You’re viewing a text-only version of this website that uses less data. View the main version of the website including all images and videos.

Take me to the main website

ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਨਾ ਹੋਣ, ਖਾਲਿਸਤਾਨ ਲਹਿਰ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਅਮਿਤ ਸ਼ਾਹ ਨੇ ਕੀ ਕਿਹਾ

ਜੰਮੂ-ਕਸ਼ਮੀਰ ਦੇ ਪੁੰਛ 'ਚ 20 ਅਪ੍ਰੈਲ ਨੂੰ ਫੌਜ ਦੀ ਗੱਡੀ 'ਚ ਅੱਗ ਲੱਗਣ ਕਾਰਨ ਪੰਜ ਫੌਜੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ 4 ਪੰਜਾਬ ਨਾਲ ਸਬੰਧਿਤ ਹਨ।

ਲਾਈਵ ਕਵਰੇਜ

  1. ਤੁਹਾਡਾ ਧੰਨਵਾਦ

    ਬੀਬੀਸੀ ਪੰਜਾਬ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਨ। ਕੱਲ੍ਹ ਸਵੇਰੇ ਨਵੀਆਂ ਅਤੇ ਤਾਜ਼ਾ ਖ਼ਬਰਾਂ ਨਾਲ ਮੁੜ ਮੁੜ ਹਾਜ਼ਰ ਹੋਵਾਂਗੇ, ਉਦੋਂ ਤੱਕ ਦਿਓ ਇਜਾਜ਼ਤ।

    ਜਾਂਦੇ ਜਾਂਦੇ ਇੱਕ ਨਜ਼ਰ ਹੁਣ ਤੱਕ ਦੀਆਂ ਸੁਰਖ਼ੀਆ ਉੱਤੇ

    • ਪੰਜਾਬ ਵਿੱਚ ਖਾਲਿਸਤਾਨ ਦੀ ਕੋਈ ਲਹਿਰ ਨਹੀਂ , ਪੰਜਾਬ ਸਰਕਾਰ ਨੇ ਚੰਗਾ ਕੰਮ ਕੀਤਾ ਤੇ ਕੇਂਦਰ ਨੇ ਮਦਦ ਕੀਤੀ
    • ਸਿੱਖ ਕੈਦੀਆਂ ਦੇ ਮੁੱਦੇ ਉੱਤੇ 27 ਅਪ੍ਰੈਲ ਨੂੰ ਅਕਾਲ ਤਖ਼ਤ ਉੱਤੇ ਇਕੱਠ ਸੱਦਿਆ
    • ਮੋਦੀ ਸਰਨੇਮ ਦੇ ਮਾਮਲੇ ਵਿੱਚ ਪਟਨਾ ਹਾਈਕੋਰਟ ਵਿੱਚ ਰਾਹੁਲ ਦੀ ਪਟੀਸ਼ਨ
    • ਰਾਜਨਾਥ ਸਿੰਘ ਨੇ ਸੁਖਬੀਰ ਬਾਦਲ ਨੂੰ ਫੋਨ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਖ਼ਬਰਸਾਰ ਲਈ
    • ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਭ੍ਰਿਸ਼ਟਾਚਾਰ, ਰੇਤ ਅਤੇ ਟਰਾਂਸਪੋਰਟ ਦਾ ਮਾਫ਼ੀਆ ਚੱਲਦਾ ਸੀ। ਉਸ ਵੇਲੇ ਚਰਨਜੀਤ ਚੰਨੀ, ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਕੈਪਟਨ ਦਾ ਸਾਥ ਦੇ ਰਹੇ ਸਨ।
    • ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਨੂੰ ‘‘ਪੰਜਾਬ ਵਿੱਚ ਰੇਤ ਅਤੇ ਕੇਬਲ ਮਾਫ਼ੀਆ ਦਾ ਪ੍ਰਮੁੱਖ ਕਰਾਰ ਦਿੱਤਾ ਹੈ।’’
    • ਰਾਹੁਲ ਗਾਂਧੀ ਨੇ ਮਕਾਨ ਖਾਲੀ ਕਰਨ ਤੋਂ ਬਾਅਦ ਕਿਹਾ, “ਭਾਰਤ ਦੇ ਲੋਕਾਂ ਨੇ 19 ਸਾਲ ਲਈ ਮੈਨੂੰ ਇਹ ਘਰ ਦਿੱਤਾ ਸੀ। ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਹ ਸੱਚ ਬੋਲਣ ਦੀ ਕੀਮਤ ਹੈ। ਮੈਂ ਸੱਚ ਬੋਲਣ ਲਈ ਹਰ ਕੀਮਤ ਦੇਣ ਲਈ ਤਿਆਰ ਹਾਂ।”
    • ਸੱਤਿਆਪਾਲ ਮਲਿਕ ਤੇ ਗੁਰਨਾਮ ਚਢੂਨੀ ਨੇ ਆਪਣੀ ਗ੍ਰਿਫ਼ਤਾਰੀ ਦਾ ਕੀਤਾ ਦਾਅਵਾ, ਤਾਂ ਦਿੱਲੀ ਪੁਲਿਸ ਨੇ ਕਿਹਾ ਆਪੇ ਆਏ ਹਨ ਥਾਣੇ, ਜਦੋਂ ਚਾਹੁਣ ਚਲੇ ਜਾਣ
    • ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਰੋਕ ਕੇ ਪੁੱਛਗਿੱਛ ਕਰਨ ਦੀ ਨਿੰਦਾ ਕੀਤੀ ਹੈ
  2. ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਨਾ ਹੋਣ ਅਤੇ ਖਾਲਿਸਤਾਨ ਲਹਿਰ ਬਾਰੇ ਅਮਿਤ ਸ਼ਾਹ ਨੇ ਕੀ ਕਿਹਾ

    ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘‘ਪੰਜਾਬ ਵਿੱਚ ਖਾਲਿਸਤਾਨ ਦੀ ਕੋਈ ਲਹਿਰ ਨਹੀਂ ਹੈ। ਕਈ ਵਾਰ ਕੁਝ ਲੋਕ ਕੋਸ਼ਿਸ਼ ਕਰਦੇ ਹਨ, ਸਰਕਾਰ ਆਪਣਾ ਕੰਮ ਕਰਦੀ ਹੈ। ਪੰਜਾਬ ਸਰਕਾਰ ਨੇ ਚੰਗਾ ਕੰਮ ਕੀਤਾ ਅਤੇ ਭਾਰਤ ਸਰਕਾਰ ਨੇ ਸਮਰਥਨ ਕੀਤਾ।’’

