ਓਲੰਪੀਅਨ ਭਲਵਾਨਾਂ ਦਾ ਧਰਨਾ: ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦੋ ਐਫਆਈਆਰ ਦਰਜ, ਭਲਵਾਨਾਂ ਨੇ ਕਿਹਾ ਜੇਲ੍ਹ ਜਾਣ ਤੱਕ ਧਰਨਾ ਜਾਰੀ ਰਹੇਗਾ

ਭਾਰਤ ਦੇ ਕਈ ਨਾਮੀ ਭਲਵਾਨ ਦਿੱਲੀ ਦੇ ਜੰਤਰ ਮੰਤਰ 'ਤੇ ਪਿਛਲੇ ਛੇ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ।

ਲਾਈਵ ਕਵਰੇਜ

  1. ਲਾਈਵ ਪੰਨੇ ਉੱਤੇ ਵਿਰਾਮ, ਅੱਜ ਦੀਆਂ ਮੁੱਖ ਖ਼ਬਰਾਂ

    ਅਸੀਂ ਆਪਣਾ ਅੱਜ ਦਾ ਇਹ ਲਾਈਵ ਪੇਜ ਇੱਥੇ ਹੀ ਖ਼ਤਮ ਕਰ ਰਹੇ ਹਾਂ। ਦਿਨ ਭਰ ਦੀਆਂ ਅਹਿਮ ਖ਼ਬਰਾਂ ਉੱਤੇ ਮਾਰੋ ਇੱਕ ਨਜ਼ਰ-

    • ਓਲੰਪੀਅਨ ਖਿਡਾਰੀਆਂ ਦਾ ਧਰਨਾ ਜੰਤਰ-ਮੰਤਰ ਉੱਤੇ ਪਿਛਲੇ 6 ਦਿਨਾਂ ਤੋਂ ਜਾਰੀ ਹੈ।
    • ਖਿਡਾਰੀਆਂ ਦੀ ਮੰਗ ਉੱਤੇ ਦਿੱਲੀ ਪੁਲਿਸਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦੋ ਐਫਆਈਆਰ ਦਰਜ ਕੀਤੀਆਂ ਹਨ, ਪਰ ਪ੍ਰਦਰਸ਼ਨ ਕਰ ਰਹੇ ਖਿਡਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਉਹ ਧਰਨਾ ਜਾਰੀ ਰੱਖਣਗੇ।
    • ਉੱਧਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਹੈ ਕਿ ਉਹ ਹਰ ਫੈਸਲੇ ਦਾ ਸਵਾਗਤ ਕਰਦੇ ਹਨ ਤੇ ਉਨ੍ਹਾਂ ਨੂੰ ਇਨਸਾਫ਼ ਦੀ ਉਮੀਦ ਹੈ।
    • ਕਪਿਲ ਦੇਵ, ਸਾਨੀਆ ਮਿਰਜ਼ਾ, ਨੀਰਜ ਚੋਪੜਾ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਖਿਡਾਰੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ।
    • ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ ਜਾਅਲੀ ਪਾਸਪੋਰਟ ਬਣਾਉਣ ਵਾਲੇ ਤਿੰਨ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।
    • ਫ਼ਿਲਮ ਅਦਾਕਾਰ ਸੂਰਜ ਪੰਚੋਲੀ ਨੂੰ ਜੀਆ ਖ਼ਾਨ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਹੈ।
  2. ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦੋ ਐਫਆਈਆਰ ਦਰਜ

    ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ਼ ਦਿੱਲੀ ਪੁਲਿਸ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਦੋ ਐਫਆਈਆਰ ਦਰਜ ਕੀਤੀਆਂ।

    ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਪਹਿਲੀ ਐਫਆਈਆਰ ਨਾਬਾਲਗ ਭਲਵਾਨ ਦੀ ਸ਼ਿਕਾਇਤ ਉੱਤੇ ਦਰਜ ਕੀਤੀ ਗਈ ਹੈ, ਜਿਸ ਵਿੱਚ ਪੌਕਸੋ ਐਕਟ ਵੀ ਲਗਾਇਆ ਗਿਆ ਹੈ।

    ਦਿੱਲੀ ਪੁਲਿਸ ਨੇ ਕਿਹਾ ਹੈ ਕਿ ਦੂਜੀ ਐਫਆਈਆਰ ਬਾਲਗ ਭਲਵਾਨਾਂ ਦੀ ਸ਼ਿਕਾਇਤ ਉੱਤੇ ਹੈ। ਦੋਵਾਂ ਹੀ ਐਫਆਈਆਰਜ਼ ਉੱਤੇ ਜਾਂਚ ਜਾਰੀ ਹੈ।

  3. ਭਲਵਾਨਾਂ ਦਾ ਧਰਨਾ: ਐੱਫਆਈਆਰ ਦਰਜ ਕਰਨ ਦੇ ਫੈਸਲੇ 'ਤੇ ਬ੍ਰਿਜ ਭੂਸ਼ਣ ਨੇ ਕੀ ਕਿਹਾ?

    ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਹੈ ਕਿ ਉਹ ਆਪਣੇ 'ਤੇ ਲੱਗੇ ਇਲਜ਼ਾਮਾਂ ਦੀ ਜਾਂਚ 'ਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹਨ।

    ਭਲਵਾਨਾਂ ਵੱਲੋਂ ਪਿਛਲੇ 6 ਦਿਨਾਂ ਤੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਜੰਤਰ-ਮੰਤਰ ਉੱਪਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

    ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਖ਼ਬਰ ਏਜੰਸੀ ਏਐਨਆਈ ਨੂੰ ਕਿਹਾ, "ਮੈਂ ਨਿਆਂਪਾਲਿਕਾ ਦੇ ਫੈਸਲੇ ਤੋਂ ਬੇਹੱਦ ਖੁਸ਼ ਹਾਂ। ਦਿੱਲੀ ਪੁਲਿਸ ਨੂੰ ਜਾਂਚ ਮਿਲੀ ਹੈ। ਜਾਂਚ ਵਿੱਚ ਜਿੱਥੇ ਵੀ ਸਹਿਯੋਗ ਦੀ ਲੋੜ ਹੈ, ਮੈਂ ਸਹਿਯੋਗ ਕਰਨ ਲਈ ਤਿਆਰ ਹਾਂ। ਇਸ ਦੇਸ਼ ਵਿੱਚ ਨਿਆਂਪਾਲਿਕਾ ਤੋਂ ਵੱਡਾ ਕੋਈ ਨਹੀਂ ਹੈ। ਮੈਂ ਵੀ ਨਿਆਂਪਾਲਿਕਾ ਤੋਂ ਵੱਡਾ ਨਹੀਂ ਹਾਂ।"

    ਉਨ੍ਹਾਂ ਕਿਹਾ, ''ਮੈਂ ਸੁਪਰੀਮ ਕੋਰਟ ਤੋਂ ਵੱਡਾ ਨਹੀਂ ਹਾਂ। ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ। ਜਦੋਂ ਓਵਰਸਾਈਟ ਕਮੇਟੀ ਬਣੀ ਸੀ ਤਾਂ ਵੀ ਮੈਂ ਸਵਾਲ ਨਹੀਂ ਚੁੱਕੇ ਸੀ। ਮੈਂ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਦਾ ਹਾਂ।”.

