
ਤਸਵੀਰ ਸਰੋਤ, Twitter/Lalit K Jha
ਤਸਵੀਰ ਕੈਪਸ਼ਨ, ਲਲਿਤ ਕੇ ਝਾਅ ਵਲੋਂ ਟਵਿਟਰ ’ਤੇ ਉਨ੍ਹਾਂ ਨਾਲ ਹੋਈ ਬਦਸਲੂਕੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।ਖ਼ਾਲਿਸਤਾਨ ਹਮਾਇਤੀ ਮੁਜ਼ਾਹਰਾਕਾਰੀਆਂ ਵਲੋਂ ਅਮਰੀਕਾ 'ਚ ਭਾਰਤੀ ਪੱਤਰਕਾਰ ਲਲਿਤ ਕੇ ਝਾਅ ਦੀ ਕੀਤੀ ਕੁੱਟਮਾਰ ਕੀਤੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ।
ਇਸ ਨਾਲ ਸਬੰਧਤ ਵਾਇਰਲ ਹੋਈ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੁਜ਼ਾਹਰਾਕਾਰੀ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਲ੍ਹਾਂ ਕੱਢ ਰਹੇ ਹਨ।
ਲਲਿਤ ਝਾਅ ਨੇ ਖ਼ੁਦ ਇੱਕ ਟਵੀਟ ਕਰਕੇ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਨੇ ਆਪਣੇ ਇੱਕ ਟਵੀਟ ਵਿੱਚ ਆਪਣੀ ਸੁਰੱਖਿਆ ਲਈ ਅਮਰੀਕੀ ਸੀਕਰੇਟ ਸਰਵਿਸ ਦਾ ਧੰਨਵਾਦ ਕਰਦੇ ਹੋਏ ਲਿਖਿਆ, "ਅੱਜ ਕੰਮ 'ਤੇ ਮੇਰੀ ਰੱਖਿਆ ਕਰਨ ਲਈ ਸੀਕਰੇਟ ਸਰਵਿਸ ਦਾ ਧੰਨਵਾਦ, ਨਹੀਂ ਤਾਂ ਮੈਂ ਇਹ ਹਸਪਤਾਲ ਤੋਂ ਲਿਖ ਰਿਹਾ ਹੁੰਦਾ।"ਉਸ ਨੇ ਲਿਖਿਆ, "ਇਸ ਸੱਜਣ ਨੇ ਮੇਰੇ ਖੱਬੇ ਕੰਨ 'ਤੇ ਡੰਡਿਆਂ ਨਾਲ ਦੋ ਵਾਰ ਮਾਰਿਆ। ਇਸ ਤੋਂ ਪਹਿਲਾਂ ਮੈਂ ਐਮਰਜੈਂਸੀ ਸੇਵਾ 911 'ਤੇ ਕਾਲ ਕੀਤੀ। ਇਸ ਲਈ ਪੁਲਿਸਕਰਮੀ ਮੇਰੇ ਨਾਲ ਸਰੀਰਕ ਹਿੰਸਾ ਦੇ ਖਤਰੇ ਦੀ ਕਿਆਸਰਾਈ ਲਗਾਉਣ ਤੋਂ ਬਾਅਦ ਮੇਰੀ ਸੁਰੱਖਿਆ ਲਈ ਪਹੁੰਚ ਗਈਆਂ।"
ਅਮਰੀਕਾ ਸਥਿਤ ਭਾਰਤੀ ਦੂਤਾਵਾਸ ਨੇ ਲਲਿਤ ਝਾਅ ਨਾਲ ਇਸ ਹਿੰਸਾ ਦੀ ਨਿੰਦਾ ਕੀਤੀ ਹੈ।

ਤਸਵੀਰ ਸਰੋਤ, ANI