    ਅਮਿਤ ਸ਼ਾਹ ਇੰਡੀਆ ਟੂਡੇ ਵਲੋਂ ਕਰਵਾਏ ਇੱਕ ਟੀਵੀ ਸ਼ੌਅ ਦੌਰਾਨ ਬੋਲ ਰਹੇ ਸਨ।

    ਅਮਿਤ ਸ਼ਾਹ ਨੇ ਕਿਹਾ, ‘‘ਕੁਝ ਨਹੀਂ ਹੈ, ਇਸ ਨੂੰ ਅਸੀਂ ਬੜੀ ਬਾਰੀਕੀ ਨਾਲ ਦੇਖ ਰਹੇ ਹਾਂ ਅਤੇ ਕਿਸੇ ਨੂੰ ਕੋਈ ਛੂਟ ਨਹੀਂ ਹੈ ਕਿ ਉਹ ਦੇਸ ਦੀ ਏਕਤਾ ਅਤੇ ਅਖੰਡਤਾ ਨਾਲ ਖਿਲਵਾੜ ਕਰ ਸਕੇ।’’

    ਅਮ੍ਰਿਤਪਾਲ ਦੇ ਹੁਣ ਤੱਕ ਨਾਲ ਫੜੇ ਜਾਣ ਬਾਰੇ ਸਵਾਲ ਪੁੱਛੇ ਜਾਣ ਉੱਤੇ ਅਮਿਤ ਸ਼ਾਹ ਨੇ ਕਿਹਾ, ‘‘ਕਈ ਵਾਰ ਅਜਿਹਾ ਹੋ ਜਾਂਦਾ ਹੈ, ਪਰ ਉਹ ਜਿਵੇਂ ਹੁਣ ਘੁੰਮ ਰਿਹਾ ਹੈ, ਆਪਣੀ ਗਤੀਵਿਧੀ ਨਹੀਂ ਚਲਾ ਸਕਦਾ।’’

    ਲੰਡਨ ਸਣੇ ਕਈ ਹੋਰ ਥਾਈਂ ਭਾਰਤੀ ਦੂਤਾਵਾਸਾਂ ਨੂੰ ਨਿਸ਼ਾਨਾਂ ਬਣਾਏ ਜਾਣ ਬਾਰੇ ਅਮਿਤ ਸ਼ਾਹ ਨੇ ਕਿਹਾ ਕਿ ਲੰਡਨ ਦਾ ਕੇਸ ਐੱਨਆਈਏ ਨੂੰ ਸੌਪਿਆਂ ਗਿਆ ਹੈ ਅਤੇ ਦਿੱਲੀ ਪੁਲਿਸ ਨੇ ਵੀ ਐੱਫ਼ਆਈਆਰ ਦਰਜ ਕੀਤੀ ਗਈ ਹੈ।

    ਭਾਰਤੀ ਦੂਤਾਵਾਸ ਭਾਵੇਂ ਵਿਦੇਸ਼ਾਂ ਵਿੱਚ ਹਨ ਪਰ ਉਹ ਭਾਰਤ ਦਾ ਹਿੱਸਾ ਹਨ, ਉਨ੍ਹਾਂ ਉੱਤੇ ਹਮਲਿਆਂ ਨੂੰ ਨਰਿੰਦਰ ਮੋਦੀ ਸਰਕਾਰ ਹਲਕੇ ਵਿੱਚ ਨਹੀਂ ਲਵੇਗੀ।

  3. ਸਿੱਖ ਕੈਦੀਆਂ ਦੇ ਮੁੱਦੇ ਉੱਤੇ 27 ਅਪ੍ਰੈਲ ਨੂੰ ਅਕਾਲ ਤਖ਼ਤ ਉੱਤੇ ਇਕੱਠ ਸੱਦਿਆ

    ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਗਰੇਵਾਲ ਮੁਤਾਬਕ ਸਿੱਖ ਕੈਦੀਆਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ 27 ਅਪ੍ਰੈਲ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਵੱਡਾ ਇਕੱਠ ਕੀਤਾ ਜਾਵੇਗਾ।

    ਗਰੇਵਾਲ ਮੁਤਾਬਕ ਇਸ ਇਕੱਠ ਦੀ ਅਗਵਾਈ ਜਥੇਦਾਰ ਸਾਹਿਬਾਨ ਕਰਨਗੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮਾਗਮ ਤੋਂ ਬਾਅਦ ਇੱਕ ਵਫ਼ਦ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ।

    ਗਰੇਵਾਲ ਨੇ ਦੱਸਿਆ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਕੈਦੀਆਂ ਦੀ ਰਿਹਾਈ ਲਈ ਜੋ ਹਸਤਾਖ਼ਰ ਮੁਹਿੰਮ ਚਲਾਈ ਸੀ, ਉਸ ਵਿੱਚ 25 ਲੱਖ ਲੋਕਾਂ ਦੇ ਹਸਤਾਖ਼ਰ ਕੀਤੇ ਹਨ।

    ਇਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਰਾਹੀ ਰਾਸ਼ਟਰਪਤੀ ਤੱਕ ਪਹੁੰਚਾਇਆ ਜਾਵੇਗਾ।

  4. ਮੋਦੀ ਸਰਨੇਮ ਦੇ ਮਾਮਲੇ ਵਿੱਚ ਪਟਨਾ ਹਾਈਕੋਰਟ ਵਿੱਚ ਰਾਹੁਲ ਦੀ ਪਟੀਸ਼ਨ

    ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਮੋਦੀ ਸਰਨੇਮ’ ਮਾਣਹਾਨੀ ਦੇ ਮਾਮਲੇ ਵਿੱਚ ਪਟਨਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

    ਭਾਜਪਾ ਨੇਤਾ ਸੁਸ਼ੀਲ ਕੁਮਾਰ ਮੋਦੀ ਨੇ ਗਾਂਧੀ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ, ਜਿਸ ਤੋਂ ਬਾਅਦ ਪਟਨਾ ਹਾਈਕੋਰਟ ਨੇ ਉਨ੍ਹਾਂ ਨੂੰ ਤਲਬ ਕੀਤਾ ਸੀ।

    ਗਾਂਧੀ ਦੇ ਵਕੀਲ ਅੰਸ਼ੁਲ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੇ ਪਟਨਾ (ਹੇਠਲੀ) ਅਦਾਲਤ ਵੱਲੋਂ ਜਾਰੀ ਸੰਮਨ ਨੂੰ ਰੱਦ ਕਰਨ ਲਈ ਪਟਨਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

    ਗਾਂਧੀ ਦੀ ਪਟੀਸ਼ਨ 'ਤੇ 24ਅਪ੍ਰੈਲ ਨੂੰ ਸੁਣਵਾਈ ਹੋਵੇਗੀ। 31ਮਾਰਚ ਨੂੰ ਪਟਨਾ ਅਦਾਲਤ ਨੇ ਰਾਹੁਲ ਗਾਂਧੀ ਨੂੰ ਖੁਦ 12ਅਪ੍ਰੈਲ ਨੂੰ ਅਦਾਲਤ 'ਚ ਆ ਕੇ ਇਸ ਮਾਮਲੇ 'ਚ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ ਪਰ ਉਹ ਅਦਾਲਤ 'ਚ ਪੇਸ਼ ਨਹੀਂ ਹੋ ਸਕੇ।

