ਇਹ LIVE ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ, ਕੱਲ੍ਹ ਫਿਰ ਨਵੀਆਂ ਅਤੇ ਤਾਜ਼ਾ ਖ਼ਬਰਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸਾਡੇ ਨਾਲ ਤੁਸੀਂ ਸਾਡੀ ਵੈੱਬਸਾਈਟ bbc.com/Punjabi 'ਤੇ ਜੁੜੋ ਅਤੇ Youtube, Facebook, Instagram ਅਤੇ Twitter 'ਤੇ ਵੀ ਜ਼ਰੂਰ ਜੁੜੋ
You’re viewing a text-only version of this website that uses less data. View the main version of the website including all images and videos.
ਅਫਗਾਨਿਸਤਾਨ: ਪੁਤਿਨ ਨੇ ਕਿਹਾ-ਤਾਲਿਬਾਨ ਵਾਅਦੇ ਪੂਰੇ ਕਰੇ, ਐਂਜਲੀਨਾ ਜੋਲੀ ਬੋਲੀ- ਮੈਂ ਮਨੁੱਖੀ ਹਕੂਕ ਲਈ ਲੜਨ ਵਾਲਿਆਂ ਦੀ ਆਵਾਜ਼ ਬਣਾਂਗੀ
ਤਾਲਿਬਾਨ ਨੇ ਉਨ੍ਹਾਂ ਲੋਕਾਂ ਦੀ ਭਾਲ ਤੇਜ਼ ਕਰ ਦਿੱਤੀ ਹੈ ਜਿਨ੍ਹਾਂ ਨੇ ਨਾਟੋ ਫੌਜਾਂ ਅਤੇ ਅਫ਼ਗਾਨਿਸਤਾਨ ਸਰਕਾਰ ਦੇ ਨਾਲ ਕੰਮ ਕੀਤਾ ਹੈ।
ਲਾਈਵ ਕਵਰੇਜ
ਅਫ਼ਗਾਨਿਸਤਾਨ: 20 ਅਗਸਤ ਨੂੰ ਸਾਰਾ ਦਿਨ ਕੀ-ਕੀ ਹੁੰਦਾ ਰਿਹਾ, ਇੱਕ ਝਾਤ
ਸ਼ੁੱਕਰਵਾਰ 20 ਅਗਸਤ ਦਾ ਦਿਨ ਵੀ ਅਫ਼ਗਾਨਿਸਤਾਨ ਵਿੱਚ ਹਲਚਲ ਜਾਰੀ ਰਹੀ। ਆਓ ਇੱਕ ਨਜ਼ਰ ਮਾਰਦੇ ਹਾਂ ਖ਼ਾਸ ਖ਼ਬਰਾਂ ਉੱਪਰ-
- ਹਜ਼ਾਰਾਂ ਲੋਕ ਦੇਸ਼ ਛੱਡਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਇਸ ਦਰਮਿਆਨ ਬੀਬੀਸੀ ਨੇ ਕਾਬੁਲ ਹਵਾਈ ਅੱਡੇ ਦੇ ਬਾਹਰ ਫ਼ੈਲੀ ਅਫ਼ਰਾ-ਤਫ਼ਰੀ ਦੇਖੀ ਹੈ।
- ਅਮਰੀਕਾ ਨੇ ਕਾਬੁਲ ਵਿੱਚ ਆਪਣੇ ਬਚਾਅ ਕਾਰਜਾਂ ਦੇ ਮਧੱਮ ਗਤੀ ਨਾਲ ਚੱਲਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਕਿਹਾ ਹੈ ਕਿ ਉਨ੍ਹਾਂ ਨੂੰ ਤੇਜ਼ ਕੀਤਾ ਜਾਵੇਗਾ.
- ਐਮਨਿਸਟੀ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਤਾਲਿਬਾਨ ਵੱਲੋਂ ਘੱਟ-ਗਿਣਤੀ ਭਾਈਚਾਰੇ ਹਜ਼ਾਰਾ ਦੇ ਨੌਂ ਪੁਰਸ਼ਾਂ ਨੂੰ ਤਾਲਿਬਾਨ ਨੇ ਕਤਲ ਕੀਤਾ।
- ਜਰਮਨੀ ਦੇ ਬ੍ਰਾਡਕਾਸਟਰ ਡੀਡਬਲਿਊ ਨੇ ਕਿਹਾ ਹੈ ਕਿ ਤਾਲਿਬਾਨ ਨੇ ਉਸ ਦੇ ਇੱਕ ਪੱਤਰਕਾਰ ਦੇ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਹੈ।
- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਫ਼ਗਾਨਿਸਤਾਨ ਵਿੱਚੋਂ ਲੋਕਾਂ ਨੂੰ ਕੱਢੇ ਜਾਣ ਦੀ ਯੋਜਨਾ ਬਾਰੇ ਸ਼ੁੱਕਰਵਾਰ ਦੇਰ ਰਾਤ ਸੰਬੋਧਨ ਕਰਨਗੇ।
- ਰੂਸੀ ਰਾਸ਼ਟਰਪਤੀ ਪੂਤਿਨ ਨੇ ਕਿਹਾ ਹੈ ਕਿ ਦੁਨੀਆਂ ਨੂੰ ਤਾਲਿਬਾਨ ਦੀ ਸਚਾਈ ਨੂੰ ਮੰਨ ਲੈਣਾ ਚਾਹੀਦਾ ਹੈ।
- ਤਾਲਿਬਾਨ ਨੇ ਕਿਹਾ ਹੈ ਕਿ ਦੇਸ਼ ਛੱਡ ਕੇ ਜਾ ਰਹੇ ਅਫ਼ਗਾਨ ਲੋਕ ਭੁੱਲੇਖੇ ਦਾ ਸ਼ਿਕਾਰ ਹਨ।
- ਸੰਯੁਕਤ ਰਾਸ਼ਟਰ ਦੇ ਇੱਕ ਦਸਤਵੇਜ਼ ਮੁਤਾਬਕ ਤਾਲਿਬਾਨ ਨਾਟੋ ਫ਼ੌਜਾਂ ਲਈ ਕੰਮ ਕਰਨ ਵਾਲਿਆਂ ਦੀ ਭਾਲ ਕਰ ਰਹੇ ਹਨ।
- ਖ਼ਬਰ ਏਜੰਸੀ ਰੌਇਟਰਜ਼ ਨੇ ਕਾਬੁਲ ਦੇ ਕੁਝ ਵਸਨੀਕਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਤਾਲਿਬਾਨ ਜੋ ਘਰ-ਘਰ ਜਾ ਕੇ ਤਲਾਸ਼ੀ ਲੈ ਰਹੇ ਸਨ ਉਸ ਦੌਰਾਨ ਉਹ ਕਿਸੇ ਬਾਇਓਮੀਟਰਿਕ ਉਪਕਰਣ ਦੀ ਵਰਤੋਂ ਕਰ ਰਹੇ ਸਨ।
- ਖ਼ਬਰ ਏਜੰਸੀ ਰੌਇਟਰਜ਼ ਨੇ ਕਾਬੁਲ ਦੇ ਕੁਝ ਵਸਨੀਕਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਤਾਲਿਬਾਨ ਜੋ ਘਰ-ਘਰ ਜਾ ਕੇ ਤਲਾਸ਼ੀ ਲੈ ਰਹੇ ਸਨ ਉਸ ਦੌਰਾਨ ਉਹ ਕਿਸੇ ਬਾਇਓਮੀਟਰਿਕ ਉਪਕਰਣ ਦੀ ਵਰਤੋਂ ਕਰ ਰਹੇ ਸਨ।
- ਕਟੱੜਪੰਥੀ ਸੰਗਠਨ ਇਸਲਾਮਿਕ ਸਟੇਟ ਨੇ ਆਪਣੇ ਹਫ਼ਤਾਵਾਰੀ ਅਖ਼ਬਾਰ ਅਲ-ਨਬਾ ਦੇ 19 ਅਗਸਤ ਦੀ ਸੰਪਾਦਕੀ ਵਿੱਚ ਤਾਲਿਬਾਨ ਦੀ ਵਾਪਸੀ ਬਾਰੇ ਲਿਖਿਆ ਹੈ,“ਇਹ ਅਮਨ ਦੀ ਜਿੱਤ ਹੈ, ਇਸਲਾਮ ਲਈ ਨਹੀਂ। ਇਹ ਸੌਦੇਬਾਜ਼ੀ ਦੀ ਜਿੱਤ ਹੈ ਨਾ ਕਿ ਜਿਹਾਦ ਦੀ।”