    “ਇਨ੍ਹਾਂ ਲੋਕਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ। ਇਹਨਾਂ ਨੇ ਉਡੀਕ ਨਹੀਂ ਕੀਤੀ। ਉਹ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਨੇ ਨੋਟਿਸ ਲੈਂਦਿਆਂ ਇਹ ਫੈਸਲਾ ਲਿਆ ਹੈ। ਮੈਨੂੰ ਆਪਣੇ ਆਪ ’ਤੇ ਭਰੋਸਾ ਹੈ। ਮੈਨੂੰ ਆਪਣੇ ਕਰਮ ’ਤੇ ਭਰੋਸਾ ਹੈ। ਮੈਂ ਕਿਸੇ ਨਾਲ ਕੋਈ ਗਲਤ ਨਹੀਂ ਕੀਤਾ। ਮੈਨੂੰ ਇਨਸਾਫ਼ ਮਿਲੇਗਾ।”

    ਬ੍ਰਿਜ ਭੂਸ਼ਣ ਸ਼ਰਨ ਸਿੰਘ

    ਤਸਵੀਰ ਸਰੋਤ, ANI

  4. ਪੰਜਾਬ ਪੁਲਿਸ ਦਾ ਦਾਅਵਾ, ਗੈਂਗਸਟਰਾਂ ਦੇ ਨਕਲੀ ਪਾਸਪੋਰਟ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼

    ਪੰਜਾਬ ਪੁਲਿਸ ਨੇ ਗੈਂਗਸਟਰਾਂ ਲਈ ਜਾਅਲੀ ਪਾਸਪੋਰਟ ਬਣਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।

    ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਕਿਹਾ,’’ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਫੇਕ ਪਾਸਪੋਰਟ ਬਣਾ ਕੇ ਗੈਂਗਸਟਰਾਂ ਨੂੰ ਬਾਹਰ ਭੇਜਣ ਵਾਲਾ ਇੱਕ ਤਿੰਨ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।‘’

    ਡੀਜੀਪੀ ਨੇ ਜਾਣਕਾਰੀ ਦਿੱਤੀ ਕਿ ਗ੍ਰਿਫ਼ਤਾਰ ਕੀਤੇ ਗਏ ਓਂਕਾਰ ਸਿੰਘ ਜਲੰਧਰ, ਸੁਖਜਿੰਦਰ ਸਿੰਘ ਉਰਫ਼ ਸ਼ਾਰਪੀ ਘੁੰਮਣ ਪਟਿਆਲਾ ਅਤੇ ਪ੍ਰਭਜੋਤ ਸਿੰਘ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਰਹਿਣ ਵਾਲੇ ਹਨ।

    ਡੀਜੀਪੀ ਨੇ ਦੱਸਿਆ ਕਿ ਸਟੇਟ ਕਰਾਈਮ ਪੁਲਿਸ ਥਾਣੇ ਵਿੱਚ ਇਸ ਸਬੰਧੀ ਐਫਆਈਆਰ ਦਰਜ ਕੀਤੀ ਗਈ ਹੈ।

    ਗੌਰਵ ਯਾਦਵ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਸ ਗਿਰੋਹ ਦਾ ਇੱਕ ਹੋਰ ਮੈਂਬਰ ਚਰਨਜੀਤ ਸਿੰਘ ਬਰੇਲੀ ਸੀ, ਜਿਸ ਨੇ ਦੀਪਕ ਬੌਕਸਰ ਦਾ ਫੇਕ ਪਾਸਪੋਰਟ ਬਣਾਇਆ ਸੀ, ਉਸ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।

    ‘’ਦੂਜੇ ਗੈਂਗਸਟਰਸ ਜਿਵੇਂ ਬੰਬੀਹਾ ਗਰੁੱਪ ਦਾ ਵਰਿੰਦਰਪਾਲ ਸਿੰਘ, ਜਸਵਿੰਦਰ ਸਿੰਘ ਖੱਟੂ ਦੇ ਵੀ ਫੇਕ ਪਾਸਪੋਰਟ ਬਣਾਏ ਗਏ ਸਨ।‘’

    ਡੀਜੀਪੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਸ ਗਿਰੋਹ ਦੇ ਦਿੱਲੀ, ਯੂਪੀ, ਕੋਲਕਾਤਾ, ਗੁਜਰਾਤ ਅਤੇ ਮਹਾਰਾਸ਼ਟਰ ਸਮੇਤ ਵੱਖ-ਵੱਖ ਸੂਬਿਆਂ ਵਿੱਚ ਸਬੰਧ ਸਨ ਅਤੇ ਇਹ ਗਿਰੋਹ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਈ ਗੈਂਗਸਟਰਾਂਤੇ ਮੁਜਰਮਾਂ ਨੂੰ ਜਾਅਲੀ ਪਾਸਪੋਰਟਾਂ ‘ਤੇ ਦੇਸ਼ ਤੋਂ ਭੱਜਣ ਵਿੱਚ ਮਦਦ ਕਰਦਾ ਸੀ।

    ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 420, 468, 471, 473 ਅਤੇ 120-ਬੀ, ਅਸਲਾ ਐਕਟ ਦੀ ਧਾਰਾ 25 ਅਤੇ ਪਾਸਪੋਰਟ ਐਕਟ ਦੀ ਧਾਰਾ 12 ਅਧੀਨ ਪੁਲਿਸ ਸਟੇਸ਼ਨ ਸਟੇਟ ਕਰਾਈਮ, ਮੋਹਾਲੀ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

    ਪਾਸਪੋਰਟ

    ਤਸਵੀਰ ਸਰੋਤ, punjab police

    ਗੈਂਗਸਟਰ

    ਤਸਵੀਰ ਸਰੋਤ, punjab police

  5. ਸੋਮਵਾਰ ਨੂੰ ਖਿਡਾਰਨਾਂ ਦੇ ਧਰਨੇ ਵਿੱਚ ਹੋਵਾਂਗਾ ਸ਼ਾਮਲ- ਨਵਜੋਤ ਸਿੰਘ ਸਿੱਧੂ

    ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਖਿਡਾਰਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਸੋਮਵਾਰ ਨੂੰ ਧਰਨੇ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹੈ।

    ਇਸ ਤੋਂ ਇਲਾਵਾ ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, ''ਜਿਹੜਾ ਵੀ ਮੁਲਕ ਆਪਣੀਆਂ ਵੂਮੈਨ ਆਈਕਨਜ਼ ਨੂੰ ਬੇਇੱਜ਼ਤ ਕਰਦਾ ਹੈ, ਉਹ ਆਪਣੇ ਗੌਰਵ ਨੂੰ ਠੇਸ ਪਹੁੰਚਾਉਂਦਾ ਹੈ। ਇਨ੍ਹਾਂ ਕੁੜੀਆਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਕਾਨੂੰਨ ਨੂੰ ਅਜਿਹੀ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਕਿ ਔਰਤਾਂ ਨੂੰ ਬੇਇੱਜ਼ਤ ਕਰਨ ਵਾਲਾ ਪਹਿਲਾਂ ਹੀ ਕੰਬ ਉੱਠੇ। ਇੱਕ ਚੰਗਾ ਉਦਾਹਰਣ ਸਭ ਤੋਂ ਚੰਗਾ ਉਪਦੇਸ਼ ਹੈ, ਜੋ ਤੁਸੀਂ ਦੇ ਸਕਦੇ ਹੋ।''