    ਇਸ ਤੋਂ ਬਾਅਦ ਹੇਠਲੀ ਅਦਾਲਤ ਨੇ ਉਸ ਨੂੰ 25 ਅਪ੍ਰੈਲ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।

    ਅੰਸ਼ੁਲ ਨੇ ਕਿਹਾ, "ਇੱਕ ਅਪਰਾਧ ਲਈ ਦੋਹਰੀ ਸਜ਼ਾ ਨਹੀਂ ਹੋ ਸਕਦੀ ਅਤੇ ਸਾਡੇ ਮੁਵੱਕਿਲ ਨੂੰ ਦੋਸ਼ੀ ਨਹੀਂ ਬਣਾਇਆ ਜਾ ਸਕਦਾ।"

  5. ਦਰਬਾਰ ਸਾਹਿਬ ਅਤੇ ਗੁਰਦੁਆਰਿਆਂ ’ਚ ਦਰਸ਼ਨਾਂ ਲਈ ਜਾਣ ਦੀ ਕੀ ਹੈ ਮਰਿਆਦਾ

    ਸ੍ਰੀ ਹਰਿਮੰਦਰ ਸਾਹਿਬ ਵਿੱਚ ਇੱਕ ਕੁੜੀ ਨੂੰ ਜਾਣ ਤੋਂ ਕਥਿਤ ਤੌਰ 'ਤੇ ਰੋਕੇ ਜਾਣ ਦਾ ਮਾਮਲਾ ਸੋਸ਼ਲ ਮੀਡੀਆ ਉਪਰ ਤਿੱਖੀ ਬਹਿਸ ਦਾ ਮੁੱਦਾ ਬਣਿਆ ਹੋਇਆ।

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੁਝ ਪੰਥਕ ਵਿਦਵਾਨ ਇਸ ਘਟਨਾ ਨੂੰ ਦਰਬਾਰ ਸਾਹਿਬ ਦੀ ਮਰਿਆਦਾ ਨਾਲ ਜੋੜ ਰਹੇ ਹਨ, ਪਰ ਕੁਝ ਲੋਕ ਇਸ ਨੂੰ ਤਿਰੰਗੇ ਦੇ ਟੈਟੂ ਅਤੇ ਰਾਸ਼ਟਰਵਾਦ ਨਾਲ ਜੋੜ ਰਹੇ ਹਨ।

    ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਸੇਵਾਦਾਰ ਨੇ ਕੁੜੀ ਨੂੰ ਇਸ ਲਈ ਰੋਕਿਆ ਕਿਉਂਕਿ ਉਸ ਦੇ ਸਕਰਟ ਪਾਈ ਹੋਈ ਸੀ, ਜਦਕਿ ਕੁੜੀ ਅਤੇ ਉਸ ਦੀ ਤਰਫ਼ੋਂ ਬਹਿਸ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਕੁੜੀ ਦੇ ਮੂੰਹ ਉੱਤੇ ਤਿੰਰਗਾ ਬਣਿਆ ਹੋਣ ਕਾਰਨ ਉਸ ਨੂੰ ਰੋਕਿਆ ਗਿਆ।

    ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਬਿਰਤਾਂਤ ਦੀ ਨਿੰਦਾ ਕੀਤੀ ਹੈ ਅਤੇ ਧਾਰਮਿਕ ਸਥਾਨ 'ਤੇ ਆਉਣ ਵਾਲੇ ਲੋਕਾਂ ਨੂੰ ਮਰਿਆਦਾ ਦਾ ਖ਼ਿਆਲ ਰੱਖਣ ਦੀ ਅਪੀਲ ਕੀਤੀ ਹੈ।

  6. ਰਾਜਨਾਥ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੀ ਖ਼ਬਰਸਾਰ ਲਈ

    ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੋਨ ਰਾਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹਾਲਚਾਲ ਪੁੱਛਿਆ ਹੈ।

    ਰੱਖਿਆ ਮੰਤਰੀ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫੋਨ ਕਰਕੇ ਉਨ੍ਹਾਂ ਦੇ ਪਿਤਾ ਦਾ ਹਾਲਚਾਲ ਪੁੱਛਿਆ ਹੈ।

    ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ 95 ਸਾਲ ਦੇ ਹਨ ਅਤੇ ਪਿਛਲ਼ੇ ਕਈ ਦਿਨਾਂ ਤੋਂ ਮੁਹਾਲੀ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

    ਰਾਜਨਾਥ ਸਿੰਘ ਨੇ ਲਿਖਿਆ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਨ।

    ਮੁਹਾਲੀ ਦੇ ਫੋਰਟਿਸ ਹਸਪਤਾਲ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦਾ ਇਲਾਜ਼ ਚੱਲ ਰਿਹਾ ਹੈ, ਨੇ ਮੈਡੀਕਲ ਬੁਲੇਟਿਨ ਰਾਹੀ ਦੱਸਿਆ ਹੈ ਕਿ ਉਨ੍ਹਾਂ ਦੀ ਸਿਹਤ ਉੱਤੇ ਲਗਾਤਾਰ ਨਿਗ੍ਹਾ ਰੱਖੀ ਜਾ ਰਹੀ ਹੈ।

    ਉਨ੍ਹਾਂ ਨੂੰ ਸਾਹ ਲੈਣ ਦੀ ਦਿੱਕਤ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

  7. ਮਲਿਆਨਾ ਕਤਲੇਆਮ ਕੀ ਸੀ, ਜਿਸ ਦੇ 36 ਸਾਲ ਬਾਅਦ ਸਾਰੇ ਮੁਲਜ਼ਮ ਬਰ੍ਹੀ ਹੋ ਗਏ

  8. ਨਵਜੋਤ ਸਿੱਧੂ ਨੂੰ ਹਰਪਾਲ ਚੀਮਾ ਨੇ ਦਿੱਤਾ ਜਵਾਬ

    ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਪਲਟਵਾਰ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਆਗੂ ਨੂੰ ਜਵਾਬ ਦਿੱਤਾ।

    ਉਨ੍ਹਾਂ ਕਿਹਾ, ‘‘ਕਾਂਗਰਸ ਦੇ ਰਾਜ ਵਿੱਚ ਭ੍ਰਿਸ਼ਟਾਚਾਰ, ਰੇਤ ਅਤੇ ਟਰਾਂਸਪੋਰਟ ਦਾ ਮਾਫ਼ੀਆ ਚੱਲਦਾ ਸੀ। ਉਸ ਵੇਲੇ ਚਰਨਜੀਤ ਚੰਨੀ, ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਕੈਪਟਨ ਦਾ ਸਾਥ ਦੇ ਰਹੇ ਸਨ।’’

    ਹਰਪਾਲ ਚੀਮਾ ਨੇ ਇਲਜ਼ਾਮ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਨਾਲ ਮਿਲਕੇ ਨਵਜੋਤ ਸਿੰਘ ਸਿੱਧੂ ਵੀ ਇਸ ਮਾਫ਼ੀਆ ਰਾਜ ਦੀ ਅਗਵਾਈ ਕਰਦੇ ਸਨ।

