You’re viewing a text-only version of this website that uses less data. View the main version of the website including all images and videos.

Take me to the main website

ਪੁੰਛ ਹਮਲੇ ਵਿੱਚ ਮਾਰੇ ਗਏ ਪੰਜਾਬ ਦੇ ਫੌਜੀਆਂ ਦੇ ਪਰਿਵਾਰਾਂ ਲਈ ਸਰਕਾਰੀ ਨੌਕਰੀ ਤੇ ਇੱਕ ਕਰੋੜ ਦੀ ਰਾਸ਼ੀ ਦਾ ਐਲਾਨ

ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਸਿੰਘ ਕੰਬੋਜ ਨੂੰ ‘ਜਬਰੀ ਵਸੂਲੀ’ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਲਾਈਵ ਕਵਰੇਜ

  1. ਲਾਈਵ ਪੰਨੇ ਨੂੰ ਵਿਰਾਮ, ਅੱਜ ਦਾ ਮੁੱਖ ਘਟਨਾਕ੍ਰਮ

    ਅਸੀਂ ਅੱਜ ਦਾ ਇਹ ਲਾਈਵ ਪੇਜ ਇੱਥੇ ਹੀ ਖ਼ਤਮ ਕਰ ਰਹੇ ਹਾਂ। ਅੱਜ ਦੀਆਂ ਦਿਨ ਭਰ ਦੀਆਂ ਮੁੱਖ ਖ਼ਬਰਾਂ ਉੱਤੇ ਮਾਰੋ ਇੱਕ ਝਾਤ-

    • ਵੀਰਵਾਰ ਨੂੰ ਭਾਰਤ-ਸ਼ਾਸਿਤ ਕਸ਼ਮੀਰ ਦੇ ਪੁੰਛ ਵਿੱਚ ਹਮਲੇ ਵਿੱਚ ਮਾਰੇ ਗਏ ਪੰਜਾਬ ਦੇ ਫੌਜੀਆਂ ਦੇ ਘਰ ਮਾਤਮ ਪਸਰਿਆ ਹੈ, ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
    • ਪੰਜਾਬ ਸਰਕਾਰ ਨੇ ਮ੍ਰਿਤਕ ਫੌਜੀਆਂ ਦੇ ਪਰਿਵਾਰਾਂ ਲਈ ਸਰਕਾਰੀ ਨੌਕਰੀ ਤੇ ਇੱਕ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
    • ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
    • ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਮ੍ਰਿਤਪਾਲ ਦੀ ਪਤਨੀ ਨੂੰ ਅੰਮ੍ਰਿਤਸਰ ਏਅਰਪੋਰਟ ਉੱਤੇ ਰੋਕੇ ਜਾਣ ਦੀ ਨਿਖੇਧੀ ਕੀਤੀ ਹੈ ਤੇ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਹਨ।
    • ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਉਨ੍ਹਾਂ ਖਿਡਾਰੀਆਂ ਲਈ ਪ੍ਰਤੀ ਮਹੀਨਾ 16000 ਰੁਪਏ ਵਜ਼ੀਫੇ ਦਾ ਐਲਾਨ ਕੀਤਾ ਹੈ ਜੋ ਕੌਮੀ ਖੇਡਾਂ ਵਿੱਚ ਮੈਡਲ ਲਿਆ ਰਹੇ ਹਨ ਤੇ ਭਵਿੱਖ ਵਿੱਚ ਖੇਡਾਂ ਲਈ ਤਿਆਰੀ ਕਰ ਰਹੇ ਹਨ।
    • ਸੂਡਾਨ ਵਿੱਚ ਫਸੇ ਭਾਰਤੀਆਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਮੰਤਰੀਆਂ ਤੇ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ।
    • ਸੀਬੀਆਈ ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਕਥਿਤ ਬੀਮਾ ਘੁਟਾਲਾ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੈ।
  2. ਸੱਤਿਆਪਾਲ ਮਲਿਕ ਨੂੰ ਸੀਬੀਆਈ ਦਾ ਨੋਟਿਸ, ਪੜ੍ਹੋ ਕੀ ਦਿੱਤਾ ਜਵਾਬ?

    ਸੀਬੀਆਈ ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਨੋਟਿਸ ਜਾਰੀ ਕਰਕੇ ਕਥਿਤ ਬੀਮਾ ਘੁਟਾਲੇ ਮਾਮਲੇ ਵਿੱਚ ਕੁਝ ਸਵਾਲਾਂ ਦੇ ਜਵਾਬ ਮੰਗੇ ਹਨ।

    ਮਲਿਕ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਹੈ ਕਿ ਸੀਬੀਆਈ ਨੇ ਉਨ੍ਹਾਂ ਨੂੰ 'ਕੁਝ ਸਪੱਸ਼ਟੀਕਰਨਾਂ' ਲਈ ਅਕਬਰ ਰੋਡ ਸਥਿਤ ਆਪਣੇ ਗੈਸਟ ਹਾਊਸ 'ਚ ਬੁਲਾਇਆ ਹੈ।

    ਮਲਿਕ ਨੇ ਕਿਹਾ, ''ਉਨ੍ਹਾਂ ਨੇ ਕੁਝ ਗੱਲਾਂ ਦਾ ਪਤਾ ਕਰਨਾ ਹੈ, ਜਿਸ ਲਈ ਮੈਨੂੰ ਬੁਲਾਇਆ ਗਿਆ ਹੈ। ਮੈਂ ਰਾਜਸਥਾਨ ਜਾ ਰਿਹਾ ਹਾਂ ਇਸ ਲਈ ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਮੈਂ 27-29 ਅਪ੍ਰੈਲ ਦੇ ਵਿਚਕਾਰ ਉਪਲਬਧ ਹੋਵਾਂਗਾ।