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਬੀਬੀਸੀ ਦੇ ਚੇਅਰਮੈਨ ਰਿਚਰਡ ਸ਼ਾਰਪ ਦਾ ਅਸਤੀਫ਼ਾ

    ਬੀਬੀਸੀ ਦੇ ਚੇਅਰਮੈਨ ਰਿਚਰਡ ਸ਼ਾਰਪ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇੱਕ ਰਿਪੋਰਟ ਵਿੱਚ ਜਨਤਕ ਨਿਯੁਕਤੀਆਂ ਦੇ ਨਿਯਮਾਂ ਵਿੱਚ ਉਲੰਘਣਾ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਦਾ ਅਸਤੀਫਾ ਆਇਆ ਹੈ।

    ਸੰਸਦ ਮੈਂਬਰਾਂ ਦੀ ਸੱਭਿਆਚਾਰ, ਮੀਡੀਆ ਅਤੇ ਖੇਡ ਕਮੇਟੀ ਦੀ ਕਾਰਜਕਾਰੀ ਚੇਅਰ ਦਾ ਕਹਿਣਾ ਹੈ ਕਿ ਰਿਚਰਡ ਸ਼ਾਰਪ ਇੰਟਰਵਿਊ ਦੌਰਾਨ ‘ਹਿੱਤਾਂ ਦੇ ਟਕਰਾਅ’ ਦਾ ਖੁਲਾਸਾ ਕਰਨ ਵਿੱਚ ਅਸਫਲ ਰਹੇ ਜਿਸ ਨੇ ਬੀਬੀਸੀ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ "ਬਿਨਾਂ ਸ਼ੱਕ ਨੁਕਸਾਨ" ਪਹੁੰਚਾਇਆ ਹੈ।

    ਕੰਜ਼ਰਵੇਟਿਵ ਐਮਪੀ ਡੈਮੀਅਨ ਗ੍ਰੀਨ ਦਾ ਕਹਿਣਾ ਹੈ ਕਿ ਜਦੋਂ ਉਹ ਕਰੀਬ ਦੋ ਸਾਲ ਪਹਿਲਾਂ ਕਮੇਟੀ ਦੇ ਸਾਹਮਣੇ ਪਹਿਲੀ ਵਾਰ ਪੇਸ਼ ਹੋਏ ਸਨ ਤਾਂ "ਜੇਕਰ ਉਹ ਤੱਥਾਂ ਬਾਰੇ ਵਧੇਰੇ ਖੁੱਲ੍ਹ ਕੇ ਰਹਿੰਦੇ ਤਾਂ ਇਸ ਨਤੀਜੇ ਤੋਂ ਬਚਿਆ ਜਾ ਸਕਦਾ ਸੀ।"

    ਕਮੇਟੀ ਨੇ ਫਰਵਰੀ ਮਹੀਨੇ ਸਿੱਟਾ ਕੱਢਿਆ ਸੀ ਕਿ ਸ਼ਾਰਪ ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਲਈ ਕਰਜ਼ੇ ਦਾ ਪ੍ਰਬੰਧ ਕਰਨ ਵਿੱਚ ਆਪਣੀ ਭੂਮਿਕਾ ਬਾਰੇ ਦੱਸਣ ਵਿੱਚ ਅਸਫਲ ਰਹੇ, ਜਿਸ ਨਾਲ “ਫੈਸਲੇ ਵਿੱਚ ਖਾਸ ਗਲਤੀਆਂ" ਹੋਈਆਂ।

    ਗ੍ਰੀਨ ਦਾ ਕਹਿਣਾ ਹੈ ਕਿ ਜਦੋਂ ਅਗਲੀ ਚੇਅਰ ਦੀ ਚੋਣ ਅਤੇ ਨਿਯੁਕਤੀ ਕੀਤੀ ਜਾਵੇਗੀ ਤਾਂ ਕਮੇਟੀ ਪ੍ਰਕਿਰਿਆ ਨੂੰ "ਨੇੜਿਓਂ ਦੇਖੇਗੀ”।

    ਰਿਚਰਡ ਸ਼ਾਰਪ
  7. ਉਮੀਦ ਹੈ ਸੱਚ ਨੂੰ ਨਿਆਂ ਮਿਲੇਗਾ- ਸਾਨੀਆ ਮਿਰਜ਼ਾ

    ਜੰਤਰ-ਮੰਤਰ ਉੱਤੇ ਧਰਨੇ 'ਤੇ ਬੈਠੇ ਖਿਡਾਰੀਆਂ ਦੇ ਹੱਕ ਵਿੱਚ ਇੱਕ ਤੋਂ ਬਾਅਦ ਇੱਕ ਬਿਆਨ ਆ ਰਹੇ ਹਨ।

    ਸਾਨੀਆ ਮਿਰਜ਼ਾ ਨੇ ਵੀ ਇਸ ਮਾਮਲੇ ਉੱਤੇ ਟਵੀਟ ਕੀਤਾ ਹੈ।

    ਸਾਨੀਆ ਮਿਰਜ਼ਾ ਨੇ ਟਵੀਵ ਵਿੱਚ ਲਿਖਿਆ, ''ਇੱਕ ਐਥਲੀਟ ਦੇ ਨਾਤੇ, ਖਾਸ ਕਰਕੇ ਇੱਕ ਔਰਤ ਹੋਣ ਦੇ ਨਾਤੇ ਇਹ ਸਭ ਦੇਖਣਾ ਬਹੁਤ ਔਖਾ ਹੈ। ਉਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਅਸੀਂ ਉਨ੍ਹਾਂ ਦੇ ਨਾਮ ਉੱਤੇ ਜਸ਼ਨ ਮਨਾਇਆ ਹੈ... ਜੇਕਰ ਉਸ ਵੇਲੇ ਤੁਸੀਂ ਉਹ ਕੀਤਾ ਤਾਂ ਹੁਣ ਵੇਲਾ ਆ ਗਿਆ ਹੈ ਇਸ ਮੁਸ਼ਕਿਲ ਘੜੀ ਵਿੱਚ ਵੀ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਦਾ। ਇਹ ਇੱਕ ਬਹੁਤ ਹੀ ਸੰਜੀਦਾ ਮਾਮਲਾ ਤੇ ਗੰਭੀਰ ਇਲਜ਼ਾਮ ਹਨ। ਮੈਂ ਉਮੀਦ ਕਰਦੀ ਹਾਂ ਕਿ ਸੱਚ ਨੂੰ ਨਿਆਂ ਮਿਲੇਗਾ।''

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਤੱਕ ਧਰਨਾ ਜਾਰੀ ਰਹੇਗਾ: ਭਲਵਾਨ

    ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਭਲਵਾਨਾਂ ਦਾ ਪ੍ਰਦਰਸ਼ਨ ਦਿੱਲੀ ਦੇ ਜੰਤਰ-ਮੰਤਰ 'ਤੇ ਜਾਰੀ ਰਹੇਗਾ।

    ਮਹਿਲਾ ਭਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਨੂੰ ਲੈ ਕੇ ਭਲਵਾਨ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ।

    ਅੱਜ ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਵਿੱਚ ਕਿਹਾ ਹੈ ਕਿ ਭੂਸ਼ਣ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ, ਪਰ ਇਸ ਤੋਂ ਬਾਅਦ ਵੀ ਭਲਵਾਨਾਂ ਨੇ ਧਰਨਾ ਖ਼ਤਮ ਕਰਨ ਤੋਂ ਇਨਕਾਰ ਕਰ ਦਿੱਤਾ।

    ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਸੰਸਦ ਮੈਂਬਰ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ ਜਾਵੇ।

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਜੰਤਰ-ਮੰਤਰ 'ਤੇ ਪੱਤਰਕਾਰਾਂ ਨੂੰ ਕਿਹਾ, ''ਇਹ ਜਿੱਤ ਵੱਲ ਪਹਿਲਾ ਕਦਮ ਹੈ ਪਰ ਸਾਡਾ ਧਰਨਾ ਜਾਰੀ ਰਹੇਗਾ।''

    ਭਲਵਾਨ

    ਤਸਵੀਰ ਸਰੋਤ, Twitter

    ਮਹਿਲਾ ਭਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਦਿੱਲੀ ਪੁਲਿਸ ਨੂੰ ਐੱਫਆਈਆਰ ਦਰਜ ਕਰਨ ਵਿੱਚ ਛੇ ਦਿਨ ਲੱਗ ਗਏ, ਉਨ੍ਹਾਂ ਨੂੰ ਜਾਂਚ ਏਜੰਸੀ 'ਤੇ ਭਰੋਸਾ ਨਹੀਂ ਹੈ।

    ਵਿਨੇਸ਼ ਨੇ ਕਿਹਾ, “ਪੁਲਿਸ ਕਮਜ਼ੋਰ ਐਫਆਈਆਰ ਦਰਜ ਕਰ ਸਕਦੀ ਹੈ। ਅਸੀਂ ਪਹਿਲਾਂ ਦੇਖਾਂਗੇ ਅਤੇ ਫਿਰ ਹੀ ਫੈਸਲਾ ਕਰਾਂਗੇ। ਉਨ੍ਹਾਂ (ਬ੍ਰਿਜ ਭੂਸ਼ਣ) ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ ਅਤੇ ਸਾਰੇ ਅਹੁਦਿਆਂ ਤੋਂ ਹਟਾ ਦੇਣਾ ਚਾਹੀਦਾ ਹੈ, ਨਹੀਂ ਤਾਂ ਉਹ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਗੇ।

    ਭਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ, “ਜਦੋਂ ਤੱਕ ਭੂਸ਼ਣ ਨੂੰ ਜੇਲ੍ਹ ਨਹੀਂ ਭੇਜਿਆ ਜਾਂਦਾ, ਸਾਡਾ ਵਿਰੋਧ ਜਾਰੀ ਰਹੇਗਾ।”

    ਭਲਵਾਨਾਂ ਦਾ ਧਰਨਾ
    ਤਸਵੀਰ ਕੈਪਸ਼ਨ, ਮਹਿਲਾ ਭਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਨੂੰ ਲੈ ਕੇ ਭਲਵਾਨ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ
  9. ਭਲਵਾਨਾਂ ਦੇ ਮਾਮਲੇ ’ਚ ਦਿੱਲੀ ਪੁਲਿਸ ਕਰੇਗੀ ਐੱਫ਼ਆਈਆਰ ਦਰਜ, ਕਪਿਲ ਦੇਵ ਤੇ ਨਵਜੋਤ ਸਿੱਧੂ ਸਣੇ ਕਈ ਦਿੱਗਜ ਹੱਕ 'ਚ ਨਿਤਰੇ

    ਮਹਿਲਾ ਪਹਿਲਵਾਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੁਪਰੀਮ ਕੋਰਟ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਸੁਣਵਾਈ ਇੱਕ ਨਾਬਾਲਗ ਸ਼ਿਕਾਇਤਕਰਤਾ ਨੂੰ ਖ਼ਤਰੇ ਦਾ ਅਨੁਸਾਨ ਲਗਾਉਣ ਲਈ ਵੀ ਕਿਹਾ ਹੈ।

    ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਦਿੱਲੀ ਪੁਲਿਸ ਇਸ ਕੇਸ 'ਚ ਐੱਫਆਈਆਰ ਦਰਜ ਕਰੇਗੀ।

    ਦੇਸ਼ ਦੀਆਂ 7 ਨਾਮੀ ਖਿਡਾਰਨਾਂ ਨੇ ਭਾਜਪਾ ਦੇ ਸੰਸਦ ਮੈਂਬਰ ਅਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਪਟੀਸ਼ਨ ਪਾਈ ਹੋਈ ਹੈ।

    ਇਹ ਮਹਿਲਾ ਭਲਵਾਨ ਆਪਣੇ ਕੁਝ ਸਾਥੀਆਂ ਨਾਲ ਪਿਛਲੇ ਛੇ ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ।

    ਸੀਜੇਆਈ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੂੰ ਸਾਲਿਸਟਰ ਜਨਰਲ (ਐਸਜੀ) ਤੁਸ਼ਾਰ ਮਹਿਤਾ ਨੇ ਕਿਹਾ, “ਅਸੀਂ ਦਿਨ ਦੇ ਅੰਤ ਤੱਕ ਐਫਆਈਆਰ ਦਰਜ ਕਰ ਲਵਾਂਗੇ।

    ਇਸ ਤੋਂ ਪਹਿਲਾਂ ਓਲੰਪਿਕ ਸੋਨ ਤਮਗਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ, ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ, ਟੈਨਿਸ ਖਿਡਾਰਨ, ਕ੍ਰਿਕਟਰ ਕਪਿਲ ਦੇਵ ਅਤੇ ਓਲੰਪੀਅਨ ਅਭਿਨਵ ਬਿੰਦਰਾ ਨੇ ਇਨ੍ਹਾਂ ਖਿਡਾਰੀਆਂ ਦਾ ਸਮਰਥਨ ਕੀਤਾ ਹੈ।

    ਮਸ਼ਹੂਰ ਅਦਾਕਾਰ ਸੋਨੂੰ ਸੂਦ ਨੇ ਵੀ ਪ੍ਰਦਰਸ਼ਨ ਕਰ ਰਹੇ ਭਲਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ।

    ਭਲਵਾਨਾਂ ਦਾ ਧਰਨਾ

    ਜੰਤਰ-ਮੰਤਰ ਦੇ ਧਰਨਾ ਦੇ ਰਹੇ ਖਿਡਾਰੀਆਂ ਦੇ ਸਮਰਥਨ ਵਿੱਚ ਵੱਡੀ ਗਿਣਤੀ ਵਿੱਚ ਆਮ ਲੋਕ, ਨੌਜਵਾਨ ਅਤੇ ਪਿੰਡਾਂ ਦੇ ਲੋਕ ਵੀ ਪਹੁੰਚੇ ਹਨ।

    ਭਲਵਾਨਾਂ ਦਾ ਧਰਨਾ

    ਇਹ ਖਿਡਾਰੀ ਦੂਜੇ ਵਾਰ ਧਰਨੇ ਉੱਤੇ ਬੈਠੇ ਹਨ। ਇਸ ਤੋਂ ਪਹਿਲਾਂ ਇਸੇ ਸਾਲ ਜਨਵਰੀ ਮਹੀਨੇ ਵਿੱਚ ਇਹ ਖਿਡਾਰੀ ਧਰਨੇ ਉੱਤੇ ਬੈਠੇ ਸਨ।