- ਅਫ਼ਗਾਨਿਸਤਾਨ ਕ੍ਰਿਕਿਟ ਬੋਰਡ ਦੇ ਮੁਖੀ ਹਾਮਿਦ ਸ਼ਿਨਵਾਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਇੱਕ ਵਾਰ ਫਿਰ ਸ਼੍ਰੀਲੰਕਾ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਇੱਕ ਦਿਨਾਂ ਲੜੀ ਦੀ ਤਿਆਰੀ ਕਰ ਰਹੀ ਹੈ।
ਐਂਜਲੀਨਾ ਜੋਲੀ ਨੇ ਅਫ਼ਗਾਨਿਸਤਾਨ ਵਿੱਚ ਲੋਕਾਂ ਲਈ ਆਵਾਜ਼ ਚੁੱਕੀ
ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਂਜਲੀਨਾ ਜੋਲੀ ਨੇ ਇੰਸਟਾਗਰਾਮ ਤੇ ਆਪਣਾ ਅਕਾਊਂਟ ਬਣਾਇਆ ਹੈ ਅਤੇ ਪਹਿਲੀ ਪੋਸਟ ਹੀ ਅਫ਼ਗਾਨਿਸਤਾਨ ਨਾਲ ਜੁੜੀ ਹੋਈ ਪਾਈ ਹੈ।
ਉਨ੍ਹਾਂ ਨੇ ਪਹਿਲੀ ਪੋਸਟ ਵਿੱਚ ਇੱਕ ਅਫ਼ਗਾਨ ਕੁੜੀ ਦੀ ਚਿੱਠੀ ਸ਼ੇਅਰ ਕਰਦਿਆਂ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਲੋਕਾਂ ਦੀ ਸੋਸ਼ਲ ਮੀਡੀਆ ਤੱਕ ਪਹੁੰਚ ਘੱਟ ਰਹੀ ਹੈ, ਇਸ ਕਰਕੇ ਮੈਂ ਇੰਸਟਾਗਰਾਮ 'ਤੇ ਆਈ ਹਾਂ ਤਾਂ ਜੋ ਉਨ੍ਹਾਂ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਾਂ ਜੋ ਆਪਣੇ ਹੱਕਾਂ ਲਈ ਲੜ ਰਹੇ ਹਨ।
ਅਫ਼ਗਾਨਿਸਤਾਨ: ਕਾਬੁਲ ਦੀਆਂ ਸੜ੍ਹਕਾਂ ਤੋਂ ਤਾਲਿਬਾਨ ਦੀਆਂ ਬੰਦੂਕਾਂ ਨੂੰ ਚੁਣੌਤੀ ਦੀ ਸ਼ੁਰੂਆਤ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਇੱਕ ਗਰੁੱਪ ਅਫ਼ਗਾਨ ਝੰਡੇ ਦੇ ਨਾਲ ਰੈਲੀ ਕੱਢਦਾ ਨਜ਼ਰ ਆਇਆ।
ਸਾਲ 1919 ’ਚ ਅਫ਼ਗਾਨਿਸਤਾਨ ਨੂੰ ਬ੍ਰਿਟੇਨ ਤੋਂ ਮਿਲੀ ਆਜ਼ਾਦੀ ਦੇ ਸਲਾਨਾ ਜਲਸੇ ‘ਤੇ ਕਈ ਮੀਟਰ ਲੰਬੇ ਝੰਡੇ ਦੇ ਨਾਲ ਮੁਜ਼ਾਹਰਾ ਕੀਤਾ ਗਿਆ।
ਮੁਜ਼ਾਹਰਾਕਾਰੀ ਇੱਥੇ ਨਾਅਰਾ ਲਗਾ ਰਹੇ ਹਨ, ‘ਸਾਡਾ ਝੰਡਾ, ਸਾਡੀ ਪਛਾਣ।’
ਇਸੇ ਤਰ੍ਹਾਂ ਦਾ ਮੁਜ਼ਾਹਰਾ ਗ੍ਰੀਸ ਵਿੱਚ ਵੀ ਕੀਤਾ ਗਿਆ, ਜਿੱਥੇ ਅਫ਼ਗਾਨ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਸੁਰੱਖਿਆ ਨੂੰ ਲੈ ਕੇ ਡਰ ਜਤਾਇਆ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਉਨ੍ਹਾਂ ਦੇ ਦੇਸ਼ ਨੂੰ ਅੱਧ ਵਿਚਾਲੇ ਨਾ ਛੱਡਣ ਦੀ ਅਪੀਲ ਕੀਤੀ।
ਬੈਲਜੀਅਮ ‘ਚ ਰਹਿਣ ਵਾਲੇ ਅਫ਼ਗਾਨ ਲੋਕਾਂ ਨੇ ਵੀ ਤਾਲਿਬਾਨ ਖ਼ਿਲਾਫ਼ ਮੁਜ਼ਾਹਰਾ ਕੀਤਾ।
ਤਾਲਿਬਾਨ ਹੁਣ ਦੇਸ਼ ਦੇ ਵੱਡੇ ਹਿੱਸੇ 'ਤੇ ਕਾਬਜ਼ ਹਨ “ਇਹ ਸੱਚਾਈ ਸਾਨੂੰ ਮੰਨ ਲੈਣੀ ਚਾਹੀਦੀ ਹੈ”
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਉਮੀਦ ਜਤਾਈ ਕਿ ਤਾਲਿਬਾਨ ਆਪਣੇ ਵਾਅਦੇ ਪੂਰੇ ਕਰਨਗੇ।
ਉਨ੍ਹਾਂ ਨੇ ਕਿਹਾ “ਦੂਜੇ ਦੇਸ਼ਾਂ ਨੂੰ ਆਪਣੀਆਂ ਕਦਰਾਂ ਕੀਮਤਾਂ ਅਫ਼ਗਾਨਿਸਤਾਨ ਉੱਪਰ ਥੋਪਣੀਆਂ ਨਹੀਂ ਚਾਹੀਦੀਆਂ” ਅਤੇ ਤਾਲਿਬਾਨ ਹੁਣ ਦੇਸ਼ ਦੇ ਵੱਡੇ ਹਿੱਸੇ ਉੱਪਰ ਕਾਬਜ਼ ਹਨ “ਇਹ ਸੱਚਾਈ ਸਾਨੂੰ ਮੰਨ ਲੈਣੀ ਚਾਹੀਦੀ ਹੈ।”
ਰੂਸ ਦਾ ਅਫ਼ਗਾਨਿਸਤਾਨ ਨਾਲ ਬਹੁਤ ਗੁੰਝਲਦਾਰ ਰਿਸ਼ਤਾ ਰਿਹਾ ਹੈ। ਸਾਲ 1978 ਵਿੱਚ ਠੰਡੀ ਜੰਗ ਦੌਰਾਨ ਦੇਸ਼ ਵਿੱਚ ਕਮਿਊਨਿਸਟ ਰਾਜ ਪਲਟਾ ਹੋਇਆ। ਜਦੋਂ ਇਸ ਦਾ ਵਿਰੋਧ ਹੋਇਆ ਤਾਂ ਰੂਸੀ ਫ਼ੌਜਾਂ ਨੇ ਅਫ਼ਗਾਨਿਸਤਾਨ ਉੱਪਰ ਹਮਲਾ ਕੀਤਾ।
ਸੋਵੀਅਤ ਫ਼ੌਜਾਂ ਨੇ ਸਥਾਨਕ ਬਾਗ਼ੀਆਂ ਜਿਨ੍ਹਾਂ ਨੂੰ ਮੁਜਾਹਿਦੀਨ ਕਿਹਾ ਜਾਂਦਾ ਸੀ ਨਾਲ ਲੜਾਈ ਲੜੀ।
ਮੁਜਾਹਿਦੀਨ ਨੂੰ ਪਾਕਿਸਤਾਨ ਅਤੇ ਅਮਰੀਕਾ ਦੀ ਸ਼ਹਿ ਸੀ।
ਸੋਵੀਅਤ-ਅਫ਼ਗਾਨ ਯੁੱਧ ਇੱਕ ਦਹਾਕੇ ਤੱਕ ਚਲਦਾ ਰਿਹਾ ਜੋ ਦੇਸ਼ ਲਈ ਤਬਾਹਕੁੰਨ ਸਾਬਤ ਹੋਇਆ।
ਜੰਗ ਦੌਰਾਨ ਦਸ ਲੱਖ ਅਫ਼ਗਾਨਾਂ ਦੀ ਜਾਨ ਗਈ।
ਜੰਗ ਤੋਂ ਬਾਅਦ ਮੁਜਾਹਿਦੀਨ ਦੇ ਵੱਖ-ਵੱਖ ਧੜਿਆਂ ਵਿਚਕਾਰ ਛਿੜੇ ਹਿੰਸਕ ਸੰਘਰਸ਼ ਵਿੱਚੋਂ ਹੀ ਤਾਲਿਬਾਨ ਦਾ ਉਭਾਰ ਹੋਇਆ।
ਕੌਮਾਂਤਰੀ ਭਾਈਚਾਰਾ ਅਫ਼ਗਾਨਾਂ ਲਈ ਕੀ ਕਰ ਰਿਹਾ ਹੈ?