ਦੂਤਾਵਾਸ ਨੇ ਆਪਣੀ ਵੈੱਬਸਾਈਟ 'ਤੇ ਜਾਰੀ ਇੱਕ ਬਿਆਨ ਵਿਚ ਕਿਹਾ, "ਅਸੀਂ ਅੱਜ ਵਾਸ਼ਿੰਗਟਨ ਡੀ.ਸੀ. ਵਿੱਚ ਹੋਏ ਕਥਿਤ 'ਖ਼ਾਲਿਸਤਾਨ ਵਿਰੋਧ ਪ੍ਰਦਰਸ਼ਨ' ਦੀ ਕਵਰੇਜ ਕਰਦੇ ਸਮੇਂ ਪ੍ਰੈਸ ਟਰੱਸਟ ਆਫ਼ ਇੰਡੀਆ ਦੇ ਇੱਕ ਸੀਨੀਅਰ ਭਾਰਤੀ ਪੱਤਰਕਾਰ ਨਾਲ ਦੁਰਵਿਵਹਾਰ ਕਰਨ, ਧਮਕਾਉਣ ਅਤੇ ਸਰੀਰਕ ਹਮਲਾ ਕੀਤੇ ਜਾਣ ਦੇ ਪਰੇਸ਼ਾਨ ਕਰਨ ਵਾਲੇ ਵਿਜ਼ੁਅਲ ਦੇਖੇ ਹਨ।"
ਭਾਰਤੀ ਦੂਤਾਵਾਸ ਮੁਤਾਬਕ, "ਸਾਡਾ ਮੰਨਣਾ ਹੈ ਕਿ ਪੱਤਰਕਾਰ ਨੂੰ ਪਹਿਲਾਂ ਜ਼ੁਬਾਨੀ ਧਮਕੀ ਦਿੱਤੀ ਗਈ ਅਤੇ ਫ਼ਿਰ ਉਸ ਉੱਤੇ ਸਰੀਰਕ ਤੌਰ 'ਤੇ ਹਮਲਾ ਕੀਤਾ ਗਿਆ।”“ਉਸਨੇ ਆਪਣੀ ਨਿੱਜੀ ਸੁਰੱਖਿਆ ਅਤੇ ਤੰਦਰੁਸਤੀ ਲਈ ਪੁਲਿਸ ਨੂੰ ਬੁਲਾਇਆ, ਜਿਸ ਨੇ ਤੁਰੰਤ ਸਹਾਇਤਾ ਕੀਤੀ।"
ਇਸ ਵਿਚ ਕਿਹਾ ਗਿਆ ਹੈ, "ਅਸੀਂ ਸੀਨੀਅਰ ਪੱਤਰਕਾਰ 'ਤੇ ਅਜਿਹੇ ਗੰਭੀਰ ਅਤੇ ਅਣਉੱਚਿਤ ਹਮਲੇ ਦੀ ਨਿੰਦਾ ਕਰਦੇ ਹਾਂ।”“ਅਜਿਹੀਆਂ ਗਤੀਵਿਧੀਆਂ ਅਖੌਤੀ 'ਖ਼ਾਲਿਸਤਾਨੀ ਮੁਹਜ਼ਾਰਾਕਾਰੀਆਂ' ਅਤੇ ਉਨ੍ਹਾਂ ਦੇ ਸਮਰਥਕਾਂ ਦੇ ਹਿੰਸਕ ਅਤੇ ਸਮਾਜ ਵਿਰੋਧੀ ਸੁਭਾਅ ਨੂੰ ਪ੍ਰਗਟ ਕਰਦੀਆਂ ਹਨ, ਜੋ ਅਕਸਰ ਹਿੰਸਾ ਅਤੇ ਭੰਨਤੋੜ ਵਿੱਚ ਸ਼ਾਮਲ ਹੁੰਦੇ ਹਨ।"
ਦੂਤਾਵਾਸ ਨੇ ਇਸ ਮਾਮਲੇ ਵਿੱਚ ਪੁਲਿਸ ਦੀ ਤੁਰੰਤ ਸਹਾਇਤਾ ਲਈ ਧੰਨਵਾਦ ਕੀਤਾ ਹੈ।

ਤਸਵੀਰ ਸਰੋਤ, Ro Khann/Twitter
ਇਸ ਦੇ ਨਾਲ ਹੀ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਨੇ ਵੀ ਇਸ ਘਟਨਾ ਦੀ ਆਲੋਚਨਾ ਕੀਤੀ ਹੈ।
ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, "ਲਲਿਤ ਕੇ ਝਾਅ ਖ਼ਿਲਾਫ਼ ਹੋਈ ਹਿੰਸਾ ਨਿੰਦਣਯੋਗ ਹੈ ਅਤੇ ਪੱਤਰਕਾਰੀ 'ਤੇ ਹਮਲਾ ਹੈ। ਮੈਂ ਇਸ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹਾਂ।”“ਲਲਿਤ ਸਭ ਤੋਂ ਨਿਰਪੱਖ ਅਤੇ ਵਿਚਾਰਵਾਨ ਪੱਤਰਕਾਰਾਂ 'ਚੋਂ ਇੱਕ ਹਨ। ਲਲਿਤ ਅਤੇ ਦੂਤਾਵਾਸ ਦੀ ਸੁਰੱਖਿਆ ਕਰਨ ਲਈ ਸਾਡੀਆਂ ਸੁਰੱਖਿਆ ਏਜੰਸੀਆਂ ਦਾ ਧੰਨਵਾਦ।