    ਮੰਗਲਵਾਰ ਨੂੰ ਵੱਡੀ ਗਿਣਤੀ ਵਿੱਚ ਖਾਪ ਪੰਚਾਇਤਾ ਵੀ ਖਿਡਾਰੀਆਂ ਨੂੰ ਸਮਰਥਨ ਦੇਣ ਲਈ ਜੰਤਰ-ਮੰਤਰ ਉੱਤੇ ਪਹੁੰਚੀਆਂ ਸਨ।

  10. ਜੀਆ ਖ਼ਾਨ ਮੌਤ ਮਾਮਲੇ 'ਚ ਅਭਿਨੇਤਾ ਸੂਰਜ ਪੰਚੋਲੀ ਬਰੀ

    ਸੂਰਜ ਪੰਚੋਲੀ

    ਤਸਵੀਰ ਸਰੋਤ, ANI

    ਫ਼ਿਲਮ ਅਦਾਕਾਰ ਸੂਰਜ ਪੰਚੋਲੀ ਨੂੰ ਜੀਆ ਖ਼ਾਨ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਹੈ।

    ਉਨ੍ਹਾਂ 'ਤੇ ਅਦਾਕਾਰਾ ਜੀਆ ਖ਼ਾਨ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਇਲਜ਼ਾਮ ਸੀ।

    ਸੂਰਜ ਪੰਚੋਲੀ ਨੂੰ ਬਰੀ ਕਰਨ ਦਾ ਫੈਸਲਾ ਸੁਣਾਉਂਦੇ ਹੋਏ ਸੀਬੀਆਈ ਅਦਾਲਤ ਦੇ ਜੱਜ ਏਐਸ ਸਈਦ ਨੇ ਕਿਹਾ ਕਿ 'ਸਬੂਤਾਂ ਦੀ ਘਾਟ ਕਾਰਨ ਇਹ ਅਦਾਲਤ ਤੁਹਾਨੂੰ ਦੋਸ਼ੀ ਨਹੀਂ ਠਹਿਰਾ ਸਕਦੀ, ਇਸ ਲਈ ਤੁਹਾਨੂੰ ਬਰੀ ਕੀਤਾ ਜਾਂਦਾ ਹੈ।'

    ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ ਸਪੈਸ਼ਲ ਜੱਜ ਏਐੱਸ ਸੱਯਦ ਦੀ ਅਦਾਲਤ ਨੇ ਇਸ ਮਾਮਲੇ 'ਤੇ ਬਹਿਸ ਦੀ ਸੁਣਵਾਈ ਪੂਰੀ ਕਰ ਲਈ ਸੀ ਤੇ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ।

  11. ਕਪਿਲ ਦੇਵ ਵੀ ਆਏ ਪਹਿਲਵਾਨਾਂ ਦੇ ਸਮਰਥਨ 'ਚ

    ਕਪਿਲ ਦੇਵ

    ਤਸਵੀਰ ਸਰੋਤ, ANI

    ਸਾਬਕਾ ਕ੍ਰਿਕਟਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਵੀ ਦਿੱਲੀ ਵਿਖੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਸਮਰਥਨ ਵਿੱਚ ਉਤਰ ਆਏ ਹਨ।

    ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਪਹਿਲਵਾਨਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ - ''ਕੀ ਉਨ੍ਹਾਂ ਨੂੰ ਕਦੇ ਇਨਸਾਫ਼ ਮਿਲੇਗਾ?''

    ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਪਿਲ ਦੇਵ ਨੇ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਵੀ ਟੈਗ ਕੀਤਾ ਹੈ।

    ਇਸ ਤੋਂ ਪਹਿਲਾਂ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਅਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਵੀ ਪਹਿਲਵਾਨਾਂ ਲਈ ਆਵਾਜ਼ ਚੁੱਕੀ ਹੈ।

    ਦੱਸ ਦੇਈਏ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਪਹਿਲਵਾਨ ਛੇ ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ।

    ਬ੍ਰਿਜ ਭੂਸ਼ਣ 'ਤੇ ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਹਨ।

    ਕਪਿਲ ਦੇਵ ਦਾ ਟਵੀਵ

    ਤਸਵੀਰ ਸਰੋਤ, Kapil Dev/IG

  12. ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਵੀਡੀਓ ਜਾਰੀ ਕਰ ਕੇ ਇਹ ਕਿਹਾ

    ਬ੍ਰਿਜ ਭੂਸ਼ਣ ਸ਼ਰਨ ਸਿੰਘ

    ਤਸਵੀਰ ਸਰੋਤ, PTI/Twitter

    ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ ਅਤੇ ਪ੍ਰਦਰਸ਼ਨ ਵੀ ਕਰ ਰਹੇ ਹਨ।

    ਹੁਣ, ਬ੍ਰਿਜ ਭੂਸ਼ਣ ਨੇ ਵੀ ਇਸ ਮਾਮਲੇ ਨੂੰ ਲੈ ਕੇ ਇੱਕ ਵੀਡੀਓ ਜਾਰੀ ਕੀਤਾ ਹੈ।

    ਖ਼ਬਰ ਏਜੰਸੀ ਪੀਟੀਆਈ ਦੁਆਰਾ ਸ਼ੇਅਰ ਕੀਤੇ ਇਸ ਵੀਡੀਓ ਵਿੱਚ ਬ੍ਰਿਜ ਭੂਸ਼ਣ ਕਹਿ ਰਹੇ ਹਨ ਕਿ ''ਜਿਸ ਦਿਨ ਮੈਂ ਆਪਣੇ ਜੀਵਨ ਦੀ ਸਮੀਖਿਆ ਕਰਾਂਗਾ ਤੇ ਜਿਸ ਦਿਨ ਮਹਿਸੂਸ ਕਰਾਂਗਾ ਕਿ ਮੇਰੇ ਸੰਘਰਸ਼ ਕਰਨ ਦੀ ਸਮਰੱਥਾ ਖ਼ਤਮ ਹੋ ਗਈ ਹੈ ਤੇ ਮੈਂ ਲਾਚਾਰ ਮਹਿਸੂਸ ਕਰਾਂਗਾ, ਅਜਿਹੀ ਜ਼ਿੰਦੀ ਜਿਉਣਾ ਮੈਂ ਪਸੰਦ ਨਹੀਂ ਕਰਾਂਗਾ।''

    ਉਨ੍ਹਾਂ ਕਿਹਾ, ''ਮੈਂ ਚਾਹਾਂਗਾ ਕਿ ਅਜਿਹੇ ਜੀਵਨ ਤੋਂ ਪਹਿਲਾਂ ਹੀ ਮੌਤ ਮੇਰੇ ਕਰੀਬ ਆ ਜਾਵੇ।''

  13. ਓਲੰਪੀਅਨ ਅਭਿਨਵ ਬਿੰਦਰਾ ਬੋਲੇ- 'ਸਾਰੇ ਅਥਲੀਟਾਂ ਲਈ ਸੁਰੱਖਿਅਤ ਮਾਹੌਲ ਜ਼ਰੂਰੀ'

    ਅਭਿਨਵ ਬਿੰਦਰਾ

    ਤਸਵੀਰ ਸਰੋਤ, Abhinav A. Bindra/FB

    ਪਹਿਲਵਾਨਾਂ ਵੱਲੋਂ ਜਿਨਸੀ ਸੋਸ਼ਣ ਦੇ ਮਾਮਲੇ ਵਿੱਚ ਰੈਸਲਿੰਗ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਲੈ ਕੇ ਓਲੰਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਚਿੰਤਾ ਪ੍ਰਗਟਾਈ ਹੈ।