ਅਮਰੀਕਾ ਤੇ ਹੋਰ ਯੂਰਪੀ ਦੇਸ਼ ਉਨ੍ਹਾਂ ਦੁਭਾਸ਼ੀਆਂ ਅਤੇ ਹੋਰ ਸਟਾਫ਼ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਨੇ ਉਨ੍ਹਾਂ ਲਈ ਕੰਮ ਕੀਤਾ ਹੈ।
ਅਮਰੀਕਾ ਨੇ 26 ਹਜ਼ਾਰ ਤੋਂ ਜ਼ਿਆਦਾ ਅਪ੍ਰਵਾਸੀ ਵੀਜ਼ੇ ਜਾਰੀ ਕੀਤੇ ਹਨ ਤਾਂ ਜੋ ਕੰਮ ਆ ਚੁੱਕੇ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਅਮਰੀਕਾ ਆ ਸਕਣ।
ਅਮਰੀਕਾ ਦੇ ਕਹਿਣ ਤੇ ਯੁਗਾਂਡਾ ਵੀ 2000 ਅਫ਼ਗਾਨ ਲੋਕਾਂ ਨੂੰ ਪਨਾਹ ਦੇਣ ਲਈ ਮੰਨ ਗਿਆ ਹੈ।
ਬ੍ਰਿਟੇਨ ਨੇ ਵੀ 20 ਹਜ਼ਾਰ ਲੋਕਾਂ ਨੂੰ ਆਪਣੇ ਇੱਥੇ ਵਸਾਉਣ ਦਾ ਵਾਅਦਾ ਕੀਤਾ ਹੈ।
ਬੁੱਧਵਾਰ ਨੂੰ ਉਜ਼ਬੇਕਿਸਤਾਨ ਤੋਂ ਅਫ਼ਗਾਨ ਸ਼ਰਣਾਰਥੀਆਂ ਨੂੰ ਲੈ ਕੇ ਆ ਰਹੀ ਉਡਾਣ ਜਰਮਨੀ ਪਹੁੰਚੀ।
ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਨੇ ਕਿਹਾ ਹੈ ਕਿ ਦਸ ਹਜ਼ਾਰ ਲੋਕਾਂ ਨੂੰ ਉੱਥੋਂ ਕੱਢਣ ਦੀ ਲੋੜ ਹੋਵੇਗੀ।
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਪਰਤਣ ਤੋਂ ਬਾਅਦ ਵਿਦੇਸ਼ੀ ਫ਼ੌਜਾਂ ਨਾਲ ਕੰਮ ਕਰਨ ਵਾਲਿਆਂ ਤੋਂ ਇਲਾਵਾ, ਪੱਤਰਕਾਰ, ਮਨੁੱਖੀ ਹੱਕ ਕਾਰਕੁਨ, ਇਸਤਰੀ ਸਿੱਖਿਆ ਦੇ ਵਕਾਲਤੀਆਂ ਦੀ ਜਾਨ ਨੂੰ ਖ਼ਤਰਾ ਖਾਸ ਤੌਰ ’ਤੇ ਵਧ ਗਿਆ ਹੈ।
ਤਾਲਿਬਾਨ ਨੇ ਆਪਣੀ ਪਲੇਠੀ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਸੀ ਕਿ ਜੋ ਔਰਤਾਂ ਉਨ੍ਹਾਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀਆਂ ਹਨ ਉਹ ਕਰ ਸਕਦੀਆਂ ਹਨ ਪਰ ਜ਼ਮੀਨੀ ਤੌਰ ’ਤੇ ਔਰਤਾਂ ਵਿੱਚ ਸਹਿਮ ਦਾ ਮਹੌਲ ਹੈ।
ਕੈਨੇਡਾ ਨੇ ਵੀ ਅਫ਼ਗਾਨਿਸਤਾਨ ਵਿੱਚੋਂ ਉੱਜੜਨ ਵਾਲੇ ਹਿੰਦੂ-ਸਿੱਖ ਘੱਟ-ਗਿਣਤੀ ਪਰਿਵਾਰਾਂ ਨੂੰ ਵਸਾਉਣ ਲਈ ਆਪਣੇ ਇਮੀਗਰੇਸ਼ਨ ਪਰੋਗਰਾਮ ਦੇ ਵਿਸਥਾਰ ਦਾ ਐਲਾਨ ਕੀਤਾ ਹੈ।
ਸੋਮਵਾਰ ਨੂੰ ਇੱਕ ਟੀਵੀ ਸੰਬੋਧਨ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਨੇ ਕਿਹਾ ਸੀ ਕਿ ਯੂਰਪੀ ਦੇਸ਼ਾਂ ਨੂੰ ਪਰਵਾਸੀਆਂ ਦੇ ਅਰੋਕ ਪਰਵਾਹ ਤੋਂ ਆਪਣੇ-ਆਪ ਨੂੰ ਬਚਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸਟੀਕ ਸੰਖਿਆ ਦਾ ਕਿਆਸ ਲਗਾਉਣਾ ਚਾਹੀਦਾ ਹੈ।”
ਮੈਕ੍ਰੋਂ ਨੇ ਕਿਹਾ ਸੀ,“ਤਾਜ਼ਾ ਸੰਕਟ ਦਾ ਬੋਝ ਇਕੱਲਾ ਯੂਰਪ ਨਹੀਂ ਚੁੱਕ ਸਕਦਾ।”
ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ਉੱਪਰ ਵੀ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਵਿੱਚ ਦਾਖ਼ਲ ਹੋਣ ਵਾਲਿਆਂ ਦੀ ਜਾਂਚ ਹੋਰ ਕੈੜੀ ਕਰ ਦਿੱਤੀ ਗਈ ਹੈ।
ਪਾਕਿਸਤਾਨ ਵਿੱਚ ਪਹਿਲਾਂ ਤੋਂ ਹੀ ਵੱਡੀ ਗਿਣਤੀ ਵਿੱਚ ਰਜਿਸਟਰਡ ਅਫ਼ਗਾਨ ਪਨਾਹਗੀਰ ਰਹਿ ਰਹੇ ਹਨ।
ਤਾਲਿਬਾਨ ਕੌਣ ਹਨ?