    ਕੁਝ ਦਿਨ ਪਹਿਲਾਂ ਸੱਤਿਆਪਾਲ ਮਲਿਕ ਨੇ ਨਿਊਜ਼ ਵੈੱਬਸਾਈਟ 'ਦਿ ਵਾਇਰ' ਦੇ ਸੀਨੀਅਰ ਪੱਤਰਕਾਰ ਕਰਨ ਥਾਪਰ ਨੂੰ ਇੱਕ ਇੰਟਰਵਿਊ ਦਿੱਤਾ ਸੀ।

    ਇੰਟਰਵਿਊ 'ਚ ਸੱਤਿਆਪਾਲ ਮਲਿਕ ਨੇ ਪੁਲਵਾਮਾ ਹਮਲੇ ਲਈ ਨਾ ਸਿਰਫ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਸਗੋਂ ਭ੍ਰਿਸ਼ਟਾਚਾਰ ਨੂੰ ਲੈ ਕੇ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਕਈ ਗੰਭੀਰ ਇਲਜ਼ਾਮ ਲਾਏ ਸਨ।

    ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਅਤੇ ਗੋਆ ਦਾ ਰਾਜਪਾਲ ਰਹਿੰਦੇ ਹੋਏ ਉਨ੍ਹਾਂ ਨੇ ਕਈ ਵਾਰ ਭ੍ਰਿਸ਼ਟਾਚਾਰ ਦਾ ਮੁੱਦਾ ਪ੍ਰਧਾਨ ਮੰਤਰੀ ਦੇ ਸਾਹਮਣੇ ਚੁੱਕਿਆ ਪਰ ਕੋਈ ਕਾਰਵਾਈ ਨਹੀਂ ਹੋਈ।

    ਸੱਤਿਆਪਾਲ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਰੀਬੀ ਲੋਕ ਉਨ੍ਹਾਂ ਦੇ ਕੋਲ ਜੰਮੂ-ਕਸ਼ਮੀਰ ਵਿੱਚ ਦਲਾਲੀ ਦਾ ਕੰਮ ਲੈ ਕੇ ਆਏ, ਜਿਸ ਵਿੱਚ ਉਨ੍ਹਾਂ ਨੂੰ 300 ਕਰੋੜ ਰੁਪਏ ਦਾ ਆਫਰ ਦਿੱਤਾ ਗਿਆ। ਇਸ ਕੰਮ ਨੂੰ ਕਰਨ ਲਈ ਉਨ੍ਹਾਂ ਨੇ ਇਨਕਾਰ ਕਰ ਦਿੱਤਾ।

    ਸੱਤਿਆਪਾਲ ਮਲਿਕ ਨੇ ਕਿਹਾ,’’ਮੈਂ ਸੇਫਲੀ ਕਹਿ ਸਕਦਾ ਹਾਂ ਕਿ ਪ੍ਰਧਾਨ ਮੰਤਰੀ ਜੀ ਨੂੰ ਕਰਪਸ਼ਨ ਤੋਂ ਕੋਈ ਬਹੁਤ ਨਫ਼ਰਤ ਨਹੀਂ ਹੈ।‘’

    ਸੱਤਿਆਪਾਲ ਮਲਿਕ 2019 ਤੋਂ ਅਗਸਤ 2020 ਤੱਕ ਗੋਆ ਦੇ ਅਤੇ ਅਗਸਤ 2020 ਤੋਂ ਅਕਤੂਬਰ 2022 ਤੱਕ ਮੇਘਾਲਿਆ ਦੇ ਰਾਜਪਾਲ ਰਹੇ ਹਨ।

  3. ਪੁੰਛ ਹਮਲਾ: ਮਾਰੇ ਗਏ ਚਾਰ ਫੌਜੀਆਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਤੇ ਇੱਕ ਕਰੋੜ ਰੁਪਏ ਦੇਣ ਦਾ ਐਲਾਨ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ ਕਸ਼ਮੀਰ ਦੇ ਪੁੰਛ ਵਿੱਚ ਮਾਰੇ ਗਏ ਪੰਜਾਬ ਦੇ ਚਾਰ ਫੌਜੀਆਂ ਦੇ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਇੱਕ-ਇੱਕ ਕਰੋੜ ਰੁਪਏ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

    ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਬਹਾਦਰ ਫੌਜੀ ਜਵਾਨਾਂ ਦੀ ਪਛਾਣ ਹਵਲਦਾਰ ਮਨਦੀਪ ਸਿੰਘ, ਪਿੰਡ ਚਣਕੋਈਆਂ ਕਾਕਨ (ਲੁਧਿਆਣਾ),ਲਾਂਸ ਨਾਇਕ ਕੁਲਵੰਤ ਸਿੰਘ, ਪਿੰਡ ਚੜਿੱਕ (ਮੋਗਾ), ਸਿਪਾਹੀ ਹਰਕ੍ਰਿਸ਼ਨ ਸਿੰਘ, ਪਿੰਡ ਤਲਵੰਡੀ ਭਰਥ (ਗੁਰਦਾਸਪੁਰ) ਅਤੇ ਸਿਪਾਹੀ ਸੇਵਕ ਸਿੰਘ ਪਿੰਡ ਬਾਘਾ (ਬਠਿੰਡਾ) ਵਜੋਂ ਹੋਈ ਹੈ।