    ਇੱਕ ਟਵੀਟ ਵਿੱਚ ਉਨ੍ਹਾਂ ਲਿਖਿਆ, ''ਐਥਲੀਟ ਹੋਣ ਦੇ ਨਾਤੇ, ਅਸੀਂ ਅੰਤਰਰਾਸ਼ਟਰੀ ਮੰਚ 'ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਹਰ ਰੋਜ਼ ਸਖ਼ਤ ਅਭਿਆਸ ਕਰਦੇ ਹਾਂ। ਇਹ ਬਹੁਤ ਚਿੰਤਾਜਨਕ ਹੈ ਕਿ ਭਾਰਤੀ ਕੁਸ਼ਤੀ ਪ੍ਰਸ਼ਾਸਨ 'ਤੇ ਸ਼ੋਸ਼ਣ ਕਰਨ ਦੇ ਇਲਜ਼ਾਮਾਂ ਨੂੰ ਲੈ ਕੇ ਸਾਡੇ ਅਥਲੀਟਾਂ ਨੂੰ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਲੋੜ ਪਈ।''

    ''ਜੋ ਵੀ ਪ੍ਰਭਾਵਿਤ ਹੋਏ ਹਨ, ਉਨ੍ਹਾਂ ਨਾਲ ਮੇਰੀ ਹਮਦਰਦੀ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਮੁੱਦੇ ਨੂੰ ਸਹੀ ਢੰਗ ਨਾਲ ਨਜਿੱਠਿਆ ਜਾਵੇ, ਅਥਲੀਟਾਂ ਨੂੰ ਸੁਣਿਆ ਜਾਵੇ ਅਤੇ ਨਿਰਪੱਖ ਤੇ ਸੁਤੰਤਰ ਤੌਰ 'ਤੇ ਹੱਲ ਕੀਤਾ ਜਾਵੇ।''

    ਉਨ੍ਹਾਂ ਕਿਹਾ, ''ਇਹ ਘਟਨਾ ਦਰਸਾਉਂਦੀ ਹੈ ਕਿ ਸਾਨੂੰ ਬਿਹਤਰ ਸੁਰੱਖਿਆ ਪ੍ਰਣਾਲੀ ਦੀ ਬਹੁਤ ਲੋੜ ਹੈ, ਤਾਂ ਜੋ ਸ਼ੋਸ਼ਣ ਨੂੰ ਰੋਕਿਆ ਜਾ ਸਕੇ ਅਤੇ ਪ੍ਰਭਾਵਿਤ (ਐਥਲੀਟਾਂ) ਲਈ ਨਿਆਂ ਯਕੀਨੀ ਬਣਾਇਆ ਜਾ ਸਕੇ।''

    ''ਸਾਨੂੰ ਸਾਰੇ ਐਥਲੀਟਾਂ ਲਈ ਇੱਕ ਸੁਰੱਖਿਅਤ ਮਾਹੌਲ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ।''

  14. ਪੀਟੀ ਊਸ਼ਾ ਦੇ ਅਨੁਸ਼ਾਸਨਹੀਣਤਾ ਵਾਲੇ ਬਿਆਨ 'ਤੇ ਕੀ ਬੋਲੇ ਪਹਿਲਵਾਨ

    ਪਹਿਲਵਾਨਾਂ ਦਾ ਪ੍ਰਦਰਸ਼ਨ
    ਪਹਿਲਵਾਨਾਂ ਦਾ ਪ੍ਰਦਰਸ਼ਨ
  15. ਪਹਿਲਵਾਨਾਂ ਦੇ ਸਮਰਥਨ 'ਚ ਆਏ ਨੀਰਜ ਚੋਪੜਾ- 'ਉਨ੍ਹਾਂ ਨੂੰ ਸੜਕਾਂ 'ਤੇ ਦੇਖ ਦਰਦ ਹੁੰਦਾ ਹੈ'

    ਨੀਰਜ ਚੋਪੜਾ

    ਤਸਵੀਰ ਸਰੋਤ, Getty Images

    ਭਾਰਤੀ ਐਥਲੀਟ ਨੀਰਜ ਚੋਪੜਾ ਨੇ ਪਹਿਲਵਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ 'ਤੇ ਆਪਣੀ ਚੁੱਪੀ ਤੋੜੀ ਹੈ।

    ਉਨ੍ਹਾਂ ਇੱਕ ਟਵੀਟ ਕਰਦਿਆਂ ਲਿਖਿਆ, ''ਆਪਣੇ ਅਥਲੀਟਾਂ ਨੂੰ ਨਿਆਂ ਲਈ ਸੜਕਾਂ 'ਤੇ ਬੈਠਾ ਦੇਖ ਮੈਨੂੰ ਦਰਦ ਹੁੰਦਾ ਹੈ।''

    ''ਉਹ ਸਾਡੇ ਮਹਾਨ ਦੇਸ਼ ਦੀ ਅਗਵਾਈ ਅਤੇ ਸਾਨੂੰ ਮਾਣ ਮਹਿਸੂਸ ਕਰਵਾਉਣ ਲਈ ਸਖ਼ਤ ਮਹਿਨਤ ਕਰਦੇ ਹਨ।''

    ਨੀਰਜ ਨੇ ਕਿਹਾ, ''ਇੱਕ ਰਾਸ਼ਟਰ ਦੇ ਤੌਰ 'ਤੇ ਹਰੇਕ ਵਿਅਕਤੀ ਦੇ ਈਮਾਨ ਅਤੇ ਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ।''

    ''ਜੋ ਵੀ ਹੋ ਰਿਹਾ ਹੈ ਉਹ ਕਦੇ ਨਹੀਂ ਹੋਣਾ ਚਾਹੀਦਾ ਸੀ। ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਇਸ ਨੂੰ ਬੜੇ ਹੀ ਨਿਰਪੱਖ ਤੇ ਸਪਸ਼ਟ ਢੰਗ ਨਾਲ ਸੁਲਝਾਇਆ ਜਾਣਾ ਚਾਹੀਦਾ ਹੈ।''

    ਨੀਰਜ ਚੋਪੜਾ ਨੇ ਸਬੰਧਿਤ ਅਧਿਕਾਰੀਆਂ ਨੂੰ ਬੇਨਤੀ ਵੀ ਕੀਤੀ ਕਿ ਉਹ ਇਨਸਾਫ਼ ਦੇਣ ਲਈ ਜਲਦੀ ਤੋਂ ਜਲਦੀ ਕਾਰਵਾਈ ਕਰਨ।

  16. ਜੀਆ ਖ਼ਾਨ ਦੀ ਮੌਤ ਦਾ ਮਾਮਲਾ: ਅੱਜ ਫੈਸਲਾ ਸੁਣਾ ਸਕਦੀ ਹੈ ਅਦਾਲਤ

    ਜੀਆ ਖਾਨ

    ਤਸਵੀਰ ਸਰੋਤ, Getty Images

    ਬਾਲੀਵੁੱਡ ਅਦਾਕਾਰਾ ਜੀਆ ਖਾਨ ਦੀ ਮੌਤ ਦੇ ਮਾਮਲੇ 'ਚ ਮੁੰਬਈ ਦੀ ਇੱਕ ਅਦਾਲਤ ਅੱਜ ਆਪਣਾ ਫੈਸਲਾ ਸੁਣਾ ਸਕਦੀ ਹੈ।