    ਚੀਮਾ ਮੁਤਾਬਕ ਕਾਂਗਰਸ ਨੇ ਘਰ-ਘਰ ਰੁਜ਼ਗਾਰ, ਕਰਜ਼ਾ ਕੁਰਕੀ ਖ਼ਤਮ ਫਸਲ ਦੀ ਪੂਰੀ ਰਕਮ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਦਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਨਾਕਾਮ ਮੁੱਖ ਮੰਤਰੀ ਨੂੰ ਪਾਰਟੀ ਨੇ ਆਪੇ ਅਹੁਦੇ ਤੋਂ ਹਟਾਇਆ।

    ਚੀਮਾ ਨੇ ਕਿਹਾ, ‘‘ਨਵਜੋਤ ਸਿੰਘ ਸਿੱਧੂ ਜਦੋਂ ਕੈਪਟਨ ਨਾਲ ਮੰਤਰੀ ਹੁੰਦੇ ਸਨ, ਉਦੋਂ ਰੇਤ, ਟਰਾਂਸਪੋਰਟ ਅਤੇ ਸ਼ਰਾਬ ਮਾਫ਼ੀਆ ਦੇ ਸਾਥੀਆਂ ਨਾਲ ਬੈਠੇ ਹੁੰਦੇ ਸਨ ਤੇ ਸ਼ਰਾਬ ਦਾ ਰੈਵੇਨਿਊ ਘਟ ਜਾਂਦਾ ਸੀ।’’

    ਚੀਮਾ ਨੇ ਕਿਹਾ ਕਿ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆਕੇ ਹੀ ਪੰਜਾਬ ਦੇ ਲੋਕਾਂ ਨੇ ਇਮਾਨਦਾਰ ਸਰਕਾਰ ਦੀ ਸਥਾਪਨਾ ਕੀਤੀ ਹੈ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਇਮਾਨਦਾਰ ਲੋਕ ਕੰਮ ਕਰ ਰਹੇ ਹਨ।

  9. ਨਵਜੋਤ ਸਿੱਧੂ ਨੇ ਭਗਵੰਤ ਮਾਨ ਨੂੰ ਰੇਤ-ਕੇਬਲ ਮਾਫ਼ੀਆ ਦਾ ਮੁਖੀ, ਪ੍ਰਦੀਪ ਸ਼ਰਮਾ, ਬੀਬੀਸੀ ਸਹਿਯੋਗੀ, ਜਲੰਧਰ

    ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਨੂੰ ‘‘ਪੰਜਾਬ ਵਿੱਚ ਰੇਤ ਅਤੇ ਕੇਬਲ ਮਾਫ਼ੀਆ ਦਾ ਪ੍ਰਮੁੱਖ ਕਰਾਰ ਦਿੱਤਾ ਹੈ।’’

    ਨਵਜੋਤ ਸਿੱਧੂ ਜਲੰਧਰ ਜ਼ਿਮਨੀ ਚੋਣ ਦੌਰਾਨ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਇੱਕ ਪ੍ਰੈਸ ਕਾਨਫਰੰਸ ਸੰਬੋਧਨ ਕਰ ਰਹੇ ਸਨ।

    ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵਾਪਸ ਦੇਸ ਪਰਤਣ ਨੂੰ ਕਹਿ ਰਹੇ ਹਨ ਪਰ ਵਿਦੇਸ਼ ਵਿੱਚ ਪੜ੍ਹਨ ਗਏ ਵਿਦਿਆਰਥੀ ਇਹਨਾ ਦੀਆਂ ਨੀਤੀਆਂ ਵੇਖ ਕੇ ਵਾਪਸ ਆਉਣ ਦੀ ਬਜਾਏ ਆਪਣੇ ਮਾਪਿਆਂ ਨੂੰ ਵਿਦੇਸ਼ ਚ ਬੁਲਾ ਰਹੇ ਹਨ।

    ਸਿੱਧੂ ਨੇ ਕਿਹਾ ਕਿ ਅੱਜ ਤੱਕ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਵਾਇਦਾ ਪੂਰਾ ਨਹੀਂ ਹੋਇਆ। ਅਤੇ ਪੀਐੱਸਪੀਸੀਐੱਲ ਨੂੰ ਗਿਰਵੀ ਰੱਖ ਕੇ ਪੰਜਾਬ ਨੂੰ ਬਿਜਲੀ ਮੁਫ਼ਤ ਦੇਣੀ ਪੈ ਰਹੀ ਹੈ।

    ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਨਾਲ 1200 ਸੁਰੱਖਿਆ ਗਾਰਡ ਹਨ, ਜਦਕਿ ਮਾਨ ਸਰਕਾਰ ਸਿੱਧੂ ਮੂਸੇਵਾਲਾ ਦੇ ਸੁਰੱਖਿਆ ਗਾਰਡ ਵਿੱਚ ਪਹਿਲਾਂ ਤਾਂ ਕਟੌਤੀ ਕਰਤੀ ਤੇ ਫੇਰ ਉਸਨੂੰ ਜਨਤਕ ਕਰ ਦਿੱਤਾ, ਜਿਸ ਕਰਕੇ ਉਸਦਾ ਕਤਲ ਹੋ ਗਿਆ।

  10. ਦਿੱਲੀ ’ਚ ਸਰਕਾਰੀ ਰਿਹਾਇਸ਼ ਖ਼ਾਲੀ ਕਰਨ ਤੋਂ ਬਾਅਦ ਰਾਹੁਲ ਗਾਂਧੀ ਕੀ ਬੋਲੇ?

    ਲੋਕ ਸਭਾ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣਾ ਦਿੱਲੀ ਵਿੱਚ ਸਰਕਾਰੀ ਮਕਾਨ ਖਾਲੀ ਕਰ ਦਿੱਤਾ ਹੈ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਰਾਹੁਲ ਗਾਂਧੀ ਨੇ ਮਕਾਨ ਖਾਲੀ ਕਰਨ ਤੋਂ ਬਾਅਦ ਕਿਹਾ, “ਭਾਰਤ ਦੇ ਲੋਕਾਂ ਨੇ 19 ਸਾਲ ਲਈ ਮੈਨੂੰ ਇਹ ਘਰ ਦਿੱਤਾ ਸੀ। ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਹ ਸੱਚ ਬੋਲਣ ਦੀ ਕੀਮਤ ਹੈ। ਮੈਂ ਸੱਚ ਬੋਲਣ ਲਈ ਹਰ ਕੀਮਤ ਦੇਣ ਲਈ ਤਿਆਰ ਹਾਂ।”

    ਰਾਹੁਲ ਗਾਂਧੀ ਨੇ ਕਿਹਾ, “ਮੈਂ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ਦੁੱਗਣੇ ਉਠਾਵਾਂਗਾਂ। ਇਹ ਸਚਾਈ ਹੈ ਅਤੇ ਇਹ ਕਿਸੇ ਨਾ ਕਿਸੇ ਨੂੰ ਤਾਂ ਬੋਲਣੀ ਪਵੇਗੀ। ਮੈਂ ਬੋਲ ਰਿਹਾ ਹਾਂ।”