    ਭਗਵੰਤ ਮਾਨ ਨੇ ਹਮਲੇ ਦੀ ਨਿਖੇਧੀ ਕਰਦੇ ਹੋਏ ਫੌਜੀਆਂ ਦੀ ਮੌਤ ਉੱਤੇ ਦੁੱਖ ਜ਼ਾਹਰ ਕੀਤਾ।

    ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਬਹਾਦਰ ਨਾਇਕਾਂ ਵੱਲੋਂ ਦੇਸ਼ ਦੀ ਰਾਖੀ ਲਈ ਦਿਖਾਈ ਸੂਰਮਗਤੀ ਬਾਕੀ ਫੌਜੀਆਂ ਨੂੰ ਵੀ ਆਪਣੀ ਡਿਊਟੀ ਸਮਰਪਿਤ ਭਾਵਨਾ ਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰਦੀ ਰਹੇਗੀ।

    ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਵੀ ਮੁਲਕ ਨੂੰ ਬਰਤਾਨਵੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬੀਆਂ ਵੱਲੋਂ ਸਰਹੱਦਾਂ ਉਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ।

  4. ਸੂਡਾਨ ਹਿੰਸਾ 'ਚ ਫਸੇ ਭਾਰਤੀਆਂ ਦੀ ਸਥਿਤੀ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਬੈਠਕ, ਕੀ ਗੱਲਬਾਤ ਹੋਈ?

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੂਡਾਨ ਹਿੰਸਾ 'ਚ ਪ੍ਰਭਾਵਿਤ ਹੋਏ ਭਾਰਤੀ ਲੋਕਾਂ ਦੀ ਸਥਿਤੀ ਜਾਨਣ ਲਈ ਉੱਚ ਪੱਧਰੀ ਬੈਠਕ ਕੀਤੀ।

    ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

    ਸਮਾਚਾਰ ਏਜੰਸੀ ਪੀਟੀਆਈ ਅਨੁਸਾਰ, ਇਸ ਵਰਚੁਅਲ ਮੀਟਿੰਗ ਵਿੱਚ ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਹਵਾਈ ਫੌਜ ਅਤੇ ਜਲ ਸੈਨਾ ਦੇ ਮੁਖੀਆਂ, ਵਿਦੇਸ਼ ਮਾਮਲਿਆਂ ਅਤੇ ਰੱਖਿਆ ਮੰਤਰਾਲੇ ਦੇ ਉੱਚ ਅਧਿਕਾਰੀਆਂ ਸਮੇਤ ਡਿਪਲੋਮੈਟਾਂ ਨੇ ਹਿੱਸਾ ਲਿਆ।

    ਵਿਦੇਸ਼ ਮੰਤਰੀ ਜੈਸ਼ੰਕਰ ਇਸ ਸਮੇਂ ਗੁਆਨਾ ਦੇ ਦੌਰੇ 'ਤੇ ਹਨ।

    ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਸੂਡਾਨ ਵਿੱਚ ਸਥਿਤੀ "ਬਹੁਤ ਤਣਾਅਪੂਰਨ" ਹੈ ਅਤੇ ਉਹ ਭਾਰਤੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਸ ਵਿੱਚ ਉਨ੍ਹਾਂ ਨੂੰ ਉਥੋਂ ਕੱਢਣ ਦੀ ਸੰਭਾਵੀ ਯੋਜਨਾ ਵੀ ਸ਼ਾਮਲ ਹੈ।

    ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਲਗਾਤਾਰ ਗੋਲਾਬਾਰੀ ਦੌਰਾਨ ਸੂਡਾਨ ਵਿੱਚ 100 ਤੋਂ ਵੱਧ ਭਾਰਤੀਆਂ ਦੇ ਫਸੇ ਹੋਣ ਦਾ ਅਨੁਮਾਨ ਹੈ।

    ਬੀਬੀਸੀ ਨੇ ਸੁਡਾਨ ਵਿੱਚ ਫਸੇ ਦੱਖਣੀ ਰਾਜ ਕਰਨਾਟਕ ਦੇ ਕੁਝ ਭਾਰਤੀਆਂ ਨਾਲ ਗੱਲ ਕੀਤੀ ਸੀ, ਜਿਸ ਦੌਰਾਨ ਭਾਰੀ ਗੋਲੀਬਾਰੀ ਸੁਣਾਈ ਦਿੱਤੀ।

    ਭਾਰਤੀ ਦੂਤਾਵਾਸ ਅਨੁਸਾਰ 181 ਭਾਰਤੀ ਨਾਗਰਿਕ ਸੂਡਾਨ ਵਿੱਚ ਫਸੇ ਹੋਏ ਹਨ।

    ਸੂਡਾਨ 'ਚ ਫਸੇ ਭਾਰਤੀ ਕੌਣ ਹਨ?

    ਕਰਨਾਟਕ ਵਿੱਚ ਹਕੀ-ਪਿੱਕੀ ਕਬੀਲੇ ਦੇ ਜ਼ਿਆਦਾਤਰ ਲੋਕ ਸਥਾਨਕ ਲੋਕਾਂ ਨੂੰ ਆਪਣੇ ਹਰਬਲ ਅਤੇ ਆਯੁਰਵੈਦਿਕ ਪਦਾਰਥ ਵੇਚਣ ਲਈ ਸੂਡਾਨ ਜਾਂਦੇ ਹਨ।

    ਇਨ੍ਹਾਂ ਵਿੱਚੋਂ ਜ਼ਿਆਦਾਤਰ ਪਾਊਡਰ ਪੇਟ ਦੀਆਂ ਸਮੱਸਿਆਵਾਂ ਜਾਂ ਸਿਰ ਦਰਦ ਨੂੰ ਠੀਕ ਕਰਨ ਲਈ ਵਰਤੇ ਜਾਂਦੇ ਹਨ।

    ਉਹ ਵਾਲਾਂ ਲਈ ਤੇਲ ਵੀ ਵੇਚਦੇ ਹਨ ਜੋ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ।