ਸਾਲ 2001 ਵਿੱਚ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਨੇ ਤਾਲਿਬਾਨ ਨੂੰ ਅਫ਼ਗ਼ਾਨਿਸਤਾਨ ਵਿੱਚ ਸੱਤਾ ਤੋਂ ਬਾਹਰ ਕੱਢ ਦਿੱਤਾ ਗਿਆ ਸੀ।
ਪਰ ਇਸ ਸਮੂਹ ਨੇ ਹੌਲੀ-ਹੌਲੀ ਆਪਣੀ ਤਾਕਤ ਵਧਾਈ ਅਤੇ ਹੁਣ ਦੁਬਾਰਾ ਇਸ ਖੇਤਰ ਉੱਤੇ ਦੁਬਾਰਾ ਕਬਜ਼ਾ ਕਰ ਰਿਹਾ ਹੈ।
ਦੋ ਦਹਾਕਿਆਂ ਦੀ ਜੰਗ ਤੋਂ ਬਾਅਦ ਹੁਣ ਜਦੋਂ ਅਮਰੀਕੀ ਸੈਨਾ 11 ਸਤੰਬਰ ਤੱਕ ਆਪਣੀ ਵਾਪਸੀ ਦੀ ਪੂਰੀ ਤਿਆਰੀ ਕਰ ਰਹੀ ਹੈ ਤਾਂ ਤਾਲਿਬਾਨ ਨੇ, ਅਫ਼ਗ਼ਾਨ ਫੌਜੀ ਚੌਕੀਆਂ, ਕਸਬਿਆਂ, ਪਿੰਡਾਂ ਅਤੇ ਨੇੜਲੇ ਵੱਡੇ ਸ਼ਹਿਰਾਂ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਨਾਲ ਇੱਕ ਵਾਰ ਫਿਰ ਡਰ ਪੈਦਾ ਹੋ ਗਿਆ ਹੈ ਕਿ ਤਾਲਿਬਾਨ ਇੱਥੋਂ ਦੀ ਸਰਕਾਰ ਨੂੰ ਢਾਹ ਸਕਦਾ ਹੈ।
ਤਾਲਿਬਾਨ ਕੌਣ ਹਨ? ਜੋ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਅਫ਼ਗਾਨਿਸਤਾਨ ’ਚ ਮੁੜ ਪੈਰ ਪਸਾਰ ਰਹੇ ਹਨ, ਪੜ੍ਹਣ ਲਈ ਇੱਥੇ ਕਲਿੱਕ ਕਰੋ।
ਅਮਰੀਕੀ ਫ਼ੌਜ ਵੱਲੋਂ ਇਕੱਠਾ ਕੀਤਾ ਲੋਕਾਂ ਦਾ ਡੇਟਾ ਤਾਲਿਬਾਨ ਨੂੰ ਮਿਲਣ ਦਾ ਖ਼ਦਸ਼ਾ
ਅਫ਼ਗਾਨਿਸਤਾਨ ਰਹਿੰਦਿਆਂ ਅਮਰੀਕੀ ਫ਼ੌਜਾਂ ਨੇ ਬਹੁਤ ਸਾਰਾ ਬਾਇਓਮੀਟਿਰਿਕ ਡੇਟਾ ਇਕੱਠਾ ਕੀਤਾ ਸੀ। ਜਿਵੇਂ ਕਿ- ਹੱਥਾਂ ਦੇ ਨਿਸ਼ਾਨ, ਅੱਖਾਂ ਦੇ ਸਕੈਨ ਆਦਿ।
ਇਸ ਡੇਟਾ ਦੀ ਵਰਤੋਂ ਅਮਰੀਕੀ ਫ਼ੌਜ ਲਈ ਕੰਮ ਕਰਨ ਵਾਲਿਆਂ ਦੀ ਸ਼ਨਾਖ਼ਤ ਕਰਨ ਲਈ ਵੀ ਕੀਤੀ ਜਾਂਦੀ ਸੀ।
ਹੁਣ ਖ਼ਦਸ਼ੇ ਜਤਾਏ ਜਾ ਰਹੇ ਹਨ ਕਿ ਅਜਿਹੇ ਉਪਕਰਣ ਜੇ ਤਾਲਿਬਾਨ ਦੇ ਹੱਥ ਲੱਗ ਗਈ ਹਨ ਤੇ ਉਹ ਇਨ੍ਹਾਂ ਵਿੱਚ ਪਿਆ ਬਾਇਓਮੀਟਰਿਕ ਡੇਟਾ ਦੀ ਵਰਤੋਂ ਕਰ ਸਕਦੇ ਹਨ।
ਇਸ ਖ਼ਬਰ ਦੀ ਪੁਸ਼ਟੀ ਅਮਰੀਕੀ ਫ਼ੌਜ ਨੇ ਕੀਤੀ ਹੈ।
ਖ਼ਬਰ ਏਜੰਸੀ ਰੌਇਟਰਜ਼ ਨੇ ਕਾਬੁਲ ਦੇ ਕੁਝ ਵਸਨੀਕਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਤਾਲਿਬਾਨ ਜੋ ਘਰ-ਘਰ ਜਾ ਕੇ ਤਲਾਸ਼ੀ ਲੈ ਰਹੇ ਸਨ ਉਸ ਦੌਰਾਨ ਉਹ ਕਿਸੇ ਬਾਇਓਮੀਟਰਿਕ ਉਪਕਰਣ ਦੀ ਵਰਤੋਂ ਕਰ ਰਹੇ ਸਨ।
ਇਸ ਤੋਂ ਉਨ੍ਹਾਂ ਲੋਕਾਂ ਲਈ ਸੰਕਟ ਖੜ੍ਹਾ ਹੋ ਸਕਦਾ ਹੈ ਜਿਨ੍ਹਾਂ ਨੇ ਕਦੇ ਅਮਰੀਕੀ ਫ਼ੌਜ ਲਈ ਕੰਮ ਕੀਤਾ ਸੀ ਅਤੇ ਉਨ੍ਹਾਂ ਦਾ ਅਜਿਹਾ ਡੇਟਾ ਵੀ ਲਿਆ ਗਿਆ ਸੀ।
ਅਮਰੀਕੀ ਜਹਾਜ਼ ਵਿੱਚ 640 ਨਹੀਂ 823 ਲੋਕ ਸਨ
ਇਸ ਹਫਤੇ ਦੀ ਸ਼ੁਰੂਆਤ ਵਿੱਚ ਇਹ ਕਿਹਾ ਗਿਆ ਕਿ ਕਾਬੁਲ ਤੋਂ ਕਤਰ ਗਏ ਅਮਰੀਕੀ ਮਿਲਟਰੀ ਦੇ ਜਹਾਜ਼ ਵਿੱਚ ਸਮਰੱਥਾ ਨਾਲੋਂ ਵੱਧ ਲੋਕ ਸਨ ਜਿਨ੍ਹਾਂ ਦੀ ਗਿਣਤੀ 640 ਸੀ।
ਪਰ ਅੱਜ ਅਮਰੀਕੀ ਮਿਲਟਰੀ ਦੇ ਏਅਰ ਮੋਬਿਲਿਟੀ ਕਮਾਂਡ ਨੇ ਇਸ ਕਿਹਾ ਹੈ ਕਿ ਉਸ ਦਿਨ 640 ਨਹੀਂ ਜਹਾਜ਼ ਵਿੱਚ 823 ਲੋਕ ਸਨ। ਸ਼ੁਰੂਆਤੀ ਗਿਣਤੀ ਵਿੱਚ 183 ਬੱਚਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।
50 ਸਾਲ ਪਹਿਲਾਂ ਦਾ ਅਫ਼ਗਾਨਿਸਤਾਨ ਦੇਖ ਹੈਰਾਨ ਹੋ ਜਾਓਗੇ
ਇਸ ਵੀਡੀਓ ਵਿੱਚ ਅਜਿਹੀਆਂ ਤਸਵੀਰਾਂ ਦਾ ਜ਼ਿਕਰ ਜਿਨ੍ਹਾਂ ਨੂੰ ਦੇਖ ਤੁਹਾਨੂੰ ਹੈਰਾਨੀ ਹੋਵੇਗੀ।
50 ਸਾਲ ਪਹਿਲਾਂ ਦੀਆਂ ਤਸਵੀਰਾਂ ਅੱਜ ਦੇ ਅਫ਼ਗਾਨਿਸਤਾਨ ਤੋਂ ਬਿਲਕੁਲ ਉਲਟ ਸਨ।