  11. ਸੱਤਿਆਪਾਲ ਮਲਿਕ ਤੇ ਗੁਰਨਾਮ ਚਢੂਨੀ ਨੇ ਆਪਣੀ ਗ੍ਰਿਫ਼ਤਾਰੀ ਦਾ ਕੀਤਾ ਦਾਅਵਾ

    ਖਾਪ ਪੰਚਾਇਤਾਂ ਦੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਸਮਰਥਨ ਵਿੱਚ ਦਿੱਲੀ ਦੇ ਆਰਕੇਪੁਰਮ ਵਿੱਚ ਰੱਖਿਆ ਸਮਾਗਮ ਸ਼ਨੀਵਾਰ ਨੂੰ ਇਜਾਜਤ ਨਾ ਮਿਲਣ ਕਾਰਨ ਜਬਰੀ ਬੰਦ ਕਰਵਾ ਦਿੱਤਾ ਗਿਆ।

    ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਵੀਡੀਓ ਪਾ ਕੇ ਦਾਅਵਾ ਕੀਤਾ ਕਿ ਉਹਨਾਂ ਨੂੰ ਅਤੇ ਸੱਤਿਆਪਾਲ ਮਲਿਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

    ਹਾਲਾਂਕਿ, ਦਿੱਲੀ ਪੁਲਿਸ ਨੇ ਉਹਨਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਨੂੰ ਗਲਤ ਦੱਸਿਆ ਹੈ।

    ਇਸੇ ਦੌਰਾਨ ਸੱਤਿਆਪਾਲ ਮਲਿਕ ਦੇ ਟਵਿੱਟਰ ਹੈਂਡ਼ਲ ਤੋਂ ਵੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

    ਚਢੂਨੀ ਨੇ ਕਿਹਾ, “ਮੈਂ ਕੱਲ੍ਹ ਕਿਹਾ ਸੀ ਕਿ ਸੱਤਿਆਪਾਲ ਮਲਿਕ ਵੱਲੋਂ ਜੋ ਬਿਆਨ ਦਿੱਤੇ ਗਏ ਹਨ ਅਤੇ ਉਹ ਕਿਸਾਨਾਂ ਦੇ ਪੱਖ ਵਿੱਚ ਬੋਲੇ ਹਨ, ਇਸ ਦੀ ਉਹਨਾਂ ਨੂੰ ਸਜ਼ਾ ਮਿਲ ਸਕਦੀ ਹੈ। ਭਾਜਪਾ ਦੀ ਅਜਿਹੀ ਨੀਤੀ ਦੇ ਖਿਲਾਫ਼ ਮੈਂ ਇੱਕ ਸ਼ੰਕਾ ਜਾਹਿਰ ਕੀਤੀ ਸੀ। ਇਸ ਤੋਂ ਤੁਰੰਤ ਬਾਅਦ ਹੀ ਉਹਨਾਂ ਨੂੰ ਸੀਬੀਆਈ ਦੇ ਸੰਮਨ ਆ ਗਏ ਸਨ। ਅੱਜ ਖਾਪਾਂ ਦੇ ਮੁਖੀਆਂ ਵਲੋਂ ਉਨ੍ਹਾਂ ਲਈ ਖਾਣੇ ਦਾ ਸਮਾਗਮ ਸੀ।

    ਪਰ ਪੁਲਿਸ ਨੇ ਜਬਰਦਸਤੀ ਇਹ ਪ੍ਰੋਗਰਾਮ ਬੰਦ ਕਰਵਾ ਦਿੱਤਾ ਸੀ। ਪੁਲਿਸ ਨੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਅਤੇ ਸਾਨੂੰ ਵੀ ਗ੍ਰਿਫ਼ਤਾਰ ਕਰ ਲਿਆ।”

    ਉਨ੍ਹਾਂ ਕਿਹਾ, “ਅਸੀਂ ਵਸੰਤਕੁੰਜ ਥਾਣੇ ਵਿੱਚ ਹਾਂ ਅਤੇ ਗਵਰਨਰ (ਸਾਬਕਾ) ਆਰਕੇ ਪੁਰਮ ਥਾਣੇ ਵਿੱਚ ਦੱਸੇ ਜਾ ਰਹੇ ਹਨ। ਸਾਨੂੰ ਜਾਮ ਜਾਂ ਪ੍ਰਦਰਸ਼ਨ ਕਰਨ ਬਾਰੇ ਫੋਨ ਆ ਰਹੇ ਹਨ ਪਰ ਹਾਲੇ ਕੁਝ ਵੀ ਕਰਨ ਦੀ ਲੋੜ ਨਹੀਂ ਹੈ।”

    ਕਿਸਾਨ ਮੋਰਚੇ ਵਲੋਂ ਜਾਰੀ ਕੁਝ ਵੀਡੀਓਜ਼ ਵਿੱਚ ਪੁਲਿਸ ਸਮਾਗਮ ਜ਼ਬਰੀ ਬੰਦ ਕਰਵਾਉਂਦੀ ਦਿਖ ਰਹੀ ਹੈ। ਪੁਲਿਸ ਮੁਲਾਜ਼ਮ ਸਮਾਗਮ ਦੀਆਂ ਕੁਰਸੀਆਂ ਹਟਾ ਰਹੇ ਹਨ।

    ਕੁਝ ਤਸਵੀਰਾਂ ਵਿੱਚ ਦੋਵੇਂ ਆਗੂ ਵੱਖ ਵੱਖ ਥਾਣਿਆਂ ਵਿੱਚ ਸਮਰਥਕਾਂ ਨਾਲ ਬੈਠੇ ਨਜ਼ਰ ਆ ਰਹੇ ਹਨ।

    ਥਾਣੇ ਵਿੱਚ ਸੱਤਿਆਪਾਲ ਮਲਿਕ ਦੇ ਇੱਕ ਸਮੱਰਥਕ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ, “ਸੱਤਿਆਪਾਲ ਮਲਿਕ ਨੇ ਦੇਸ਼ ਦੇ ਸਾਹਮਣੇ ਸਚਾਈ ਲਿਆਂਦੀ ਸੀ। ਸਚਾਈ ਸਾਹਮਣੇ ਲਿਆਉਣਾ ਇਸ ਦੇਸ਼ ਵਿੱਚ ਗੁਨਾਹ ਬਣ ਗਿਆ ਹੈ। ਤਾਨਾਸ਼ਾਹੀ ਦਿਖਾਉਂਦੇ ਹੋਏ ਖਾਪ ਅਤੇ ਕਿਸਾਨ ਨੇਤਾਵਾਂ ਨੂੰ ਸੱਤਿਆਪਾਲ ਮਲਿਕ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਨੂੰ ਰਿਹਾਅ ਕੀਤਾ ਜਾਵੇ।”