  5. ਗੋਧਰਾ ਕਾਂਡ ਦੇ ਅੱਠ ਦੋਸ਼ੀਆਂ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ, ਅਦਾਲਤ ਨੇ ਕੀ ਕਿਹਾ

    ਸੁਚਿਤਰਾ ਮੋਹੰਤੀ, ਬੀਬੀਸੀ ਪੱਤਰਕਾਰ

    ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਗੁਜਰਾਤ ਦੇ ਗੋਧਰਾ ਰੇਲ ਕਾਂਡ ਦੇ ਅੱਠ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ।

    ਕੋਰਟ ਨੇ ਕਿਹਾ ਕਿ ਇਹਨਾਂ ਨੂੰ ਇਹ ਰਾਹਤ ਜੁਰਮ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਉਨ੍ਹਾ ਵੱਲੋਂ ਹੁਣ ਤੱਕ ਕੱਟੀ ਸਜ਼ਾ ਦੇ ਆਧਾਰ 'ਤੇ ਦਿੱਤੀ ਜਾ ਰਹੀ ਹੈ।

    ਸੁਪਰੀਮ ਕੋਰਟ ਨੇ ਚਾਰ ਹੋਰ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ 'ਤੇ ਉਨ੍ਹਾਂ ਦੀ ਭੂਮਿਕਾ ਨੂੰ ਦੇਖਦੇ ਹੋਏ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ।

    ਇਹ ਦੋਸ਼ੀ ਮੌਤ ਦੀ ਸਜ਼ਾ ਭੁਗਤ ਰਹੇ ਹਨ।

    ਇਸ ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਪੀਐੱਸ ਨਰਸਿਮ੍ਹਾ ਕਰ ਰਹੇ ਹਨ।

    ਗੋਧਰਾ ’ਚ ਕੀ ਹੋਇਆ ਸੀ?

    27 ਫਰਵਰੀ 2002 ਨੂੰ ਗੋਧਰਾ ਸਟੇਸ਼ਨ 'ਤੇ ਸਾਬਰਮਤੀ ਐਕਸਪ੍ਰੈੱਸ ਦੇ ਇੱਕ ਡੱਬੇ ਨੂੰ ਅੱਗ ਲਗਾ ਦਿੱਤੀ ਗਈ ਸੀ।

    ਉਸ ਅੱਗ ਵਿੱਚ 59 ਲੋਕ ਮਾਰੇ ਗਏ ਸਨ।

    ਇਨ੍ਹਾਂ ਵਿਚੋਂ ਜ਼ਿਆਦਾਤਰ ਅਯੁੱਧਿਆ ਤੋਂ ਵਾਪਿਸ ਆ ਰਹੇ ਹਿੰਦੂ ਕਾਰਸੇਵਕ ਸਨ।

    ਇਸ ਤੋਂ ਬਾਅਦ ਪੂਰੇ ਗੁਜਰਾਤ ਵਿੱਚ ਦੰਗੇ ਭੜਕ ਗਏ ਜਿਸ ਵਿੱਚ 1000 ਤੋਂ ਵੱਧ ਲੋਕ ਮਾਰੇ ਗਏ ਸਨ।

    ਸੂਬੇ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਯੋਜਨਾਬੱਧ ਘਟਨਾ ਕਿਹਾ ਸੀ।

  6. ਅਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਏਅਰਪੋਰਟ ਉੱਤੇ ਰੋਕੇ ਜਾਣ ਬਾਰੇ ਜਥੇਦਾਰ ਹਰਪ੍ਰੀਤ ਸਿੰਘ ਨੇ ਕੀ ਕਿਹਾ

    ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਵੀਰਵਾਰ ਨੂੰ ਅੰਮ੍ਰਿਤਸਰ ਏਅਰਪੋਰਟ ਉੱਤੇ ਰੋਕੇ ਜਾਣ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, “ਪਤਾ ਨਹੀਂ ਕਿਉਂ ਸਰਕਾਰ ਇਸ ਤਰ੍ਹਾਂ ਦੇ ਮਾਹੌਲ ਸਿਰਜ ਰਹੀ ਹੈ। ਉਹ ਲੜਕੀ ਆਪਣੇ ਘਰ ਵਿੱਚ ਸੀ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।”

    ਉਨ੍ਹਾਂ ਕਿਹਾ, ”ਜੇ ਲੋੜ ਹੈ ਤਾਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਉਸ ਉੱਪਰ ਕੋਈ ਐੱਫਆਈਆਰ ਵੀ ਨਹੀਂ ਹੈ।”

    ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, “ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਉਸ ਤੋਂ ਪੁੱਛਗਿੱਛ ਜ਼ਰੂਰੀ ਹੈ ਤਾਂ ਘਰ ਜਾ ਕੇ ਅਦਬ ਸਤਿਕਾਰ ਨਾਲ ਪੁੱਛਿਆ ਜਾ ਸਕਦਾ ਹੈ। ਉਸ ਲੜਕੀ ਦਾ ਬ੍ਰਿਟੇਨ ਘਰ ਹੈ ਪਰ ਉਸ ਨੂੰ ਰੋਕਿਆ ਜਾਣਾ ਠੀਕ ਨਹੀਂ ਹੈ। ਅਸੀਂ ਕਿਸੇ ਨੂੰ ਕਿਸੇ ਦੇ ਘਰ ਜਾਣ ਤੋਂ ਕਿਵੇਂ ਰੋਕ ਸਕਦੇ ਹਾਂ, ਉਹ ਵੀ ਉਸ ਸਮੇਂ ਜਦੋਂ ਉਸ ਨੇ ਕੋਈ ਅਪਰਾਧ ਹੀ ਨਹੀਂ ਕੀਤਾ।”