ਔਰਤਾਂ ਨੂੰ ਬੁਰਕਾ ਪਾਉਣ ਦੀ ਮਜਬੂਰੀ ਨਹੀਂ ਸੀ, ਉਹ ਆਜ਼ਾਦੀ ਨਾਲ ਕਾਬੁਲ ਦੀਆਂ ਸੜਕਾਂ ’ਤੇ ਘੁੰਮ ਸਕਦੀਆਂ ਸਨ। ਪਰ 1990 ਦੇ ਦਹਾਕੇ ਨੇ ਬਹੁਤ ਕੁਝ ਬਦਲ ਦਿੱਤਾ।
ਸਟੋਰੀ- ਬੀਬੀਸੀ ਮਰਾਠੀ, ਐਡਿਟ- ਦੀਪਕ ਜਸਰੋਟੀਆ
ਜੇ ਤੁਸੀਂ ਸਾਡੇ ਲਾਈਵ ਪੇਜ ਨਾਲ ਹੁਣੇ-ਹੁਣੇ ਜੁੜੇ ਹੋ ਤਾਂ ਅਪਡੇਟਸ ਜਾਣ ਲਵੋ
- ਸੰਯੁਕਤ ਰਾਸ਼ਟਰ ਦੇ ਇੱਕ ਦਸਤਾਵੇਜ਼ ਮੁਤਾਬਕ ਤਾਲਿਬਾਨ ਨਾਟੋ ਫ਼ੌਜਾਂ ਲਈ ਕੰਮ ਕਰਨ ਵਾਲਿਆਂ ਦੀ ਭਾਲ ਕਰ ਰਹੇ ਹਨ।
- ਹਾਲ ਹੀ ਵਿੱਚ ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਤਾਲਿਬਾਨ ਨੇ ਹਾਲ ਹੀ ਵਿੱਚ ਅਫ਼ਗਾਨਿਸਤਾਨ ਦੀ ਅਤਿਆਚਾਰਾਂ ਦੀ ਸ਼ਿਕਾਰ ਹਜ਼ਾਰਾ ਬਿਰਾਦਰੀ ਨੂੰ ਨਿਸ਼ਾਨਾ ਬਣਾਇਆ ਤੇ ਕਈ ਮਰਦਾਂ ਨੂੰ ਜਾਨੋਂ ਮਾਰ ਦਿੱਤਾ ਹੈ।
- ਗ਼ਜਨੀ ਸੂਬੇ ਵਿੱਚ ਹੋਏ ਇਸ ਕਤਲਿਆਮ ਦੇ ਚਸ਼ਮਦੀਦਾਂ ਨੇ ਹੌਲਨਾਕ ਵੇਰਵੇ ਸਾਂਝੇ ਕੀਤੇ ਹਨ।
- ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੌਮਿਨਿਕ ਰਾਬ ਉੱਪਰ ਅਸਤੀਫ਼ੇ ਲਈ ਦਬਾਅ ਤੇਜ਼ ਹੋ ਰਿਹਾ ਹੈ। ਇਲਜ਼ਾਮ ਹਨ ਕਿ ਉਹ ਬ੍ਰਿਟਿਸ਼ ਫ਼ੌਜ ਨਾਲ ਕੰਮ ਕਰ ਚੁੱਕੇ ਅਫ਼ਗਾਨ ਦੁਭਾਸ਼ੀਆਂ ਨੂੰ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਹਨੀਫ਼ ਅਤਮਰ ਨਾਲ ਮਿਲ ਕੇ ਕੱਢਣ ਵਿੱਚ ਅਸਫ਼ਲ ਰਹੇ ਹਨ।
- ਕਾਬੁਲ ਹਵਾਈ ਅੱਡੇ ਦੇ ਚੁਫ਼ੇਰੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਜੋ ਕਿ ਫ਼ੈਲ ਰਹੀ ਅਫ਼ਰਾ-ਤਫ਼ਰੀ ਦਾ ਸੰਕੇਤ ਹੈ।
- ਦੂਸਰੇ ਪਾਸੇ ਸੁਰੱਖਿਆ ਖ਼ਦਸ਼ਿਆਂ ਦੇ ਦਰਮਿਆਨ ਫੇਸਬੁੱਕ ਅਤੇ ਲਿੰਕਡਇਨ ਨੇ ਆਪਣੇ ਕੁਝ ਫੀਚਰ ਅਫ਼ਗਾਨਿਸਤਾਨ ਵਿੱਚ ਬੰਦ ਕਰ ਦਿੱਤੇ ਹਨ।
- ਅਜਿਹੇ ਕਿਆਸ ਹਨ ਕਿ ਅਤੇ ਭੈਅ ਦਾ ਮਹੌਲ ਹੈ ਕਿ ਤਾਲਿਬਾਨ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਰੋਧੀਆਂ ਦਾ ਖੁਰਾ-ਖੋਜ ਲਗਾਉਣ ਵਿੱਚ ਲੱਗੇ ਹੋਏ ਹਨ।
- ਅਫ਼ਗਾਨਿਸਤਾਨ ਵਿੱਚ ਲੋਕ ਆਪਣੇ ਪਛਾਣ-ਪੱਤਰ, ਕੁੜੀਆਂ ਆਪਣੀਆਂ ਕਿਤਾਬਾਂ, ਡਿਗਰੀਆਂ ਨਸ਼ਟ ਕਰ ਰਹੀਆਂ ਹਨ।
- ਸਰਕਾਰੀ ਚੈਨਲ ਲਈ ਕੰਮ ਕਰਨ ਲਈ ਇੱਕ ਮਹਿਲਾ ਪੱਤਰਕਾਰ ਨੂੰ ਪਛਾਣ-ਪੱਤਰ ਦਿਖਾਉਣ ਦੇ ਬਾਵਜੂਦ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਹੁਣ ਨਿਜ਼ਾਮ ਬਦਲ ਗਿਆ ਹੈ।
- ਤਾਲਿਬਾਨ ਨੇ ਜਰਮਨੀ ਵਿੱਚ ਕੰਮ ਕਰਦੇ ਇੱਕ ਪੱਤਰਕਾਰ ਦੇ ਰਿਸ਼ਤੇਦਾਰਾਂ ਨੂੰ ਵੀ ਨਿਸ਼ਾਨਾ ਬਣਾਇਆ। ਇੱਕ ਦਾ ਕਤਲ ਕਰ ਦਿੱਤਾ ਗਿਆ ਅਤੇ ਇੱਕ ਹੋਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ।
ਮਹਿਲਾ ਐਂਕਰ ਨੂੰ ਰੋਕਿਆ ਗਿਆ- ਕਿਹਾ ਨਿਜ਼ਾਮ ਬਦਲ ਗਿਆ
“ਮੇਰਾ ਨਾਮ ਸ਼ਬਨਮ ਇਡਰਾਨ ਹੈ। ਮੈਂ ਅਫ਼ਗਾਨਿਸਤਾਨ ਵਿੱਚ ਛੇ ਸਾਲ ਤੋਂ ਪੱਤਰਕਾਰ ਹਾਂ। ਮੈਂ ਅਫ਼ਗਾਨਿਸਤਾਨ ਦੇ ਸਰਾਕਾਰੀ ਮੀਡੀਆ RTA ਵਿੱਚ ਕੰਮ ਕਰਦੀ ਹਾਂ। ਜਦੋਂ ਤਾਲਿਬਾਨ ਦਾ ਕਬਜ਼ਾ ਕਾਬੁਲ ਉੱਪਰ ਹੋਇਆ ਤਾਂ ਮੈਂ ਹਾਰ ਨਹੀਂ ਮੰਨੀ। ਮੈਂ ਦਫ਼ਤਰ ਗਈ ਪਰ ਬਦਕਿਸਮਤੀ ਨਾਲ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।”