    20 ਅਪ੍ਰੈਲ ਨੂੰ ਸਪੈਸ਼ਲ ਜੱਜ ਏਐੱਸ ਸੱਯਦ ਦੀ ਅਦਾਲਤ ਨੇ ਇਸ ਮਾਮਲੇ 'ਤੇ ਬਹਿਸ ਦੀ ਸੁਣਵਾਈ ਪੂਰੀ ਕਰ ਲਈ ਸੀ। ਇਸ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ।

    ਹੁਣ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਏਗੀ।

    ਇਸ ਮਾਮਲੇ 'ਚ ਜੀਆ ਦੇ ਬੁਆਏਫ੍ਰੈਂਡ ਸੂਰਜ ਪੰਚੋਲੀ 'ਤੇ ਖੁਦਕੁਸ਼ੀ ਲਈ ਉਕਸਾਉਣ ਦਾ ਇਲਜ਼ਾਮ ਲੱਗਾ ਸੀ।

    3 ਜੂਨ 2013 ਨੂੰ ਅਮਰੀਕੀ ਨਾਗਰਿਕ ਤੇ ਬਾਲੀਵੁੱਡ ਅਦਾਕਾਰਾ, ਜੀਆ ਦੀ ਲਾਸ਼ ਉਨ੍ਹਾਂ ਦੇ ਜੁਹੂ ਸਥਿਤ ਘਰ ਤੋਂ ਸ਼ੱਕੀ ਹਾਲਤ 'ਚ ਮਿਲੀ ਸੀ।

    ਜੀਆ ਦੀ ਉਮਰ ਉਸ ਵੇਲੇ 25 ਸਾਲ ਅਤੇ ਉਹ ਇਸ ਘਰ ਵਿੱਚ ਆਪਣੀ ਮਾਂ ਦੇ ਨਾਲ ਰਹਿੰਦੀ ਸੀ।

    ਜੀਆ ਦੀ ਮਾਂ ਹੀ ਕੇਸ ਦੀ ਮੁੱਖ ਗਵਾਹ ਹੈ ਅਤੇ ਉਨ੍ਹਾਂ ਨੇ ਅਦਾਲਤ ਨੂੰ ਕਿਹਾ ਸੀ ਕਿ ਇਹ ਆਤਮ-ਹੱਤਿਆ ਦਾ ਨਹੀਂ ਸਗੋਂ ਹੱਤਿਆ ਦਾ ਮਾਮਲਾ ਹੈ।

    ਜੀਆ ਫ਼ਿਲਮ 'ਨਿਸ਼ਬਦ' 'ਚ ਅਮਿਤਾਭ ਬੱਚਨ ਨਾਲ ਨਿਭਾਏ ਆਪਣੇ ਰੋਲ ਨਾਲ ਚਰਚਾ ਵਿੱਚ ਆਏ ਸਨ।

  17. ਪਹਿਲਵਾਨ ਵਿਨੇਸ਼ ਫੋਗਾਟ ਨੇ ਕ੍ਰਿਕਟਰਾਂ ਦੀ ਚੁੱਪ 'ਤੇ ਚੁੱਕੇ ਸਵਾਲ, 'ਹੁਣ ਕੀ ਹੋ ਗਿਆ?'

    ਵਿਨੇਸ਼ ਫੋਗਾਟ

    ਤਸਵੀਰ ਸਰੋਤ, ANI

    ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਮਾਮਲੇ 'ਚ ਪਹਿਲਵਾਨ ਵਿਨੇਸ਼ ਫੋਗਾਟ ਨੇ ਭਾਰਤੀ ਕ੍ਰਿਕਟਰਾਂ ਅਤੇ ਹੋਰ ਖਿਡਾਰੀਆਂ ਦੀ ਚੁੱਪ 'ਤੇ ਸਵਾਲ ਖੜ੍ਹੇ ਕੀਤੇ ਹਨ।

    ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕਰਨ ਅਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ’ਤੇ ਪਹਿਲਵਾਨਾਂ ਦਾ ਪ੍ਰਦਰਸ਼ਨ ਛੇਵੇਂ ਦਿਨ ਵੀ ਜਾਰੀ ਹੈ।

    ਦਿ ਇੰਡੀਅਨ ਐਕਸਪ੍ਰੈਸ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਵਿਨੇਸ਼ ਫੋਗਾਟ ਨੇ ਕਿਹਾ, “ਪੂਰਾ ਦੇਸ਼ ਕ੍ਰਿਕਟ ਦੀ ਪੂਜਾ ਕਰਦਾ ਹੈ ਪਰ ਇੱਕ ਵੀ ਕ੍ਰਿਕਟਰ ਨੇ ਕੁਝ ਨਹੀਂ ਬੋਲਿਆ।''

    ''ਅਸੀਂ ਅਜਿਹਾ ਇਸ ਲਈ ਨਹੀਂ ਕਰ ਰਹੇ ਕਿ ਤੁਸੀਂ ਸਾਡੇ ਹੱਕ 'ਚ ਬੋਲੋ, ਪਰ ਘੱਟੋ-ਘੱਟ ਆ ਕੇ ਇਹ ਤਾਂ ਕਹੋ ਕਿ ਇਨਸਾਫ਼ ਹੋਣਾ ਚਾਹੀਦਾ ਹੈ। ਇਸ ਨਾਲ ਮੈਨੂੰ ਬਹੁਤ ਦੁਖ ਹੁੰਦਾ ਹੈ। ਚਾਹੇ ਉਹ ਕ੍ਰਿਕਟਰ ਹੋਣ, ਬੈਡਮਿੰਟਨ ਖਿਡਾਰੀ, ਐਥਲੀਟ ਜਾਂ ਫਿਰ ਮੁੱਕੇਬਾਜ਼।''

    ਉਨ੍ਹਾਂ 'ਬਲੈਕ ਲਾਈਵਜ਼ ਮੈਟਰ' ਅੰਦੋਲਨ ਦੀ ਉਦਾਹਰਣ ਦਿੰਦੇ ਹੋਏ ਕਿਹਾ, ''ਅਜਿਹਾ ਨਹੀਂ ਹੈ ਕਿ ਸਾਡੇ ਦੇਸ਼ 'ਚ ਵੱਡੇ ਐਥਲੀਟ ਨਹੀਂ ਹਨ। ਅਜਿਹੇ ਵੀ ਕ੍ਰਿਕਟਰ ਹਨ, ਜਿਨ੍ਹਾਂ ਨੇ ਅਮਰੀਕਾ 'ਚ 'ਬਲੈਕ ਲਾਈਵਜ਼ ਮੈਟਰ' ਅੰਦੋਲਨ ਦੌਰਾਨ ਆਪਣਾ ਸਮਰਥਨ ਦਿਖਾਇਆ ਸੀ। ਕੀ ਅਸੀਂ ਇੰਨੇ ਕੁ ਵੀ ਲਾਇਕ ਨਹੀਂ ਹਾਂ?"