    ਫਿਲਹਾਲ ਖ਼ਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਵਾਪਸ ਉਨ੍ਹਾਂ ਦੇ ਪਿੰਡ ਜੱਲੂਪੁਰ ਖੇੜਾ ਵਾਪਸ ਆ ਗਏ ਹਨ। ਦਰਅਸਲ, ਉਨ੍ਹਾਂ ਨੂੰ ਬ੍ਰਿਟੇਨ ਜਾਣ ਵੇਲੇ ਵੀਰਵਾਰ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਰੋਕ ਲਿਆ ਗਿਆ ਸੀ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਖਾਲਿਸਤਾਨ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਭਾਰਤੀ ਏਜੰਸੀਆਂ ਨੇ ਬ੍ਰਿਟੇਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ।

    ਅਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਸੀ ਕਿ ਉਨ੍ਹਾਂ ਨੂੰ ਸਾਈਡ 'ਤੇ ਬਿਠਾਇਆ ਗਿਆ ਸੀ ਅਤੇ ਆਮ ਗੱਲਾਂ ਹੀ ਪੁੱਛੀਆਂ ਗਈਆਂ ਸਨ।

    ਕਿਰਨਦੀਪ ਕੌਰ ਦੇ ਬ੍ਰਿਟੇਨ ਜਾਣ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ ਅਜੇ ਵੀਜ਼ਾ ਖ਼ਤਮ ਹੋਣ ਵਿੱਚ ਮਹੀਨਾ ਕੁ ਬਾਕੀ ਹੈ ਪਰ "ਸਾਨੂੰ ਲੱਗਾ ਕਿ ਉਸ ਦਾ ਕੋਈ ਰਿਸ਼ਤੇਦਾਰ ਤਾਂ ਇਧਰ ਹੈ ਨਹੀਂ, ਇਸ ਲਈ ਉਧਰ ਹੀ ਘੁੰਮ-ਫਿਰ ਆਵੇਗੀ। ਪਰ ਜੇ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਜਾਂਦੇ ਹੀ ਨਹੀਂ।"

    ਏਜੰਸੀ ਦੀ ਰਿਪੋਰਟ ਮੁਤਾਬਕ ਕਿਰਨਦੀਪ ਕੌਰ ਨੇ ਅਮ੍ਰਿਤਸਰ ਤੋਂ ਬਰਮਿੰਘਮ ਲਈ 2.30 ਵਜੇ ਦੀ ਫਲਾਇਟ ਰਾਹੀ ਜਾਣਾ ਸੀ ਅਤੇ ਉਨ੍ਹਾਂ ਕਰੀਬ 12.20 ਮਿੰਟ ਉੱਤੇ ਇੰਮੀਗਰੇਸ਼ਨ ਕਾਊਟਰ ਉੱਤੇ ਰਿਪੋਟਰ ਕੀਤਾ, ਪਰ ਲੁੱਕ ਆਊਟ ਸਰਕੂਲਰ ਕਾਰਨ ਉਨ੍ਹਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ।

    ਅਮ੍ਰਿਤਪਾਲ ਸਿੰਘ 18 ਮਾਰਚ ਤੋਂ ਫਰਾਰ ਹਨ ਤੇ ਪੁਲਿਸ ਉਨ੍ਹਾਂ ਦੀ ਭਾਲ ਵਿੱਚ ਜੁਟੀ ਹੋਈ ਹੈ।

  7. ਕੌਮੀ ਖੇਡਾਂ ਜਿੱਤਣ ਵਾਲੇ ਖਿਡਾਰੀਆਂ ਨੂੰ 16 ਹਜ਼ਾਰ ਪ੍ਰਤੀ ਮਹੀਨੇ ਦਾ ਐਲਾਨ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਖੇਡਾਂ 2022 ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਇਹ ਸਮਾਗਮ ਚੰਡੀਗੜ੍ਹ ਵਿੱਚ ਮਿਊਂਸੀਪਲ ਭਵਨ ਦੇ ਵਿੱਚ ਰੱਖਿਆ ਗਿਆ ਸੀ।

    ਇਸ ਦੌਰਾਨ ਉਨ੍ਹਾਂ ਨੇ ਹਾਕੀ ਦੇ ਮਰਹੂਮ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਨਾਮ 'ਤੇ ਸ਼ੁਰੂ ਕੀਤੀ ਗਈ ਸਕਾਲਰਸ਼ਿਪ ਸਕੀਮ ਤਹਿਤ ਨੈਸ਼ਨਲ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਭਵਿੱਖ ਦੇ ਟੂਰਨਾਮੈਂਟ ਦੀ ਤਿਆਰੀ ਲਈ 16,000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦੇਣ ਦਾ ਐਲਾਨ ਕੀਤਾ ਹੈ।

    ਇਸ ਸਮਾਗਮ ਵਿੱਚ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਖਿਡਾਰੀਆਂ ਨੂੰ ਨਕਦ ਰਾਸ਼ੀ ਦੇ ਨਾਲ ਨਵਾਜ਼ਿਆ।

  8. ‘ਆਪ’ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ‘ਜਬਰੀ ਵਸੂਲੀ’ ਦੇ ਕੇਸ ’ਚ ਗ੍ਰਿਫ਼ਤਾਰ

    ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਸਿੰਘ ਕੰਬੋਜ ਨੂੰ ‘ਜਬਰੀ ਵਸੂਲੀ’ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