    ਇਸ ਦੌਰਾਨ ਦਿੱਲੀ ਪੁਲਿਸ ਨੇ ਟਵੀਟ ਕਰਕੇ ਕਿਹਾ ਹੈ, “ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੀ ਹਿਰਾਸਤ ਬਾਰੇ ਸੋਸ਼ਲ ਮੀਡੀਆ ਉਪਰ ਝੂਠੀ ਜਾਣਕਾਰੀ ਫੈਲਾਈ ਜਾ ਰਹੀ ਹੈ। ਜਦਕਿ ਉਹ ਖੁਦ ਆਰਕੇ ਪੁਰਮ ਥਾਣੇ ਆਪਣੇ ਸਮਰਥਕਾਂ ਨਾਲ ਆਏ ਹਨ। ਉਹਨਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਜਾਣ ਲਈ ਆਜ਼ਾਦ ਹਨ।”

  12. ਕਿਰਨਦੀਪ ਕੌਰ ਨੂੰ ਹਵਾਈ ਅੱਡੇ ਉੱਤੇ ਰੋਕਣ ਦੀ ਧਾਮੀ ਨੇ ਕੀਤੀ ਨਿੰਦਾ

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਿਸਤਾਨ ਹਮਾਇਤੀ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰੋਕ ਕੇ ਪ੍ਰੇਸ਼ਾਨ ਕਰਨ ਦੀ ਨਿੰਦਾ ਕੀਤੀ ਹੈ।

    ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ, "ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨੌਜੁਆਨੀ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪੰਜਾਬ ਦਾ ਇਤਿਹਾਸ ਤੇ ਸਰੋਕਾਰ ਧੀਆਂ ਭੈਣਾਂ ਦੀ ਰਾਖੀ ਅਤੇ ਸਤਿਕਾਰ ਕਰਨ ਵਾਲੇ ਹਨ, ਪਰੰਤੂ ਮੌਜੂਦਾ ਸਰਕਾਰ ਵੱਲੋਂ ਇਸ ਤਰ੍ਹਾਂ ਬੱਚੀਆਂ ਨੂੰ ਰੋਕਣਾ ਤੇ ਸ਼ੱਕ ਦੀ ਨਿਗ੍ਹਾ ਨਾਲ ਵੇਖਣਾ ਠੀਕ ਨਹੀਂ।"

    "ਸਰਕਾਰ ਨੂੰ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਜਿਨ੍ਹਾਂ ਨਾਲ ਪੰਜਾਬ ਦੀਆਂ ਮਾਨਤਾਵਾਂ ਦਾ ਨਿਰਾਦਰ ਹੋਵੇ। ਪਰਿਵਾਰ ਨੂੰ ਮਿਲਣਾ ਤੇ ਕਿਤੇ ਵੀ ਜਾਣਾ ਹਰ ਨਾਗਰਿਕ ਦਾ ਅਧਿਕਾਰ ਹੈ।"

    "ਬਿਨਾਂ ਕਿਸੇ ਦੋਸ਼ ਦੇ ਕਿਸੇ ਨੂੰ ਰੋਕ ਲੈਣਾ ਮਨੁੱਖੀ ਅਧਿਕਾਰਾਂ ਦਾ ਸਿੱਧਾ ਉਲੰਘਣ ਹੈ ਅਤੇ ਸਰਕਾਰ ਨੂੰ ਅਜਿਹੀਆਂ ਗੱਲਾਂ ਤੋਂ ਬਚਣਾ ਚਾਹੀਦਾ ਹੈ।"

    ਉਨ੍ਹਾਂ ਨੇ ਅੱਗੇ ਕਿਹਾ ਕਿ ਕਿਰਨਦੀਪ ਕੌਰ ਨੂੰ ਹਵਾਈ ਅੱਡੇ 'ਤੇ ਰੋਕਣ ਦੀ ਕਾਰਵਾਈ ਨੇ ਸਰਕਾਰ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ।

  13. ਬਲਜੀਤ ਕੌਰ, ਜਿਨ੍ਹਾਂ ਨੇ 27 ਘੰਟੇ ਅੰਨਪੂਰਨਾ ਪਹਾੜ ਦੇ 'ਮੌਤ ਦੇ ਖੇਤਰ' 'ਚ ਬਿਤਾਏ

    ਦੁਨੀਆ ਨੇ ਉਸ ਨੂੰ ਮ੍ਰਿਤਕ ਮੰਨ ਲਿਆ ਸੀ। ਪਰ 27 ਘੰਟੇ ਤੋਂ ਵੱਧ ਸਮਾਂ ਅੰਨਪੂਰਨਾ ਦੇ 'ਮੌਤ ਦੇ ਘੇਰੇ' ਵਿੱਚ ਬਿਤਾਉਣ ਤੋਂ ਬਾਅਦ ਬਲਜੀਤ ਕੌਰ ਆਪਣੇ ਆਪ ਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਵਿੱਚ ਰੁਝੀ ਹੋਈ ਸੀ।

    ਬਲਜੀਤ 'ਹਾਈ ਆਲਟੀਟਿਊਡ ਸੇਰੇਬ੍ਰਲ ਐਡੀਮਾ' ਦੀ ਸਥਿਤੀ ਵਿੱਚ ਰਹੀ। ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਜ਼ਿਆਦਾਤਰ ਚੜ੍ਹਾਈ ਕਰਨ ਵਾਲਿਆਂ ਦਾ ਦਿਮਾਗ਼ ਉਚਾਈ ਅਤੇ ਆਕਸੀਜਨ ਦੀ ਕਮੀ ਕਾਰਨ ਕੰਮ ਕਰਨਾ ਬੰਦ ਕਰ ਦਿੰਦਾ ਹੈ। ਉਹ ਸੋਚਣ ਦੀ ਸਮਰੱਥਾ ਗੁਆ ਦਿੰਦੇ ਹਨ।

    ਮੰਗਲਵਾਰ ਨੂੰ ਅਚਾਨਕ ਇਹ ਸੂਚਨਾ ਮਿਲੀ ਕਿ ਬਲਜੀਤ ਜ਼ਿੰਦਾ ਹੈ ਅਤੇ ਉਸ ਦੀ ਭਾਲ ਕਰ ਰਹੇ ਤਿੰਨ ਹੈਲੀਕਾਪਟਰਾਂ ਵਿੱਚੋਂ ਇੱਕ ਨੇ ਉਸ ਨੂੰ ਲੰਬੀ ਲਾਈਨ ਰਾਹੀਂ 7,600 ਮੀਟਰ ਉੱਚੀ ਅੰਨਪੂਰਨਾ ਤੋਂ ਬਚਾ ਲਿਆ ਸੀ।

    ਬਲਜੀਤ ਇਸ ਸਮੇਂ ਕਾਠਮੰਡੂ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

    ਬੀਬੀਸੀ ਨਾਲ ਫ਼ੋਨ 'ਤੇ ਗੱਲ ਕਰਦਿਆਂ ਬਲਜੀਤ ਨੇ ਬੀਤੇ ਐਤਵਾਰ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਵਿਸਥਾਰ ਵਿੱਚ ਪੜ੍ਹਨ ਲਈ ਕਲਿੱਕ ਕਰੋ।