“ਮੈਂ ਆਪਣਾ ਆਈ-ਕਾਰਡ ਦਿਖਾਇਆ ਪਰ ਮੈਨੂੰ ਕਿਹਾ ਗਿਆ ਕਿ ਹੁਣ ਮੈਂ ਨੌਕਰੀ ਨਹੀਂ ਕਰ ਸਕਦੀ ਕਿਉਂਕਿ ਨਿਜ਼ਾਮ ਬਦਲ ਗਏ ਹਨ। ਜੋ ਲੋਕ ਮੇਰੀ ਇਸ ਗੱਲ ਨੂੰ ਸੁਣ ਰਹੇ ਹਨ, ਉਹ ਮਦਦ ਕਰਨ। ਸਾਡੀ ਜ਼ਿੰਦਗੀ ਖ਼ਤਰੇ ਵਿੱਚ ਹੈ।”
ਅਫ਼ਗਾਨਿਸਤਾਨ ਦੀ ਇੱਕ ਐਂਕਰ ਸ਼ਬਨਮ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਸ਼ੇਅਰ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਹ ਇਹ ਗੱਲਾਂ ਕਰਦੇ ਦਿਖ ਰਹੇ ਹਨ। ਖ਼ਬਰ ਏਜੰਸੀ ਏਐੱਫ਼ਪੀ ਨੇ ਵੀ ਇਸ ਵੀਡੀਓ ਨੂੰ ਜਾਰੀ ਕੀਤਾ ਹੈ।
ਤਾਲਿਬਾਨ ਨੇ ਕਾਬੁਲ ਉੱਪਰ ਕਬਜ਼ਾ ਕਰਨ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕੀਤੀ ਸੀ। ਇਸ ਪ੍ਰੈੱਸ ਕਾਨਫ਼ਰੰਸ ਵਿੱਚ ਤਾਲਿਬਾਨ ਨੇ ਕਿਹਾ ਸੀ- ਔਰਤਾਂ ਨੂੰ ਸ਼ਰੀਆ ਮੁਤਾਬਕ ਕੰਮ ਕਰਨ ਦੀ ਅਜ਼ਾਦੀ ਹੋਵੇਗੀ।
ਹਾਲਾਂਕਿ ਹੁਣ ਅਫ਼ਗਾਨਿਸਤਾਨ ਦੇ ਸਰਕਾਰੀ ਚੈਨਲ ਨੇ ਇੱਕ ਮਹਿਲਾ ਐਂਕਰ ਨੂੰ ਹਟਾਏ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਬਾਰੇ ਤਾਲਿਬਾਨ ਵੱਲੋਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਅਫਗਾਨਿਸਤਾਨ 'ਚ ਤਾਲਿਬਾਨ ਤੋਂ ਔਰਤਾਂ ਦਾ ਡਰ ਇਸ ਕੁੜੀ ਦੀ ਕਹਾਣੀ ਤੋਂ ਸਮਝੋ
ਅਫ਼ਗਾਨਿਸਤਾਨ ਦੁਨੀਆਂ ਵਿੱਚ ਔਰਤਾਂ ਲਈ ਸਭ ਤੋਂ ਖ਼ਤਰਨਾਕ ਮੁਲਕ ਮੰਨਿਆ ਜਾਂਦਾ ਹੈ। ਤਾਲਿਬਾਨ ਦੇ ਸੱਤਾ ’ਚ ਆਉਣ ਨਾਲ ਇਹ ਡਰ ਹੋਰ ਵਧਿਆ ਹੈ। ਪਰ ਸ਼ਮਸੀਆ ਹਸਾਨੀ ਅਜਿਹੀਆਂ ਲੱਖਾਂ ਔਰਤਾਂ ਲਈ ਪ੍ਰੇਰਣਾ ਹੋ ਸਕਦੀ ਹੈ।
ਸ਼ਮਸੀਆ ਅਫ਼ਗਾਨਿਸਤਾਨ ਦੀ ਪਹਿਲੀ ਗ੍ਰੈਫ਼ਿਟੀ ਆਰਟਿਸਟ ਮੰਨੀ ਜਾਂਦੀ ਹੈ। ਸ਼ਮਸੀਆ ਨੇ ਕੁਝ ਕਮਾਲ ਦੀਆਂ ਗ੍ਰੈਫ਼ਿਟੀ ਪੇਂਟਿੰਗਸ ਕੰਧਾਂ ਉੱਤੇ ਬਣਾਈਆਂ ਹਨ।
ਸ਼ਮਸੀਆ ਦੀ ਕਹਾਣੀ ਰਾਹੀਂ ਸਮਝੋ ਅਫ਼ਗਾਨਿਸਤਾਨ ’ਚ ਔਰਤਾਂ ਦੇ ਹਾਲਾਤ।
(ਸਕ੍ਰਿਪਟ – ਵਿਕਾਸ ਤ੍ਰਿਵੇਦੀ / ਆਵਾਜ਼ – ਤਨੀਸ਼ਾ ਚੌਹਾਨ / ਵੀਡੀਓ: ਕਾਸ਼ਿਫ਼ ਸਿਦੀਕੀ)
ਤਾਲਿਬਾਨ ਲੜਾਕਿਆਂ ਨੇ ਜਰਮਨੀ 'ਚ ਕੰਮ ਕਰਦੇ ਪੱਤਰਕਾਰ ਦੇ ਰਿਸ਼ਤੇਦਾਰ ਦਾ ਕਤਲ ਕੀਤਾ
ਤਾਲਿਬਾਨ ਲੜਾਕਿਆਂ ਨੇ ਜਰਮਨੀ ਦੇ ਬ੍ਰੌਡਕਾਸਟਰ DW ਦੇ ਪੱਤਰਕਾਰ ਦੇ ਇੱਕ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਹੈ ਅਤੇ ਇੱਕ ਹੋਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ।
ਇਹ ਪੱਤਰਕਾਰ ਹੁਣ ਜਰਮਨੀ ਵਿੱਚ ਕੰਮ ਕਰਦਾ ਹੈ ਅਤੇ ਤਾਲਿਬਾਨ ਉਸੇ ਨੂੰ ਲੱਭਣ ਲਈ ਘਰੋ-ਘਰੀਂ ਜਾ ਕੇ ਤਲਾਸ਼ੀ ਲੈ ਰਹੇ ਸਨ।
ਪੱਤਰਕਾਰ ਦੇ ਦੂਜੇ ਰਿਸ਼ਤੇਦਾਰ ਆਖ਼ਰੀ ਮੌਕੇ ਉੱਥੋਂ ਜਾਨ ਬਚਾ ਕੇ ਭੱਜਣ ਵਿੱਚ ਕਾਮਯਾਬ ਰਹੇ ਅਤੇ ਹੁਣ ਵੀ ਭੱਜ ਹੀ ਰਹੇ ਹਨ।
DW ਦੇ ਨਿਰਦੇਸ਼ਕ ਪੀਟਰ ਲਿਮਬਰਗ਼ ਨੇ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਜਰਮਨੀ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਕਾਬੁਲ ਦੀਆਂਂ ਸੜਕਾਂ ’ਤੇ ਬੜੇ ਘੱਟ ਲੋਕ ਹਨ
ਬੀਬੀਸੀ ਪੱਤਰਕਾਰ ਸਿਕੰਦਰ ਕਿਰਮਾਨੀ ਮੁਤਾਬਕ ਕਾਬੁਲ ਦੀਆਂ ਸੜਕਾਂ ਉੱਪਰ ਸ਼ਾਂਤੀ ਹੈ ਪਰ ਡਰ ਦਾ ਮਾਹੌਲ ਹੈ।
ਰੇਹੜੀਆਂ ਵਾਲ਼ਿਆਂ ਮੁਤਾਬਕ ਬਹੁਤ ਘੱਟ ਲੋਕ ਬਾਹਰ ਹਨ।
ਔਰਤਾਂ ਹਾਲਾਂਕਿ ਸੜਕਾਂ ਉੱਪਰ ਨਿਕਲ ਰਹੀਆਂ ਹਨ ਪਰ ਪਹਿਲਾਂ ਦੇ ਮੁਕਾਬਲੇ ਬਹੁਤ ਥੋੜ੍ਹੀਆਂ