    ਸੁਰਿੰਦਰ ਕੰਬੋਜ ਉੱਤੇ ਰੇਪ ਦੇ ਝੂਠੇ ਕੇਸ ਵਿੱਚ ਫਸਾ ਕੇ ਇੱਕ ਵਿਅਕਤੀ ਨੂੰ ਬਲੈਕਮੇਲ ਕਰਨ ਅਤੇ ਮੁਲਜ਼ਮਾਂ ਵੱਲੋਂ 10 ਲੱਖ ਰੁਪਏ ਦੀ ਮੰਗ ਕਰਨ ਦਾ ਇਲਜ਼ਾਮ ਹੈ।

    ਸਿਟੀ ਜਲਾਲਾਬਾਦ ਥਾਣੇ ਵਿੱਚ ਦਰਜ ਐੱਫ਼ਆਈਆਰ ਮੁਤਾਬਕ ਸੁਨੀਲ ਕੁਮਾਰ ਨਾਮ ਦੇ ਵਿਅਕਤੀ ਨੇ ਚਾਰ ਲੋਕਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।

    ਸੁਨੀਲ ਕੁਮਾਰ ਜਲਾਲਾਬਾਦ ਦਾ ਰਹਿਣ ਵਾਲਾ ਹੈ ਅਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ।

    ਐੱਫ਼ਆਈਆਰ ਮੁਤਾਬਕ ਸੁਰਿੰਦਰ ਕੰਬੋਜ ਨੇ ਰਾਜ਼ੀਨਾਮਾ ਕਰਵਾਉਣ ਲਈ ਫੌਨ ਕੀਤਾ ਸੀ ਅਤੇ ਕੇਸ 10 ਲੱਖ ਵਿੱਚ ਨਿਬੜ ਜਾਣ ਦੀ ਗੱਲ ਆਖੀ ਸੀ।

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਭਾਵੇਂ ਕੋਈ ਵੀ ਵਿਅਕਤੀ ਹੋਵੇ ਜਾਂ ਉਹਨਾਂ ਦੀ ਪਾਰਟੀ ਦਾ ਲੀਡਰ ਹੋਵੇ।

    ਪੁਲਿਸ ਨੇ ਆਈਪੀਸੀ ਦੀਆਂ ਧਾਰਾਵਾਂ 384, 389 ਅਤੇ 34 ਤਹਿਤ ਕੁੱਲ ਚਾਰ ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਹੈ।

    ਨਿਊਜ਼-18 ਨਾਲ ਗੱਲਬਾਤ ਕਰਦਿਆਂ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਜੇਕਰ ਕੋਈ ਗਰੀਬ ਬੰਦੇ ਨਾਲ ਧੱਕਾ ਕਰੇਗਾ ਤਾਂ ਬਕਸ਼ਿਆ ਨਹੀਂ ਜਾਵੇਗਾ ਭਾਵੇਂ ਕੋਈ ਉਹਨਾਂ ਦੇ ਘਰ ਦਾ ਹੀ ਕਿਉਂ ਨਾ ਹੋਵੇ।

  9. ਸਿਪਾਹੀ ਹਰਕ੍ਰਿਸ਼ਨ ਸਿੰਘ ਦੋ ਸਾਲ ਦੀ ਬੇਟੀ ਤੇ ਗਰਭਵਤੀ ਪਤਨੀ ਪਿੱਛੇ ਛੱਡ ਗਏ

    ਜੰਮੂ-ਕਸ਼ਮੀਰ ਦੇ ਪੁੰਛ 'ਚ ਬੀਤੇ ਦਿਨ ਫੌਜ ਦੀ ਗੱਡੀ 'ਚ ਅੱਗ ਲੱਗਣ ਕਾਰਨ ਪੰਜ ਫੌਜੀਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚੋਂ 4 ਪੰਜਾਬ ਨਾਲ ਸੰਬਧਤ ਹਨ।

    ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾਦੀ ਰਿਪੋਰਟ ਮੁਤਾਬਕ, 27 ਸਾਲਾ ਹਰਕ੍ਰਿਸ਼ਨ ਸਿੰਘ 49 ਰਾਸ਼ਟਰੀ ਰਾਇਫਲਸ ਵਿੱਚ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦੇ ਪਿਤਾ ਦਾ ਨਾਮ ਮੰਗਲ ਸਿੰਘ ਹੈ ਅਤੇ ਉਹ ਭਾਰਤੀ ਫੌਜ 'ਚੋਂ ਰਿਟਾਇਰਡ ਹਨ।

    ਉਨ੍ਹਾਂ ਦੇ ਪਿੰਡ ਤਲਵੰਡੀ ਭਰਥ ਖ਼ਬਰ ਪਹੁੰਚਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

    ਉਹ ਆਪਣੇ ਪਿੱਛੇ ਪਤਨੀ ਦਲਜੀਤ ਕੌਰ ਤੇ ਇਕ ਕਰੀਬ ਦੋ ਸਾਲ ਦੀ ਬੇਟੀ ਛੱਡ ਗਏ ਹਨ ਅਤੇ ਉਨ੍ਹਾਂ ਦੀ ਪਤਨੀ ਗਰਭਵਤੀ ਵੀ ਹੈ। ਹਰਕਿਸ਼ਨ ਸਿੰਘ 2017 ਵਿੱਚ ਫੌਜ ਭਰਤੀ ਹੋਏ ਸਨ।

    ਦਲਜੀਤ ਕੌਰ ਨੇ ਦਸਿਆ, "ਬੀਤੇ ਦਿਨ ਪੂਰੇ ਪਰਿਵਾਰ ਦੀ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ ਸੀ ਅਤੇ ਉਨ੍ਹਾਂ ਬੇਟੀ ਖੁਸ਼ਪ੍ਰੀਤ ਕੌਰ ਨਾਲ ਵੀਡੀਓ ਕਾਲ ਰਾਹੀਂ ਲੰਮੀ ਗੱਲਬਾਤ ਕੀਤੀ ਸੀ।"

    ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

  10. ਦਿੱਲੀ ਦੇ ਸਾਕੇਤ ਕੋਰਟ ਵਿੱਚ ਚੱਲੀ ਗੋਲੀ, ਇੱਕ ਔਰਤ ਜ਼ਖ਼ਮੀ

    ਦਿੱਲੀ ਦੇ ਸਾਕੇਤ ਕੋਰਟ ਵਿੱਚ ਗੋਲੀ ਚੱਲਣ ਦੀ ਖ਼ਬਰ ਹੈ, ਜਿਸ ਵਿੱਚ ਇੱਕ ਔਰਤ ਜਖ਼ਮੀ ਹੋ ਗਈ ਹੈ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਸਾਕੇਤ ਕੋਰਟ ਵਿੱਚ 4 ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਇੱਕ ਔਰਤ ਜਖ਼ਮੀ ਹੋ ਗਈ ਹੈ।

    ਘਟਨਾ ਵਾਲੀ ਥਾਂ ਪੁਲਿਸ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।"

  11. ਲਾਂਸ ਨਾਇਕ ਕੁਲਵੰਤ ਸਿੰਘ ਦੇ ਪਿਤਾ ਕਾਰਗਿਲ ਵਿੱਚ ਮਾਰੇ ਗਏ ਸਨ

    ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਚੜਿੱਕ ਦੇ ਰਹਿਣ ਵਾਲੇ ਭਾਰਤੀ ਫੌਜ ਦੇ ਲਾਂਸ ਨਾਇਕ ਕੁਲਵੰਤ ਸਿੰਘ ਦੀ ਇੱਕ ਹਮਲੇ ਵਿੱਚ ਮੌਤ ਹੋਣ ਤੋਂ ਬਾਅਦ ਉਨਾਂ ਦੇ ਘਰ ਮਾਤਮ ਦਾ ਮਾਹੌਲ ਪਸਰ ਗਿਆ ਹੈ।

    ਕੁਲਵੰਤ ਸਿੰਘ ਦੇ ਤਾਇਆ ਮੰਦਰ ਸਿੰਘ ਨੇ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਨੂੰ ਦੱਸਿਆ ਕਿ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਵੀ ਕਾਰਗਿਲ ਦੀ ਜੰਗ ਦੌਰਾਨ ਮਾਰੇ ਗਏ ਸਨ।

    ਉਨ੍ਹਾਂ ਨੇ ਦੱਸਿਆ ਕਿ ਕੁਲਵੰਤ ਸਿੰਘ 14 ਸਾਲ ਪਹਿਲਾਂ ਇੰਡੀਅਨ ਆਰਮੀ ਵਿੱਚ ਭਰਤੀ ਹੋਇਆ ਸੀ। ਕਰੀਬ ਦੋ ਮਹੀਨੇ ਪਹਿਲਾਂ ਹੀ ਉਹ ਆਪਣੇ ਪਰਿਵਾਰ ਨੂੰ ਮਿਲ ਕੇ ਗਏ ਸੀ।

    ਇਸ ਤੋਂ ਇਲਾਵਾ ਮਰਨ ਵਾਲਿਆਂ ਵਿੱਚ ਹਵਲਦਾਰ ਮਨਦੀਪ ਸਿੰਘ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਣਕੋਈਆਂ ਕਲਾਂ ਦੇ ਰਹਿਣ ਵਾਲੇ ਸਨ। ਸਿਪਾਹੀ ਹਰਕ੍ਰਿਸ਼ਨ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਸਨ।

    ਸਿਪਾਹੀ ਸੇਵਕ ਸਿੰਘ ਬਠਿੰਡਾ ਵਿੱਚ ਪੈਂਦੇ ਤਲਵੰਡੀ ਸਾਬੋ ਦੇ ਪਿੰਡ ਬੱਘਾ ਦੇ ਰਹਿਣ ਵਾਲੇ ਸਨ। ਇਸ ਹਮਲੇ ਵਿੱਚ ਮਾਰਿਆ ਗਿਆ ਪੰਜਵਾਂ ਫੌਜੀ ਲਾਂਸ ਨਾਇਕ ਦੇਬਾਸ਼ੀਸ਼ ਓਡੀਸ਼ਾ ਦੇ ਪੁਰੀ ਦੇ ਰਹਿਣ ਵਾਲੇ ਸਨ। ਵਿਸਥਾਰ ਵਿੱਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

  12. ਭਗਵੰਤ ਮਾਨ ਤੋਂ ਲੈ ਕੇ ਸ਼ਾਹਰੁਖ਼ ਖ਼ਾਨ ਤੇ ਸਲਮਾਨ ਖ਼ਾਨ ਤੱਕ ਟਵਿੱਟਰ ਅਕਾਊਂਟਸ ਤੋਂ ਹਟੇ ਬਲੂ ਟਿੱਕ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਬੌਲੀਵੁੱਡ ਅਦਾਕਾਰ, ਅਮਿਤਾਭ ਬੱਚਨ, ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ, ਦੀਪਿਕਾ ਪਾਦੂਕੋਨ, ਕ੍ਰਿਕਟਰ ਵਿਰਾਟ ਕੋਹਲੀ ਸਣੇ ਹੋਰ ਕਈ ਹਸਤੀਆਂ ਦੇ ਟਵਿੱਟਰ ਹੈਂਡਲ ਤੋਂ ਬਲੂ ਟਿੱਕ ਹਟਾ ਦਿੱਤਾ ਗਿਆ ਹੈ।