  14. ਈਦ ਦੀਆਂ ਰੌਣਕਾਂ, ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੀਐੱਮ ਮੋਦੀ ਤੇ ਭਗਵੰਤ ਮਾਨ ਸਣੇ ਕਈ ਆਗੂਆਂ ਨੇ ਦਿੱਤੀ ਵਧਾਈ

    ਰਮਜ਼ਾਨ ਦਾ ਮਹੀਨਾ ਖ਼ਤਮ ਹੋਣ ਮਗਰੋਂ ਸ਼ਨੀਵਾਰ ਨੂੰ ਭਾਰਤ ਭਰ 'ਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਰਾਜਧਾਨੀ ਦਿੱਲੀ ਸਣੇ ਦੇਸ਼ ਦੇ ਕਈ ਸ਼ਹਿਰਾਂ ਦੀਆਂ ਮਸਜਿਦਾਂ ਅਤੇ ਮੈਦਾਨਾਂ 'ਚ ਮੁਸਲਮਾਨ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ।

    ਦੂਜੇ ਪਾਸੇ ਵੱਖ-ਵੱਖ ਏਜੰਸੀਆਂ ਤੋਂ ਮਿਲੀਆਂ ਤਸਵੀਰਾਂ 'ਚ ਲੋਕ ਇੱਕ-ਦੂਜੇ ਨੂੰ ਜੱਫੀ ਪਾ ਕੇ ਵਧਾਈ ਦਿੰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਲੋਕ ਇਕ-ਦੂਜੇ ਨੂੰ ਵਧਾਈਆਂ ਦੇ ਰਹੇ ਹਨ।

    ਦੇਸ਼ ਦੀ ਰਾਸ਼ਟਰਪਦੀ ਦ੍ਰੋਪਦੀ ਮੁਰਮੂ ਨੇ ਵੀ ਇਸ ਮੌਕੇ ਆਪਣੇ ਟਵਿੱਟਰ ਹੈਂਡਲ ਤੋਂ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਅੱਗੇ ਲਿਖਿਆ ਕਿ ਪ੍ਰੇਮ ਅਤੇ ਕਰੁਣਾ ਦਾ ਪ੍ਰਤੀਕ ਈਦ ਦਾ ਤਿਉਹਾਰ ਦੂਜਿਆਂ ਦੀ ਮਦਦ ਕਰਨ ਦਾ ਸੰਦੇਸ਼ ਦਿੰਦਾ ਹੈ।

    ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰ ਕੇ ਈਦ ਦੀ ਵਧਾਈ ਦਿੱਤੀ।

  15. ਪੁੰਛ ਹਮਲਾ: ਫੌਜੀਆਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਪਹੁੰਚ ਰਹੀਆਂ ਹਨ

  16. ਪੁੰਛ ਹਮਲਾ: 'ਕਹਿੰਦਾ ਸੀ ਦੇਸ਼ ਲਈ ਜੰਮਿਆ ਹਾਂ ਤੇ ਦੇਸ਼ ਲਈ ਹੀ ਮਰਾਂਗਾ'

    ਪੰਜਾਬ ਦੇ ਰੋਂਦੇ-ਕੁਰਲਾਉਂਦੇ ਇਹ ਉਹ ਪਰਿਵਾਰ ਹਨ, ਜਿਨ੍ਹਾਂ ਦੇ ਫੌਜੀ ਪੁੱਤਰਾਂ ਦੀ ਪੁੰਛ ਸੈਕਟਰ ਵਿੱਚ ਵੀਰਵਾਰ ਨੂੰ ਇੱਕ ਹਮਲੇ ਵਿੱਚ ਜਾਨ ਚਲੀ ਗਈ।

    ਕਿਸੇ ਦਾ ਇਕਲੌਤਾ ਜਵਾਨ ਪੁੱਤ, ਕਿਸੇ ਦਾ ਪਤੀ ਤੇ ਕੋਈ ਆਪਣੇ ਨਿੱਕ-ਨਿੱਕੇ ਬੱਚਿਆਂ ਨੂੰ ਛੱਡ ਕੇ ਤੁਰ ਗਿਆ।

    20 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪੁੰਛ 'ਚ ਫੌਜ ਦੀ ਗੱਡੀ 'ਚ ਅੱਗ ਲੱਗਣ ਕਾਰਨ ਪੰਜ ਫੌਜੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚੋਂ 4 ਪੰਜਾਬ ਨਾਲ ਸਬੰਧਤ ਸੀ।

    ਫੌਜ ਦੇ ਉੱਤਰੀ ਕਮਾਨ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਮੁਤਾਬਕ, "ਅਤਿਵਾਦੀਆਂ ਨੇ ਵੀਰਵਾਰ ਦੁਪਹਿਰ ਕਰੀਬ 3 ਵਜੇ ਵਾਹਨ 'ਤੇ ਹੈਂਡ ਗ੍ਰਨੇਡ ਸੁੱਟਿਆ, ਜਿਸ ਕਾਰਨ ਗੱਡੀ ਨੂੰ ਅੱਗ ਲੱਗ ਗਈ ਅਤੇ 5 ਫੌਜੀਆਂ ਦੀ ਮੌਤ ਗਈ।

    (ਰਿਪੋਰਟ- ਸੁਰਿੰਦਰ ਮਾਨ, ਗੁਰਪ੍ਰੀਤ ਚਾਵਲਾ ਤੇ ਗੁਰਮਿੰਦਰ ਗਰੇਵਾਲ ਐਡਿਟ- ਰਾਜਨ ਪਪਨੇਜਾ)

  17. ਪੁੰਛ ਹਮਲਾ: ਕਿਸੇ ਦਾ ਇਕਲੌਤਾ ਪੁੱਤਰ ਤੁਰ ਗਿਆ ਤੇ ਕਿਸੇ ਦੇ ਛੋਟੇ-ਛੋਟੇ ਬੱਚੇ ਪਿੱਛੇ ਰਹਿ ਗਏ

    ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਘਾ ਦੇ ਜੰਮਪਲ ਫੌਜੀ ਸੇਵਕ ਸਿੰਘ ਸਾਲ 2018 ਵਿੱਚ ਫੌਜ ਵਿੱਚ ਭਰਤੀ ਹੋਏ ਸਨ ਅਤੇ 20 ਦਿਨ ਪਹਿਲਾਂ ਹੀ ਛੁੱਟੀ ਕੱਟ ਡਿਊਟੀ 'ਤੇ ਗਏ ਸਨ।

    ਉਨ੍ਹਾਂ ਦੇ ਪਿਤਾ ਚਰਨਾ ਸਿੰਘ ਨੇ ਦੱਸਿਆ ਕਿ ਸੇਵਕ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ।