ਤਾਲਿਬਾਨ ਤੋਂ ਵਿਦਿਆਰਥੀਆਂ ਅਤੇ ਔਰਤਾਂ ਨੂੰ ਕੀ ਡਰ
ਤਾਲਿਬਾਨ ਦੇ ਡਰ ਤੋਂ ਕਾਬੁਲ ਵਿੱਚ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਆਪਣੀ ਪੁਰਾਣੀ ਜ਼ਿੰਦਗੀ ਦੇ ਸਬੂਤ ਮਿਟਾ ਰਹੇ ਹਨ।
ਤਾਲਿਬਾਨ ਬਾਹਰ ਸੜਕਾਂ 'ਤੇ ਗਸ਼ਤ ਕਰਦੇ ਹਨ।
ਇੱਕ ਵਿਦਿਆਰਥੀ ਲਈ ਖ਼ਾਸ ਕਰਕੇ ਇੱਕ ਔਰਤ ਅਤੇ ਸਤਾਏ ਗਏ ਹਜ਼ਾਰਾ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹੋਣਾ, ਜਿਨ੍ਹਾਂ ਨੂੰ ਹਾਲ ਹੀ ਦੇ ਸਾਲਾਂ ਵਿੱਚ ਤਾਲਿਬਾਨ ਦੇ ਹੱਥੋਂ ਅਗਵਾ ਅਤੇ ਕਤਲ ਦਾ ਸਾਹਮਣਾ ਕਰਨਾ ਪਿਆ ਹੈ।
ਬਾਹਰ ਘੁੰਮ ਰਹੇ ਮਰਦਾਂ ਤੋਂ ਹੋਰ ਵੀ ਜ਼ਿਆਦਾ ਖ਼ਤਰਾ ਹੈ।
ਇੱਕ ਕੁੜੀ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਸੁਪਨੇ ਕੁਝ ਹੀ ਦਿਨਾਂ ਵਿੱਚ ਭਵਿੱਖ ਵਿੱਚ ਬਚਾਅ ਦੇ ਡਰ ਨਾਲ ਬਦਲ ਗਏ।
"ਮੈਂ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਸਭ ਕੁਝ ਜਿਸਦਾ ਮੈਂ ਸੁਪਨਾ ਦੇਖਿਆ ਸੀ, ਉਹ ਸਭ ਕੁਝ ਜਿਸ ਲਈ ਮੈਂ ਕਦੇ ਕੰਮ ਕੀਤਾ। ਮੇਰੀ ਇੱਜ਼ਤ, ਮੇਰਾ ਮਾਣ, ਇੱਥੋਂ ਤੱਕ ਕਿ ਇੱਕ ਕੁੜੀ ਦੇ ਰੂਪ ਵਿੱਚ ਮੇਰੀ ਹੋਂਦ, ਮੇਰੀ ਜਾਨ- ਸਭ ਖਤਰੇ ਵਿੱਚ ਹਨ।"
"ਕੌਣ ਜਾਣਦਾ ਹੈ ਕਿ ਉਨ੍ਹਾਂ ਨੂੰ ਘਰ-ਘਰ ਜਾ ਕੇ ਕੁੜੀਆਂ ਨੂੰ ਲੈ ਕੇ ਜਾਣ ਵਿੱਚ ਕਿੰਨਾ ਸਮਾਂ ਲੱਗੇਗਾ-ਸ਼ਾਇਦ ਉਹ ਉਨ੍ਹਾਂ ਦਾ ਬਲਾਤਕਾਰ ਕਰ ਦੇਣਗੇ। ਜਦੋਂ ਉਹ ਮੇਰੇ ਘਰ ਆਉਣਗੇ ਤਾਂ ਸ਼ਾਇਦ ਮੈਨੂੰ ਖੁਦ ਨੂੰ ਮਾਰਨਾ ਪੈ ਸਕਦਾ ਹੈ।
ਮੈਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੀ ਹਾਂ, ਇਹ ਉਹ ਹੈ ਜੋ ਅਸੀਂ ਸਾਰੇ ਕਰਨ ਦੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਵੱਲੋਂ ਚੁੱਕੇ ਜਾਣ ਨਾਲੋਂ ਮੌਤ ਬਿਹਤਰ ਹੈ।"
ਤਾਲਿਬਾਨ ਨੇ ਹਜ਼ਾਰਾ ਭਾਈਚਾਰੇ ਦੇ ਮਰਦਾਂ ਉੱਤੇ ਤਸ਼ਦਦ ਤੇ ਕਤਲ ਕੀਤਾ: ਐਮਨੈਸਿਟੀ ਇੰਟਰਨੈਸ਼ਨਲ ਦੀ ਰਿਪੋਰਟ
ਮਨੁੱਖੀ ਅਧਿਕਾਰ ਸਮੂਹ ਐਮਨੈਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਹਾਲ ਹੀ ਵਿੱਚ ਅਫਗਾਨਿਸਤਾਨ ਵਿੱਚ ਹਜ਼ਾਰਾ ਘੱਟ-ਗਿਣਤੀ ਭਾਈਚਾਰੇ ਦੇ ਕਈ ਮੈਂਬਰਾਂ ਦਾ “ਕਤਲੇਆਮ” ਕੀਤਾ ਅਤੇ ਬੇਰਹਿਮੀ ਨਾਲ ਤਸ਼ੱਦਦ ਕੀਤਾ।
ਚਸ਼ਮਦੀਦਾਂ ਨੇ ਗਜ਼ਨੀ ਪ੍ਰਾਂਤ ਵਿੱਚ ਜੁਲਾਈ ਦੇ ਸ਼ੁਰੂ ਵਿੱਚ ਹੋਏ ਕਤਲ ਦੇ ਦੁਖਦਾਈ ਬਿਰਤਾਂਤ ਦਿੱਤੇ ਹਨ।
ਐਮਨੈਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਇਹ ਘਟਨਾ ਤਾਲਿਬਾਨ ਸ਼ਾਸਨ ਦਾ “ਭਿਆਨਕ ਸੰਕੇਤ” ਹੈ।
ਹਜ਼ਾਰਾ ਭਾਈਚਾਰਾ ਅਫਗਾਨਿਸਤਾਨ ਦਾ ਤੀਜਾ ਸਭ ਤੋਂ ਵੱਡਾ ਨਸਲੀ ਸਮੂਹ ਹੈ। ਉਹ ਮੁੱਖ ਤੌਰ 'ਤੇ ਸ਼ੀਆ ਇਸਲਾਮ ਨੂੰ ਮੰਨਦੇ ਹਨ ਅਤੇ ਮੁੱਖ ਤੌਰ 'ਤੇ ਸੁੰਨੀ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਲੰਮੇ ਸਮੇਂ ਦੇ ਵਿਤਕਰੇ ਅਤੇ ਤਸ਼ਦੱਦ ਦਾ ਸਾਹਮਣਾ ਕਰ ਰਹੇ ਹਨ।
ਵੀਰਵਾਰ ਨੂੰ ਛਾਰਪੀ ਗਈ ਰਿਪੋਰਟ ਵਿੱਚ ਐਮਨੈਸਟੀ ਨੇ ਕਿਹਾ ਹੈ ਕਿ ਪੂਰਬੀ ਗਜ਼ਨੀ ਪ੍ਰਾਂਤ ਦੇ ਮਾਲਿਸਤਾਨ ਜ਼ਿਲ੍ਹੇ ਵਿੱਚ 4 ਤੋਂ 6 ਜੁਲਾਈ ਦੇ ਵਿਚਕਾਰ ਨੌ ਹਜ਼ਾਰਾ ਮਰਦ ਮਾਰੇ ਗਏ।