    ਦਰਅਸਲ, ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੇ ਲਿਗੇਸੀ ਵੈਰੀਫਾਈਡ ਅਕਾਊਂਟਸ ਯਾਨੀ ਬਿਨਾਂ ਭੁਗਤਾਨ ਵਾਲੇ ਖ਼ਾਤਿਆਂ ਤੋਂ ਬਲੂ ਟਿੱਕ ਹਟਾ ਦਿੱਤੇ ਹਨ। ਜਿਵੇਂ ਹੀ ਵੀਰਵਾਰ ਰਾਤ 12ਵੱਜੇ, ਉਸੇ ਤਰ੍ਹਾਂ ਲਿਗੇਸੀ ਵੈਰੀਫਾਈਡ ਅਕਾਊਂਟਸ ਦੇ ਬਲੂ ਟਿੱਕਸ ਹਟ ਗਏ।

    ਭਾਰਤ ਸਣੇ ਸਾਰੇ ਦੇਸ਼ਾਂ ਦੇ ਆਗੂਆਂ, ਅਦਾਕਾਰਾਂ, ਪੱਤਰਕਾਰਾਂ, ਗਾਇਕਾਂ ਅਤੇ ਮਸ਼ਹੂਰ ਹਸਤੀਆਂ ਦੇ ਬਿਨਾਂ ਅਦਾਇਦੀ ਵਾਲੇ ਖ਼ਾਤਿਆਂ ਤੋਂ ਬਲੂ ਟਿੱਕ ਹਟਣੇ ਸ਼ੁਰੂ ਹੋ ਗਏ ਹਨ। ਇੱਕ ਹਫ਼ਤਾ ਪਹਿਲਾਂ, ਟਵਿੱਟਰ ਦੇ ਮਾਲਕ ਇਲੋਨ ਮਸਕ ਨੇ ਬਲੂ ਟਿੱਕ ਨੂੰ ਹਟਾਉਣ ਦਾ ਐਲਾਨ ਕਰ ਦਿੱਤਾ ਸੀ।

    ਮਸਕ ਨੇ 12 ਅਪ੍ਰੈਲ ਨੂੰ ਕਿਹਾ ਸੀ ਕਿ 20 ਅਪ੍ਰੈਲ ਤੋਂ ਬਲੂ ਟਿੱਕ ਹਟਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਲੋਕ ਬਲੂ ਟਿੱਕ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 'ਟਵਿਟਰ ਬਲੂ' ਦਾ ਪੇਡ ਸਬਸਕ੍ਰਿਪਸ਼ਨ ਲੈਣਾ ਹੋਵੇਗਾ ਯਾਨੀ ਕਿ ਮਹੀਨਾਵਾਰ ਫੀਸ ਭਰਨ ਤੋਂ ਬਾਅਦ ਹੀ ਯੂਜ਼ਰਸ ਦਾ ਬਲੂ ਟਿੱਕ ਜਾਰੀ ਰਹੇਗਾ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਬਲੂ ਟਿੱਕ ਹਾਸਿਲ ਕਰਨ ਲਈ 8 ਅਮਰੀਕੀ ਡਾਲਰ ਪ੍ਰਤੀ ਮਹੀਨਾ ਵੈੱਬ ਰਾਹੀਂ ਅਤੇ 11 ਅਮਰੀਕੀ ਡਾਲਰ ਆਈਓਐੱਸ ਅਤੇ ਐਨਰੋਇਡ ਰਾਹੀਂ ਭੁਗਤਾਨ ਕਰਨਾ ਹੋਵੇਗਾ।

  13. 20 ਅਪ੍ਰੈਲ ਦਾ ਮੁੱਖ ਘਟਨਾਕ੍ਰਮ

    • ਖਾਲਿਸਤਾਨ ਪੱਥੀ ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਦੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਪੁੱਛਗਿੱਛ ਹੋਈ।
    • ਰਮਜ਼ਾਨ ਮੌਕੇ ਯਮਨ ਦੀ ਰਾਜਧਾਨੀ ਸਨਾ ਵਿੱਚ ਭੱਗਦੜ ਮਚਣ ਕਾਰਨ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
    • ਕੇ-ਪੌਪ ਸਟਾਰ ਮੂਨ ਬਿਨ ਦਾ 25 ਸਾਲ ਦੀ ਉਮਰ ਵਿੱਚ ਦੇਹਾਂਤ।
    • ਕਾਂਗਰਸ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਆਪਣੇ ਵਾਲ ਦਾਨ ਕਰ ਦਿੱਤੇ ਹਨ। ਉਹ ਕੈਂਸਰ ਨਾਲ ਪੀੜ੍ਹਤ ਹਨ।
    • ਸੂਰਤ ਦੀ ਅਦਾਲਤ ਨੇ ਮਾਣਹਾਨੀ ਦੇ ਇੱਕ ਮਾਮਲੇ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ।
    • ਵਿਸ਼ੇਸ਼ ਅਦਾਲਤ ਨੇ ਨਰੋਦਾ ਪਾਟੀਆ ਕਤਲੇਆਮ ਦੇ ਸਾਰੇ ਮੁਲਜ਼ਮਾਂ ਨੂੰ ਕੀਤਾ ਬਰੀ
  14. ਤੁਹਾਡਾ ਸਵਾਗਤ ਹੈ!

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਸਾਡੇ ਇਸ ਲਾਈਵ ਪੰਨੇ ਰਾਹੀਂ ਅਸੀਂ ਤੁਹਾਨੂੰ ਪੰਜਾਬ ਦੇ ਨਾਲ-ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਅਹਿਮ ਖ਼ਬਰਾਂ ਬਾਰੇ ਜਾਣਕਾਰੀ ਦੇਵਾਂਗੇ।

    20 ਅਪ੍ਰੈਲ ਦੀਆਂ ਸਰਗਮੀਆਂ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।