    ਦਲਿਤ ਪਰਿਵਾਰ ਨਾਲ ਸਬੰਧਤ ਸੇਵਕ ਸਿੰਘ ਦੇ ਪਿਤਾ ਚਰਨਾ ਸਿੰਘ ਦਿਹਾੜੀਦਾਰ ਕਾਮੇ ਹਨ।

    ਇਸੇ ਤਰ੍ਹਾਂ ਹੀ ਪੰਜਾਬ ਦੇ ਮਾਰੇ 3 ਹੋਰ ਜਵਾਨਾਂ ਦੇ ਪਰਿਵਾਰਾਂ ਦੀਆਂ ਵੀ ਭਾਵੁਕ ਕਰ ਦੇਣ ਵਾਲੀਆਂ ਕਹਾਣੀਆਂ ਹਨ। ਇਨ੍ਹਾਂ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

  18. ਪੁੰਛ ਹਮਲੇ ਵਿੱਚ ਮਾਰੇ ਫੌਜੀਆਂ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ

    ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਹੋਏ ਇੱਕ ਹਮਲੇ ਦੌਰਾਨ ਮਾਰੇ ਗਏ ਪੰਜਾਬ ਦੇ 4 ਜਵਾਨਾਂ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।

    ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਹਰਕ੍ਰਿਸ਼ਨ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਪਹੁੰਚ ਗਈ ਹੈ।

    20 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪੁੰਛ 'ਚ ਫੌਜ ਦੀ ਗੱਡੀ 'ਚ ਅੱਗ ਲੱਗਣ ਕਾਰਨ ਪੰਜ ਫੌਜੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ 4 ਪੰਜਾਬ ਨਾਲ ਸੰਬਧਤ ਸਨ।

    ਮਰਨ ਵਾਲਿਆਂ ਵਿੱਚ ਹਵਲਦਾਰ ਮਨਦੀਪ ਸਿੰਘ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਣਕੋਈਆਂ ਕਲਾਂ ਦੇ ਰਹਿਣ ਵਾਲੇ ਸਨ।

    ਲਾਂਸ ਨਾਇਕ ਕੁਲਵੰਤ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਤੋਂ ਸਨ ਅਤੇ ਸਿਪਾਹੀ ਸੇਵਕ ਸਿੰਘ ਬਠਿੰਡਾ ਵਿੱਚ ਪੈਂਦੇ ਤਲਵੰਡੀ ਸਾਬੋ ਦੇ ਪਿੰਡ ਬੱਗਾ ਦੇ ਰਹਿਣ ਵਾਲੇ ਸਨ।

    ਇਸ ਹਮਲੇ ਵਿੱਚ ਮਾਰਿਆ ਗਏ ਇੱਕ ਫੌਜੀ ਲਾਂਸ ਨਾਇਕ ਦੇਬਾਸ਼ੀਸ਼ ਓਡੀਸ਼ਾ ਦੇ ਪੁਰੀ ਦੇ ਰਹਿਣ ਵਾਲੇ ਸਨ।

    ਸਿਪਾਹੀ ਹਰਕ੍ਰਿਸ਼ਨ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਸਨ।

    ਭਾਰਤੀ ਫੌਜ ਨੇ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਹੈ ਕਿ ਫੌਜ ਦੀ ਇਸ ਗੱਡੀ 'ਤੇ ਦਹਿਸ਼ਤਗਰਦਾਂ ਨੇ ਹੈਂਡ ਗ੍ਰੇਨੇਡ ਸੁੱਟਿਆ ਸੀ, ਜਿਸ ਕਾਰਨ ਗੱਡੀ ਨੂੰ ਅੱਗ ਲੱਗ ਗਈ ਸੀ।

    ਇਸ ਹਮਲੇ ਵਿੱਚ ਰਾਸ਼ਟਰੀ ਰਾਇਫਲਸ ਦੇ 5 ਫੌਜੀਆਂ ਦੀ ਮੌਤ ਹੋ ਗਈ ਅਤੇ ਇੱਕ ਜਖ਼ਮੀ ਹੋ ਗਿਆ ਸੀ। ਜਦੋਂ ਇਹ ਹਾਦਸਾ ਵਾਪਰਿਆਂ ਉਸ ਵੇਲੇ ਭਾਰਤੀ ਫੌਜ ਦੀ ਇਹ ਗੱਡੀ ਭਿੰਬੇਰ ਗਲੀ ਤੋਂ ਸੰਗਿਓਟ ਵੱਲ ਜਾ ਰਹੀ ਸੀ।

  19. 21 ਅਪ੍ਰੈਲ ਦਾ ਮੁੱਖ ਘਟਨਾਕ੍ਰਮ

    • ਪੰਜਾਬ ਸਰਕਾਰ ਨੇ ਪੁੰਛ ਹਮਲੇ ਵਿੱਚ ਮਾਰੇ ਗਏ ਫੌਜੀਆਂ ਦੇ ਪਰਿਵਾਰਾਂ ਲਈ ਸਰਕਾਰੀ ਨੌਕਰੀ ਤੇ ਇੱਕ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
    • ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
    • ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਅੰਮ੍ਰਿਤਸਰ ਏਅਰਪੋਰਟ ਉੱਤੇ ਰੋਕੇ ਜਾਣ ਦੀ ਨਿਖੇਧੀ ਕੀਤੀ ਹੈ ਤੇ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਹਨ।
    • ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਉਨ੍ਹਾਂ ਖਿਡਾਰੀਆਂ ਲਈ ਪ੍ਰਤੀ ਮਹੀਨਾ 16000 ਰੁਪਏ ਵਜ਼ੀਫੇ ਦਾ ਐਲਾਨ ਕੀਤਾ ਹੈ ਜੋ ਕੌਮੀ ਖੇਡਾਂ ਵਿੱਚ ਮੈਡਲ ਲਿਆ ਰਹੇ ਹਨ ਤੇ ਭਵਿੱਖ ਵਿੱਚ ਖੇਡਾਂ ਲਈ ਤਿਆਰੀ ਕਰ ਰਹੇ ਹਨ।
    • ਸੂਡਾਨ ਵਿੱਚ ਫਸੇ ਭਾਰਤੀਆਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਮੰਤਰੀਆਂ ਤੇ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ।
    • ਸੀਬੀਆਈ ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਕਥਿਤ ਬੀਮਾ ਘੁਟਾਲਾ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੈ।
  20. ਤੁਹਾਡਾ ਸਵਾਗਤ ਹੈ!

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਸਾਡੇ ਇਸ ਲਾਈਵ ਪੰਨੇ ਰਾਹੀਂ ਅਸੀਂ ਤੁਹਾਨੂੰ ਪੰਜਾਬ ਦੇ ਨਾਲ-ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਅਹਿਮ ਖ਼ਬਰਾਂ ਬਾਰੇ ਜਾਣਕਾਰੀ ਦੇਵਾਂਗੇ।

    21 ਅਪ੍ਰੈਲ ਦੀਆਂ ਸਰਗਮੀਆਂ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।