ਤਾਲਿਬਾਨ ਸਿਰਫ਼ ਇੱਕ ਅੱਤਵਾਦੀ ਸੰਗਠਨ ਨਹੀਂ ਹੈ, ਇਹ ਇੱਕ ਮਾਨਸਿਕਤਾ ਹੈ- ਭਾਜਪਾ ਆਗੂ
ਭਾਜਪਾ ਦੇ ਸਾਬਕਾ ਰਾਸ਼ਟਰੀ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ, "ਤਾਲਿਬਾਨ ਸਿਰਫ਼ ਇੱਕ ਅੱਤਵਾਦੀ ਸੰਗਠਨ ਨਹੀਂ ਹੈ, ਇਹ ਇੱਕ ਮਾਨਸਿਕਤਾ ਹੈ। ਪਿਛਲੀ ਸਦੀ ਵਿੱਚ ਇਸ ਤਰ੍ਹਾਂ ਦੀ ਮਾਨਸਿਕਤਾ ਦਾ ਸ਼ਿਕਾਰ ਹੋਣ ਵਾਲਾ ਪਹਿਲਾ ਸਮਾਜ ਕੋਈ ਹੋਰ ਨਹੀਂ ਬਲਕਿ ਕੇਰਲਾ ਸੀ। ਮੋਪਲਾਹ ਬਗਾਵਤ ਭਾਰਤ ਵਿੱਚ ਤਾਲਿਬਾਨੀ ਮਾਨਸਿਕਤਾ ਦੀ ਪਹਿਲੀ ਉਪਜ ਸੀ।"
ਉਨ੍ਹਾਂ ਨੇ ਅੱਗੇ ਕਿਹਾ, "ਵੱਡੇ ਦੇਸਾਂ ਅਤੇ ਦੁਨੀਆਂ ਨੂੰ ਉਨ੍ਹਾਂ ਤਸ਼ਦਦਾਂ ਬਾਰੇ ਜਾਣਨ ਦਾ ਕੋਈ ਰਸਤਾ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਨੂੰ ਇੰਝ ਪੇਸ਼ ਕੀਤਾ ਗਿਆ ਸੀ ਜਿਵੇਂ ਇਹ ਅੰਗਰੇਜ਼ਾਂ ਦੇ ਵਿਰੁੱਧ ਇੱਕ ਅੰਦੋਲਨ ਸੀ ਜਾਂ ਇਹ 'ਜ਼ਿਮੀਦਾਰਾਂ' ਦੇ ਵਿਰੁੱਧ ਕਮਿਊਨਿਸਟ ਕ੍ਰਾਂਤੀ ਸੀ।"
ਅਫ਼ਗਾਨਿਸਤਾਨ ਦੇ ਯੂਜ਼ਰਸ ਦੀ ਸੁਰੱਖਿਆ ਲਈ ਫੇਸਬੁੱਕ ਨੇ ਇਹ ਬਦਲਾਅ ਕੀਤੇ
ਫੇਸਬੁੱਕ ਨੇ ਅਫ਼ਗਾਨਿਸਤਾਨ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਯੂਜ਼ਰਸ ਲਈ ਨਵੇਂ ਸੁਰੱਖਿਆ ਉਪਾਅ ਲਿਆਂਦੇ ਹਨ।
ਕੰਪਨੀ ਦਾ ਕਹਿਣਾ ਹੈ ਕਿ ਇਸ ਨੇ ਲੋਕਾਂ ਨੂੰ ਨਿਸ਼ਾਨਾ ਬਣਨ ਤੋਂ ਬਚਾਉਣ ਲਈ "ਅਫ਼ਗਾਨਿਸਤਾਨ ਵਿੱਚ ਫੇਸਬੁੱਕ ਅਕਾਊਂਟਸ ਲਈ 'ਫਰੈਂਡਸ' ਦੀ ਸੂਚੀ ਨੂੰ ਦੇਖਣ ਅਤੇ ਲੱਭਣ ਦੀ ਯੋਗਤਾ ਨੂੰ ਹਟਾ ਦਿੱਤਾ ਹੈ।" ਲਿੰਕਡਇਨ ਨੇ ਵੀ ਅਫ਼ਗਾਨਿਸਤਾਨ ਦੇ ਲੋਕਾਂ ਲਈ ਕੁਝ ਬਦਲਾਅ ਕੀਤੇ ਹਨ। ਅਫ਼ਾਗਨਿਸਾਨ ਯੂਜ਼ਰ ਦੇ ਕਨੈਸ਼ਨਨਸ ਹੁਣ ਦੇਸ ਵਿੱਚ ਕੋਈ ਵੀ ਨਹੀਂ ਦੇਖ ਸਕਦਾ।
ਵੀਰਵਾਰ ਨੂੰ ਫੇਸਬੁੱਕ ਦੀ ਸੁਰੱਖਿਆ ਨੀਤੀ ਦੇ ਮੁਖੀ, ਨਥਾਨਿਏਲ ਗਲੇਚਰ ਨੇ ਵਾਧੂ ਸੁਰੱਖਿਆ ਉਪਾਵਾਂ ਦਾ ਐਲਾਨ ਕੀਤਾ।
ਨਥਾਇਏਲ ਨੇ ਟਵੀਟ ਕੀਤਾ, "ਅਸੀਂ ਅਫਗਾਨਿਸਤਾਨ ਦੇ ਲੋਕਾਂ ਦੇ ਅਕਾਊਂਟਸ ਨੂੰ ਤੇਜ਼ੀ ਨਾਲ ਲੌਕ ਕਰਨ ਲਈ ਇੱਕ-ਕਲਿਕ ਟੂਲ ਲਾਂਚ ਕੀਤਾ ਹੈ।
ਜਦੋਂ ਉਨ੍ਹਾਂ ਦਾ ਪ੍ਰੋਫਾਈਲ ਲੌਕ ਹੋ ਜਾਂਦਾ ਹੈ, ਉਹ ਲੋਕ ਜੋ ਉਨ੍ਹਾਂ ਦੇ ਦੋਸਤ ਨਹੀਂ ਹਨ ਉਹ ਉਨ੍ਹਾਂ ਦੀ ਪ੍ਰੋਫਾਈਲ ਫੋਟੋ ਨੂੰ ਡਾਉਨਲੋਡ ਜਾਂ ਸਾਂਝਾ ਨਹੀਂ ਕਰ ਸਕਦੇ ਜਾਂ ਆਪਣੀ ਟਾਈਮਲਾਈਨ 'ਤੇ ਪੋਸਟਾਂ ਨਹੀਂ ਦੇਖ ਸਕਦੇ।"
ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਮਗਰੋਂ ਭਾਰਤ ਲਈ ਕੀ ਚੁਣੌਤੀਆਂ ਕੀ ਹਨ
ਤਾਲਿਬਾਨ ਨੇ ਤੇਜ਼ੀ ਨਾਲ ਪੂਰੇ ਅਫ਼ਗਾਨਿਸਤਾਨ ’ਤੇ ਕਬਜ਼ਾ ਕੀਤਾ ਹੈ।
ਇਸ ਘਟਨਾ ਨੇ ਦੁਨੀਆਂ ਭਰ ਦੇ ਸੁਰੱਖਿਆ ਅਤੇ ਕੂਟਨੀਤੀ ਦੇ ਮਾਹਿਰਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ।
ਕਈ ਮੁਲਕ ਆਪਣੇ ਨੁਮਾਇੰਦਿਆਂ ਅਤੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਅਹਿਜੇ ਵਿੱਚ ਇੱਕ ਚੀਜ਼ ਦੀ ਬੜੀ ਘੱਟ ਗੱਲ ਹੋ ਰਹੀ ਹੈ ਕਿ ਆਖਿਰ ਦੋ ਦਹਾਕਿਆਂ ਦੌਰਾਨ ਅਫ਼ਗਾਨਿਸਤਾਨ ਵਿੱਚ ਹੋਏ ਵਿਕਾਸ ਅਤੇ ਨਿਵੇਸ਼ ਦਾ ਕੀ ਹੋਵੇਗਾ।
ਪਾਕਿਸਤਾਨ ਅਤੇ ਚੀਨ ਸਣੇ ਕਈ ਮੁਲਕ ਆਪਣੇ ਲਈ ਅਫ਼ਗਾਨਿਸਤਾਨ ਵਿੱਚ ਸੰਭਾਵਨਾਵਾਂ ਦੇਖ ਰਹੇ ਹਨ ਜਦਕਿ ਭਾਰਤ ਲਈ ਕਈ ਚੁਣੌਤੀਆਂ ਹਨ।