    ਵਿਨੇਸ਼ ਫੋਗਾਟ ਨੇ ਕਿਹਾ, “ਜਦੋਂ ਅਸੀਂ ਕੁਝ ਜਿੱਤਦੇ ਹਾਂ, ਤਾਂ ਤੁਸੀਂ ਸਾਨੂੰ ਵਧਾਈ ਦੇਣ ਲਈ ਅੱਗੇ ਆਉਂਦੇ ਹੋ। ਇੱਥੋਂ ਤੱਕ ਕਿ ਕ੍ਰਿਕਟਰ ਵੀ ਟਵੀਟ ਕਰਦੇ ਹਨ। ਹੁਣ ਕੀ ਹੋ ਗਿਆ? ਕੀ ਤੁਸੀਂ ਸਿਸਟਮ ਤੋਂ ਇੰਨਾ ਡਰਦੇ ਹੋ? ਜਾਂ ਹੋ ਸਕਦਾ ਹੈ ਕਿ ਉੱਥੇ ਵੀ ਕੁਝ ਗੜਬੜ ਚੱਲ ਰਹੀ ਹੋਵੇ?"

  18. ਪੀਟੀ ਊਸ਼ਾ ਨੇ ਪਹਿਲਵਾਨਾਂ ਦੇ ਪ੍ਰਦਰਸ਼ਨ ਨੂੰ ਕਿਹਾ ਅਨੁਸ਼ਾਸਨਹੀਣਤਾ, ਜਾਣੋ ਕੀ ਬੋਲੇ ਪਹਿਲਵਾਨ

    ਪੀਟੀ ਊਸ਼ਾ

    ਪੀਟੀ ਊਸ਼ਾ ਨੇ ਵੀਰਵਾਰ ਨੂੰ ਭਾਰਤੀ ਓਲੰਪਿਕ ਸੰਘ ਦੀ ਕਾਰਜਕਾਰੀ ਕਮੇਟੀ ਦੀ ਬੈਠਕ ਤੋਂ ਬਾਅਦ ਕਿਹਾ ਕਿ 'ਸੜਕਾਂ 'ਤੇ ਪਹਿਲਵਾਨਾਂ ਦਾ ਪ੍ਰਦਰਸ਼ਨ ਅਨੁਸ਼ਾਸਨਹੀਣਤਾ ਹੈ ਅਤੇ ਇਹ ਦੇਸ਼ ਦੇ ਅਕਸ ਨੂੰ ਖਰਾਬ ਕਰ ਰਿਹਾ ਹੈ'।

    ਦੂਜੇ ਪਾਸੇ, ਪੀਟੀ ਊਸ਼ਾ ਦੇ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਹਿਲਵਾਨ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਹਿਤ ਹੋਰ ਪਹਿਲਵਾਨਾਂ ਨੇ ਕਿਹਾ ਕਿ ਉਨ੍ਹਾਂ ਤੋਂ ਅਜਿਹੇ ਬਿਆਨ ਦੀ ਉਮੀਦ ਨਹੀਂ ਸੀ।

    ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਨੇ ਕਿਹਾ, "ਉਹ ਖੁਦ ਇੱਕ ਔਰਤ ਹਨ। ਇਹ ਸੁਣ ਕੇ ਬਹੁਤ ਦੁੱਖ ਹੋਇਆ। ਅਸੀਂ ਤਿੰਨ ਮਹੀਨੇ ਇੰਤਜ਼ਾਰ ਕੀਤਾ। ਅਸੀਂ ਉਨ੍ਹਾਂ ਕੋਲ ਵੀ ਗਏ ਹਾਂ। ਪਰ ਸਾਡੇ ਨਾਲ ਇਨਸਾਫ ਨਹੀਂ ਹੋਇਆ ਅਤੇ ਸਾਨੂੰ ਇੱਥੇ ਆਉਣਾ ਪਿਆ।"

    ਪੀਟੀ ਊਸ਼ਾ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੂੰ ਚਲਾਉਣ ਲਈ ਤਿੰਨ ਮੈਂਬਰਾਂ ਦਾ ਪੈਨਲ ਬਣਾਉਣ ਦਾ ਵੀ ਐਲਾਨ ਕੀਤਾ ਹੈ।

    ਇਸ ਪੈਨਲ ਵਿੱਚ ਸਾਬਕਾ ਨਿਸ਼ਾਨੇਬਾਜ਼ ਸੁਮਾ ਸ਼ਿਰੂਰ, ਵੁਸ਼ੂ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਭੁਪਿੰਦਰ ਸਿੰਘ ਬਾਜਵਾ ਅਤੇ ਹਾਈ ਕੋਰਟ ਦੇ ਇੱਕ ਸੇਵਾਮੁਕਤ ਜੱਜ ਸ਼ਾਮਲ ਹੋਣਗੇ। ਹਾਲਾਂਕਿ ਜੱਜ ਦੇ ਨਾਂ 'ਤੇ ਅਜੇ ਫੈਸਲਾ ਨਹੀਂ ਲਿਆ ਗਿਆ ਹੈ।

  19. 27 ਅਪ੍ਰੈਲ ਦਾ ਮੁੱਖ ਘਟਨਾਕ੍ਰਮ

    ਬਾਦਲ

    ਤਸਵੀਰ ਸਰੋਤ, Shiromani Akali Dal/Facebook

    • ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।
    • ਅਮ੍ਰਿਤਪਾਲ ਸਿੰਘ ਦੀ ਮਾਪਿਆਂ ਤੇ ਜਥੇਬੰਦੀ ਨੂੰ ਹਦਾਇਤ ਕਿ ਉਨ੍ਹਾਂ ਲਈ ਕੋਈ ਅਲੱਗ ਤੋਂ ਵਕੀਲ ਖੜ੍ਹਾ ਨਾ ਕੀਤਾ ਜਾਵੇ, ਬਲਕਿ ਉਨ੍ਹਾਂ ਦੇ ਸਾਰੇ ਸਾਥੀਆਂ ਦੇ ਕੇਸ ਦੀ ਪੈਰਵੀ ਵਕੀਲਾਂ ਦਾ ਇੱਕੋ ਪੈਨਲ ਕਰੇ।
    • ਖਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ।
    • 2020 ਵਿੱਚ ਸਰਹੱਦੀ ਵਿਵਾਦ ਕਾਰਨ ਗਲਵਾਨ ਘਾਟੀ ਵਿੱਚ ਹੋਈ ਹਿੰਸਾ ਤੋਂ ਬਾਅਦ ਚੀਨ ਦੇ ਰੱਖਿਆ ਮੰਤਰੀ ਨੇ ਪਹਿਲੀ ਵਾਰ ਭਾਰਤ ਦਾ ਦੌਰਾ ਕੀਤਾ ਹੈ।
    • ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਵਿੱਚ ਹੋਈ ਕਥਿਤ ਬੇਅਦਬੀ ਦੇ ਮੁਲਜ਼ਮ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ।
  20. ਤੁਹਾਡਾ ਸਵਾਗਤ ਹੈ!

    ਬੀਬੀਸੀ ਪੰਜਾਬੀ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ, ਇਸ ਪੇਜ ਰਾਹੀਂ ਅਸੀਂ ਤੁਹਾਨੂੰ ਦੇਸ਼-ਵਿਦੇਸ਼ ਦੀਆਂ ਅਹਿਮ ਖ਼ਬਰਾਂ ਬਾਰੇ ਅਪਡੇਟ ਦੇਵਾਂਗੇ। 27 ਅਪ੍ਰੈਲ ਦੀ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।