕ, ਸਾਬਕਾ ਉਪ ਗ੍ਰਹਿ ਮੰਤਰੀ ਐਂਟੋਨ ਹੇਰਾਸ਼ਚੇਂਕੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋ ਧਮਾਕਿਆਂ ਦੀ ਆਵਾਜ਼ ਸੁਣੀ। ਉਨ੍ਹਾਂ ਅੱਗੇ ਕਿਹਾ ਕਿ ਕਰੂਜ਼ ਜਾਂ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਸੀ।
ਹਾਲਾਂਕਿ ਯੂਕਰੇਨ ਦੀ ਫੌਜ ਨੇ ਅਜੇ ਤੱਕ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਰੂਸ ਨੇ ਵੀਰਵਾਰ ਨੂੰ ਯੂਕਰੇਨ 'ਤੇ ਹਮਲਾ ਕਰ ਦਿੱਤਾ। ਇਸ ਪੇਜ ਰਾਹੀਂ ਅਸੀਂ ਇਸ ਸੰਕਟ ਨਾਲ ਜੁੜੀਆਂ ਅਹਿਮ ਗਤੀਵਿਧੀਆਂ ਸਾਂਝੀਆਂ ਕਰਾਂਗੇ। 25 ਫਰਵਰੀ ਦੇ ਲਾਈਵ ਪੇਜ ਲਈ ਇੱਥੇ ਕਲਿੱਕ ਕਰੋ।